ਮੁਰਦਾ ਬੋਲੇ ਕੱਫ਼ਣ ਪਾੜੇ

02/21/2019 11:11:29 AM

ਮੁਰਦਾ ਬੋਲੇ ਕੱਫ਼ਣ ਪਾੜੇ, ਸਭ ਉਸਨੂੰ ਸਿਆਣਾ ਕਹਿੰਦੇ;
ਸਰੀਫ਼ ਕੋਈ ਬੁੱਲ ਵੀ ਹਿਲਾਵੇ, ਤਾਂ ਲੱਤ ਫੜਨ ਨੂੰ ਪੈਂਦੇ।
ਮੂਰਖ਼ ਤਾਈਂ ਮੰਨਣ ਸਿਆਣਾ, ਕੈਸਾ ਉਲਝਿਆ ਤਾਣਾ-ਬਾਣਾ,
ਨਲੀ ਪੂੰਝਣ ਦਾ ਚੱਜ ਨਾ ਜਿਸਨੂੰ, ਉਸਨੂੰ ਆਖਣ ਬੀਬਾ-ਰਾਣਾ,
ਸੱਚ ਦੇ ਨਾਲ ਇਹ ਮੂਰਖ਼ ਲੋਕੀ, ਸਦੀਆਂ ਤੋਂ ਆਏ ਨੇ ਖਹਿੰਦੇ;
ਮੁਰਦਾ ਬੋਲੇ ਕੱਫ਼ਣ ਪਾੜੇ।
ਦਸਵੀਂ ਫੇਲਾਂ ਨੂੰ ਮਾਸਟਰ ਕਹਿੰਦੇ, ਮਾਸਟਰਾਂ ਨੂੰ ਚੁੱਕ ਖੁਰੀਆਂ ਪੈਂਦੇ,
ਸ਼ੈਤਾਨ ਤਾਈਂ ਭਗਵਾਨ ਜਾਣ ਕੇ, ਉਸਦੇ ਚਰਨ ਵਿੱਚ ਜਾ ਬਹਿੰਦੇ,
ਇੱਜ਼ਤ ਦੀ ਜੇ ਕੋਈ ਰੋਟੀ ਖਾਵੇ, ਕਲਿਯੁਗੀ ਨਾ ਇਹ ਸਹਿੰਦੇ।
ਮੁਰਦਾ ਬੋਲੇ ਕੱਫ਼ਣ ਪਾੜੇ।
ਗਿਆਨ ਵਿਹੂਣਾ ਮਾਲਕ ਬਣਦਾ, ਫ਼ੁਕਰਪੁਣੇ ਨਾਲ ਸੀਨਾ ਤਣਦਾ,
ਦੁਸ਼ਟ, ਪਾਪੀ ਰੱਬ ਤਾਈਂ ਭੁੱਲਦਾ, ਆਖੇ ਮੈਂ ਮਾਲਕ ਕਣ-ਕਣ ਦਾ,
ਰੱਬ ਤੋਂ ਵੱਧ ਕੇ ਚੜਤ ਹੈ ਉਸਦੀ, ਓਸੇ ਦੀ ਰਜ਼ਾ ਵਿੱਚ ਰਹਿੰਦੇ;
ਮੁਰਦਾ ਬੋਲੇ ਕੱਫ਼ਣ ਪਾੜੇ।
ਊਚ-ਨੀਚ ਦਾ ਪਾਵੇ ਜੋ ਰੌਲ਼ਾ, ਹੱਥ ਉਹਦਾ ਕੋਈ ਕਰੇ ਨਾ ਹੌਲਾ,
ਸੱਚ ਤੋਂ ਸਭ ਕੰਨੀਂ ਕਤਰਾਉਂਦੇ, ਹਰ ਕੋਈ ਅੰਨਾ, ਗੂੰਗਾ, ਬੋਲਾ,
ਕਪਟੀ ਨੇ ਏਕਾ ਕਰ ਲੈਂਦੇ, ਤਾਂਹੀਂ ਨਾ ਕਿਸੇ ਤੋਂ ਢਹਿੰਦੇ;
ਮੁਰਦਾ ਬੋਲੇ ਕੱਫ਼ਣ ਪਾੜੇ।
ਪਰਸ਼ੋਤਮ! ਰੁੱਖ ਕੋਈ ਹੋਰ ਲਗਾਵੇ, ਪਰ ਰੁੱਖ ਦਾ ਫਲ ਹੋਰ ਕੋਈ ਖਾਵੇ,
ਘਰ ਦਾ ਮਾਲਕ ਬਾਹਰ ਕਰਕੇ, ਮਹਿਮਾਨ ਹੀ ਘਰ 'ਤੇ ਕਰਦੇ ਦਾਅਵੇ,
ਸਰੋਏ ਜੋ ਸੱਚ ਨੂੰ ਜਾਣਨ ਨਾਹੀਂ, ਭੇਡ ਚਾਲੇ ਉਹ ਤੁਰ ਪੈਂਦੇ;
ਮੁਰਦਾ ਬੋਲੇ ਕੱਫ਼ਣ ਪਾੜੇ।

ਪਰਸ਼ੋਤਮ ਲਾਲ ਸਰੋਏ
ਮੋਬਾ: 91-92175-44348


Aarti dhillon

Content Editor

Related News