ਮੈਂ ਤੇ ਤੂੰ...

Friday, Sep 20, 2019 - 11:13 AM (IST)

ਮੈਂ ਤੇ ਤੂੰ...

ਮੈਂ ਈ ਮੈਂ ਏਥੇ ਜੰਮਦਾ ਮਰਦਾ, ਮੈਂ ਈ ਮੈਂ ਏਥੇ ਗ਼ਦਰ ਮਚਾਏ,
ਮੈਂ ਈ ਮੈਂ ਨੂੰ ਭੰਡਦਾ ਫਿਰਦਾ, ਮੈਂ ਈ ਮੈਂ ਨੂੰ ਪਿਆ ਸਲ੍ਹਾਏ।
ਇਕ ਮੈਂ ਵਧਦਾ ਫੁੱਲਦਾ ਜਾਵੇ, ਇਕ ਮੈਂ ਮੁਸ਼ਕਿਲ ਡੰਗ ਟਪਾਵੇ,
ਮੈਂ ਈ ਮੈ ਦਾ ਬਣ ਕੇ ਮਾਲਕ, ਮੈਂ 'ਤੇ ਈ ਮੁਫ਼ਤ ਦੀ ਧੌਂਸ ਜਮਾਵੇ,
ਮੈਂ ਈ ਮੈਂ ਨੂੰ ਡੰਗ ਪਿਆ ਮਾਰੇ, ਮੈਂ ਪਿਆ ਚੀਖ਼ੇ ਤੇ ਕੁਰਲਾਏ।
ਮੈਂ ਈ ਮੈਂ ਏਥੇ ਜੰਮਦਾ ਮਰਦਾ................................
ਇਕ ਮੈਂ ਵੱਡਾ ਤੇ ਇਕ ਮੈਂ ਛੋਟਾ, ਇਕ ਮੈਂ ਖ਼ਰਾ ਤੇ ਇਕ ਮੈਂ ਖੋਟਾ,
ਇਕ ਮੈਂ ਖਾਂਦਾ ਹੈ ਰੱਜ ਕੇ ਰੋਟੀ, ਇੱਕ ਮੈਂ ਨੇ ਹੱਥ ਫੜ੍ਹਿਆ ਲੋਟਾ,
ਇਕ ਮੈਂ ਦਾ ਲੱਗ ਸੂਤ ਹੈ ਜਾਂਦਾ, ਇਕ ਮੈਂ ਕਿਸਮਤ ਕੋਸੀ ਜਾਏ।
ਮੈਂ ਈ ਮੈਂ ਏਥੇ ਜੰਮਦਾ ਮਰਦਾ...................... .. .. .. .. ..
ਇਕ ਮੈਂ ਹੈ ਇਲੈਕਸ਼ਨ 'ਤੇ ਖੜ੍ਹਦਾ, ਮੈਂ ਅੱਗੇ ਹੱਥ ਜੋੜ ਕੇ ਆਏ,
ਮੈਂ ਈ ਮੈਂ ਤੋਂ ਸਮਰਥਨ ਲੈਣ ਲਈ, ਵੀਰੋ, ਭੈਣੋਂ, ਮਾਓਂ ਆਖ ਬੁਲਾਏ,
ਮੈਂ ਜਿੱਤ ਜਾਂਦਾ ਝੰਡੀ ਚੜ੍ਹਦੀ, ਮੈਂ 'ਤੇ ਮਾਲਕ ਬਣ ਹੁਕਮ ਚਲਾਏ।
ਮੈਂ ਈ ਮੈਂ ਏਥੇ ਜੰਮਦਾ ਮਰਦਾ...................... .. .. .. .. ..
ਮੈਂ ਈ ਜੋ ਮੈਂ ਨਾਲ ਰਿਸ਼ਤਾ ਗੰਢਿਆ, ਮੈਂ ਨੇ ਓਹੀ ਰਿਸ਼ਤਾ ਭੰਡਿਆ,
ਮੈਂ ਨੇ ਜਦ ਮੈਂ ਦੇ ਹੱਕ ਖੋਹ ਲਏ, ਮੈਂ ਦਾ ਨਾਤਾ ਬਹੁਤਾ ਨਾ ਹÎੰਡਿਆ,
ਇਕ ਮੈਂ ਹੱਡ ਤੋੜਵੀਂ ਮਿਹਨਤ, ਦੂਜਾ ਮੈਂ ਵਿਹਲੜ ਬਹਿ ਕੇ ਖਾਏ।
ਮੈਂ ਈ ਮੈਂ ਏਥੇ ਜੰਮਦਾ ਮਰਦਾ...................... .. .. .. .. ..
ਮੈਂ ਈ ਮੀਆਂ ਤੇ ਮੈਂ ਈ ਬੀਵੀ, ਮੈਂ ਈ ਭਾਪਾ ਤੇ ਮੈਂ ਈ ਬੀਬੀ,
ਮੈਂ ਭੈਣ-ਭਾਈ, ਭੂਆ ਤੇ ਭੁੱਫੜ, ਮੈਂ ਤੋਂ ਸੜਕੇ ਕੱਢਦੇ ਜੀਭੀ,
ਮੈਂ ਈ ਮੈਂ ਦਾ ਦੁਸ਼ਮਣ ਬਣਿਆ, ਮੈਂ ਈ ਮੈਂ ਦੀ ਕਦਰ ਘਟਾਏ।
ਮੈਂ ਈ ਮੈਂ ਏਥੇ ਜੰਮਦਾ ਮਰਦਾ...................... .. .. .. .. ..
