ਸਾਡਾ ਚਿੜੀਆਂ ਦਾ ਚੰਬਾ ਵੇ
Monday, Apr 02, 2018 - 05:08 PM (IST)
ਸਾਹਿਤ ਦੀ ਬੁੱਕਲ ਵਿਚ ਛੁਪੇ ਆਪਣੇ ਵਿਰਸੇ ਤੇ ਝਾਂਤ ਮਾਰੀਏ ਤਾਂ ਇਉਂ ਲੱਗਦਾ ਹੈ ਕਿ ਬਹੁਤਾ ਵਿਰਸਾ ਅਤੀਤ ਦੀ ਬੁੱਕਲ ਵਿੱਚ ਬਿਰਾਜਮਾਨ ਹੋ ਕੇ ਰਹਿ ਗਿਆ ਹੈ।ਸਾਡਾ ਵਿਰਸਾ ਅਤੇ ਸੱਭਿਆਚਾਰ ਕੁੜੀਆਂ, ਧੀਆਂ ਨੂੰ ਮਾਣ ਸਨਮਾਨ ਦਾ ਗਹਿਣਾ ਪਹਿਨਾਉਂਦਾ ਹੈ।ਧੀਆਂ ਦੇ ਮਾਣ ਵਿਚ ਬਹੁਤਾ ਕੁਝ ਸਮੇਂ ਦਾ ਹਾਣੀ ਤਾਂ ਨਹੀਂ ਬਣ ਸਕਿਆ, ਪਰ ਇਨ੍ਹਾਂ ਤੋਂ ਬਿਨ੍ਹਾਂ ਬਾਬਲ ਦਾ ਵਿਹੜਾ ਅੱਜ ਵੀ ਸੁੰਨਾ ਹੈ।ਕੁੜੀਆਂ ਪ੍ਰਤੀ ਇਹ ਗੱਲ ਹਕੀਕਤ ਹੈ ਕਿ ਪਹਿਲੇ ਵੀ ਚਿੜੀਆਂ ਦੇ ਚੰਬੇ ਵਾਂਗ ਉੱਡ ਜਾਂਦੀਆਂ ਸਨ।ਅੱਜ ਵੀ ਸਮਾਂ ਆਉਣ ਤੇ ਬਾਬੁਲ ਦੇ ਵਿਹੜੇ ਨੂੰ ਸੁੰਨਾ ਕਰਕੇ ਪਰਾਏ ਘਰ ਉੱਡ ਜਾਂਦੀਆਂ ਹਨ।
ਤਰੱਕੀ ਨੇ ਛੁਰੀਆਂ ਕਟਾਰੀਆਂ ਵਰਤ ਕੇ ਧੀਆਂ ਉੱਤੇ ਕਹਿਰ ਵਰਤਾਇਆ ਹੈ।ਬਾਬਲ ਧੀ ਦਾ ਰਿਸ਼ਤਾ ਆਪਣੇ ਆਪ ਤੇ ਮਾਣ ਅਤੇ ਜਿੰਮੇਵਾਰੀ ਮਹਿਸੂਸ ਕਰਦਾ ਹੈ।ਸਾਡੇ ਸਮਾਜ ਵਿਚ ਆਮ ਕਹਿ ਦਿੱਤਾ ਜਾਂਦਾ ਹੈ, ਜਿਸ ਦੇ ਧੀ ਨਹੀਂ ਜੰਮੀ ਉਸ ਨੂੰ ਸੂਝ ਨਹੀਂ ਆਉਂਦੀ।ਦਾਜ ਤੋਂ ਦਰਿੰਦਗੀ, ਦਰਿੰਦਗੀ ਤੋਂ ਦਾਗ ਦੀ ਪੌੜੀ ਨੇ ਧੀਆਂ ਨੂੰ ਉਨ੍ਹਾਂ ਦੇ ਸ਼ੱਭਿਆਚਰਕ ਰੁਤਬੇ ਨੂੰ ਘਸਮੈਲਾ ਕਰ ਦਿੱਤਾ ਹੈ।ਸਾਡੀਆਂ ਧੀਆਂ ਸਾਡਾ ਮਾਣ ਦੇ ਨੂੰ ਵੀ ਬਹੁਤਾ ਬੂਰ ਨਹੀਂ ਪਿਆ।
