ਪੰਜਾਬੀਆਂ ''ਚ ਘੱਟ ਰਿਹਾ ਸਾਹਿਤ ਪੜ੍ਹਨ ਦਾ ਰੁਝਾਨ

Thursday, Mar 29, 2018 - 12:39 PM (IST)

ਪੰਜਾਬੀਆਂ ''ਚ ਘੱਟ ਰਿਹਾ ਸਾਹਿਤ ਪੜ੍ਹਨ ਦਾ ਰੁਝਾਨ

ਪੰਜਾਬ ਦੀ ਧਰਤੀ ਤੇ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਸੰਪਾਦਤ ਕੀਤਾ। ਸੰਸਾਰ ਭਰ ਵਿਚ ਗਾਈ ਜਾਣ ਵਾਲੀ ਆਰਤੀ 'ਓਮ ਜੈ ਜਗਦੀਸ਼ ਹਰੇ' ਪੰਜਾਬ ਦੇ ਰਹਿਣ ਵਾਲੇ ਪੰਡਿਤ ਸ਼ਰਧਾ ਰਾਮ ਫਿਲੌਰੀ ਦੀ ਰਚਨਾ ਹੈ। ਗੁਰੂ ਨਾਨਕ ਦੇਵ, ਬਾਬਾ ਫ਼ਰੀਦ, ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ, ਵਾਰਿਸ ਸ਼ਾਹ, ਦਮੋਦਰ, ਭਾਈ ਵੀਰ ਸਿੰਘ, ਪ੍ਰੋਥ ਪੂਰਨ ਸਿੰਘ, ਧਨੀਰਾਮ ਚਾਤ੍ਰਿਕ, ਸ਼ਿਵਕੁਮਾਰ ਬਟਾਲਵੀ, ਅੰਮ੍ਰਿਤਾ ਪ੍ਰੀਤਮ ਅਤੇ ਸੁਰਜੀਤ ਪਾਤਰ ਤੱਕ ਪੰਜਾਬ ਦੀ ਧਰਤੀ ਦੇ ਉਹ ਕਲਮਵੀਰ ਹਨ, ਜਿਨ੍ਹਾਂ ਨੇ ਆਪਣੀ ਕਲਮ ਦੀ ਆਵਾਜ਼ ਰਾਹੀਂ ਸਾਰੀ ਕਾਇਨਾਤ ਨੂੰ ਜਾਗਤ ਕੀਤਾ ਹੈ।ਪਰ, ਅਫ਼ਸੋਸ ਅਜੋਕੇ ਸਮੇਂ ਇਸੇ ਧਰਤੀ ਦੇ ਬਸ਼ਿੰਦਿਆਂ ਦਾ ਸਾਹਿਤ ਪੜ੍ਹਨ- ਪੜਾਉਣ ਦਾ ਰੁਝਾਨ ਲਗਭਗ ਅਲੋਪ ਹੁੰਦਾ ਜਾ ਰਿਹਾ ਹੈ।

ਪੰਜਾਬੀ ਦੀਆਂ ਪੁਸਤਕਾਂ ਬਾਜ਼ਾਰ 'ਚ ਵਿਕਦੀਆਂ ਨਹੀਂ ਅਤੇ ਨਾ ਹੀਂ ਸਾਡਾ ਪੜ੍ਹਿਆ-ਲਿਖਿਆ ਤਬਕਾ ਪੁਸਤਕਾਂ ਖਰੀਦਣ ਤੇ ਆਪਣੇ ਪੈਸੇ ਨੂੰ ਖਰਚ ਕਰਦਾ ਹੈ। ਪੰਜਾਬ ਦੇ ਲਗਭਗ ਸਾਰੇ ਪੁਸਤਕ ਪ੍ਰਕਾਸ਼ਕ ਇਹ ਗੱਲ ਆਖਦੇ ਹਨ ਕਿ ਪੰਜਾਬੀ ਪੁਸਤਕਾਂ ਨੂੰ ਖਰੀਦ ਕੇ ਪੜ੍ਹਨ ਦਾ ਜ਼ਮਾਨਾ ਹੁਣ ਖਤਮ ਹੋ ਚੁਕਿਆ ਹੈ। ਇਸ ਲਈ ਉਹ ਲੇਖਕ ਦੁਆਰਾ ਦਿੱਤੇ ਗਏ ਪੈਸਿਆਂ ਦੇ ਮੁਤਾਬਕ ਹੀ ਪੁਸਤਕਾਂ ਪ੍ਰਕਾਸ਼ਤ ਕਰਦੇ ਹਨ ਤਾਂ ਕਿ ਲੇਖਕ ਤੋਂ ਹੀ ਖ਼ਰਚ ਅਤੇ ਮੁਨਾਫ਼ਾ ਕੱਢਿਆ ਜਾ ਸਕੇ। ਇਸ ਤੋਂ ਇਲਾਵਾ ਆਮ ਕਰਕੇ ਪੰਜਾਬੀ ਪ੍ਰਕਾਸ਼ਕ ਇਕ ਵੀ ਕਾਪੀ ਵਾਧੂ ਨਹੀਂ ਛਾਪਦੇ, ਜਿਸ ਨਾਲ ਉਨ੍ਹਾਂ ਨੂੰ ਨੁਕਸਾਨ ਹੋਵੇ।

