ਨਾਵਲ ਕੌਰਵ ਸਭਾ : ਕਾਂਡ- 2

Sunday, Jul 19, 2020 - 11:12 AM (IST)

ਨਾਵਲ ਕੌਰਵ ਸਭਾ : ਕਾਂਡ- 2

ਮਿੱਤਰ ਸੈਨ ਮੀਤ

ਨੀਲਮ ਦੀ ਕੋਠੀ ਦੀਪ ਨਗਰ ਦੀ ਗਲੀ ਨੰਬਰ ਚਾਰ ਵਿੱਚ ਪੈਂਦੀ ਸੀ।

ਜਿਉਂ ਹੀ ਰਾਮ ਨਾਥ ਦੀ ਕਾਰ ਗਲੀ ਦੇ ਮੋੜ ਕੋਲ ਪੁੱਜੀ ਲਾਲ ਬੱਤੀ ਵਾਲੀ ਪੁਲਸ ਦੀ ਇੱਕ ਜਿਪਸੀ ਹੂਟਰ ਮਾਰਦੀ ਉਨ੍ਹਾਂ ਦੇ ਕੋਲ ਦੀ ਲੰਘੀ।

ਇਹ ਜਿਪਸੀ ਕਿਸੇ ਸੀਨੀਅਰ ਪੁਲਸ ਅਫ਼ਸਰ ਦੀ ਸੀ। ਇਹ ਪੁਲਸ ਕਪਤਾਨ ਦੀ ਵੀ ਹੋ ਸਕਦੀ ਸੀ ਅਤੇ ਡੀ.ਆਈ.ਜੀ.ਦੀ ਵੀ। ਏਡਾ ਸੀਨੀਅਰ ਅਫ਼ਸਰ ਕੇਵਲ ਹੋਏ ਕਤਲ ਦਾ ਮੌਕਾ ਦੇਖਣ ਆਉਂਦਾ ਹੈ।

ਰਾਮ ਨਾਥ ਦਾ ਮੱਥਾ ਠਣਕਿਆ। ਕੋਈ ਭਾਣਾ ਵਰਤ ਗਿਆ ਲਗਦਾ ਸੀ। ਉਸਨੇ ਨਿਕਲਣ ਵਾਲੀ ਭੁੱਬ ਨੂੰ ਤਾਂ ਕਾਬੂ ਕਰ ਲਿਆ ਪਰ ਹਉਕੇ ਨੂੰ ਨਾ ਠੱਲ੍ਹ ਸਕਿਆ।

‘ਰੱਬਾ ਸੁੱਖ ਰੱਖੀਂ!’ ਮਨ ਵਿੱਚ ਦੁਆਵਾਂ ਕਰਦਾ ਰਾਮ ਨਾਥ ਵਾਰਦਾਤ ਵਾਲੀ ਥਾਂ ‘ਤੇ ਪੁੱਜਣ ਲਈ ਕਾਹਲਾ ਪੈਣ ਲੱਗਾ।

ਨੀਲਮ ਦੀ ਕੋਠੀ ਗਲੀ ਦੇ ਅੱਧ ਵਿਚਕਾਰ ਸੀ। ਸਾਰੀ ਗਲੀ ਲੋਕਾਂ ਨਾਲ ਭਰੀ ਪਈ ਸੀ। ਕੁੱਝ ਲੋਕ ਇਧਰ-ਉਧਰ ਭੱਜ ਨੱਠ ਰਹੇ ਸਨ। ਕੁੱਝ ਛੋਟੀਆਂ-ਛੋਟੀਆਂ ਟੋਲੀਆਂ ਬਣਾਈ ਗੱਲੀਂ ਰੁਝੇ ਹੋਏ ਸਨ।

ਪੁਲਸ ਦੀਆਂ ਦੋ ਤਿੰਨ ਗੱਡੀਆਂ ਨੇ ਕੋਠੀ ਦੇ ਗੇਟ ਅਤੇ ਉਸਦੇ ਅੱਗੇ ਪਿੱਛੇ ਵਾਲੀ ਜਗ੍ਹਾ ਘੇਰੀ ਹੋਈ ਸੀ।

ਰਾਮ ਨਾਥ ਨੇ ਆਪਣੀ ਗੱਡੀ ਪਿੱਛੇ ਹੀ ਰੁਕਵਾ ਲਈ। ਉਹ ਅਤੇ ਸੰਗੀਤਾ ਭੈੜੀ ਤੋਂ ਭੈੜੀ ਖ਼ਬਰ ਸੁਣਨ ਲਈ ਆਪਣੇ ਆਪ ਨੂੰ ਤਿਆਰ ਕਰਦੇ, ਤੇਜ਼ੀ ਨਾਲ ਕੋਠੀ ਵੱਲ ਵਧਣ ਲੱਗੇ।

