ਨਾਵਲ ਕੌਰਵ ਸਭਾ : ਕਾਂਡ- 24

01/17/2021 2:48:19 PM

ਥਾਂ-ਥਾਂ ਧੱਕੇ ਖਾਣ ਬਾਅਦ ਨੀਰਜ ਹੋਰਾਂ ਨੂੰ ਸਿੰਗਲੇ ਦੀ ਨਸੀਅਤ ਯਾਦ ਆਈ। ਕਚਹਿਰੀਆਂ ਦੇ ਮਾਮਲੇ ਆਪਣੀ ਤਰ੍ਹਾਂ ਦੇ ਹਨ। ਇਨ੍ਹਾਂ ਨੂੰ ਸੁਲਝਾਉਣ ਦਾ ਭੇਤ ਵਕੀਲਾਂ ਨੂੰ ਹੀ ਪਤਾ ਸੀ। ਸ਼ਾਇਦ ਇਸੇ ਲਈ ਵਕੀਲਾਂ ਦੀ ਵੱਖਰੀ ਜਮਾਤ ਬਣਾਈ ਗਈ ਸੀ।
ਵਕੀਲ ਦੀ ਰਾਏ ’ਤੇ ਅਮਲ ਕਰਦਿਆਂ ਉਨ੍ਹਾਂ ਗੱਡੀ ਮੇਲੂ ਡੇਅਰੀ ਵਾਲੇ ਦੀ ਡੇਅਰੀ ਵੱਲ ਮੋੜ ਲਈ।
ਮੇਲੂ ਦੁੱਧ ਵਾਲਾ ਹੋਇਆ ਕੌਣ? ਮੇਲੂ ਕੋਲ ਜਾਣ ਤੋਂ ਪਹਿਲਾਂ ਉਸਦਾ ਪਿਛੋਕੜ ਜਾਨਣ ਲਈ ਉਨ੍ਹਾਂ ਨੇ ਕਈ ਫ਼ੋਨ ਘੁਮਾਏ।
ਬਚਪਨ ਤੋਂ ਮੇਲੂ ਨੂੰ ਪਹਿਲਵਾਨੀ ਦਾ ਸ਼ੌਕ ਸੀ। ਉਸ ਸਮੇਂ ਪੁਲਸ ਦਾ ਜੋ ਮੁੱਖੀ ਸੀ, ਕਦੇ ਉਹ ਵੀ ਪਹਿਲਵਾਨੀ ਕਰਦਾ ਰਿਹਾ ਸੀ। ਪਹਿਲਵਾਨਾਂ ਦੀ ਹਾਲਤ ਸੁਧਾਰਨ ਲਈ ਉਸਨੇ ਪਹਿਲਵਾਨਾਂ ਨੂੰ ਪੁਲਸ ਵਿੱਚ ਭਰਤੀ ਕਰ ਲਿਆ। ਮਸ਼ਕ ਲਈ ਹਰ ਪੁਲਸ ਲਾਇਨ ਵਿੱਚ ਅਖਾੜਾ ਬਣਾ ਦਿੱਤਾ। ਬਰਾਬਰ ਦੇ ਪਹਿਲਵਾਨਾਂ ਨਾਲ ਜ਼ੋਰ ਕਰਨ ਲਈ ਮੇਲੂ ਅਖਾੜੇ ਜਾਣ ਲੱਗਾ। ਕਿਸੇ ਪੁਲਸੀਏ ਪਹਿਲਵਾਨ ਦਾ ਰੈਂਕ ਇੰਸਪੈਕਟਰ ਸੀ ਅਤੇ ਕਿਸੇ ਦਾ ਡਿਪਟੀ। ਉਹ ਉਸਦੇ ਦੋਸਤ ਬਣਨ ਲੱਗੇ।
