ਵਰਕ ਤੇ ਟੂਰਿਸਟ ਵੀਜ਼ਾ ਦੇ ਨਾਂ ’ਤੇ ਇਮੀਗ੍ਰੇਸ਼ਨ ਕੰਪਨੀਆਂ ਨੇ ਠੱਗੇ ਲੱਖਾਂ ਰੁਪਏ
Monday, Jan 06, 2025 - 12:37 PM (IST)
ਚੰਡੀਗੜ੍ਹ (ਸੁਸ਼ੀਲ) : ਵਰਕ ਅਤੇ ਟੂਰਿਸਟ ਵੀਜ਼ਾ ’ਤੇ ਵਿਦੇਸ਼ ਭੇਜਣ ਦੇ ਨਾਂ ’ਤੇ ਹਰਿਆਣਾ ਦੇ 2 ਵਿਅਕਤੀਆਂ ਨਾਲ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਧੋਖਾਧੜੀ ਦੀ ਵਾਰਦਾਤ ਦਾ ਇਲਜ਼ਾਮ ਸੈਕਟਰ-22 ਸਥਿਤ ਯੋਅਰ ਇਮੀਗ੍ਰੇਸ਼ਨ ਪ੍ਰੋਫੈਸ਼ਨਲ ਕੰਪਨੀ ਅਤੇ ਸੈਕਟਰ-17 ਕੈਨਰਾਇਜ਼ ਇਮੀਗ੍ਰੇਸ਼ਨ ਕੰਸਲਟੈਂਟ ਕੰਪਨੀ ’ਤੇ ਲਾਇਆ ਗਿਆ ਹੈ। ਸੈਕਟਰ-17 ਥਾਣਾ ਪੁਲਸ ਨੇ ਦੋਵੇਂ ਕੰਪਨੀਆਂ ਦੇ ਮਾਲਕਾਂ ’ਤੇ ਧੋਖਾਧੜੀ ਅਤੇ ਸਾਜ਼ਿਸ਼ ਰਚਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਕਰਨਾਲ ਵਾਸੀ ਦਲੀਪ ਕੁਮਾਰ ਨੇ ਸੈਕਟਰ-17 ਥਾਣਾ ਪੁਲਸ ਨੂੰ ਸ਼ਿਕਾਇਤ ਦਿੱਤੀ ਕਿ ਯੋਅਰ ਇਮੀਗ੍ਰੇਸ਼ਨ ਪ੍ਰੋਫੈਸ਼ਨਲ ਨਾਂ ਦੀ ਕੰਪਨੀ ਨੇ ਉਸ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ 1.20 ਲੱਖ ਰੁਪਏ ਲਏ ਪਰ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਤੇ ਨਾ ਹੀ ਪੈਸੇ ਵਾਪਸ ਕੀਤੇ। ਕੰਪਨੀ ਦੇ ਮੁਲਾਜ਼ਮ ਸਿਮਰਨਜੀਤ ਸਿੰਘ ਤੇ ਹੋਰਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਦੂਜੇ ਮਾਮਲੇ ’ਚ ਕਰਨਾਲ ਵਾਸੀ ਸਤਾਬ ਸਿੰਘ ਨੇ ਕੈਨਰਾਇਜ਼ ਇਮੀਗ੍ਰੇਸ਼ਨ ਕੰਸਲਟੈਂਟ ਕੰਪਨੀ ’ਤੇ ਟੂਰਿਸਟ ਵੀਜ਼ੇ ਦੇ ਨਾਂ ’ਤੇ ਧੋਖਾਧੜੀ ਕਰਨ ਦਾ ਦੋਸ਼ ਲਾਇਆ ਹੈ। ਪੁਲਸ ਨੇ ਅਦੀਮ ਖੋਖਰ, ਗੁਰਵਿੰਦਰ ਸਿੰਘ, ਸਤਨਾਮ ਸਿੰਘ ਅਤੇ ਹੋਰਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਦੋਵਾਂ ਮਾਮਲਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।