ਕੁੱਝ ਗੁਆਂਢੀ ਰਾਮ ਨਾਥ ਨੂੰ ਜਾਣਦੇ ਸਨ। ਰਾਮ ਨਾਥ ਨੂੰ ਆਇਆ ਦੇਖ ਕੇ ਉਹ ਉਸ ਵੱਲ ਹੋ ਲਏ।

“ਵਕੀਲ ਸਾਹਿਬ ਬਹੁਤ ਮਾੜਾ ਹੋਇਆ।” ਜਿਸ ਗੁਆਂਢੀ ਨੇ ਰਾਮ ਨਾਥ ਦੇ ਘਰ ਫ਼ੋਨ ਕੀਤਾ ਸੀ ਸਭ ਤੋਂ ਪਹਿਲਾਂ ਉਸ ਨੇ ਹਾਅ-ਦਾ-ਨਾਅਰਾ ਮਾਰਿਆ।

“ਸੁੱਖ ਤਾਂ ਹੈ?” ਰਾਮ ਨਾਥ ਨੂੰ ਲੁੱਟੇ ਗਏ ਸਮਾਨ ਨਾਲੋਂ ਰਿਸ਼ਤੇਦਾਰਾਂ ਦਾ ਵੱਧ ਫਿਕਰ ਸੀ। ਉਹ ਉਨ੍ਹਾਂ ਦੀ ਤੰਦਰੁਸਤੀ ਦੀ ਖ਼ਬਰ ਝੱਟਪੱਟ ਸੁਨਣਾ ਚਾਹੁੰਦਾ ਸੀ।

“ਬਾਕੀ ਸਭ ਠੀਕ ਹਨ, ਪਰ ਕਮਲ … ।” ਰਾਮ ਨਾਥ ਦੇ ਗਲ ਲੱਗ ਕੇ ਗੁਆਂਢੀ ਇਉਂ ਭੁੱਬਾਂ ਮਾਰਨ ਲੱਗਾ ਜਿਵੇਂ ਕਮਲ ਆਪਣਾ ਪੁੱਤਰ ਹੋਵੇ।

“ਬਾਕੀ ਤਾਂ ਜ਼ਿੰਦਾ ਹਨ?” ਬੜੇ ਨਰਦਈਆਂ ਵਾਂਗ ਰਾਮ ਨਾਥ ਨੇ ਗੁਆਂਢੀਆਂ ਕੋਲੋਂ ਪੁੱਛਿਆ।

“ਹਾਂ। ਉਂਝ ਠੀਕ ਨੇ। ਪਰ ਹਸਪਤਾਲ ਵਿੱਚ ਨੇ।” ਇੱਕ ਹੋਰ ਗੁਆਂਢੀ ਨੇ ਰਾਮ ਨਾਥ ਦਾ ਹੱਥ ਫੜ ਕੇ ਢਾਰਸ ਬੰਨ੍ਹਾਉਂਦਿਆਂ ਆਖਿਆ।
ਪੁਲਸ ਮੌਕੇ ਦਾ ਮੁਆਇਨਾ ਕਰ ਰਹੀ ਸੀ। ਕੋਈ ਸਬੂਤ ਨਾ ਮਿਟ ਜਾਏ ਇਸ ਲਈ ਬਾਹਰਲੇ ਬੰਦੇ ਨੂੰ ਕੋਠੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ। ਰਾਮ ਨਾਥ ਆਮ ਲੋਕਾਂ ਵਾਂਗ ਕੋਠੀ ਦੇ ਗੇਟ ਕੋਲ ਜਾ ਕੇ ਰੁਕ ਗਿਆ।

ਗੇਟ ’ਤੇ ਪਹਿਰਾ ਦੇ ਰਹੇ ਇੱਕ ਸਿਪਾਹੀ ਨੂੰ ਇੱਕ ਗੁਆਂਢੀ ਨੇ ਸੂਚਿਤ ਕੀਤਾ। “ਇਹ ਵਕੀਲ ਸਾਹਿਬ ਹਨ ਅਤੇ ਵੇਦ ਦੇ ਸਾਲਾ ਸਾਹਿਬ ਹਨ।” ਥਾਣੇਦਾਰ ਨੂੰ ਇਨ੍ਹਾਂ ਦੀ ਉਡੀਕ ਸੀ।

ਥਾਣੇਦਾਰ ਦੀ ਇਜਾਜ਼ਤ ਦੀ ਕੋਈ ਲੋੜ ਨਹੀਂ ਸੀ। ਸਿਪਾਹੀ ਰਾਮ ਨਾਥ ਨੂੰ ਕੋਠੀ ਅੰਦਰ ਲੈ ਗਿਆ।

ਸੰਗੀਤਾ ਨੂੰ ਬਾਹਰ ਰੋਕ ਦਿੱਤਾ ਗਿਆ। ਅੰਦਰਲਾ ਦ੍ਰਿਸ਼ ਭਿਆਨਕ ਸੀ। ਔਰਤਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ।

