ਨਾਵਲ ਕੌਰਵ ਸਭਾ : ਕਾਂਡ- 8

08/30/2020 2:36:04 PM

ਸਾਰੀ ਰਾਤ ਪੁਲਸ ਅਫ਼ਸਰਾਂ ਵਿਚਕਾਰ ਬੈਠਕਾਂ ਹੁੰਦੀਆਂ ਰਹੀਆਂ।

ਅਜਿਹੀਆਂ ਇੱਕੜ-ਦੁੱਕੜ ਘਟਨਾਵਾਂ ਪਹਿਲਾਂ ਹੋਈਆਂ ਜ਼ਰੂਰ ਸਨ ਪਰ ਉਹ ਇੰਨੀਆਂ ਭਿਆਨਕ ਨਹੀਂ ਸਨ। ਬਲਾਤਕਾਰ ਪਹਿਲੀ ਵਾਰ ਹੋਇਆ ਸੀ। ਪਹਿਲਾਂ ਲੋੜ ਪੈਣ ’ਤੇ ਘਰ ਦੇ ਮੈਂਬਰਾਂ ਨੂੰ ਸੱਟਾਂ ਮਾਰੀਆਂ ਜਾਂਦੀਆਂ ਸਨ। ਇਸ ਵਾਰ ਲਗਦਾ ਸੀ ਸੱਟਾਂ ਜਾਣ ਬੁੱਝ ਕੇ ਮਾਰੀਆਂ ਜਾਂਦੀਆਂ ਸਨ।

ਕਮਲ ਯੂਨੀਵਰਸਿਟੀ ਵਿੱਚ ਐੱਮ.ਬੀ.ਏ.ਦਾ ਵਿਦਿਆਰਥੀ ਸੀ। ਯੂਨੀਅਨ ਦਾ ਸਰਗਰਮ ਮੈਂਬਰ ਸੀ। ਵਿਦਿਆਰਥੀ ਆਗੂਆਂ ਨੇ ਕੱਲ੍ਹ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕਰ ਦਿੱਤਾ ਸੀ। ਵਿਦਿਆਰਥੀ ਕਾਤਲਾਂ ਨੂੰ ਤੁਰੰਤ ਫੜੇ ਜਾਣ ਦੀ ਮੰਗ ਕਰ ਰਹੇ ਸਨ।

ਨੇਹਾ ਨੇ ਪੱਤਰਕਾਰੀ ਦਾ ਡਿਪਲੋਮਾ ਕੀਤਾ ਹੋਇਆ ਸੀ। ਹੁਣ ਉਹ ਇੰਗਲਿਸ਼ ਦੀ ਐੱਮ.ਏ.ਕਰ ਰਹੀ ਸੀ। ਸ਼ੌਕ ਦੇ ਤੌਰ ਤੇ ਉਹ ‘ਪ੍ਰੈਸ ਟਰੱਸਟ ਆਫ਼ ਇੰਡੀਆ’ ਲਈ ਬਤੌਰ ‘ਫਰੀ ਲਾਂਸਰ’ ਕੰਮ ਕਰ ਰਹੀ ਸੀ। ਸਾਗਰ ਨਾਂ ਦੇ ਪ੍ਰਸਿੱਧ ਪੱਤਰਕਾਰ ਨਾਲ ਉਸਦੇ ਪ੍ਰੇਮ ਸੰਬੰਧ ਸਨ। ਦੋਹਾਂ ਦੀ ਸਗਾਈ ਹੋਣ ਵਾਲੀ ਸੀ। ਸਾਗਰ ਕਾਰਨ ਸ਼ਹਿਰ ਦੇ ਪੱਤਰਕਾਰਾਂ ਲਈ ਇਹ ਵਕਾਰੀ ਕੇਸ ਬਣ ਗਿਆ ਸੀ। ਕੱਲ੍ਹ ਤੋਂ ਹਰ ਨੁਕਤੇ ਨੇ ਅਖ਼ਬਾਰਾਂ ਵਿੱਚ ਉਛਲਣਾ ਸੀ।