ਸ਼ੁੱਧ ਦੁੱਧ ਪਹਿਲਵਾਨ ਦੀ ਪਹਿਲੀ ਲੋੜ ਹੈ। ਮਾਇਆ ਨਗਰ ਵਿੱਚ ਸ਼ੁੱਧ ਦੁੱਧ ਦਾ ਕਾਲ ਪਿਆ ਹੋਇਆ ਸੀ। ਪਹਿਲਵਾਨਾਂ ਦੇ ਜ਼ੋਰ ਪਾਉਣ ’ਤੇ ਮੇਲੂ ਨੇ ਆਪਣੇ ਤਬੇਲੇ ਵਿੱਚ ਮੱਝ ਰੱਖ ਲਈ।
ਮੇਲੂ ਪਹਿਲਵਾਨ ਸੀ। ਸ਼ੁੱਧ ਦੁੱਧ ਦੀ ਕਦਰ ਜਾਣਦਾ ਸੀ। ਦੁੱਧ ਵਿੱਚ ਮਿਲਾਵਟ ਕਰਨੀ ਉਸ ਲਈ ਹਰਾਮ ਸੀ। ਇਸ ਸ਼ੁੱਧਤਾ ਨੇ ਇੱਕ ਪਾਸੇ ਉਸਦਾ ਕਾਰੋਬਾਰ ਟੀਸੀ ’ਤੇ ਪਹੁੰਚਾ ਦਿੱਤਾ, ਦੂਜੇ ਪਾਸੇ ਉਸਦਾ ਪੁਲਸ ਵਿਚਲੇ ਮਿੱਤਰਾਂ ਦਾ ਘੇਰਾ ਵਧਾ ਦਿੱਤਾ।
ਪਹਿਲਾਂ ਅਫ਼ਸਰ ਉਸਦੇ ਦੁੱਧ ’ਤੇ ਵਿਸ਼ਵਾਸ ਕਰਦੇ ਸਨ। ਫੇਰ ਉਸਦੀ ਜ਼ੁਬਾਨ ਤੇ ਵਿਸ਼ਵਾਸ ਕਰਨ ਲਗੇ। ਜੋ ਆਖਦਾ ਸੀ, ਸੱਚ ਆਖਦਾ ਸੀ। ਕੋਈ ਲੁਕੋ ਨਹੀਂ, ਕੋਈ ਹੇਰਾਫੇਰੀ ਨਹੀਂ।
ਇਸੇ ਲਈ ਸਭ ਤੋਂ ਪਹਿਲਾਂ ਮੇਲੂ ਦਾ ਕੰਮ ਹੁੰਦਾ ਸੀ।
ਮੇਲੂ ਆਖਣ ਨੂੰ ਦੁੱਧ ਵਾਲਾ ਵੱਜਦਾ ਸੀ ਪਰ ਟੌਹਰ-ਟੱਪਾ ਮਿਲਕ ਪਲਾਂਟ ਦੇ ਮਾਲਕਾਂ ਵਰਗਾ ਸੀ।
ਉਸਦੇ ਸਾਰੇ ਦਫ਼ਤਰ ਵਿੱਚ ਕਾਲਾ ਸ਼ੀਸ਼ਾ ਲੱਗਿਆ ਹੋਇਆ ਸੀ, ਜਿਹੜਾ ਅਲਮੀਨੀਅਮ ਦੇ ਫਰੇਮ ਵਿੱਚ ਜੜਿਆ ਹੋਇਆ ਸੀ। ਸਾਰਾ ਫਰਨੀਚਰ ਅਤਿ ਆਧੁਨਿਕ ਸੀ। ਦਫ਼ਤਰ ਵਿੱਚ ਦੋ ਫ਼ੋਨ, ਇੱਕ ਟੀ.ਵੀ.ਅਤੇ ਇੱਕ ਫਰਿਜ ਸੀ।