ਖ਼ੂਨ ਦੇ ਧੱਬੇ ਕੋਠੀ ਦੇ ਗੇਟ ਤੱਕ ਪਹੁੰਚੇ ਹੋਏ ਸਨ। ਜਿਉਂ-ਜਿਉਂ ਰਾਮ ਨਾਥ ਅੱਗੇ ਵੱਧ ਰਿਹਾ ਸੀ ਤਿਉਂ-ਤਿਉਂ ਧੱਬਿਆਂ ਦੇ ਅਕਾਰ ਅਤੇ ਗਿਣਤੀ ਵਧਦੀ ਜਾ ਰਹੀ ਸੀ। ਲਾਬੀ ਵਾਲੇ ਦਰਵਾਜ਼ੇ ਕੋਲ ਖ਼ੂਨ ਇੰਝ ਡੁਲ੍ਹਿਆ ਪਿਆ ਸੀ, ਜਿਵੇਂ ਕੋਈ ਖ਼ੂਨ ਦੀ ਹੋਲੀ ਖੇਡ ਕੇ ਹਟਿਆ ਹੋਵੇ।

ਲਾਬੀ ਅੰਦਰਲਾ ਦ੍ਰਿਸ਼ ਹੋਰ ਵੀ ਭਿਆਨਕ ਸੀ।

ਲਾਬੀ ਵਿਚਲਾ ਸਾਰਾ ਫਰਨੀਚਰ ਬਿਖਰਿਆ ਪਿਆ ਸੀ। ਟੁਕੜੇ-ਟੁਕੜੇ ਹੋਏ ਸ਼ੋਅਪੀਸ ਆਪਣੀ ਹੱਡ-ਬੀਤੀ ਸੁਣਾ ਰਹੇ ਸਨ। ਸੈਂਟਰਲ ਟੇਬਲ ਦੇ ਸ਼ੀਸ਼ੇ ਦੇ ਹਜ਼ਾਰ ਟੁਕੜੇ ਹੋਏ ਪਏ ਸਨ। ਅਲਮਾਰੀਆਂ ਅਤੇ ਪੇਟੀਆਂ ਦਾ ਸਮਾਨ ਇਧਰ-ਉਧਰ ਖਿਲਰਿਆ ਪਿਆ ਸੀ। ਸਮਾਨ ਦੀ ਲੁੱਟ-ਖਸੁੱਟ ਹੀ ਨਹੀਂ, ਤੋੜ-ਭੰਨ ਵੀ ਰੱਜ ਕੇ ਹੋਈ ਸੀ।

ਸਭ ਤੋਂ ਭਿਆਨਕ ਦ੍ਰਿਸ਼ ਸੀ ,ਨੇਹਾ ਦੇ ਬੈਡਰੂਮ ਦੇ ਦਰਵਾਜ਼ੇ ਕੋਲ ਦਾ, ਜਿਥੇ ਕਮਲ ਦੀ ਖ਼ੂਨ ਵਿੱਚ ਲੱਥ-ਪੱਥ ਲਾਸ਼ ਪਈ ਸੀ।

ਕਮਲ ਦਾ ਚਿਹਰਾ ਕੱਦੂ ਵਾਂਗ ਫਿਸਿਆ ਪਿਆ ਸੀ। ਅੱਖਾਂ ਬਾਹਰ ਨਿਕਲੀਆਂ ਹੋਈਆਂ ਸਨ। ਮੂੰਹ ਅੱਡਿਆ ਹੋਇਆ ਸੀ। ਵਾਲਾਂ ਦਾ ਰੰਗ ਕਾਲੇ ਦੀ ਥਾਂ ਲਾਲ ਹੋਇਆ ਹੋਇਆ ਸੀ। ਉਸਦੇ ਢਿੱਡ ’ਚ ਵੱਜੇ ਚਾਕੂਆਂ ਨੇ ਉਸ ਦੀਆਂ ਆਂਦਰਾਂ ਬਾਹਰ ਕੱਢ ਦਿੱਤੀਆਂ ਸਨ। ਉਹ ਹਾਲੇ ਤਕ ਉਸੇ ਤਰ੍ਹਾਂ ਧਰਤੀ ’ਤੇ ਵਿਛੀਆਂ ਪਈਆਂ ਸਨ। ਉਸਦੀ ਬਨੈਣ ਫਟੀ ਹੋਈ ਸੀ। ਕੁੜਤੇ ਪਜਾਮੇ ਦਾ ਰੰਗ ਸੂਹਾ ਹੋਇਆ ਹੋਇਆ ਸੀ।

ਪੁਲਸ ਹੁਣੇ ਪੁੱਜੀ ਸੀ। ਸਭ ਤੋਂ ਪਹਿਲਾਂ ਮੌਕਾ ਪੁਲਸ ਕਪਤਾਨ ਨੇ ਦੇਖਿਆ ਸੀ। ਉਸਦਾ ਹੁਕਮ ਸੀ, ਵਾਰਦਾਤ ਵਾਲੇ ਦ੍ਰਿਸ਼ ਵਿੱਚ ਇੰਚ ਭਰ ਵੀ ਤਬਦੀਲੀ ਨਾ ਕੀਤੀ ਜਾਵੇ। ਕਪਤਾਨ ਨੇ ਆਪਣੀ ਹਾਜ਼ਰੀ ਵਿੱਚ ਫੋਟੋਆਂ ਖਿਚਵਾਈਆਂ ਸਨ ਅਤੇ ਵੀਡੀਓ ਫ਼ਿਲਮ ਤਿਆਰ ਕਰਵਾਈ ਸੀ। ਹਾਲੇ ਹੋਰ ਮਾਹਿਰਾਂ ਨੇ ਆਉਣਾ ਸੀ। ਸਬੂਤ ਇਕੱਠੇ ਕਰਨੇ ਸਨ। ਕਪਤਾਨ ਹੁਣੇ-ਹੁਣੇ ਗਿਆ ਸੀ। ਬਾਕੀ ਦੀ ਕਾਰਵਾਈ ਮੁੱਖ ਅਫ਼ਸਰ ਨੇ ਕਰਨੀ ਸੀ।