ਖੁਫ਼ੀਆ ਵਿਭਾਗ ਦੇ ਦੋਹਾਂ ਫ਼ੈਸਲਿਆਂ ਦੀ ਸੂਚਨਾ ਉੱਚ-ਅਧਿਕਾਰੀਆਂ ਰਾਹੀਂ ਮੁੱਖ ਮੰਤਰੀ ਤਕ ਅੱਪੜਦੀ ਕਰ ਦਿੱਤੀ ਸੀ। ਮੁੜਵੀਂ ਕਾਰਵਾਈ ਦੇ ਤੌਰ ਤੇ ਹਰ ਅਧਿਕਾਰੀ ਪੁਲਸ ਕਪਤਾਨ ਦੀ ਖਿਚਾਈ ਕਰ ਰਿਹਾ ਸੀ। ਮੁੱਖ-ਮੰਤਰੀ ਨੇ ਪ੍ਰੈਸ-ਕਾਨਫਰੰਸ ਬੁਲਾ ਕੇ ਐਲਾਨ ਕਰ ਦਿੱਤਾ ਸੀ। “ਤਫ਼ਤੀਸ਼ ਕਪਤਾਨ ਨੂੰ ਦੇ ਦਿੱਤੀ ਗਈ ਸੀ। ਪੰਦਰਾਂ ਦਿਨਾਂ ਦੇ ਅੰਦਰ-ਅੰਦਰ ਜੇ ਕਪਤਾਨ ਨੇ ਕਾਤਲ ਨਾ ਫੜੇ ਤਾਂ ਉਸਨੂੰ ਬਦਲ ਦਿੱਤਾ ਜਾਏਗਾ।”

ਵਿਰੋਧੀ ਧਿਰ ਮੁੱਖ-ਮੰਤਰੀ ਨੂੰ ਕਈ ਫਰੰਟਾਂ ’ਤੇ ਘੇਰੀ ਬੈਠੀ ਸੀ। ਵਿਗੜ ਰਹੀ ਕਾਨੂੰਨ ਵਿਵਸਥਾ ਦੇ ਨਾਜ਼ੁਕ ਮਸਲੇ ਉਪਰ ਵਿਰੋਧੀ ਧਿਰ ਨੂੰ ਉਸ ਵਿਰੁੱਧ ਢੰਡੋਰਾ ਪਿੱਟਣ ਦਾ ਮੌਕਾ ਮਿਲ ਜਾਣਾ ਸੀ। ਮੁੱਖ-ਮੰਤਰੀ ਆਪਣੀ ਦਾੜ੍ਹੀ ਵਿਰੋਧੀ ਧਿਰ ਨੂੰ ਨਹੀਂ ਸੀ ਫੜਾ ਸਕਦਾ।

ਪੁਲਸ ਕਪਤਾਨ ਨੂੰ ਇਸ ਐਲਾਨ ਕਾਰਨ ਹੱਥਾਂ-ਪੈਰਾਂ ਦੀ ਪਈ ਹੋਈ ਸੀ। ਜੇ ਪੰਦਰਾਂ ਦਿਨਾਂ ਦੇ ਅੰਦਰ-ਅੰਦਰ ਮੁਲਜ਼ਮ ਨਾ ਫੜੇ ਗਏ ਤਾਂ ਕਪਤਾਨ ਨੇ ਬਲੀ ਦਾ ਬੱਕਰਾ ਬਣ ਜਾਣਾ ਸੀ।

ਮੁੱਖ ਮੰਤਰੀ ਦੇ ਹੁਕਮ ਤੇ ਫੁੱਲ ਚੜ੍ਹਾਉਣ ਦੇ ਯਤਨ ਹੋਣ ਲੱਗੇ। ਕਪਤਾਨ ਨੇ ਆਪਣੇ ਹੇਠ ਕੰਮ ਕਰਦੀਆਂ ਸਾਰੀਆਂ ਇਕਾਈਆਂ ਨੂੰ ਸੁਚੇਤ ਕਰ ਦਿੱਤਾ। ਥਾਂ-ਥਾਂ ਛਾਪੇ ਪੈਣ ਲੱਗੇ। ਮੁਲਜ਼ਮਾਂ ਦੇ ਖੁਰੇ ਖੋਜੇ ਜਾਣ ਲੱਗੇ।

