ਮਿੰਨੀ ਕਹਾਣੀ : ਕੋਰੋਨਾ ਨਾਲੋਂ ਵੱਧ ਫ਼ਿਕਰ ਸਾਨੂੰ ਭੁੱਖ ਦਾ ਏ...

Tuesday, May 26, 2020 - 11:27 AM (IST)

ਮਿੰਨੀ ਕਹਾਣੀ : ਕੋਰੋਨਾ ਨਾਲੋਂ ਵੱਧ ਫ਼ਿਕਰ ਸਾਨੂੰ ਭੁੱਖ ਦਾ ਏ...

ਲਿਖ਼ਤ ਗੁਰਪ੍ਰੀਤ ਸਿੰਘ ਜਖਵਾਲੀ 
ਮੋਬਾਇਲ - 98550 36444 

ਮਿੰਦਰ ਕੌਰ ਤੇ ਉਸਦੀ ਛੋਟੀ ਲੜਕੀ ਸ਼ਾਮੋ ਪਿੰਡ ਦੇ ਵੱਡੇ ਜ਼ਿਮੀਦਾਰਾਂ ਦੇ ਘਰੇ ਸਵੇਰੇ ਸਵੇਰੇ ਗੋਹਾ ਕੂੜਾ ਕਰਨ ਜਾ ਰਹੀ ਸੀ ਅਤੇ ਜਾਂਦੀਆਂ ਨੂੰ ਮਾਸਟਰ ਤਾਰਾ ਸਿੰਘ ਨੇ ਮਿੰਦਰ ਕੌਰ ਨੂੰ ਕਿਹਾ ...?

ਮਿੰਦਰ ਤੈਨੂੰ ਪਤਾ ਨਹੀਂ, ਕਿੰਨੀ ਨਾਮੁਰਾਦ ਬੀਮਾਰੀ ਕੋਰੋਨਾ ਵਾਇਰਸ ਦਾ ਰੌਲਾ ਪਿਆ ਹੋਇਆ ਹੈ ਅਤੇ ਤੂੰ ਬਿਨਾਂ ਮੂੰਹ ’ਤੇ ਕੱਪੜਾ ਬੰਨ੍ਹਿਆ ਨਾਲ ਇਹ ਨਿਆਣੀ ਸ਼ਾਮੋ ਨੂੰ ਲਈ ਫ਼ਿਰਦੀ ਏ..!

ਜੇ ਭਲਾ ਇਹ ਕੋਰੋਨਾ ਵਰਗੀ ਬੀਮਾਰੀ ਕਿਤੋਂ ਲੱਗ ਗਈ ਫਿਰ ਤਾਂ ਤੂੰ ਤਾਂ ਸਾਰਾ ਹੀ ਪਿੰਡ ਸੀਲ ਕਰਾ ਕੇ ਰੱਖ ਦੇਣਾ, ਨਾਲ ਆਪ ਤਾਂ ਮਰੋਂਗੇ ਅਤੇ ਹੋਰਾਂ ਲਈ ਮੁਸੀਬਤ ਖੜ੍ਹੀ ਕਰੇਗੀ..!

ਮਿੰਦਰ ਕੌਰ ਵਿਚਾਰੀ ਚੰਗਾ ਜੀ ਖ਼ਿਆਲ ਰੱਖਾਂਗੀ, ਮਿੰਦਰ ਕੌਰ ਛੇਤੀ ਛੇਤੀ ਸ਼ਾਮੋ ਦਾ ਹੱਥ ਫੜਦਿਆਂ ਤੇਜ਼ੀ ਨਾਲ ਪੈਰ ਪੁੱਟਦੀ ਹੋਈ ਜ਼ਿਮੀਦਾਰਾਂ ਦੇ ਘਰ ਵੱਲ ਨੂੰ ਹੋ ਪਈ। 

ਮਿੰਦਰ ਕੌਰ ਗੁੱਸੇ ਨਾਲ ਬੋਲਦੀ ਹੋਈ ਕਹਿ ਰਹੀ ਸੀ, ਜਿਵੇਂ ਇਹ ਕੋਰੋਨਾ ਦੀ ਬੀਮਾਰੀ ਲਿਆਉਣ ਵਿੱਚ ਅਸੀਂ ਗ਼ਰੀਬੜੇ ਹੀ ਜ਼ਿੰਮੇਵਾਰ ਹੋਈਏ, ਨਾਲੇ ਸਾਡਾ ਕੇਹੜਾ ਦਿਮਾਗ਼ ਖ਼ਰਾਬ ਹੋਇਆ ਏ...ਅਸੀਂ ਘਰੇ ਘਰੇ ਗੋਹਾ ਕੂੜਾ ਚੁਕੀਏ, ਫ਼ੇਰ ਵੀ ਮਾੜੇ ਗਿਣੇ ਜਾਈਏ।

ਸ਼ਾਮੋ ਬੋਲੀ ਬੇਬੇ ਕੀਹਨੂੰ ਕੀ ਕਹੀ ਜਾ ਰਹੀ ਏ, ਮਿੰਦਰ ਬੋਲੀ ਕੁੱਝ ਨਹੀਂ ਧੀਏ, ਮੈਂ ਤਾਂ ਆ ਚੰਦਰੇ ਕੋਰੋਨਾ ਨੂੰ ਕਹਿ ਰਹੀ ਹਾਂ, ਕੀ ਅਸੀਂ ਤੇਰੇ ਮਾਰਿਆ ਨਹੀਂ ਮਰਦੇ, ਜੇ ਸਾਨੂੰ ਰੱਜਵੀ ਰੋਟੀ ਪਾਣੀ ਮਿਲੀ ਜਾਵੇ, ਅਸੀਂ ਕੀ ਸਮਝਦੇ ਹਾਂ, ਕੋਰੋਨਾ ਨੂੰ..ਸਾਡਾ ਦੁਸ਼ਮਣ ਕੋਈ ਕੋਰੋਨਾ ਨਹੀਂ..ਸਗੋਂ ਇਹ ਭੁੱਖ ਹੈ, ਜੋ ਸਾਨੂੰ ਮੌਤ ਤੱਕ ਦਾ ਵੀ ਕੋਈ ਖ਼ਿਆਲ ਆਉਣ ਨਹੀਂ ਦਿੰਦੀ।