ਮੈਂ ਈ ਮੈਂ ਨੂੰ ਸੱਪ ਪਿਆ ਡੰਗੇ, ਮੈਂ ਈ ਮੈਂ ਫਿਰੇ ਫÎੰਨ ਫ਼ੈਲਾਏ,
ਮੈਂ ਨੂੰ ਆਖੀਏ ਮੈਂ ਨਾ ਸੁਣਦਾ, ਮੈਂ ਕੱਢ ਅੱਖਾਂ ਮੈਂ ਨੂੰ ਦਿਖਾਏ,
ਮੈਂ ਤੇ ਮੈਂ ਆਪਸ ਵਿੱਚ ਲੜਦੇ, ਮੈਂ ਨੂੰ ਕਿਹੜਾ ਆ ਸਮਝਾਏ।
ਮੈਂ ਈ ਮੈਂ ਏਥੇ ਜੰਮਦਾ ਮਰਦਾ...................... .. .. .. .. .
ਮੈਂ ਦਾ ਮੈਂ 'ਤੇ ਰਾਜ ਹੈ ਹੋਇਆ, ਮੈਂ ਹੀ ਭੁੱਬਾ ਮਾਰ ਕੇ ਰੋਇਆ,
ਮੈਂ ਨੇ ਮੈਂ-ਤੂੰ ਅੱਗੇ ਹੱਥ ਜੋੜੇ, ਮੈਂ-ਤੂੰ ਹੱਟ ਕੇ ਪਰ੍ਹਾਂ ਖਲੋਇਆ,
ਤੂੰ ਆਖਦਾ ਮੈਂ ਹਉਮੈ ਫਸਿਆ, ਮੈਂ ਆਖਦਾ ਤੂੰ ਹੀ ਬਚਾਏ।
ਮੈਂ ਈ ਮੈਂ ਏਥੇ ਜੰਮਦਾ ਮਰਦਾ...................... .. .. .. .. .
ਮੈਂ ਈ ਮੈਂ 'ਤੇ ਜ਼ੁਲਮ ਪਿਆ ਢਾਉਂਦਾ, ਤੂੰ-ਹੀ-ਤੂੰ ਬਸ ਦੇਖੀ ਜਾਏ,
ਮੈਂ ਤੂੰ ਅੱਗੇ ਅਰਦਾਸਾਂ ਕਰਦਾ, ਮੈਂ ਨੂੰ ਮੈਂ ਤੋਂ ਤੂੰ ਹੀ ਆਣ ਛੁਡਾਏ,
ਮੈਂ ਦੀ ਜਦ ਧੜਕਣ ਰੁਕ ਜਾਂਦੀ, ਮੈਂ ਜਾ ਕੇ ਤੂੰ ਵਿੱਚ ਮਿਲ ਜਾਏ।
ਮੈਂ ਈ ਮੈਂ ਏਥੇ ਜੰਮਦਾ ਮਰਦਾ...................... .. .. .. .. ..
ਮੈਂ ਈ ਮੈਂ ਨਾਲ ਕਰੇ ਚਾਲਾਕੀ, ਮੈਂ ਪਿਆ ਕਰਦਾ ਹੈ ਗੁਸਤਾਖੀ,
ਮੈਂ ਪਸ਼ੂ ਬਣ ਕੇ ਖਰੂਦ ਮਚਾਉਂਦਾ, ਮੈਂ ਦੀ ਤੂੰ ਫਿਰ ਕਰਦਾ ਰਾਖ਼ੀ,
ਮੈਂ ਤੂੰ ਦਾ ਭਾਵੇਂ ਗੁਰੂਘਰੀਂ ਰੌਲਾ, ਉਂਝ ਮੈਂ ਤੂੰ ਨੂੰ ਭੁੱਲਦਾ ਜਾਏ।
ਮੈਂ ਈ ਮੈਂ ਏਥੇ ਜੰਮਦਾ ਮਰਦਾ...................... .. .. .. .. ..
ਮੈਂ ਈ ਮੈਂ ਦਾ ਪਿਆ ਜੋ ਰੌਲ਼ਾ, ਪਰਸ਼ੋਤਮ ਸੁਣ-ਸੁਣ ਹੋਇਆ ਬੋਲਾ,
ਮੈਂ ਜਦ ਤਰੱਕੀ ਰਾਹੇ ਤੁਰਿਆ, ਮੈਂ ਸੜ-ਬਲ ਹੋਇਆ ਕੋਲਾ-ਕੋਲਾ,
ਮੈਂ ਕੀ ਹੈ ਮੈਂ ਕਿੱਥੋਂ ਆਇਆ, ਸਰੋਏ ਇਹ ਗੱਲ ਸਮਝ ਨਾ ਪਾਏ।
ਮੈਂ ਈ ਮੈਂ ਏਥੇ ਜੰਮਦਾ ਮਰਦਾ...................... .. .. .. .. ..

(ਨੋਟ : ਮੈਂ= ਜੀਵ-ਆਤਮਾ, ਤੂੰ = ਪਰਮਾਤਮਾ)
ਪਰਸ਼ੋਤਮ ਲਾਲ ਸਰੋਏ, ਮੋਬਾ : 91-92175-44348

author

Aarti dhillon

Content Editor

Related News