ਪੁਲਸ ਕਪਤਾਨ ਦੀਆਂ ਅੱਖਾਂ ਵਿੱਚ ਨੌਕਰ ਕਣ ਵਾਂਗ ਰੜਕ ਰਿਹਾ ਸੀ। ਉਸ ਦੀ ਪੁੱਛਗਿੱਛ ਬਿਨਾਂ ਤਫ਼ਤੀਸ਼ ਅੱਗੇ ਕਿਸ ਤਰ੍ਹਾਂ ਤੁਰ ਸਕਦੀ ਸੀ? ਉਹ ਨੌਕਰ ਨੂੰ ਖ਼ੁਦ ‘ਇਨਟੈਰੋਗੇਟ’ ਕਰਨਾ ਚਾਹੁੰਦਾ ਸੀ।

ਕੱਲ੍ਹ ਮੁੱਖ ਅਫ਼ਸਰ ਨੇ ਨੌਕਰ ਨੂੰ ਛੱਡ ਕੇ ਠੀਕ ਕੀਤਾ ਸੀ। ਮਾਹੌਲ ਗਰਮ ਸੀ। ਲੋਕਾਂ ਨੂੰ ਨੌਕਰ ਦੀ ਵਫ਼ਾਦਾਰੀ ਤੇ ਯਕੀਨ ਸੀ।

ਹੁਣ ਹਾਲਾਤ ਬਦਲ ਚੁੱਕੇ ਸਨ। ਹੁਣ ਨੌਕਰ ਦੀ ਕਿਸੇ ਨੂੰ ਪਰਵਾਹ ਨਹੀਂ ਸੀ। ਪਤਾ ਨਹੀਂ ਉਹ ਕਿੱਥੇ ਸੁੱਤਾ ਸੀ। ਕਿਧਰੇ ਖਿਸਕ ਗਿਆ ਤਾਂ ਕਪਤਾਨ ਦਾ ਮੂੰਹ ਕਾਲਾ ਹੋਣਾ ਸੀ।

ਸਾਰੀ ਰਾਤ ਕਪਤਾਨ ਨੌਕਰ ਤੇ ਕਚੀਚੀਆਂ ਵੱਟਦਾ ਰਿਹਾ।

ਸਵੇਰ ਹੁੰਦਿਆਂ ਹੀ ਕਪਤਾਨ ਨੇ ਇਕੱਲਿਆਂ ਮੌਕਾ ਦੋਬਾਰਾ ਦੇਖਣ ਦਾ ਐਲਾਨ ਕੀਤਾ। ਮੁਲਾਹਜ਼ੇ ਵਿੱਚ ਰਾਮ ਨਾਥ ਅਤੇ ਨੌਕਰ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ।

ਰਾਤ ਰਾਮੂ ਗੁਆਂਢੀਆਂ ਦੇ ਸੁੱਤਾ ਸੀ। ਗੁਆਂਢੀ ਨੇ ਦੱਸਿਆ ਸੀ ਉਹ ਬਹੁਤ ਡਰਿਆ ਹੋਇਆ ਸੀ। ਸਾਰੀ ਰਾਤ ਉਹ ਉਸਲਵੱਟੇ ਲੈਂਦਾ ਰਿਹਾ ਸੀ। ਉਸਨੇ ਇੱਕ ਰੋਟੀ ਮਸਾਂ ਅੰਦਰ ਲੰਘਾਈ ਸੀ। ਉਹ ਆਪਣੇ ਚਾਚੇ ਕੋਲ ਜਾਣ ਦੀ ਜ਼ਿੱਦ ਕਰ ਰਿਹਾ ਸੀ।