ਚਿੱਟੇ ਕੁੜਤੇ ਪਜਾਮੇ ਵਿੱਚ ਬੈਠੇ ਮੇਲੂ ਦਾ ਚਿਹਰਾ ਦੱਗਦੱਗ ਕਰ ਰਿਹਾ ਸੀ। ਪੰਜ ਤੋਲੇ ਦਾ ਕੜਾ, ਸੋਨੇ ਦੀ ਚੇਨ ਵਾਲੀ ਘੜੀ, ਚਾਰਾਂ ਉਂਗਲਾਂ ਵਿੱਚ ਨਗਾਂ ਨਾਲ ਜੜੀਆਂ ਤੋਲੇ ਦੀਆਂ ਛਾਪਾਂ ਅਤੇ ਗਲ ਵਿੱਚ ਸੰਗਲ ਵਰਗੀ ਚੈਨ ਗੋਰੇ ਨਿਸ਼ੋਹ ਮੇਲੂ ਤੇ ਅੰਤਾਂ ਦੀ ਫੱਬਦੀ ਸੀ। ਇੱਕ ਛੋਟਾ ਜਿਹਾ ਮੋਬਾਈਲ ਫ਼ੋਨ ਉਸਨੇ ਹੱਥ ਵਿੱਚ ਫੜਿਆ ਹੋਇਆ ਸੀ।
ਮੇਲੂ ਨੇ ਨੀਰਜ ਹੋਰਾਂ ਦਾ ਇਉਂ ਸਵਾਗਤ ਕੀਤਾ, ਜਿਵੇਂ ਉਨ੍ਹਾਂ ਦਾ ਯੁੱਗਾਂ ਤੋਂ ਵਾਕਿਫ਼ ਹੋਵੇ।
ਸਿੰਗਲੇ ਵਕੀਲ ਦਾ ਨਾਂ ਲੈਂਦਿਆਂ ਹੀ ਉਹ ਨੀਰਜ ਹੋਰਾਂ ਦੇ ਆਉਣ ਦਾ ਮਕਸਦ ਸਮਝ ਗਿਆ। ਲੱਗਦਾ ਸੀ, ਸਿੰਗਲੇ ਦਾ ਫ਼ੋਨ ਆ ਚੁੱਕਾ ਸੀ।
ਆਪਣੇ ਸੁਭਾਅ ਅਨੁਸਾਰ ਮੇਲੂ ਨੇ ਸਿੱਧੀ ਸਪਾਟ ਗੱਲ ਕਰਨੀ ਸ਼ੁਰੂ ਕੀਤੀ।
ਆਪਣਾ 10 ਹਜ਼ਾਰ ਫੜ ਕੇ ਉਸਨੇ ਵੱਡੇ ਸਾਰੇ ਖੀਸੇ ਵਿੱਚ ਪਾ ਲਿਆ।
ਕਪਤਾਨ ਕੀ ਮੰਗਦਾ ਹੈ? ਇਸਦਾ ਪਤਾ ਗੱਲ ਕਰਨ ਤੇ ਲੱਗਣਾ ਸੀ।
ਮੇਲੂ ਨੇ ਆਪਣੇ ਮੋਬਾਇਲ ਤੇ ਕਪਤਾਨ ਨਾਲ ਗੱਲ ਕੀਤੀ। ਫ਼ੋਨ ਕਰਨ ਦਾ ਕਾਰਨ ਦੱਸਿਆ।
ਕਪਤਾਨ ਕਿਸੇ ਅਹਿਮ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਚੰਡੀਗੜ੍ਹ ਜਾ ਰਿਹਾ ਸੀ। “ਉਹ ਹੁਣੇ ਆ ਜਾ ਜਾਂ ਕੱਲ੍ਹ ਨੂੰ ਮਿਲੀਂ।”
ਹੁਣੇ ਮਿਲਣ ਵਿੱਚ ਭਲਾਈ ਸੀ।
ਨੀਰਜ ਦਾ ਕਪਤਾਨ ਦੀ ਕੋਠੀ ਜਾਣਾ ਉਚਿਤ ਨਹੀਂ ਸੀ। ਵਿਨੇ ਕੋਠੀ ਜਾ ਸਕਦਾ ਸੀ।
“ਕੁਝ ਨਾਲ ਲੈ ਕੇ ਆਏ ਹੋ?” ਕੋਠੀ ਜਾਣ ਤੋਂ ਪਹਿਲਾਂ ਮੇਲੂ ਨੇ ਉਨ੍ਹਾਂ ਨੂੰ ਟੋਹਿਆ।