ਕਮਲ ਦੀ ਲਾਸ਼ ਢੱਕਣ ਲਈ ਉਸਨੇ ਗੁਆਂਢੀਆਂ ਕੋਲੋਂ ਕੱਪੜਾ ਮੰਗਿਆ ਸੀ। ਪਰ ਕਿਸੇ ਗੁਆਂਢੀ ਨੇ ਪਹਿਲ ਨਹੀਂ ਸੀ ਕੀਤੀ। ਇਸ ਲਈ ਲਾਸ਼ ਮਜਬੂਰਨ ਨੰਗੀ ਰੱਖਣੀ ਪਈ ਸੀ।
ਰਾਮ ਨਾਥ ਦੇ ਆ ਜਾਣ ’ਤੇ ਥਾਣੇਦਾਰ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ। ਉਸਨੇ ਕਮਲ ਦੇ ਬੈਡਰੂਮ ਵਿੱਚ ਪਈ ਇੱਕ ਚਾਦਰ ਚੁੱਕੀ ਅਤੇ ਖ਼ੁਦ ਹੀ ਕਮਲ ਉਪਰ ਓੜ ਦਿੱਤੀ।

ਰਾਮ ਨਾਥ ਸਭ ਕੁੱਝ ਚੁੱਪਚਾਪ ਦੇਖ ਰਿਹਾ ਸੀ। ਉਸ ਦੀਆਂ ਗਿਆਨ-ਇੰਦਰੀਆਂ ਜਿਵੇਂ ਸੁੰਨ ਹੋ ਗਈਆਂ ਸਨ। ਜਿਵੇਂ ਉਨ੍ਹਾਂ ਦਾ ਦਿਮਾਗ਼ ਨਾਲੋਂ ਸੰਪਰਕ ਟੁੱਟ ਗਿਆ ਸੀ। ਇਸੇ ਲਈ ਇੰਨੇ ਭਿਆਨਕ ਦ੍ਰਿਸ਼ ਨੂੰ ਉਹ ਆਸਾਨੀ ਨਾਲ ਦੇਖ ਰਿਹਾ ਸੀ। ਕੋਈ ਪ੍ਰਤੀਕਰਮ ਨਹੀਂ ਸੀ ਹੋ ਰਿਹਾ। ਰਾਮ ਨਾਥ ਨੂੰ ਆਪਣੇ ਇਸ ਵਰਤਾਰੇ ਦਾ ਅਹਿਸਾਸ ਵੀ ਹੋ ਰਿਹਾ ਸੀ ਪਰ ਪਤਾ ਨਹੀਂ ਫੇਰ ਵੀ ਕਿਉਂ ਉਹ ਪੱਥਰ ਦਾ ਬੁੱਤ ਬਣਿਆ ਖੜ੍ਹਾ ਸੀ।

ਪੁਲਸ ਮੁਲਾਜ਼ਮ ਦੋਸ਼ੀਆਂ ਵੱਲੋਂ ਛੱਡੇ ਸਬੂਤ ਇਕੱਠੇ ਕਰਨ ਦਾ ਯਤਨ ਕਰ ਰਹੇ ਸਨ। ਕੋਈ ਉਂਗਲਾਂ ਦੇ ਨਿਸ਼ਾਨ ਲੱਭ ਰਿਹਾ ਸੀ। ਕੋਈ ਹਥਿਆਰਾਂ ਦੀ ਖੋਜ ਕਰ ਰਿਹਾ ਸੀ। ਇੱਕ ਟੀਮ ਕੁੱਤਿਆਂ ਦੀ ਮਦਦ ਨਾਲ ਦੋਸ਼ੀਆਂ ਦਾ ਪਿੱਛਾ ਕਰਨ ਦਾ ਯਤਨ ਕਰ ਹੀ ਸੀ।

“ਬਵਾ ਮਾੜਾ ਹੋਇਆ ਵਕੀਲ ਸਾਹਿਬ!” ਹੱਥਲੇ ਕੰਮ ਨੂੰ ਸਹਾਇਕ ਦੇ ਹਵਾਲੇ ਕਰਕੇ ਮੁੱਖ ਅਫ਼ਸਰ ਨੇ ਰਾਮ ਨਾਥ ਕੋਲ ਆ ਕੇ ਹਮਦਰਦੀ ਜਿਤਾਈ।