ਰਾਮੂ ਦੀ ਇਹ ਬੇਚੈਨੀ ਕਪਤਾਨ ਲਈ ਖੁਸ਼ੀ-ਭਰਿਆ ਸੰਦੇਸ਼ ਸੀ। ਘਬਰਾਹਟ ਦੱਸਦੀ ਸੀ, ਉਹ ਕੁੱਝ ਛੁਪਾ ਰਿਹਾ ਸੀ।

ਖ਼ਾਕੀ ਵਰਦੀ ਵਿੱਚ ਕੱਸੇ ਕਪਤਾਨ ਨੇ ਜਦੋਂ ਅੱਖਾਂ ਸੂਹੀਆਂ ਕਰਕੇ ਰਾਮੂ ਦੀਆਂ ਅੱਖਾਂ ਵਿੱਚ ਤੱਕਿਆ ਰਾਮੂ ਧੁਰ ਅੰਦਰ ਤਕ ਹਿੱਲ ਗਿਆ। “ਦੇਖ ਬੇਟਾ! ਮੁਝੇ ਮੁਹੱਲੇ ਕੇ ਚੌਕੀਦਾਰ ਨੇ ਸਬ ਕੁੱਝ ਬਤਾ ਦੀਆ ਹੈ। ਚੋਰ ਦੀਵਾਰ ਕੂਦ ਕਰ ਕੋਠੀ ਮੇਂ ਆਏ ਥੇ! ਤੁਮਨੇ ਉਨ ਕੋ ਕੋਠੀ ਮੇਂ ਘੁਸਤੇ ਦੇਖਾ ਥਾ।”

ਕਪਤਾਨ ਸ਼ਬਦ ਮਿੱਠੇ ਬੋਲ ਰਿਹਾ ਸੀ ਪਰ ਉਨ੍ਹਾਂ ਵਿਚੋਂ ਕੁੜੱਤਣ ਅਤੇ ਤਾੜਨਾ ਸਾਫ਼ ਝਲਕ ਰਹੀ ਸੀ।

“ਜੀ ਸਾਹਿਬ!”

“ਕਿਆ ਸਾਹਿਬ?” ਕਪਤਾਨ ਦਾ ਝੂਠ ਇੰਨੀ ਜਲਦੀ ਰੰਗ ਲਿਆਏਗਾ ਇਹ ਉਸਨੂੰ ਉਕਾ ਆਸ ਨਹੀਂ ਸੀ।

“ਸ਼ਾਬਾਸ਼! ਆਗੇ ਕਿਆ ਦੇਖਾ। ਸਭ ਕੁੱਝ ਬਤਾਓ। ਤੁਮੇਂ ਇਨਾਮ ਦੀਆ ਜਾਏਗਾ। ਤੁਮ ਇੱਕ ਵਫ਼ਾਦਾਰ ਨੌਕਰ ਹੋ। ਮਾਲਕ ਤੁਮਾਰੀ ਬਹੁਤ ਤਾਰੀਫ਼ ਕਰਤੇ ਹੈਂ। ਤੇਰੇ ਛੋਟੇ ਮਾਲਕ ਕੋ ਮਾਰ ਦੀਆ ਗਿਆ ਹੈ। ਬੜੇ ਮਾਲਕ ਔਰ ਬੀਬੀ ਕੋ ਬੁਰੀ ਤਰ੍ਹਾਂ ਪੀਟਾ ਗਿਆ ਹੈ। ਸੱਚ ਬਤਾਓ ਕਿਆ ਹੂਆ? ਤੁਮ ਕਿਸ-ਕਿਸ ਕੋ ਜਾਨਤੇ ਹੋ?”