“ਅੱਧੀ ਪੇਟੀ ਹੈ।”
“ਅੱਧੀ ਨਾਲ ਕੀ ਬਣੂ। ਘੱਟੋ-ਘੱਟ ਇੱਕ ਪੂਰੀ ਕਰੋ। ਚਲੋ ਕੋਈ ਨਹੀਂ, ਰਸਤੇ ਵਿੱਚ ਫੜ ਲੈਣਾ। ਤੁਹਾਨੂੰ ਕਿਹੜਾ ਰਕਮ ਦਾ ਕੋਈ ਘਾਟਾ ਹੈ।”
ਮੇਲੂ ਨੇ ਮਾਮਲਾ ਗੁਪਤ ਰੱਖਣ ਦੀ ਨੀਅਤ ਨਾਲ ਨੀਰਜ ਹੋਰਾਂ ਦੀ ਗੱਡੀ ਆਪਣੇ ਗੈਰਜ ਵਿੱਚ ਲਗਵਾ ਦਿੱਤੀ।
ਆਪਣੀ ਕਾਲੇ ਸ਼ੀਸ਼ਿਆਂ ਵਾਲੀ ‘ਅਸਟੀਮ’ ਗੱਡੀ ਕੱਢੀ ਅਤੇ ਦੋਹਾਂ ਨੂੰ ਵਿੱਚ ਬੈਠਾ ਕੇ ਕਪਤਾਨ ਵੱਲ ਤੁਰ ਪਿਆ।
ਨੀਰਜ ਨੂੰ ਮਦਾਨ ਦੀ ਕੋਠੀ ਉਤਾਰਿਆ। ਪੰਜਾਹ ਹਜ਼ਾਰ ਮਦਾਨ ਕੋਲੋਂ ਫੜਿਆ। ਨਿਸ਼ਚਿਤ ਸਮੇਂ ਤੋਂ ਪੰਜ ਮਿੰਟ ਪਹਿਲਾਂ ਉਹ ਕਪਤਾਨ ਦੀ ਕੋਠੀ ਪਹੁੰਚ ਗਏ।
ਕਪਤਾਨ ਨੇ ਸਾਰੀ ਗੱਲ ਦੋ ਮਿੰਟਾਂ ਵਿੱਚ ਮੁਕਾ ਦਿੱਤੀ। ਇਹ ਵਾਰਦਾਤ ਨੀਰਜ ਅਤੇ ਪੰਕਜ ਦੀ ਸ਼ਹਿ ਤੇ ਹੋਈ ਸੀ। ਠੇਕੇਦਾਰ ਅਤੇ ਉਸਦੇ ਭਤੀਜੇ ਨੇ ਸਾਰੀ ਕਹਾਣੀ ਟੇਪ ਕਰਵਾ ਦਿੱਤੀ ਸੀ। ਸਬੂਤ ਵਜੋਂ ਟੇਪ ਦੇ ਕੁੱਝ ਹਿੱਸੇ ਕਪਤਾਨ ਨੇ ਉਨ੍ਹਾਂ ਨੂੰ ਸੁਣਾਏ। ਬਹੁਤ ਸਾਰੇ ਠੋਸ ਸਬੂਤ ਪੁਲਿਸ ਦੇ ਹੱਥ ਲੱਗ ਚੁੱਕੇ ਸਨ। ਕੁੱਝ ਸਬੂਤਾਂ ਦਾ ਵੇਰਵਾ ਉਸਨੇ ਵਿਨੇ ਨੂੰ ਦਿੱਤਾ। ਉਹ ਚਾਹੇ ਤਾਂ ਇਸ ਦੀ ਤਸਦੀਕ ਨੀਰਜ ਕੋਲੋਂ ਕਰ ਲਏ।
ਵਿਨੇ ਨੇ ਨੀਰਜ ਨਾਲ ਫ਼ੋਨ ਤੇ ਗੱਲ ਕੀਤੀ। ਹੁਣ ਕੀ ਕੀਤਾ ਜਾਏ?