ਪੰਜਾਬੀ ਦੇ ਨਵੇਂ ਲੇਖਕਾਂ ਤੋਂ ਲੈ ਕੇ ਨਾਮਵਰ ਸ਼ਾਇਰਾਂ ਤੱਕ, ਆਪਣੀਆਂ ਕਿਤਾਬ ਨੂੰ ਆਪਣੇ ਖਰਚੇ ਤੇ ਛਪਵਾ ਕੇ ਮੁਫਤ ਵੰਡਦੇ ਤਾਂ ਆਮ ਹੀਂ ਨਜ਼ਰੀਂ ਪੈ ਜਾਂਦੇ ਹਨ ਪਰ, ਖਰੀਦ ਕੇ ਪੜ੍ਹਨ ਵਾਲਾ ਪਾਠਕ ਕਿਤੇ ਨਜ਼ਰ ਨਹੀਂ ਆਉਂਦਾ। ਹੈਰਾਨੀ ਦੀ ਹੱਦ ਤਾਂ ਉਦੋਂ ਹੁੰਦੀ ਹੈ ਜਦੋਂ ਸਾਡੀਆਂ ਯੂਨੀਵਰਸਿਟੀਆਂ/ਕਾਲਜਾਂ ਵਿਚ ਸਾਹਿਤ ਦੇ ਵਿਦਿਆਰਥੀ, ਜਿਹੜੇ ਸਾਹਿਤ ਤੇ ਖੋਜ- ਕਾਰਜ ਕਰ ਰਹੇ ਹਨ, ਉਹ ਵੀ ਕਿਤਾਬਾਂ ਨੂੰ ਖਰੀਦ ਕੇ ਨਹੀਂ ਪੜ੍ਹਦੇ। ਉਂਝ ਇਸ ਗੱਲ ਨੂੰ ਆਰਥਕ ਤੰਗੀ ਦਾ ਬਹਾਨਾ ਬਣਾ ਕੇ ਝੁਠਲਾਇਆ ਵੀ ਜਾ ਸਕਦਾ ਹੈ ਪਰ, ਪੰਜਾਬੀਆਂ ਦੇ ਵਿਆਹਾਂ- ਸ਼ਾਦੀਆਂ ਤੇ ਹੁੰਦੇ ਖਰਚੇ ਨੂੰ ਦੇਖ ਕੇ ਇਹ ਦਾਅਵਾ ਵੀ ਗਲਤ ਹੀ ਸਾਬਤ ਹੁੰਦਾ ਹੈ।