“ਬਤਾ ਰਹਾ ਹੂੰ ਸਾਹਿਬ!” ਕੰਬਦਾ ਨੌਕਰ ਦੇਖੀ ਘਟਨਾ ਦਾ ਵੇਰਵਾ ਦੇਣ ਲੱਗਾ।

ਆਪਣੇ ਕਮਰੇ ਵਿੱਚ ਬੈਠਾ ਰਾਮੂ ਟੀ.ਵੀ.ਦੇਖ ਰਿਹਾ ਸੀ। ਕੋਠੀ ਦਾ ਗੇਟ ਟੱਪ ਕੇ ਅੰਦਰ ਆਉਂਦੇ ਇੱਕ ਚੋਰ ਤੋਂ ਗੇਟ ਹਿੱਲ ਗਿਆ। ਖੜਕਾ ਸੁਣ ਕੇ ਰਾਮੂ ਕਮਰੇ ਵਿਚੋਂ ਛੱਤ ਤੇ ਆਇਆ। ਛੱਤ ਤੇ ਖੜ੍ਹ ਕੇ ਗੇਟ ਵੱਲ ਝਾਤੀ ਮਾਰੀ। ਉਸ ਸਮੇਂ ਤਕ ਅੰਦਰ ਆ ਚੁੱਕੇ ਚੋਰ ਨੇ ਕੋਠੀ ਦਾ ਗੇਟ ਖੋਲ੍ਹ ਦਿੱਤਾ ਸੀ। ਉਸ ਦੇ ਤਿੰਨ-ਚਾਰ ਸਾਥੀ ਕੋਠੀ ਅੰਦਰ ਪ੍ਰਵੇਸ਼ ਕਰ ਚੁੱਕੇ ਸਨ। ਉਨ੍ਹਾਂ ਦੀਆਂ ਕਾਲੀਆਂ ਵਰਦੀਆਂ ਅਤੇ ਡਰਾਉਣੀਆਂ ਸ਼ਕਲਾਂ ਦੇਖ ਕੇ ਰਾਮੂ ਡਰ ਗਿਆ ਸੀ। ਡਰਿਆ ਸਹਿਮਿਆ ਉਹ ਆਪਣੇ ਕਮਰੇ ਵਿੱਚ ਆ ਗਿਆ। ਟੀ.ਵੀ.ਬੰਦ ਕਰਕੇ ਸੌਣ ਦਾ ਯਤਨ ਕਰਨ ਲੱਗਾ।

ਕੁੱਝ ਦੇਰ ਬਾਅਦ ਕੋਠੀ ਅੰਦਰ ਚੀਕ-ਚਿਹਾੜਾ ਪੈ ਗਿਆ। ਕੀ ਹੋ ਗਿਆ? ਇਹ ਦੇਖਣ ਲਈ ਰਾਮੂ ਦਬਵੇਂ ਪੈਰੀਂ ਪੌੜੀਆਂ ਵਿੱਚ ਖੜੋ ਕੇ ਲਾਬੀ ਵੱਲ ਦੇਖਣ ਲੱਗਾ। ਉਸ ਸਮੇਂ ਇੱਕ ਚੋਰ ਕਮਲ ਦੇ ਢਿੱਡ ਵਿੱਚ ਛੁਰਾ ਖੋਭ ਰਿਹਾ ਸੀ। ਕਿਸੇ ਪਾਸਿਉਂ ਨੀਲਮ ਅਤੇ ਨੇਹਾ ਦੇ ਰੋਣ ਦੀ ਆਵਾਜ਼ ਆ ਰਹੀ ਸੀ। ਰਾਮੂ ਨੇ ਜਦੋਂ ਗਹੁ ਨਾਲ ਤੱਕਿਆ ਤਾਂ ਉਥੇ ਉਨ੍ਹਾਂ ਦੇ ਦੇਸ਼ ਦਾ ਠੇਕੇਦਾਰ ਰਾਮ ਲੁਭਾਇਆ ਵੀ ਖੜ੍ਹਾ ਸੀ। ਠੇਕੇਦਾਰ ਨੇ ਤਾਂ ਭਾਵੇਂ ਕਾਲੇ ਕੱਪੜੇ ਪਾਏ ਹੋਏ ਸਨ, ਪਰ ਰਾਮੂ ਨੇ ਉਸਨੂੰ ਪਹਿਚਾਣ ਲਿਆ ਸੀ।