“ਇਹ ਕਿਸ ਤਰ੍ਹਾਂ ਹੋਇਆ ਹੈ?” ਇਹ ਪਹਿਲੀ ਵਾਰ ਸੀ ਜਦੋਂ ਰਾਮ ਨਾਥ ਦੇ ਗਲੇ ਵਿਚੋਂ ਕੁੱਝ ਸ਼ਬਦ ਅਤੇ ਅੱਖਾਂ ਵਿਚੋਂ ਕੁੱਝ ਅੱਥਰੂ ਨਿਕਲੇ ਸਨ।

“ਸਾਨੂੰ ਇਹ ਕਾਲੇ ਕੱਛਿਆਂ ਵਾਲੇ ਗਰੋਹ ਦੀ ਕੀਤੀ ਵਾਰਦਾਤ ਲਗਦੀ ਹੈ। ਇਨ੍ਹੀਂ ਦਿਨੀਂ ਉਹ ਇਸ ਇਲਾਕੇ ਵਿੱਚ ਸਰਗਰਮ ਹਨ। ਤਰੀਕਾ ਵਾਰਦਾਤ ਉਹੋ ਹੈ। ਤੁਹਾਨੂੰ ਕਿਸੇ ਤੇ ਸ਼ੱਕ ਹੈ ਤਾਂ ਦੱਸੋ?”

ਹਮਦਰਦੀ ਜਿਤਾਉਣ ਦਾ ਫਰਜ਼ ਨਿਭਾਅ ਕੇ ਮੁੱਖ ਅਫ਼ਸਰ ਅਸਲ ਮੁੱਦੇ ’ਤੇ ਆਇਆ।

ਵਾਰਦਾਤ ਭਿਆਨਕ ਸੀ। ਇੱਕ ਕਤਲ ਹੋਇਆ ਸੀ। ਦੋ ਬੰਦਿਆਂ ਦੇ ਗੰਭੀਰ ਚੋਟਾਂ ਲੱਗੀਆਂ ਸਨ। ਲੜਕੀ ਦੀ ਇੱਜ਼ਤ ਲੁੱਟੀ ਗਈ ਸੀ। ਲੁੱਟੇ ਸਮਾਨ ਦੀ ਲਿਸਟ ਬਹੁਤ ਲੰਬੀ ਸੀ। ਮੁਲਜ਼ਮਾਂ ਬਾਰੇ ਕੋਈ ਸੁਰਾਗ਼ ਨਹੀਂ ਸੀ ਲੱਭ ਰਿਹਾ। ਬਲਾਈਂਡ ਕੇਸ ਸੀ। ਮੁਕੱਦਮਾ ਦਰਜ ਕਰਨ ਵਿੱਚ ਮੁੱਖ ਅਫ਼ਸਰ ਨੂੰ ਦਿੱਕਤ ਪੇਸ਼ ਆਉਣੀ ਸੀ। ਪੱਤਰਕਾਰ ਇੱਲਾਂ ਵਾਂਗ ਮੰਡਰਾ ਰਹੇ ਸਨ। ਅਫ਼ਸਰ ਅਲੱਗ ਕੰਨ ਖਾ ਰਹੇ ਸਨ। ਮੁੱਖ ਮੰਤਰੀ ਤਕ ਨੂੰ ਸੂਚਨਾ ਜਾਣੀ ਸੀ।

ਲਾਸ਼ ਦਾ ਪੋਸਟ-ਮਾਰਟਮ ਕਰਾਉਣਾ ਸੀ। ਮਜ਼ਰੂਬਾਂ ਦੀਆਂ ਸੱਟਾਂ ਬਾਰੇ ਡਾਕਟਰਾਂ ਤੋਂ ਰਿਪੋਰਟਾਂ ਹਾਸਲ ਕਰਨੀਆਂ ਸਨ। ਕੁੜੀ ਜੇ ਹੋਸ਼ ਵਿੱਚ ਹੋਈ ਉਸਦਾ ਬਿਆਨ ਕਲਮਬੰਦ ਕਰਨਾ ਸੀ। ਅੱਗੇ ਕੰਮ ਹੀ ਕੰਮ ਸਨ। ਥਾਣੇਦਾਰ ਕੋਲ ਬਹੁਤੀਆਂ ਹਮਦਰਦੀਆਂ ਜਿਤਾਉਣ ਦਾ ਵਕਤ ਨਹੀਂ ਸੀ।

“ਮੇਰੇ ਭੈਣ-ਭਣੋਈਏ ਤੋਂ ਪੁੱਛਣਾ ਸੀ, ਉਹੋ ਕੁੱਝ ਦੱਸ ਸਕਦੇ ਹਨ।”

ਰਾਮ ਨਾਥ ਨੂੰ ਪੰਕਜ ਹੋਰਾਂ ਉਪਰ ਪੱਕਾ ਸ਼ੱਕ ਸੀ। ਪਰ ਭੈਣ-ਭਣੋਈਏ ਦੀ ਰਾਏ ਬਿਨਾਂ ਉਹ ਕਿਸੇ ਦਾ ਨਾਂ ਨਹੀਂ ਸੀ ਲੈ ਸਕਦਾ।

