ਕੋਇਲ ਕੁਕੇਂਦੀ ਆ ਗਈ

Wednesday, Mar 28, 2018 - 04:17 PM (IST)

ਕੋਇਲ ਕੁਕੇਂਦੀ ਆ ਗਈ

ਗਰਮੀ ਦੀ ਰੁੱਤ ਸ਼ੁਰੂ ਹੁੰਦੇ ਹੀ ਪੰਜਾਬ ਵਿੱਚ ਕੋਇਲ ਦੀ ਆਮਦ ਹੋ ਜਾਂਦੀ ਹੈ।ਆਪਣੇ ਗੁਣਾਂ ਕਰਕੇ ਸਾਹਿਤ ਵਿੱਚ ਗੂੰਜਦੀ ਕੋਇਲ ਅਤੀਤ ਤੋਂ ਵਰਤਮਾਨ ਤੱਕ ਸਮੇਂ ਦੇ ਹਾਣ ਦਾ ਪ੍ਰਭਾਵ ਪਾਉਂਦੀ ਹੈ।ਸੁਰੀਲੀ ਅਵਾਜ਼ ਦੀ ਮਲਿਕਾ ਹੋਣ ਕਰਕੇ ਹੀ ਪੰਜਾਬੀ ਦੀ ਮਾਣ ਮੱਤੀ ਗਾਇਕ ਸੁਰਿੰਦਰ ਕੌਰ ਨੂੰ “ਪੰਜਾਬ ਦੀ ਕੋਇਲ“ ਦਾ ਖਿਤਾਬ ਮਿਲਿਆ ਸੀ।੧੮ ਵੀਂ ਸਦੀ ਦੇ ਮਹਾਨ ਲਿਖਾਰੀ ਲਾਲ ਧਨੀ ਰਾਮ ਚਾਤਰਿਕ ਨੇ ਕੋਇਲ ਦੀ ਆਮਦ ਤੇ ਇਉਂ ਨਕਸ਼ਾ ਚਿਤਰਿਆ ਸੀ:- 
 “ਨੀ ਕੋਇਲ ਕੂ ਊ ਕੂ ਊ  ਗਾ,
                  ਕੰਠ ਤੇਰ ਸੁਰ ਪੰਚਮ ਦਾ,ਇਸ਼ਕ ਅਮੀਰਸ ਦੇ
                  ਪ੍ਰੀਤਮ ਦਾ, ਪੀਆ ਨੂੰ ਮਿਲਣ ਦਾ ਚਾਅ“  
ਅਤੀਤ ਤੋਂ ਕੋਇਲ ਨਾਲ ਇੱਕ ਦੰਦ ਕਥਾ ਵੀ ਜੁੜੀ ਹੋਈ ਹੈ “ਕਾਵਾਂ ਦੇ ਕਾਂਵੀਂ ਕੋਇਲਾ ਦੇ ਕੋਇਲੀ“ ਅਰਥ ਇਹ ਹਨ ਕਿ ਕੋਇਲ ਆਪਣੇ ਅੰਡੇ ਕਾਂਵਾਂ ਦੇ ਘੁਰਨਿਆਂ ਵਿੱਚ ਦਿੰਦੀ ਸੀ।ਬੱਚੇ ਪੈਦਾ ਹੋਣ ਤੋਂ ਬਾਅਦ ਕੋਇਲਾ ਦੇ ਬੱਚੇ ਕੋਇਲਾ ਵਿੱਚ ਰਲ ਜਾਂਦੇ ਸਨ।ਇਹ ਤੱਥ ਵਿਗਿਆਨਕ ਅਤੇ ਮਮਤਾ ਦੇ ਤੌਰ ਤੇ ਕਿੰਨਾ ਕੁ ਸਹੀ ਹੈ ?ਇਹ ਤਾਂ ਕਿਤਾਬਾਂ ਵਿੱਚ ਛੁਪਿਆ ਹੋਇਆ ਹੈ ਪਰ ਇਸ ਨਾਲ ਕੋਇਲ ਦਾ ਸੁਭਾਅ ਮਾਂ ਦੀ ਮਮਤਾ ਨੂੰ ਖੁਰਾ ਲਾਉਦਾ ਹੈ।ਅਧਿਆਤਮਿਕ ਪੱਖੋਂ ਬਾਬਾ ਸ਼ੇਖ ਫ਼ਰੀਦ ਜੀ ਨੇ ਇਉਂ ਅੰਕਿਤ ਕੀਤਾ ਹੈ:-
