ਪੋਸ਼ਣ ਦੀ ਕਮੀ ਤੇ ਵੱਧਦੇ ਸਕਰੀਨ ਟਾਈਮ ਕਾਰਨ ਬੱਚਿਆਂ ਦੀਆਂ ਅੱਖਾਂ ''ਤੇ ਪੈ ਰਿਹਾ ਹੈ ਮਾੜਾ ਅਸਰ
Tuesday, Dec 31, 2024 - 05:05 AM (IST)
 
            
            ਫਗਵਾੜਾ (ਮੁਕੇਸ਼) - ਬੱਚਿਆਂ ‘ਚ ਅੱਖਾਂ ਸਬੰਧੀ ਸਮੱਸਿਆਵਾਂ ਤੇਜ਼ੀ ਨਾਲ ਵੱਧ ਰਹੀਆਂ ਹਨ। ਅੱਖਾਂ ਦੀਆਂ ਸਮੱਸਿਆਵਾਂ ਜਿਵੇਂ ਧੁੰਦਲਾ ਨਜ਼ਰ ਆਉਣਾ ਤੇ ਛੋਟੀ ਉਮਰ ‘ਚ ਐਨਕਾਂ ਦੀ ਜ਼ਰੂਰਤ ਮਹਿਸੂਸ ਕਰਨਾ ਹੁਣ ਕਾਫ਼ੀ ਆਮ ਹੋ ਗਿਆ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਅੱਖਾਂ ਨਾਲ ਜੁੜੀਆਂ ਇਨ੍ਹਾਂ ਸਮੱਸਿਆਵਾਂ ਲਈ ਕਈ ਕਾਰਨ ਜਿੰਮੇਵਾਰ ਹੋ ਸਕਦੇ ਹਨ। ਬੱਚਿਆਂ ‘ਚ ਪੋਸ਼ਣ ਦੀ ਕਮੀ ਤੋਂ ਲੈ ਕੇ ਸਕਰੀਨ ਟਾਈਮ ਵਧਣ ਤੱਕ ਬੱਚਿਆਂ ਨੂੰ ਅੱਖਾਂ ਦੀਆਂ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਮ ਤੌਰ `ਤੇ ਜਦੋਂ ਕਮਜ਼ੋਰ ਨਜ਼ਰ ਤੇ ਘੱਟ ਨਜ਼ਰ ਦੀ ਗੱਲ ਆਉਂਦੀ ਹੈ ਤਾਂ ਇਸ ਨੂੰ ਉਮਰ ਵਧਣ ਨਾਲ ਹੋਣ ਵਾਲੀ ਸਮੱਸਿਆ ਮੰਨਿਆ ਜਾਂਦਾ ਹੈ। ਹਾਲਾਂਕਿ ਅੰਕੜੇ ਦੱਸਦੇ ਹਨ ਕਿ ਬੱਚਿਆਂ ‘ਚ ਇਹ ਸਮੱਸਿਆਵਾਂ ਤੇਜ਼ੀ ਨਾਲ ਵੱਧ ਰਹੀਆਂ ਹਨ।
ਅੱਖਾਂ ਦੇ ਮਾਹਿਰਾਂ ਦਾ ਕਹਿਣਾ ਹੈ ਕਿ 18 ਸਾਲ ਤੋਂ ਘੱਟ ਉਮਰ ਦੇ ਵੱਡੀ ਗਿਣਤੀ ਬੱਚਿਆਂ ‘ਚ ਅੱਖਾਂ ਦੀਆਂ ਬਿਮਾਰੀਆਂ ਵਰਗੀਆਂ ਸਮੱਸਿਆਵਾਂ ਦੇ ਲੱਛਣ ਦਿਖਾਈ ਦੇ ਰਹੇ ਹਨ। ਇਸ ‘ਚ ਕਈ ਬੱਚਿਆਂ ਨੂੰ ਨੇੜੇ ਜਾਂ ਦੂਰ ਦੀਆਂ ਚੀਜ਼ਾਂ ਦੇਖਣ ‘ਚ ਦਿੱਕਤ ਆਉਣੀ ਸ਼ੁਰੂ ਹੋ ਜਾਂਦੀ ਹੈ, ਜਿਸ ਲਈ ਉਨ੍ਹਾਂ ਨੂੰ ਐਨਕਾਂ ਲਾਉਣੀਆਂ ਪੈ ਸਕਦੀਆਂ ਹਨ। ਸਕਰੀਨ ਟਾਈਮ ਭਾਵ ਬੱਚਿਆਂ ਦਾ ਕੰਪਿਊਟਰ, ਮੋਬਾਈਲ ਜਾਂ ਟੀਵੀ ਸਕਰੀਨ `ਤੇ ਜਿਆਦਾ ਸਮਾਂ ਬਿਤਾਉਣਾ ਇਸ ਸਮੱਸਿਆ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ। ਜੇਕਰ ਸਮੇਂ ਸਿਰ ਰੋਕਥਾਮ ਉਪਾਅ ਨਾ ਕੀਤੇ ਗਏ ਤਾਂ ਆਉਣ ਵਾਲੇ ਸਾਲਾਂ ‘ਚ ਜਿਆਦਾਤਰ ਲੋਕ ਇਸ ਸਮੱਸਿਆ ਤੋਂ ਪੀੜਤ ਹੋਣਗੇ। ਸਮਾਰਟ ਡਿਵਾਈਸ ਸਕਰੀਨਾਂ `ਤੇ ਬਹੁਤ ਜਿਆਦਾ ਸਮਾਂ ਬਿਤਾਉਣ ਨਾਲ ਮਾਇਓਪੀਆ ਦਾ ਖ਼ਤਰਾ 30 ਪ੍ਰਤੀਸ਼ਤ ਵਧ ਜਾਂਦਾ ਹੈ।ਇਸ ਦੇ ਨਾਲ ਹੀ ਕੰਪਿਊਟਰ ਦੀ ਜਿਆਦਾ ਵਰਤੋਂ ਕਾਰਨ ਇਹ ਖਤਰਾ ਲਗਭਗ 80 ਫੀਸਦੀ ਤੱਕ ਵਧ ਗਿਆ ਹੈ।