“ਉਹ ਹਸਪਤਾਲ ਵਿੱਚ ਪਏ ਹਨ। ਸੱਟਾਂ ਕਾਫ਼ੀ ਹਨ। ਡਾਕਟਰ ਨੇ ਬੇਹੋਸ਼ੀ ਦਾ ਟੀਕਾ ਲਾ ਦਿੱਤਾ ਹੋਏਗਾ। ਸਾਨੂੰ ਹਾਲੇ ਕੁੱਝ ਸਮਾਂ ਮੁਆਇਨਾ ਕਰਨ ’ਤੇ ਲੱਗੇਗਾ। ਤੁਸੀਂ ਹਸਪਤਾਲ ਜਾ ਕੇ ਉਨ੍ਹਾਂ ਨਾਲ ਰਾਏ ਕਰ ਲਓ। ਜਿਸ ਤਰ੍ਹਾਂ ਕਹੋਗੇ ਪਰਚਾ ਦਰਜ ਕਰ ਲਵਾਂਗੇ।”

ਵੈਸੇ ਥਾਣੇਦਾਰ ਦੀ ਮੁੱਢਲੀ ਤਫ਼ਤੀਸ਼ ਤੋਂ ਵਾਰਦਾਤ ਕਾਲੇ ਕੱਛਿਆਂ ਵਾਲੇ ਗਰੋਹ ਵੱਲੋਂ ਕੀਤੀ ਪਾਈ ਗਈ ਸੀ। ਦੋਸ਼ੀਆਂ ਉਪਰ ਡਕੈਤੀ ਅਤੇ ਡਕੈਤੀ ਦੌਰਾਨ ਹੋਏ ਕਤਲ ਦੀ ਦਫ਼ਾ ਲੱਗਣੀ ਸੀ।

ਰਾਮ ਨਾਥ ਕਾਨੂੰਨ ਜਾਣਦਾ ਸੀ। ਇਸ ਲਈ ਥਾਣੇਦਾਰ ਨੇ ਦਰਜ ਹੋਣ ਵਾਲੇ ਪਰਚੇ ਦਾ ਮਜ਼ਮੂਨ ਅਤੇ ਲਗਦੀਆਂ ਧਾਰਾਵਾਂ ਵੱਲ ਇਸ਼ਾਰਾ ਕਰ ਦਿੱਤਾ ਸੀ। ਅੱਗੇ ਉਹ ਖ਼ੁਦ ਸਿਆਣਾ ਸੀ।

ਪਰਿਵਾਰ ਦੇ ਜੀਆਂ ਨੂੰ ਮਿਲੇ ਬਿਨਾਂ ਰਾਮ ਨਾਥ ਕੁੱਝ ਨਹੀਂ ਸੀ ਆਖ ਸਕਦਾ।

ਵੈਸੇ ਵੀ ਮੁਕੱਦਮੇ ਨਾਲੋਂ ਵੱਧ ਜ਼ਰੂਰੀ ਜ਼ਖ਼ਮੀਆਂ ਦੀ ਸਾਂਭ-ਸੰਭਾਲ ਸੀ। ਇਥੇ ਸੰਗੀਤਾ ਦੇ ਕਰਨ ਵਾਲਾ ਕੁੱਝ ਨਹੀਂ ਸੀ।

ਸੰਗੀਤਾ ਅਤੇ ਇੱਕ ਗੁਆਂਢੀ ਨੂੰ ਨਾਲ ਲੈ ਕੇ ਰਾਮ ਨਾਥ ਹਸਪਤਾਲ ਲਈ ਰਵਾਨਾ ਹੋ ਗਿਆ।

ਰਸਤੇ ਵਿੱਚ ਗੁਆਂਢੀ ਰਾਮ ਨਾਥ ਨੂੰ ਹੋਈ ਵਾਰਦਾਤ ਦਾ ਵੇਰਵਾ ਦੇਣ ਲੱਗਾ।

ਉਹ ਅਤੇ ਵੇਦ ਸਵੇਰੇ ਚਾਰ ਵਜੇ ਸੈਰ ਕਰਨ ਜਾਇਆ ਕਰਦੇ ਸਨ। ਜੇ ਵੇਦ ਪਹਿਲਾਂ ਜਾਗ ਪਏ ਉਹ ਜੈ ਨਰਾਇਣ ਦੀ ਬੈੱਲ ਖੜਕਾ ਦਿੰਦਾ ਸੀ। ਨਹੀਂ ਤਾਂ ਜੈ ਨਰਾਇਣ ਵੇਦ ਨੂੰ ਉਠਾ ਲੈਂਦਾ ਸੀ।

ਅੱਜ ਸਵੇਰੇ ਜਦੋਂ ਸਾਢੇ ਚਾਰ ਵਜੇ ਤਕ ਵੇਦ ਦੀ ਉੱਘ-ਸੁੱਘ ਨਾ ਨਿਕਲੀ ਤਾਂ ਨਿਯਮ ਅਨੁਸਾਰ ਉਸ ਨੇ ਵੇਦ ਦੀ ਬੈੱਲ ਖੜਕਾਈ। ਜਦੋਂ ਬੈੱਲ ਨਾ ਖੜਕੀ, ਉਸਨੂੰ ਹੈਰਾਨੀ ਹੋਈ। ਬਿਜਲੀ ਹੈ ਸੀ। ਫੇਰ ਬੈੱਲ ਕਿਉਂ ਨਹੀਂ ਖੜਕੀ? ਸੋਚਿਆ ਖ਼ਰਾਬ ਹੋ ਗਈ ਹੋਵੇਗੀ।