ਰਾਮ ਲੁਭਾਇਆ ਬੜਾ ਖ਼ਤਰਨਾਕ ਆਦਮੀ ਸੀ। ਜੇ ਉਸਨੇ ਰਾਮੂ ਨੂੰ ਖੜ੍ਹਾ ਦੇਖ ਲਿਆ ਤਾਂ ਉਸਨੇ ਰਾਮੂ ਨੂੰ ਮਾਰ ਦੇਣਾ ਸੀ। ਡਰਦਾ ਉਹ ਆਪਣੇ ਕਮਰੇ ਵਿੱਚ ਮੁੜ ਆਇਆ ਸੀ।

ਹਿੰਮਤ ਬਟੋਰ ਕੇ ਕੁੱਝ ਦੇਰ ਬਾਅਦ ਜਦੋਂ ਉਸਨੇ ਫੇਰ ਲਾਬੀ ਵੱਲ ਤੱਕਿਆ ਤਾਂ ਸਾਰੀ ਲਾਬੀ ਖ਼ੂਨ ਨਾਲ ਲੱਥ-ਪੱਥ ਹੋਈ ਪਈ ਸੀ। ਕਮਲ ਮਰ ਚੁੱਕਾ ਸੀ। ਬਾਕੀ ਦੇ ਮੈਂਬਰ ਸਹਿਕ ਰਹੇ ਸਨ।

ਮਾਲਕਾਂ ਦੀ ਇਹ ਹਾਲਤ ਦੇਖ ਕੇ ਉਹ ਹੋਰ ਘਬਰਾ ਗਿਆ। ਆਪਣੇ ਕਮਰੇ ਵਿੱਚ ਆ ਕੇ ਉਸਨੇ ਟੀ.ਵੀ.ਚਲਾ ਲਿਆ ਅਤੇ ਸੌਣ ਦਾ ਯਤਨ ਕਰਨ ਲੱਗਾ।

ਇੱਕ ਦੋਸ਼ੀ ਦੀ ਸ਼ਨਾਖਤ ਹੋ ਜਾਣ ਤੇ ਕਪਤਾਨ ਨੇ ਕੁੱਝ ਰਾਹਤ ਮਹਿਸੂਸ ਕੀਤੀ। ਰਾਮ ਲੁਭਾਇਆ ਕੌਣ ਹੈ? ਕਪਤਾਨ ਦਾ ਮਨ ਉਸਦਾ ਪਿਛੋਕੜ ਜਾਨਣ ਲਈ ਕਾਹਲਾ ਪੈਣ ਲੱਗਾ।

ਉਹ ਰਾਮੂ ਦੇ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਰਾਮੂ ਦੇ ਜਨਮ ਤੋਂ ਪਹਿਲਾਂ ਦਾ ਮਾਇਆ ਨਗਰ ਆ ਕੇ ਵੱਸਿਆ ਹੋਇਆ ਸੀ। ਆਪਣੇ ਦੇਸ਼ ਦੇ ਬਹੁਤ ਬੰਦਿਆਂ ਨੂੰ ਉਹ ਇਧਰ ਲੈ ਕੇ ਆਇਆ ਸੀ। ਜਿਹੜੇ ਉਸਦੀ ਈਨ ਵਿੱਚ ਰਹਿੰਦੇ ਸਨ, ਉਨ੍ਹਾਂ ਨੂੰ ਉਹ ਮੌਜ ਕਰਾਉਂਦਾ ਸੀ। ਜਿਹੜੇ ਬਾਗੀ ਹੋਣ ਦਾ ਯਤਨ ਕਰਦੇ ਸਨ ਉਨ੍ਹਾਂ ਤੇ ਉਹ ਕੁਟਾਪਾ ਚਾੜ੍ਹਦਾ ਸੀ। ਪੁਲਸ ਨਾਲ ਮਿਲਕੇ ਝੂਠੇ ਮੁਕੱਦਮਿਆਂ ਵਿੱਚ ਫਸਾ ਦਿੰਦਾ ਸੀ। ਉਸਦੇ ਦੇਸ਼ ਵਿੱਚ ਇਹ ਗੱਲ ਫੈਲੀ ਹੋਈ ਸੀ ਕਿ ਰਾਮ ਲੁਭਾਏ ਨੇ ਕਈ ਜਿਊਂਦੇ ਮਜ਼ਦੂਰਾਂ ਨੂੰ ਕਾਰਖਾਨਿਆਂ ਦੀਆਂ ਭੱਠੀਆਂ ਵਿੱਚ ਸਾੜਿਆ ਸੀ। ਡਰਦਾ ਕੋਈ ਉਸ ਅੱਗੇ ਸਾਹ ਨਹੀਂ ਸੀ ਕੱਢਦਾ।