ਐਨਕਾਂ ਦਾ ਮਾਈਨਸ ਨੰਬਰ ਵਧਣ ਨਾਲ ਅੱਖ ਦੀ ਅੰਦਰਲੀ ਪਰਤ ਭਾਵ ਰੈਟੀਨਾ ਪ੍ਰਭਾਵਿਤ ਹੁੰਦੀ ਹੈ, ਜੋ ਕਿ ਰੋਸ਼ਨੀ ਪ੍ਰਤੀ ਸੰਵੇਦਨਸ਼ੀਲ ਹੁੰਦੀ ਹੈ।8 ਤੋਂ 10 ਪ੍ਰਤੀਸ਼ਤ ਬੱਚਿਆਂ ‘ਚ ਮਾਇਓਪੀਆ ਦੀ ਵਜ੍ਹਾ ਨਾਲ ਰੈਟੀਨਾ ਯਾਨੀ ਅੱਖ ਦੇ ਪਰਦੇ ‘ਚ ਛੇਕ ਹੋ ਸਕਦਾ ਹੈ। ਇਸ ਨਾਲ ਪਰਦਾ ਆਪਣੀ ਜਗ੍ਹਾ ਤੋਂ ਹਿੱਲ ਸਕਦਾ ਹੈ, ਜਿਸ ਨੂੰ ਰੈਟੀਨਲ ਡਿਟੈਚਮੈਂਟ ਕਹਿੰਦੇ ਹਨ। ਇਸ ਕਾਰਨ ਅੱਖਾਂ ਦੀ ਰੋਸ਼ਨੀ ਵੀ ਖਤਮ ਹੋਣ ਦਾ ਖਤਰਾ ਰਹਿੰਦਾ ਹੈ। ਰੈਟੀਨਲ ਡੀਟੈਚਮੈਂਟ ਦਾ ਇਲਾਜ ਸਿਰਫ ਆਪਰੇਸ਼ਨ ਨਾਲ ਕੀਤਾ ਜਾ ਸਕਦਾ ਹੈ। ਇਲਾਜ ਤੋਂ ਬਾਅਦ ਵੀ 80 ਫੀਸਦੀ ਸਫਲਤਾ ਮਿਲਦੀ ਹੈ। ਇੱਥੋਂ ਤੱਕ ਕਿ ਇਨ੍ਹਾਂ 80 ਫੀਸਦੀ ‘ਚ ਵੀ ਅੱਖਾਂ ਦੀ ਪੂਰੀ ਨਜ਼ਰ ਨਹੀਂ ਹੁੰਦੀ।ਜੇਕਰ ਅੱਖਾਂ ਦੀਆਂ ਮਾਸਪੇਸ਼ੀਆਂ ਕਮਜ਼ੋਰ ਹਨ ਤਾਂ ਇਸ ਨੂੰ ਕੁਝ ਕਸਰਤਾਂ ਰਾਹੀਂ ਬਿਹਤਰ ਕੀਤਾ ਜਾ ਸਕਦਾ ਹੈ। ਜੇਕਰ ਬੱਚੇ ਨੇ ਐਨਕਾਂ ਲਗਾਈਆਂ ਹੋਣ ਤਾਂ ਉਨ੍ਹਾਂ ਦੀ ਹਰ ਤਿੰਨ ਮਹੀਨੇ ਬਾਅਦ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਸਹੀ ਸਥਿਤੀ ਦਾ ਪਤਾ ਲਗਾਇਆ ਜਾ ਸਕੇ। ਬੱਚਿਆਂ ਨੂੰ ਘੱਟੋ-ਘੱਟ ਡੇਢ ਘੰਟਾ ਘਰ ਤੋਂ ਬਾਹਰ ਖੇਡਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਸਮਾਰਟਫੋਨ ਜਾਂ ਗੈਜੇਟਸ ਦੀ ਸਕਰੀਨ `ਤੇ ਲਗਾਤਾਰ ਕੰਮ ਕਰਨ ਤੇ ਗੇਮ ਖੇਡਣ ਨਾਲ ਅੱਖਾਂ ਦੀ ਸਮੱਸਿਆ ਹੋ ਸਕਦੀ ਹੈ, ਇਸ ਲਈ ਬਾਹਰੀ ਗਤੀਵਿਧੀਆਂ ਕਰਨੀਆਂ ਚਾਹੀਦੀਆਂ ਹਨ। ਸਕਰੀਨਾਂ ਤੇ ਕਿਤਾਬਾਂ ਤੋਂ ਦੂਰ ਜਾਣ ਨਾਲ ਅੱਖਾਂ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ, ਜੋ ਮਾਇਓਪੀਆ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ।
 

 
                     
                             
                             
                             
                             
                             
                             
                             
                             
                             
                             
                             
                             
                             
                             
                             
                            