 “ਕਾਲੀ ਕੋਇਲ ਤੂ ਕਿਤ ਗੁਨ ਕਾਲੀ,
 ਆਪਣੇ ਪ੍ਰੀਤਮ ਦੇ ਹਉ ਬਿਰਹੈ ਜਾਲੀ“
ਕੋਇਲ ਦਾ ਬਾਗਾਂ ਨਾਲ ਗੂੜ੍ਹਾ ਰਿਸ਼ਤਾ ਹੈ।ਬਾਗ ਤੇ ਕੋਇਲ ਇੱਕ ਦੂਜੇ ਨੂੰ ਨਿਖਾਰਦੇ ਹਨ ਬਾਗਾਂ ਵਿੱਚ ਬਾਹਰ ਨਾਲ ਹੀ ਕੋਇਲ ਆ ਜਾਂਦੀ ਹੈ।ਗੁਲਾਬੀ ਅਮਰੂਦ ਨੂੰ ਖਾਂਦੀ ਕੋਇਲ ਇਸ ਤਰ੍ਹਾਂ ਲਗਦੀ ਹੈ ਜਿਵੇਂ ਗੁਲਾਬੀ ਹੋਠਾਂ ਵਾਲੀ ਮੁਟਿਆਰ ਨੇ ਕਾਲਾ ਟਿੱਕਾ ਲਾਇਆ ਹੋਵੇ।ਕੋਇਲ ਦੀ ਆਮਦ ਨਾਲ ਬਾਕੀ ਪੰਛੀ ਫਿੱਕੇ ਪੈ ਜਾਂਦੇ ਹਨ।ਬੱਚੇ ਵੀ ਕੋਇਲ ਦੀ ਸੁਰੀਲੀ ਅਵਾਜ਼ ਨਾਲ ਅਵਾਜ਼ ਮਿਲਾਕੇ ਸਾਂਗ ਲਾਉਂਦੇ ਹਨ।ਸਾਹਿਤਕ ਸਾਹਿਤਕ ਪੱਖ ਤੋਂ ਕੋਇਲ ਅਤੀਤ ਤੋਂ ਵਰਤਮਾਨ ਤੱਕ ਦਾ ਸੁਮੇਲ ਕਰਵਾਉਂਦੀ ਹੈ।ਕੁਦਰਤ ਪ੍ਰੇਮੀ ਮਹਾਨ ਕਵੀ ਭਾਈ ਵੀਰ ਸਿੰਘ ਨੇ ਕੋਇਲ ਦੀ ਆਮਦ ਤੇ ਇਉਂ ਲਿਖਿਆ ਸੀ, ਜੋ ਅੱਜ ਵੀ ਤਾਜਾ ਲੱਗਦਾ ਹੈ:- 
“ਕੋਇਲ ਕੁਕੇਂਦੀ ਆ ਗਈ,
  ਬੋਲੀ ਪਿਆਰੀ ਪਾ ਗਈ,
  ਜੀ ਵੜਦਿਆ ਜੀ ਭਾ ਗਈ,
  ਓਚੜ ਓ ਚਿੜੀ ਲਾ ਗਈ“
ਰੰਗ ਅਤੇ ਅਵਾਜ਼ ਕੋਇਲ ਦੀ ਆਮਦ ਨੂੰ ਵੱਖਰਾ ਰੂਪ ਦਿੰਦੀ ਹੈ।ਕਾਲਾ ਰੰਗ, ਗੁਲਾਬੀ ਜੀਭ ਅਤੇ ਕੂਕਣ ਦੀ ਅਵਾਜ਼ ਵਿੱਚੋਂ ਹੀ ਸਾਹਿਤਕ ਵੰਨਗੀਆਂ ਇਸ ਦੀ ਆਮਦ ਨੂੰ ਹਰ ਸਾਲ ਤਰੋ-ਤਾਜ਼ਾ ਕਰਦੀਆ ਹਨ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ 98781-11445


Related News