ਕਵਿਤਾਵਾਂ : ਹਿੰਮਤ, ਫੁੱਲ ਗੁਲਾਬ ਦਾ

05/30/2020 10:35:11 AM

ਵੀਰ ਸਿੰਘ ਵੀਰਾ ਪੰਜਾਬੀ 
ਲਿਖਾਰੀ ਸਭਾ ਪੀਰ ਮੁਹੰਮਦ 
ਮੋਬ- 9855069972, ਵੱਟਸ -9780253156

ਹਿੰਮਤ
ਚੜਦੇ ਸੂਰਜ ਨੂੰ ਨਾ ਕੋਈ ਡੱਕ ਸਕਿਆ, 
ਕੋਈ ਉਕਾਤ ਨਹੀਂ ਕਾਲੇ ਹਨੇਰਿਆਂ ਦੀ।
ਇੱਕ ਛੋਟੀ ਜਿਹੀ ਕਿਰਨ ਵੀ ਹੈ ਕਾਫੀ,
ਆਮਦ ਬਣਦੀ ਜੋ ਸੱਜਰੇ ਸਵੇਰਿਆਂ ਦੀ।
ਹਿੱਕ ਥਾਪੜ ਕੇ ਲੈਂਦੇ ਨੇ ਠਾਣ ਜਿਹੜੇ,
ਆਖਰ ਮੰਜਲਾਂ ਨੂੰ ਉਹੀ ਨੇ ਪਾ ਲੈਂਦੇ।
ਪ੍ਰਵਾਹ ਕਰਦੇ ਨਹੀਂ ਪਏ ਰੋੜਿਆਂ ਦੀ,
ਵਿਸ਼ਵਾਸ਼ ਤੇ ਹਿੰਮਤ ਨਾਲ ਪੰਧ ਮੁਕਾ ਲੈਂਦੇ।
ਕਛੂਏ ਵਾਂਗਰਾਂ ਧੀਮੀ ਭਾਵੇਂ ਚਾਲ ਚੱਲਦੇ,
ਸੌੰਹ ਖਾਧੀ ਏ ਕਦੇ ਵੀ ਰੁਕਣਾ ਨਹੀਂ।
ਕਦਮ ਕਦਮ ਤੇ ਮੁਸੀਬਤ ਭਾਂਵੇ ਖੜੀ ਹੋਵੇ।
ਰੱਬ ਤੋ ਸਿਵਾ ਕਿਸੇ ਅੱਗੇ ਝੁਕਣਾ ਨਹੀ।
ਜਿਹੜੇ ਹੁੰਦੇ ਨੇ ਜਿਉਂਦੀ ਜਮੀਰ ਵਾਲੇ,
ਹੱਥ ਅੱਡ ਕੇ ਕਿਸੇ ਤੋਂ ਮੰਗਦੇ ਨਹੀਂ।
ਕਿਰਤ ਕਰਕੇ ਜਿਹੜੇ ਨੇ ਖਾਣ ਰੋਟੀ,
ਮਿਹਨਤ ਕਰਨ ਤੋਂ ਭੋਰਾ ਵੀ ਸੰਗਦੇ ਨਹੀਂ।
ਭੀੜ ਪਈ ਤੋਂ ਕਿਸੇ ਦੇ ਜੋ ਕੰਮ ਆਉਂਦੇ,
ਨੇਕ ਦਿਲ ਇਨਸਾਨ ਅਖਵਾਉਂਦੇ ਨੇ ਉਹ।
ਹੱਡ ਭੰਨ ਕੇ ਮਿਹਨਤ ਜੋ ਕਰਨ ਲੋਕੀਂ,
ਭੁੱਖੇ ਢਿੱਡਾਂ ਨੂੰ (ਵੀਰਿਆ)ਰਜਾਉਂਦੇ ਨੇ ਉਹ।

 

ਫੁੱਲ ਗੁਲਾਬ ਦਾ 
ਮੈਂ ਹਾਂ ਫੁੱਲ ਗੁਲਾਬ ਦਾ ਮਿੱਤਰੋ, 
ਮੈਂ ਹਾਂ ਫੁੱਲ ਗੁਲਾਬ ਦਾ।
ਮੈ ਹਾਂ ਫੁੱਲ ਗੁਲਾਬ ਦਾ ਵੀਰੋ,
ਮੈ ਹਾਂ ਫੁੱਲ ਗੁਲਾਬ ਦਾ।
ਕੰਡਿਆਂ ਦੇ ਵਿੱਚ ਘਿਰਿਆ ਭਾਂਵੇਂ, 
ਫੇਰ ਵੀ ਵੇਖੋ ਖਿਲਿਆ ਹਾਂ ਮੈ।
ਤਨ ਮੇਰੇ ਵਿੱਚ ਚੁੱਭ ਗਏ ਕੰਡੇ,
ਜਦ ਵੀ ਹਵਾ ਵਿੱਚ ਹਿਲਿਆ ਹਾਂ ਮੈਂ । 
ਸ਼ਾਂਤ ਸੁਭਾਅ ਦਾ ਮਾਲਕ ਹਾਂ ਜੀ 
ਮੇਰਾ ਟੌਹਰ ਜਿਵੇਂ ਨਵਾਬ ਦਾ।
ਮੈਂ ਹਾਂ ਫੁੱਲ ------------------------
ਹਰੀ ਹਰੀ ਹੈ ਡਾਲੀ ਮੇਰੀ, 
ਕਈਆਂ ਰੰਗਾਂ ਵਿੱਚ ਲੱਭਦਾ ਹਾਂ ਮੈਂ।
ਕਦੇ ਪ੍ਰੇਮੀਆਂ ਵਰਤਿਆ ਮੈਨੂੰ, 
ਕਦੇ ਗੁਲਦਸਤੇ ਚ ਫੱਬਦਾ ਹਾਂ ਮੈਂ।
ਕਦੇ ਤੋੜ ਮੈਨੂੰ ਚਰਨੀਂ ਰੱਖਿਆ,
ਸੁਭਾਗ ਪ੍ਰਾਪਤ ਹੋਇਆ ਜੀ ਗੁਰੂ ਸਾਹਬ ਦਾ।
ਮੈ ਹਾਂ ਫੁੱਲ-------------------
ਹਰ ਇੱਕ ਖੰਬੜੀ ਕੋਮਲ ਐਨੀ , 
ਜਿਵੇਂ ਸੱਜਰਾ ਹੋਇਆ ਸਵੇਰਾ ਹੈ।
ਮਦਹੋਸ਼ ਕਰੇ ਸੁਗੰਧੀ ਮੇਰੀ, 
ਮਹਿਕਿਆ ਚਾਰ ਚੁਫੇਰਾ ਹੈ।
ਮੈਂ ਰਿਣੀ ਰਹਾਂਗਾ ਸਦਾ (ਵੀਰਿਆ)
ਉਸ ਕੁਦਰਤ ਲਾਜਵਾਬ ਦਾ।
ਮੈ ਹਾਂ ਫੁੱਲ ਗੁਲਾਬ ਦਾ ਲੋਕੋ, 
ਮੈ ਹਾਂ ਫੁੱਲ ਗੁਲਾਬ ਦਾ। 
ਵੀਰ ਸਿੰਘ ਵੀਰਾ ਪੰਜਾਬੀ 


rajwinder kaur

Content Editor

Related News