ਪੰਜਾਬੀ ਪੁਸਤਕਾਂ ਦੇ ਪ੍ਰਕਾਸ਼ਕਾਂ ਨੇ ਤਾਂ ਵਿਉਪਾਰਕ ਦ੍ਰਿਸ਼ਟੀ ਨਾਲ ਕਿਤਾਬਾਂ ਨੂੰ ਛਾਪਣਾ ਹੁੰਦਾ ਹੈ ਪਰ ਜਦੋਂ ਪੰਜਾਬੀ ਪਾਠਕ, ਪੁਸਤਕ ਖਰੀਦਣ ਤੋਂ ਹੀਂ ਮੁਨਕਰ ਹਨ ਤਾਂ ਉਹ ਵੀ ਆਪਣਾ ਪੂਰਾ ਖਰਚ/ਮੁਨਾਫ਼ਾ ਲੇਖਕ ਤੋਂ ਹੀ ਵਸੂਲ ਕਰਦੇ ਹਨ।ਇਸ ਨਾਲ ਵੱਡਾ ਨੁਕਸਾਨ ਇਹ ਹੁੰਦਾ ਹੈ ਕਿ ਆਰਥਕ ਪੱਖੋਂ ਕਮਜ਼ੋਰ ਲੇਖਕ ਆਪਣੇ ਜੀਵਨ ਵਿਚ ਪੁਸਤਕ ਪ੍ਰਕਾਸ਼ਤ ਕਰਵਾਉਣ ਦਾ ਕਦੇ ਹੌਸਲਾ ਹੀ ਨਹੀਂ ਕਰ ਪਾਉਂਦੇ। ਇਸ ਨਾਲ ਪੰਜਾਬੀ ਸਾਹਿਤ ਵਿਚ ਮਿਆਰੀ ਪੁਸਤਕਾਂ ਦੀ ਆਮਦ ਨਹੀਂ ਹੋ ਪਾਉਂਦੀ। ਇਹ ਵੀ ਬਹੁਤ ਮੰਦਭਾਗਾ ਹੈ।

ਪੰਜਾਬੀ ਸਾਹਿਤਿਕ ਹਲਕਿਆਂ 'ਚ ਇਹ ਗੱਲ ਆਮ ਹੀ ਆਖੀ ਜਾਂਦੀ ਹੈ ਕਿ ਤੁਸੀਂ ਲਿਖਾਰੀ ਭਾਵੇਂ ਕਿੰਨੇ ਵੀ ਵੱਡੇ ਹੋ ਪਰ ਜਦੋਂ ਤੱਕ    ਤੁਹਾਡੀ ਜ਼ੇਬ ਵਿਚ ਪੈਸੇ ਨਹੀਂ, ਤੁਹਾਡੀ ਪੁਸਤਕ ਪ੍ਰਕਾਸ਼ਤ ਨਹੀਂ ਹੋ ਸਕਦੀ। ਇਸ ਦਾ ਕਾਰਨ ਵੀ ਪੰਜਾਬੀਆਂ 'ਚ ਘੱਟਦੇ ਸਾਹਿਤ ਪੜ੍ਹਨ ਦੇ ਰੁਝਾਨ ਨੂੰ ਹੀ ਮੰਨਿਆ ਜਾ ਸਕਦਾ ਹੈ। ਪੰਜਾਬੀ ਸਮਾਜ ਜੇਕਰ ਪੰਜਾਬੀ ਪੁਸਤਕਾਂ ਨੂੰ ਖਰੀਦ ਕੇ ਪੜ੍ਹਨ ਦਾ ਹੀਲਾ ਕਰ ਲਵੇ ਤਾਂ ਪੰਜਾਬੀ ਦੇ ਲਗਭਗ ਸਾਰੇ ਹੀ ਪ੍ਰਕਾਸ਼ਕ, ਲੇਖਕ ਤੋਂ ਖ਼ਰਚਾ/ਮੁਨਾਫ਼ਾ ਲੈਣਾ ਘੱਟ/ਬੰਦ ਕਰ ਦੇਣਗੇ ਅਤੇ ਆਰਥਕ ਪੱਖੋਂ ਕਮਜ਼ੋਰ ਲੇਖਕ ਵੀ ਚੰਗੇ ਸਾਹਿਤ ਨਾਲ ਪੰਜਾਬੀ ਮਾਂ- ਬੋਲੀ ਦੀ ਸੇਵਾ ਕਰ ਸਕਣਗੇ।ਪਰ,ਇਹ ਹੁੰਦਾ ਕਦੋਂ ਹੈ ਇਹ ਭਵਿੱਖ ਦੀ ਕੁੱਖ ਵਿਚ ਹੈ।

ਡਾਥ ਨਿਸ਼ਾਨ ਸਿੰਘ ਰਾਠੌਰ
ਕੋਠੀ ਨੰਥ 1054/1, ਵਾਥ ਨੰਥ 15- ਏ, ਭਗਵਾਨ ਨਗਰ ਕਾਲੌਨੀ, ਪਿੱਪਲੀ, ਜ਼ਿਲ੍ਹਾ ਕੁਰੂਕਸ਼ੇਤਰ
ਮੋਥ 075892- 33437


Related News