 

ਮਿੰਨੀ ਕਹਾਣੀ....ਅਸੀਂ ਮਜ਼ਦੂਰ ਹਾਂ ਜੀ....

ਕੋਰੋਨਾ ਦੀ ਮਹਾਮਾਰੀ ਦੇ ਕਾਰਨ ਹਰੀ ਪ੍ਰਸ਼ਾਦ ਸ਼ਹਿਰੋਂ ਆਪਣੇ ਪਿੰਡ ਆ ਗਿਆ ਤੇ ਉਹ ਇਸ ਕਰਕੇ ਜਿਵੇਂ ਸਰਕਾਰ ਦੇ ਹਾਲਾਤ ਚੱਲ ਰਹੇ ਸੀ। ਲੱਗਦਾ ਨਹੀਂ ਸੀ ਕੀ ਸਰਕਾਰ ਕਿਸੇ ਲੋੜਵੰਦ ਅਤੇ ਮਜ਼ਦੂਰ ਦੀ ਬਾਂਹ ਫ਼ੜੇਗੀ। ਉਪਰੋਂ ਮਕਾਨ ਦਾ ਕਿਰਾਇਆ, ਤਿੰਨ ਬੱਚਿਆਂ ਦਾ ਫ਼ਿਕਰ, ਹਰੀ ਪ੍ਰਸ਼ਾਦ ਆਪਣੇ ਪਰਿਵਾਰ ਤੇ ਆਪਣਿਆਂ ਵਿੱਚ ਆ ਗਿਆ ਸੀ।

ਇੱਕ ਦਿਨ ਉਸਦੇ ਪਿੰਡ ਇੱਕ ਮੰਤਰੀ ਆਇਆ ਹੋਇਆ ਸੀ ਤੇ ਪਿੰਡ ਦੇ ਬੰਦਿਆਂ ਨੂੰ ਸੰਬੋਧਨ ਕਰ ਰਿਹਾ ਸੀ, ਨਾਲ ਆਖ ਰਿਹਾ ਸੀ ਕੀ ਭਰਾਵੋ ਘਬਰਾਉਣ ਦੀ ਲੋੜ ਨਹੀਂ, ਤੁਸੀਂ ਸਾਡੇ ਭਰਾ ਹੋ, ਸਾਡੀ ਕੌਮ ਅਤੇ ਸਾਡੀ ਬਰਾਦਰੀ ਦੇ ਲੋਕ ਹੋ, ਸਾਡਾ ਫ਼ਰਜ਼ ਬਣਦਾ ਹੈ, ਤੁਹਾਡਾ ਖ਼ਿਆਲ ਰੱਖਣਾ ।

ਹਰੀ ਪ੍ਰਸ਼ਾਦ ਤੋਂ ਰਿਹਾ ਨਾ ਗਿਆ ਉੱਠ ਖੜਾ ਹੋ ਗਿਆ ਅਤੇ ਕਹਿਣਾ ਲੱਗਾ ਮੰਤਰੀ ਸਾਹਿਬ ਜੀ ਅਸੀਂ ਤੁਹਾਡੇ ਕੋਈ ਭਰਾ ਨਹੀਂ। ਜੇ ਹੁੰਦੇ ਤਾਂ ਸਾਡੀ ਅੱਜ ਇਹ ਜੋ ਦੁਰਦਸ਼ਾ ਹੋ ਰਹੀ ਹੈ, ਸ਼ਾਇਦ ਉਹ ਨਾ ਹੁੰਦੀ। ਅਸੀਂ ਨਾ ਹਿੰਦੂ ਹਾਂ, ਨਾ ਮੁਸਲਮਾਨ ਹਾਂ ਤੇ ਨਾ ਸਿੱਖ, ਮੰਤਰੀ ਸਾਹਿਬ ਜੀ ਅਸੀਂ ’ਤੇ ਇੱਕ ਮਜ਼ਦੂਰ ਹਾਂ, ਜੋ ਆਪਣੇ ਹਾਲਾਤਾਂ ਨਾਲ ਨਿੱਤ ਲੜਦੇ ਹਾਂ, ਨਾਲੇ ਜਦੋਂ ਮੰਤਰੀ ਮਜ਼ਦੂਰਾਂ ਨੂੰ ਆਪਣੇ ਭਰਾ ਸਮਝਣ ਲੱਗ ਗਏ, ਤਾਂ ਫੇਰ ਹਿੰਦੂ, ਮੁਸਲਮਾਨਾਂ ਅਤੇ ਸਿੱਖਾਂ ਦਾ ਰੌਲਾ ਕੌਣ ਪਾਵੇਗਾ। ਇਸ ਲਈ ਅਸੀਂ ਤਾਂ ਮਜ਼ਦੂਰ ਹਾਂ, ਜਿਸ ਦਾ ਕੋਈ ਨਹੀਂ ਸਿਵਾਏ ਰੱਬ ਦੇ।

PunjabKesari


author

rajwinder kaur

Content Editor

Related News