ਬੇਹੱਦ ਨਾਜ਼ੁਕ ਪੱਧਰ ''ਤੇ ਪੁੱਜੀ ਡੱਲੇਵਾਲ ਦੀ ਸਿਹਤ, ਪੰਧੇਰ ਨੇ ਵੀ ਕੇਂਦਰ ''ਤੇ ਵਿਨ੍ਹਿਆ ਤਿੱਖਾ ਨਿਸ਼ਾਨਾ

Friday, Jan 03, 2025 - 03:24 AM (IST)

ਬੇਹੱਦ ਨਾਜ਼ੁਕ ਪੱਧਰ ''ਤੇ ਪੁੱਜੀ ਡੱਲੇਵਾਲ ਦੀ ਸਿਹਤ, ਪੰਧੇਰ ਨੇ ਵੀ ਕੇਂਦਰ ''ਤੇ ਵਿਨ੍ਹਿਆ ਤਿੱਖਾ ਨਿਸ਼ਾਨਾ

ਪਟਿਆਲਾ/ਸਨੌਰ (ਮਨਦੀਪ ਜੋਸਨ)- ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ’ਤੇ ਮਰਨ ਵਰਤ ਦੇ 38ਵੇਂ ਦਿਨ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਬੇਹੱਦ ਨਾਜ਼ੁਕ ਦੌਰ ’ਚੋਂ ਗੁਜ਼ਰ ਰਹੀ ਹੈ। ਚੈਕਿੰਗ ਕਰਨ ਆਈ ਡਾਕਟਰਾਂ ਦੀ ਟੀਮ ਨੇ ਆਖਿਆ ਕਿ ਡੱਲੇਵਾਲ ਦੇ ਸਰੀਰ ’ਚੋਂ ਮਾਸ ਬਿਲਕੁੱਲ ਖਤਮ ਹੋ ਗਿਆ ਹੈ। ਸਿਰਫ ਹੱਡੀਆਂ ਹੀ ਬਚੀਆਂ ਹਨ। ਉਨ੍ਹਾਂ ਦੀ ਹਾਲਤ ਬੇਹੱਦ ਕਮਜ਼ੋਰ ਹੈ।

ਇਸ ਮੌਕੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੇ ਆਖਿਆ ਕਿ 4 ਜਨਵਰੀ ਨੂੰ ਖਨੌਰੀ ਬਾਰਡਰ ’ਤੇ ਹੋ ਰਹੀ ਮਹਾ-ਪੰਚਾਇਤ ’ਚ ਉਹ ਪੂਰੇ ਦੇਸ਼ ਦੇ ਕਿਸਾਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਹਨ। ਉਨ੍ਹਾਂ ਦੀ ਅਪੀਲ ਹੈ ਕਿ ਵੱਧ ਤੋਂ ਵੱਧ ਕਿਸਾਨ ਖਨੌਰੀ ਬਾਰਡਰ ਪੁੱਜਣ, ਜਿੱਥੇ ਉਹ ਆਪਣਾ ਸੰਦੇਸ਼ ਸਮੁੱਚੇ ਕਿਸਾਨਾਂ ਨੂੰ ਦੇਣਗੇ।

PunjabKesari

ਉੱਧਰ 4 ਜਨਵਰੀ ਨੂੰ ਦੇਸ਼ ਭਰ ਤੋਂ ਇਸ ਮਹਾ-ਪੰਚਾਇਤ ’ਚ ਪਹੁੰਚ ਰਹੇ ਲੱਖਾਂ ਕਿਸਾਨਾਂ ਲਈ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਕ ਅਤੇ ਕਿਸਾਨ ਮਜ਼ਦੂਰ ਮੋਰਚੇ ਨੇ ਵੱਖ-ਵੱਖ ਕਮੇਟੀਆਂ ਬਣਾ ਕੇ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ।

ਕਿਸਾਨ ਆਗੂਆਂ ਨੇ ਕਿਹਾ ਕਿ ਅੰਦੋਲਨ ਸਬੰਧੀ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਸਾਰੇ ਬਿਆਨ ਸੰਵਿਧਾਨ ਦੇ ਦਾਇਰੇ ’ਚ ਰਹਿ ਕੇ ਅਤੇ ਭਾਸ਼ਾ ਦੀ ਮਰਿਆਦਾ ਅਨੁਸਾਰ ਦਿੱਤੇ ਜਾ ਰਹੇ ਹਨ। ਜਗਜੀਤ ਸਿੰਘ ਡੱਲੇਵਾਲ ਦੀਆਂ ਦਿਲੀ ਭਾਵਨਾਵਾਂ ਅਨੁਸਾਰ ਹੀ ਸਾਰੇ ਬਿਆਨ ਦਿੱਤੇ ਜਾ ਰਹੇ ਹਨ।

PunjabKesari

ਇਹ ਵੀ ਪੜ੍ਹੋ- ਸ਼ਗਨਾਂ ਵਾਲੇ ਘਰ 'ਚ ਵਿਛ ਗਏ ਸੱਥਰ, ਧੀ ਦੇ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਪਿਓ ਨੇ ਛੱਡੀ ਦੁਨੀਆ

ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਕਿਸੇ ਵਿਅਕਤੀ ਨੂੰ ਕਿਤੋਂ ਵੀ ਇਨਸਾਫ਼ ਨਹੀਂ ਮਿਲਦਾ ਤਾਂ ਉਹ ਇਨਸਾਫ਼ ਦੀ ਆਪਣੀ ਆਖਰੀ ਉਮੀਦ ਮਾਣਯੋਗ ਸੁਪਰੀਮ ਕੋਰਟ ਤੋਂ ਹੀ ਰੱਖਦਾ ਹੈ। ਅਸੀਂ ਮਾਣਯੋਗ ਸੁਪਰੀਮ ਕੋਰਟ ਨੂੰ ਬੇਨਤੀ ਕੀਤੀ ਹੈ ਕਿ ਉਹ ਕੇਂਦਰ ਸਰਕਾਰ ਨੂੰ ਹਦਾਇਤਾਂ ਜਾਰੀ ਕਰਨ ਕਿ ਉਹ ਖੇਤੀਬਾੜੀ ਬਾਰੇ ਬਣੀ ਸੰਸਦੀ ਕਮੇਟੀ ਦੀ ਰਿਪੋਰਟ ਅਤੇ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਮੇਟੀ ਦੀ ਅੰਤਰਿਮ ਰਿਪੋਰਟ ਲਾਗੂ ਕਰਨ, ਜਿਸ ’ਚ ਗਾਰੰਟੀ ਕਾਨੂੰਨ ਬਣਾਉਣ ਦੀ ਸਿਫਾਰਿਸ਼ ਕੀਤੀ ਗਈ ਹੈ। ਇਸ ਦੌਰਾਨ ਕਰਨਾਟਕ ਅਤੇ ਤਾਮਿਲਨਾਡੂ ਤੋਂ ਕਿਸਾਨਾਂ ਦਾ ਇਕ ਵੱਡਾ ਜਥਾ ਕੁਰਬਰੂ ਸ਼ਾਂਤਾਕੁਮਾਰ ਅਤੇ ਪੀ. ਆਰ. ਪੰਡਯਾਨ ਦੀ ਅਗਵਾਈ ਹੇਠ ਖਨੌਰੀ ਕਿਸਾਨ ਮੋਰਚਾ ’ਚ ਪਹੁੰਚਿਆ।

ਪੰਧੇਰ ਨੇ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ’ਤੇ ਦੇਸ਼ ਵਾਸੀਆਂ ਨੂੰ ਗੁੰਮਰਾਹ ਕਰਨ ਦੇ ਲਾਏ ਦੋਸ਼
ਦੂਸਰੇ ਪਾਸੇ ਸ਼ੰਭੂ ਬਾਰਡਰ ਤੋਂ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ’ਤੇ ਗੰਭੀਰ ਦੋਸ਼ ਲਾਏ। ਉਨ੍ਹਾਂ ਆਖਿਆ ਕਿ ਸ਼ਿਵਰਾਜ ਚੌਹਾਨ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਕਿ ਕਿਸਾਨਾਂ ਨੂੰ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਹਨ, ਜਦੋਂ ਕਿ ਅਸਲੀਅਤ ਇਹ ਹੈ ਕਿ ਕਿਸਾਨਾਂ ਨੂੰ ਕੁਝ ਵੀ ਨਹੀਂ ਦਿੱਤਾ ਜਾ ਰਿਹਾ ਹੈ। ਸਰਵਣ ਸਿੰਘ ਪੰਧੇਰ ਨੇ ਆਖਿਆ ਕਿ ਤੁਸੀਂ ਸਬਸਿਡੀਆਂ ਦੇ ਨਾਂ ’ਤੇ ਕਿਸਾਨਾਂ ਅਤੇ ਲੋਕਾਂ ਨੂੰ ਉਲਝਾ ਰਹੇ ਹਾਂ।

PunjabKesari

ਪੰਧੇਰ ਨੇ ਆਖਿਆ ਕਿ ਖਾਦ ਦਾ ਥੈਲਾ 450 ਰੁਪਏ ਤੋਂ ਤੁਹਾਡੀ ਸਰਕਾਰ ’ਚ 1800 ਰੁਪਏ ਪਹੁੰਚ ਗਿਆ, ਕੀ ਇਹ ਸਬਸਿਡੀਆਂ ਹਨ? ਤੁਸੀਂ ਯੂਰੀਆ ਦਾ ਥੈਲਾ 50 ਕਿਲੋ ਤੋਂ 45 ਕਿਲੋ ਕਰ ਦਿੱਤਾ, ਕੀ ਇਹ ਸਬਸਿਡੀ ਹੈ? ਉਨ੍ਹਾਂ ਕਿਹਾ ਕਿ ਸਰਕਾਰ ਸਬਸਿਡੀਆਂ ਦੇਣ ਦੀ ਥਾਂ ਖਤਮ ਕਰ ਰਹੀ ਹੈ। ਕੁਝ ਦੇਸ਼ ਦੇ ਅਮੀਰ ਲੋਕਾਂ ਨੂੰ ਕਾਰਪੋਰੇਟਾਂ ਨੂੰ ਖੁਸ਼ ਕਰਨ ਲਈ ਕਿਸਾਨਾਂ ਨੂੰ ਮਾਰ ਰਹੀ ਹੈ। ਉਨ੍ਹਾਂ ਆਖਿਆ ਕਿ 4 ਜਨਵਰੀ ਨੂੰ ਖਨੌਰੀ ਬਾਰਡਰ ’ਤੇ ਜਿਥੇ ਬਹੁਤ ਹੀ ਵੱਡੀ ਮਹਾ-ਪੰਚਾਇਤ ਹੋਵੇਗੀ, ਉੱਥੇ 6 ਜਨਵਰੀ ਨੂੰ ਸ਼ੰਭੂ ਬਾਰਡਰ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਵੇਗਾ।

ਇਹ ਵੀ ਪੜ੍ਹੋ- ਹੱਡ ਚੀਰਵੀਂ ਠੰਡ 'ਚ ਆਈ ਇਕ ਹੋਰ ਮੰਦਭਾਗੀ ਖ਼ਬਰ ; ਵਿਅਕਤੀ ਦੀ ਚਲੀ ਗਈ ਜਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News