ਨੀਰਜ ਉੱਚੀ-ਉੱਚੀ ਰੋਣ ਲੱਗਾ। ਕਪਤਾਨ ਜੋ ਆਖ ਰਿਹਾ ਸੀ, ਸੱਚ ਸੀ। ਕਿਸੇ ਨਾ ਕਿਸੇ ਤਰ੍ਹਾਂ ਖਹਿੜਾ ਛੁਡਾਇਆ ਜਾਵੇ।
ਪੰਜ ਲੱਖ ਵਿੱਚ ਸੌਦਾ ਤੈਅ ਹੋ ਗਿਆ। ਕੱਲ੍ਹ ਸ਼ਾਮ ਤਕ ਸਾਰੀ ਰਕਮ ਮੇਲੂ ਕੋਲ ਪੁੱਜ ਜਾਣੀ ਚਾਹੀਦੀ ਸੀ।
ਇਵਜ ਵਿੱਚ ਕਪਤਾਨ ਅੱਗੇ ਤੋਂ ਉਨ੍ਹਾਂ ਦੀ ਡਟ ਕੇ ਮਦਦ ਕਰੇਗਾ। ਬਹੁਤ ਸਾਰੇ ਸਬੂਤ ਮਿਟਾ ਦਿੱਤੇ ਜਾਣਗੇ। ਗਵਾਹ ਨੀਰਜ ਦੀ ਮਰਜ਼ੀ ਦੇ ਰੱਖੇ ਜਾਣਗੇ। ਗਵਾਹੀ ਸਮੇਂ ਉਹ ਮੁੱਕਰ ਜਾਣਗੇ। ਥਾਣੇ ਦਾ ਰਿਕਾਰਡ ਇਸ ਤਰ੍ਹਾਂ ਲਿਖਿਆ ਜਾਏਗਾ ਜਿਹੜਾ ਉਨ੍ਹਾਂ ਦੇ ਹੱਕ ਵਿੱਚ ਭੁਗਤੇ। ਹਰ ਦਸਤਾਵੇਜ਼ ਦੀ ਫੋਟੋ-ਕਾਪੀ ਉਨ੍ਹਾਂ ਨੂੰ ਮਿਲਦੀ ਰਹੇਗੀ।
ਕਪਤਾਨ ਨੇ ਇੱਕ ਸ਼ਰਤ ਵੀ ਰੱਖੀ।
ਮਾਮਲਾ ਹਰ ਵੱਡੇ ਅਫ਼ਸਰ ਤੋਂ ਲੈ ਕੇ ਮੁੱਖ-ਮੰਤਰੀ ਤਕ ਦੇ ਧਿਆਨ ਵਿੱਚ ਸੀ। ਉਨ੍ਹਾਂ ਤਕ ਸੰਪਰਕ ਪਾਰਟੀ ਨੇ ਆਪ ਕਰਨਾ ਸੀ।
ਉਪਰੋਂ ਦਬਾਅ ਪੈਣ ਤੇ ਲੋਕਾਂ ਦੀਆਂ ਅੱਖਾਂ ਪੂੰਝਣ ਲਈ ਪੁਲਿਸ ਨੂੰ ਥੋੜ੍ਹੀ ਬਹੁਤ ਹਿੱਲਜੁੱਲ ਕਰਨੀ ਪੈ ਸਕਦੀ ਸੀ।
ਇੱਕ ਸੁਝਾਅ ਵੀ ਦਿੱਤਾ।