ਰਾਤ ਦਸ ਵਜੇ ਤਕ ਉਹ ਇਕੱਠੇ ਸਨ। ਵੇਦ ਦੇ ਬਾਹਰ ਜਾਣ ਦੀ ਕੋਈ ਸੰਭਾਵਨਾ ਨਹੀਂ ਸੀ। ਗੇਟ ਦੇ ਹੋੜੇ ਵੱਲ ਨਜ਼ਰ ਮਾਰੀ ਤਾਂ ਲੱਗਾ, ਜਿਵੇਂ ਗੇਟ ਖੁੱਲ੍ਹਾ ਪਿਆ ਸੀ। ਗੇਟ ਖੋਲ੍ਹ ਕੇ ਉਹ ਅੰਦਰ ਚਲਾ ਗਿਆ। ਹੋ ਸਕਦਾ ਹੈ ਵੇਦ ਬਾਥਰੂਮ ਵਿੱਚ ਹੋਵੇ। ਇਸੇ ਲਈ ਜਵਾਬ ਨਾ ਦੇ ਰਿਹਾ ਹੋਵੇ। ਚਾਰ ਕਦਮ ਅੱਗੇ ਜਾ ਕੇ ਜੈ ਨਰਾਇਣ ਨੂੰ ਖ਼ੂਨ ਦੇ ਧੱਬੇ ਨਜ਼ਰ ਆਏ। ਇੱਡਾ ਵਾਕਿਆ ਹੋ ਗਿਆ ਸੀ, ਇਹ ਫੇਰ ਵੀ ਜੈ ਨਰਾਇਣ ਦੇ ਜ਼ਿਹਨ ਵਿੱਚ ਨਹੀਂ ਸੀ ਆਇਆ। ਜਦੋਂ ਅਗਾਂਹ ਪੋਰਚ ਵਿੱਚ ਖ਼ੂਨ ਹੀ ਖ਼ੂਨ ਨਜ਼ਰ ਆਇਆ ਤਾਂ ਉਸਨੂੰ ਕਾਂਬਾ ਛਿੜ ਗਿਆ। ਉਹ ਓਹਨੀਂ ਪੈਰੀਂ ਵਾਪਸ ਮੁੜ ਆਇਆ। ਗਲੀ ਵਿੱਚ ਖੜ੍ਹ ਕੇ ਸ਼ੋਰ ਮਚਾਇਆ।

ਗੁਆਂਢ ਵਿੱਚ ਭਗਦੜ ਪੈ ਗਈ। ਸੌ ਨੰਬਰ ’ਤੇ ਪੁਲਸ ਕੰਟਰੋਲ ਰੂਮ ਨੂੰ ਫ਼ੋਨ ਕੀਤਾ।

ਅੱਧਾ ਘੰਟਾ ਬੀਤ ਜਾਣ ਤੇ ਵੀ ਜਦੋਂ ਪੁਲਿਸ ਦਾ ਸਿਪਾਹੀ ਤਕ ਮੌਕੇ ਤੇ ਨਾ ਪੁੱਜਾ ਤਾਂ ਕੁੱਝ ਗੁਆਂਢੀ ਭੱਜ ਕੇ ਥਾਣੇ ਗਏ।
ਸਵੇਰ ਦਾ ਸਮਾਂ ਸੀ। ਸੰਤਰੀ ਅਤੇ ਮੁਨਸ਼ੀ ਤੋਂ ਸਿਵਾ ਥਾਣੇ ਕੋਈ ਨਹੀਂ ਸੀ। ਕੋਈ ਜੰਗਲ ਪਾਣੀ ਗਿਆ ਸੀ, ਕੋਈ ਦਾਤਣ ਕੁਰਲਾ ਕਰ ਰਿਹਾ ਸੀ। ਭਾਜੜ ਗੁਆਂਢੀਆਂ ਨੂੰ ਪਈ ਸੀ ਪੁਲਸ ਨੂੰ ਨਹੀਂ। ਕੁਆਟਰਾਂ ਵਿੱਚ ਜਾ-ਜਾ ਮਸਾਂ ਸਿਪਾਹੀ ਖੜ੍ਹੇ ਕੀਤੇ। ਫ਼ੋਨ ਕਰ-ਕਰ ਥਾਣੇਦਾਰ ਬੁਲਾਏ। ਚਾਰ ਪੁਲਸ ਵਾਲਿਆਂ ਨੂੰ ਇਕੱਠੇ ਹੁੰਦਿਆਂ ਨੂੰ ਘੰਟਾ ਲਗ ਗਿਆ।