ਕਿੱਕਲੀ ਤੋਂ ਅਰਥੀ ਤੱਕ ਦਾ ਸਫਰ ਵੱਖ-ਵੱਖ ਅੰਦਾਜਾਂ ਵਿਚੋਂ ਗੁਰ ਕੇ ਸਮੇਂ ਅਨੁਸਾਰ ਰਸਤੇ ਅਖਤਿਆਰ ਕਰਦਾ ਰਿਹਾਪਰ ਅੱਜ ਕੰਨਿਆਂ ਨੂੰ ਦੇਵੀ ਸਮਝਣ ਦਾ ਰੂਝਾਨ ਆਖਰੀ ਸਾਹਾਂ ਉੱਤੇ ਹੈ।ਪੜ੍ਹਾਈ ਲਿਖਾਈ ਤੋਂ ਬਾਅਦ ਬਾਬਲ ਨੂੰ ਹੱਥ ਪੀਲੇ ਕਰਨ ਦੀ ਸੋਚ ਪੈ ਜਾਂਦੀ ਹੈ।ਧੁਰੋਂ ਲਿਖੇ ਸੰਯੋਗ ਨੂੰ ਕੋਈ ਨਹੀਂ ਜਾਣਦਾ ਪਰ ਇੱਕ ਗੱਲ ਜ਼ਰੂਰ ਹੁੰਦੀ ਹੈ ਕਿ ਧੀ ਪਰਾਇਆ ਧਨ ਹੁੰਦੀ ਹੈ।ਇਸੇ ਲਈ ਮਾਂ ਪਿਓ ਚਿੰਤਾ ਵਿਚ ਜਿੰਦਗੀ ਕੱਢ ਦਿੰਦੇ ਹਨ।ਸਮਾਜਿਕ ਬੈਚੇਨੀ ਨੇ ਵਿਰਸੇ ਦੀ ਵਿਰਾਸਤ ਨੂੰ ਸਾਂਭਣ ਨਾਲੋਂ ਪਰੇ ਰੱਖਣਾ ਠੀਕ ਸਮਝਿਆ।ਇਸ ਦੀ ਵਧ ਮਾਰ ਕੁੜੀਆਂ ਨੂੰ ਪਈ।ਸੱਭਿਆਚਾਰ ਦੀ ਗਵਾਹੀ ਅਤੀਤ ਤੋਂ ਵਰਤਮਾਨ ਤੱਕ ਧੀ ਨੂੰ ਬਾਬਲ ਦੇ ਵਿਹੜੇ ਦਾ ਸ਼ਿੰਗਾਰ ਬਣਾਉਂਦੀ ਹੈ ਪਰ ਤੋਤਲੀ ਆਵਾਂ ਵਿਚੋਂ ਨਿਕਲਣ ਤੋਂ ਬਾਅਦ ਚਿੰਤਾ ਵਿਚ ਡੁਬੋ ਦਿੰਦੀ ਹੈ।ਇਸੇ ਲਈ ਧੀ ਨੂੰ ਸਾਂਭ ਸਾਂਭ ਕੇ ਰੱਖਣਾ ਪਰਿਵਾਰ ਦਾ ਫਰਜ਼ ਹੁੰਦਾ ਹੈ ਪਰ ਧੀਆਂ ਆਖਿਰ ਇਕ ਦਿਨ ਬਾਬਲ ਦੇ ਵਿਹੜੇ ਦੀ ਖੈਰ ਮੰਗਦੀਆਂ ਨੇ ਤੁਰ ਜਾਣਾ ਹੁੰਦਾ ਹੈ।ਇਸੇ ਲਈ ਇਹ ਗਾਣਾ ਅੱਜ ਵੀ ਅਤੀਤ ਵਾਂਗ ਬਾਬਲ ਧੀ ਦੇ ਰਿਸ਼ਤੇ ਨੂੰ ਮੋਹ ਭਿੱਜਾ ਅਤੇ ਸਮੇਂ ਦਾ ਹਾਣੀ ਬਣਾ ਰਿਹਾ ਹੈ_
“ਸਾਡਾ ਚਿੜੀਆਂ ਦਾ ਚੰਬਾ ਵੇ, ਬਾਬਲ ਅਸਾਂ ਉਡ ਜਾਣਾ,
ਸਾਡੀ ਲੰਮੀ ਉਡਾਰੀ ਵੇ, ਬਾਬਲ ਕਿਹੜੇ ਦੇਸ ਜਾਣਾਂ
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ, 9878111445