ਪ੍ਰੈੱਸ ਨੂੰ ਕਾਬੂ ਕਰਨ ਦੀ ਜ਼ਰੂਰਤ ਸੀ। ਅੱਗੋਂ ਤੋਂ ਕਪਤਾਨ ਪ੍ਰੈੱਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰੇਗਾ। ਤੱਥ ਤੋੜ-ਮਰੋੜ ਕੇ ਪੇਸ਼ ਕਰੇਗਾ। ਆਏ ਦਿਨ ਬਿਆਨ ਬਦਲੇਗਾ। ਦੋਸ਼ੀ ਅਖ਼ਬਾਰਾਂ ਵਿੱਚ ਛਪਦੀਆਂ ਖ਼ਬਰਾਂ ਦੀ ਕਟਿੰਗ ਸੰਭਾਲ ਕੇ ਰੱਖਣ। ਮੁਕੱਦਮੇ ਦੀ ਸਮਾਇਤ ਸਮੇਂ ਉਨ੍ਹਾਂ ਦੇ ਇਹ ਕੰਮ ਆਉਣਗੀਆਂ।
ਵੈਸੇ ਕਪਤਾਨ ਦਾ ਆਪਣੇ ਮਹਿਕਮੇ ਦੇ ਉੱਚ ਅਧਿਕਾਰੀਆਂ ਨਾਲ ਰਾਬਤਾ ਕਾਇਮ ਸੀ। ਗੱਲ ਵੱਸੋਂ ਬਾਹਰ ਹੁੰਦੀ ਨਜ਼ਰ ਆਈ ਤਾਂ ਕਪਤਾਨ ਨੇ ਅਫ਼ਸਰਾਂ ਨੂੰ ਆਪੇ ਠੱਲ੍ਹ ਲੈਣਾ ਸੀ।
“ਬਾਕੀ ਫੇਰ ਦੇਖੀ ਜਾਏਗੀ। ਹੁਣ ਜਾਓ ਅਤੇ ਪੇਸ਼ਗੀ ਜ਼ਮਾਨਤ ਦੀ ਕੋਸ਼ਿਸ਼ ਕਰੋ।”
“ਪੇਸ਼ਗੀ ਜ਼ਮਾਨਤ ਹੋਣ ਤਕ ਪੁਲਿਸ ਹੋਰ ਸਭ ਕੁੱਝ ਕਰੇਗੀ, ਪਰ ਤੁਹਾਨੂੰ ਗ੍ਰਿਫ਼ਤਾਰ ਨਹੀਂ ਕਰੇਗੀ।”

ਨਾਵਲ ਕੌਰਭ ਸਭਾ ਕਾਂਡ ਦੀ ਚੱਲ ਰਹੀ ਲੜੀ ਨਾਲ ਮੁੜ ਤੋਂ ਜੁੜਨ ਲਈ ਤੁਸੀਂ ਇਸ ਕੜੀ ਦੀਆਂ  ਪੁਰਾਣੀਆਂ ਕਿਸ਼ਤਾਂ ਵੀ ਪੜ੍ਹ ਸਕਦੇ ਹੋ। ਇਸ ਨਾਵਲ ਦੇ ਬਾਰੇ ਜਾਣਕਾਰੀ ਹਾਸਲ ਕਰਨ ਲਈ ਹੇਠ ਦਿੱਤੇ ਲਿੰਕ ’ਤੇ ਕਲਿੱਕ ਕਰਕੇ ਤੁਸੀਂ ਪੜ੍ਹ ਸਕਦੇ ਹੋ....

ਨਾਵਲ ਕੌਰਬ ਸਭਾ : ਕਾਂਡ - 23

ਨਾਵਲ ਕੌਰਬ ਸਭਾ : ਕਾਂਡ - 22

ਨਾਵਲ ਕੌਰਬ ਸਭਾ : ਕਾਂਡ - 21

ਨਾਵਲ ਕੌਰਭ ਸਭਾ : ਕਾਂਡ - 20


rajwinder kaur

Content Editor

Related News