ਦੋ ਘੰਟਿਆਂ ਬਾਅਦ ਪੁਲਸ ਮੌਕੇ ’ਤੇ ਪੁੱਜੀ। ਡਰਦਾ ਗੁਆਂਢੀ ਕੋਈ ਅੰਦਰ ਨਹੀਂ ਸੀ ਵੜਿਆ। ਪੁਲਸ ਦੇ ਨਾਲ ਉਹ ਕੋਠੀ ਅੰਦਰ ਗਏ। ਕਮਲ ਦਾ ਸਰੀਰ ਠੰਢਾ ਹੋਇਆ ਪਿਆ ਸੀ। ਬਾਕੀ ਤਿੰਨੇ ਬੇਹੋਸ਼ ਸਨ। ਕਮਲ ਦੇ ਸਰੀਰ ਵਿਚੋਂ ਬਹੁਤ ਖ਼ੂਨ ਵਹਿ ਚੁੱਕਾ ਸੀ। ਵਾਰਦਾਤ ਪਤਾ ਨਹੀਂ ਕਿਸ ਵਕਤ ਹੋਈ ਸੀ। ਜੇ ਪੁਲਸ ਸਮੇਂ ਸਿਰ ਪੁੱਜ ਜਾਂਦੀ, ਸ਼ਾਇਦ ਉਹ ਬਚ ਜਾਂਦਾ।

ਪੁਲਸ ਨੇ ਆਪਣੀ ਐਂਬੂਲੈਂਸ ਬੁਲਾਈ। ਮਜ਼ਰੂਬਾਂ ਨੂੰ ਹਸਪਤਾਲ ਪਹੁੰਚਾਇਆ। ਚਾਰ ਗੁਆਂਢੀ ਦੇਖਭਾਲ ਲਈ ਨਾਲ ਗਏ।

ਜੈ ਨਰਾਇਣ ਨੇ ਮੋਹਨ ਲਾਲ ਦੇ ਘਰ ਫ਼ੋਨ ਕੀਤਾ। ਪਤਾ ਲੱਗਾ ਮੁੰਡੇ ਬਾਹਰ ਗਏ ਹੋਏ ਸਨ।

ਪਰਿਵਾਰ ਦੇ ਸਾਰੇ ਜੀਅ ਫੱਟੜ ਹੋ ਗਏ ਸਨ। ਬਹੁਤ ਸਾਰੇ ਅਹਿਮ ਫੈਸਲੇ ਕਰਨੇ ਸਨ। ਪਰਚਾ ਕਟਵਾਉਣਾ ਸੀ। ਜ਼ਖ਼ਮੀਆਂ ਨੂੰ ਕਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਾਏ? ਇਹ ਸੋਚਣਾ ਸੀ। ਇਹ ਫੈਸਲੇ ਘਰ ਦੇ ਕਿਸੇ ਮੈਂਬਰ ਦੁਆਰਾ ਕੀਤੇ ਜਾਣੇ ਸਨ।

ਕੁਦਰਤੀ ਜੈ ਨਰਾਇਣ ਨੂੰ ਰਾਮ ਨਾਥ ਦੇ ਨਾਂ ਪਤੇ ਵਾਲਾ ਕਾਰਡ ਲੱਭ ਗਿਆ। ਉਸਨੇ ਝੱਟ ਰਾਮ ਨਾਥ ਨੂੰ ਫ਼ੋਨ ਖੜਕਾ ਦਿੱਤਾ।

ਵੈਸੇ ਮੋਹਨ ਲਾਲ ਦਾ ਮੈਨੇਜਰ ਆਇਆ ਸੀ। ਮਾਇਆ ਦੇਵੀ ਨਾਲ ਆਈ ਸੀ। ਉਹ ਥਾਣੇਦਾਰ ਨੂੰ ਮਿਲ ਗਿਆ ਸੀ। ਸ਼ਾਇਦ ਚਾਹ ਪਾਣੀ ਦੇ ਗਿਆ ਸੀ।

ਮਾਇਆ ਦੇਵੀ ਤੋਂ ਇਹ ਦ੍ਰਿਸ਼ ਦੇਖਿਆ ਨਹੀਂ ਸੀ ਗਿਆ। ਉਸ ਨੂੰ ਖੋਹ ਪੈਣ ਲੱਗੀ ਸੀ। ਗੁਆਂਢੀਆਂ ਨੇ ਤੁਰੰਤ ਉਸਨੂੰ ਘਰ ਮੋੜ ਦਿੱਤਾ।

ਚੰਗਾ ਸੀ ਰਾਮ ਨਾਥ ਆ ਗਿਆ ਸੀ। ਉਹ ਵਕੀਲ ਸੀ। ਉਸਨੇ ਸਭ ਸੰਭਾਲ ਲੈਣਾ ਸੀ।

 

ਜੇਕਰ ਤੁਸੀਂ ਇਸ ਲੇਖ ਦਾ ਪਹਿਲਾਂ ਭਾਗ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਲਿੰਕ ’ਤੇ ਕਲਿੱਕ ਕਰ ਸਕਦੋ ਹੋ... ਨਾਵਲ ਕੌਰਵ ਸਭਾ : ਕਾਂਡ- 1


author

rajwinder kaur

Content Editor

Related News