ਠੇਕੇਦਾਰ ਦੀਆਂ ਇਹ ਕਹਾਣੀਆਂ ਰਾਮੂ ਨੂੰ ਉਸਦੇ ਚਾਚੇ ਨੇ ਸੁਣਾਈਆਂ ਸਨ। ਹੋਲੀ ‘ਤੇ ਰਾਮੂ ਜਦੋਂ ਛੁੱਟੀ ਲੈ ਕੇ ਆਪਣੇ ਚਾਚੇ ਕੋਲ ਜਾਂਦਾ ਸੀ ਤਾਂ ਉਸਦੀ ਬਸਤੀ ਵਿੱਚ ਰਹਿੰਦਾ ਸੀ। ਰਾਮ ਲੁਭਾਇਆ ਰਾਮੂ ਦੇ ਚਾਚੇ ਨੂੰ ਪੰਜਾਬ ਲੈ ਕੇ ਆਇਆ ਸੀ। ਇਸ ਲਈ ਚਾਚਾ ਉਸਦਾ ਅਹਿਸਾਨਮੰਦ ਸੀ।

“ਸ਼ਾਬਾਸ਼ ਬੇਟਾ! ਤੂੰਨੇ ਬੜਾ ਨੇਕ ਕਾਮ ਕੀਆ ਹੈ?” ਉਪਰੋਂ ਕਪਤਾਨ ਨੇ ਰਾਮੂ ਦੀ ਪਿੱਠ ਥਾਪੜੀ। ਮਨ ਹੀ ਮਨ ਉਸ ਨੇ ਆਪਣੀ ਲਿਆਕਤ ਨਾਲ ਗੁੱਥੀ ਸੁਲਝਾ ਲਈ ਸੀ।

“ਵਕੀਲ ਸਾਹਿਬ ਆਪਣੇ ਬੁੱਲ੍ਹ ਸੀਤੀ ਰੱਖਣਾ। ਕਿਧਰੇ ਬਣੀ ਖੇਡ ਵਿਗਾੜ ਨਾ ਦੇਣਾ।” ਜਾਂਦਾ ਕਪਤਾਨ ਰਾਮ ਨਾਥ ਦਾ ਮੂੰਹ ਬੰਨ੍ਹ ਗਿਆ।ਰਸਤੇ ਵਿੱਚ ਕਪਤਾਨ ਨੂੰ ਭੁਲੇਖਾ ਪੈਣ ਲੱਗਾ। ਰਾਮੂ ਨੂੰ ਰਾਮ ਲੁਭਾਇਆ ਪਛਾਨਣ ਵਿੱਚ ਟਪਲਾ ਨਾ

ਲੱਗਾ ਹੋਵੇ। ਡਰਦਾ ਕਿਧਰੇ ਉਹ ਝੂਠ ਨਾ ਬੋਲ ਗਿਆ ਹੋਵੇ।

ਜਿੰਨਾ ਚਿਰ ਰਾਮ ਲੁਭਾਇਆ ਹੱਥ ਨਹੀਂ ਸੀ ਆਉਂਦਾ ਓਨਾ ਚਿਰ ਰਾਮੂ ਦੀ ਗੱਲ ‘ਤੇ ਇਤਬਾਰ ਨਹੀਂ ਸੀ ਕੀਤਾ ਜਾ ਸਕਦਾ।

ਰਾਮੂ ਨੂੰ ਰਾਮ ਲੁਭਾਇਆ ਦੀ ਬਸਤੀ ਦਾ ਪਤਾ ਨਹੀਂ ਸੀ। ਚਾਚਾ ਕਿੱਥੇ ਹੈ? ਉਸਦੇ ਪਤੇ ਠਿਕਾਣੇ ਦਾ ਵੀ ਉਸ ਨੂੰ ਪਤਾ ਨਹੀਂ ਸੀ।

ਠੇਕੇਦਾਰ ਦੇ ਫੜੇ ਜਾਣ ਤਕ ਰਾਮੂ ਦੀ ਸੁਰੱਖਿਆ ਜ਼ਰੂਰੀ ਸੀ। ਰਾਮੂ ਅਤੇ ਕਪਤਾਨ ਦੀ ਮਿਲਣੀ ਦੀ ਸੂਹ ਵੀ ਬਾਹਰ ਨਹੀਂ ਸੀ ਨਿਕਲਣੀ ਚਾਹੀਦੀ।

ਸੋਚ ਸਮਝ ਕੇ ਕਪਤਾਨ ਨੇ ਅਗਲਾ ਕਦਮ ਪੁੱਟਿਆ।

ਦਫ਼ਤਰ ਪੁੱਜਦਿਆਂ ਹੀ ਉਸਨੇ ਖੁਫ਼ੀਆ ਵਿਭਾਗ ਦੇ ਦੋ ਸਿਪਾਹੀ ਸਾਦੇ ਕੱਪੜਿਆਂ ਵਿੱਚ ਵੇਦ ਦੀ ਕੋਠੀ ਪਹੁੰਚਾ ਦਿੱਤੇ।

ਘੰਟਾ ਕੁ ਉਨ੍ਹਾਂ ਨੇ ਕੋਠੀ ਰਹਿਣਾ ਸੀ। ਫੇਰ ਨੌਕਰ ਨੂੰ ਰਿਕਸ਼ੇ ਵਿੱਚ ਬੈਠਾ ਕੇ ਕਪਤਾਨ ਦੀ ਦੱਸੀ ਥਾਂ ਉਪਰ ਲਿਜਾਣਾ ਸੀ।

ਨਾਵਲ ਕੌਰਭ ਸਭਾ ਕਾਂਡ ਦੀ ਚੱਲ ਰਹੀ ਲੜੀ ਨਾਲ ਮੁੜ ਤੋਂ ਜੁੜਨ ਲਈ ਤੁਸੀਂ ਇਸ ਕੜੀ ਦੀਆਂ  ਪੁਰਾਣੀਆਂ ਕਿਸ਼ਤਾਂ ਵੀ ਪੜ੍ਹ ਸਕਦੇ ਹੋ। ਇਸ ਨਾਵਲ ਦੇ ਬਾਰੇ ਜਾਣਕਾਰੀ ਹਾਸਲ ਕਰਨ ਲਈ ਹੇਠ ਦਿੱਤੇ ਲਿੰਕ ’ਤੇ ਕਲਿੱਕ ਕਰਕੇ ਤੁਸੀਂ ਪੜ੍ਹ ਸਕਦੇ ਹੋ....

ਨਾਵਲ ਕੌਰਭ ਸਭਾ : ਕਾਂਡ - 7

ਨਾਵਲ ਕੌਰਭ ਸਭਾ : ਕਾਂਡ - 6

ਨਾਵਲ ਕੌਰਭ ਸਭਾ : ਕਾਂਡ - 5

ਨਾਵਲ ਕੌਰਭ ਸਭਾ : ਕਾਂਡ - 4

ਨਾਵਲ ਕੌਰਭ ਸਭਾ : ਕਾਂਡ - 3

ਨਾਵਲ ਕੌਰਭ ਸਭਾ : ਕਾਂਡ - 2

ਨਾਵਲ ਕੌਰਭ ਸਭਾ : ਕਾਂਡ - 1


rajwinder kaur

Content Editor

Related News