ਕਲਮ ਦੀ ਜੰਗ ਲੜਨ ਵਾਲੀ "ਕਲਮ-ਏ-ਅਲਫਾਜ਼" ਅੰਮ੍ਰਿਤਾ ਪ੍ਰੀਤਮ
Friday, Feb 17, 2023 - 06:05 PM (IST)
ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ !
ਤੇ ਅੱਜ ਕਿਤਾਬੇ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ।
ਇਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ
ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ।
ਉਠ ਦਰਦਮੰਦਾਂ ਦਿਆ ਦਰਦੀਆ !
ਉਠ ਤੱਕ ਅਪਣਾ ਪੰਜਾਬ।
ਇਹ ਫਿਰਕੂ ਫਸਾਦਾਂ ਅਤੇ ਸਰਮਾਏਦਾਰੀ ਸ਼ੋਸ਼ਣ ਦੇ ਖ਼ਿਲਾਫ਼ ਲਿਖਣ ਵਾਲੀ ਅਤੇ ਜੰਗ ਲੜਨ ਵਾਲੀ ਕਲਮ-ਏ-ਅਲਫਾਜ਼ ਅੰਮ੍ਰਿਤਾ ਪ੍ਰੀਤਮ ਵਲੋਂ ਵਾਰਿਸ ਸ਼ਾਹ ਨੂੰ ਇੱਕ ਤਾਹਨਾ ਸੀ ਜੋ ਕਿ 1947 ਦੀ ਭਾਰਤ-ਪਾਕਿ ਵੰਡ ਵੇਲੇ ਫਿਰਕੂ ਫਸਾਦਾਂ ਅਤੇ ਨਫ਼ਰਤ ਕਰਕੇ ਔਰਤਾਂ ਉੱਤੇ ਹੋਏ ਅੱਤਿਆਚਾਰ ਦੇ ਖ਼ਿਲਾਫ਼ ਸੀ। ਵਾਰਿਸ ਸ਼ਾਹ ਨੂੰ ਕਵਿਤਾ ਰਾਹੀਂ ਤਾਹਨਾ ਸੀ ਕਿ ਇੱਕ ਹੀਰ ਕੀ ਰੋਈ ਤੂੰ ਪਤਾ ਨਹੀਂ ਕਿੰਨੀਆਂ ਕਿਤਾਬਾਂ ਲਿਖ ਮਾਰੀਆਂ ਪਰ ਅੱਜ ਦੇਸ਼ ਦੀਆਂ ਲੱਖਾਂ ਧੀਆਂ ਰੋਂਦੀਆਂ ਕੁਰਲਾਉਂਦੀਆ ਦੇਸ਼ ਦੇ ਹੁਕਮਰਾਨਾਂ ਨੂੰ ਨਜ਼ਰ ਨਹੀਂ ਆਈਆ। ਜਦੋਂ ਵਿਅਤਨਾਮ ਦੇਸ਼ ਦਾ ਪ੍ਰਧਾਨ ਮੰਤਰੀ ਭਾਰਤ ਦੀ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਨੂੰ ਮਿਲਿਆ ਤਾਂ ਉਸਨੇ ਕਿਹਾ ਸੀ ਕਿ ਅਸੀਂ ਦੋਵੇਂ ਸਿਪਾਹੀ ਹਾਂ ਮੈਂ ਤਲਵਾਰ ਨਾਲ ਲੜਦਾ ਹਾਂ ਪਰ ਤੂੰ ਕਲਮ ਨਾਲ ਲੜਕੇ ਵੀ ਮੇਰੇ ਨਾਲੋਂ ਕਿਤੇ ਵੱਧ ਤਾਕਤਵਰ ਹੈ। ਅੰਮ੍ਰਿਤਾ 'ਚ ਸੱਚ ਬੋਲਣ ਦੀ ਹਿੰਮਤ ਸੀ, ਜ਼ੇਰਾ ਸੀ।ਔਰਤਾਂ ਦੇ ਹੱਕਾਂ ਤੇ ਦਰਦ ਨੂੰ ਪਛਾਣਦੇ ਹੋਏ ਉਸ ਨੇ ਆਪਣੇ ਨਾਵਲ ਪਿੰਜਰ ਵਿੱਚ ਵੰਡ ਦੀ ਤ੍ਰਾਸਦੀ ਹੰਢਾਉਂਦੇ ਲੋਕਾਂ ਅਤੇ ਔਰਤਾਂ ਦੀ ਮਨੋਦਸ਼ਾ ਨੂੰ ਬਾਖੂਬੀ ਬਿਆਨ ਕੀਤਾ ਹੈ । ਇਸ 'ਤੇ ਇੱਕ ਸਫ਼ਲ ਫ਼ਿਲਮ ਵੀ ਬਣੀ ਜਿਸਨੂੰ ਕਈ ਇਨਾਮ ਵੀ ਮਿਲੇ। ਅੰਮ੍ਰਿਤਾ ਦੀ ਖੂਬੀ ਸੀ ਕਿ ਉਹ ਸਮਕਾਲੀ ਲੇਖਕਾਂ 'ਚ ਇਕੱਲੀ ਔਰਤ ਸੀ, ਜਿਸਨੇ ਬੜੇ ਦਲੇਰਾਨਾ ਤਰੀਕੇ ਨਾਲ ਲਿਖਣਾ ਸ਼ੁਰੂ ਕੀਤਾ। ਪੰਜਾਬੀ ਸਾਹਿਤ ਅਤੇ ਕਾਵਿ-ਖੇਤਰ ਵਿੱਚ ਅੰਮ੍ਰਿਤਾ ਪ੍ਰੀਤਮ ਨੇ ਬੜਾ ਲੰਮਾ ਸਫ਼ਰ ਤੈਅ ਕੀਤਾ ।
ਅੰਮ੍ਰਿਤਾ ਪ੍ਰੀਤਮ ਇੱਕ ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸੀ। ਉਸਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ ਅਤੇ ਪਹਿਲੀ ਅਹਿਮ ਨਾਰੀ ਲੇਖਕ ਮੰਨਿਆ ਜਾਂਦਾ ਹੈ। ਅੰਮ੍ਰਿਤਾ ਪ੍ਰੀਤਮ ਨੇ 15 ਵਰ੍ਹੇ ਦੀ ਉਮਰ ਵਿੱਚ ਰੂਹਾਨੀ ਰਵਾਇਤੀ ਅਤੇ ਗਾਏ ਜਾਣ ਵਾਲੇ ਗੀਤਾਂ ਦੀ ਪਹਿਲੀ ਪੁਸਤਕ “ਠੰਡੀਆਂ ਕਿਰਨਾਂ” ਨਾਲ ਆਪਣਾ ਕਾਵਿ-ਸਫ਼ਰ ਆਰੰਭ ਕੀਤਾ ਤੇ ਫਿਰ ਸਮਾਜਿਕ ਅਤੇ ਰੁਮਾਂਟਿਕ ਵਿਸ਼ਿਆਂ ਵੱਲ ਚੱਲ ਪਈ। ਇਸ ਸਫ਼ਰ 'ਤੇ ਤੁਰਨ ਤੋਂ ਥੋੜੀ ਦੇਰ ਬਾਅਦ ਹੀ ਉਹ ਪੰਜਾਬੀ ਲੇਖਕਾਂ ਦੀ ਮੂਹਰਲੀ ਕਤਾਰ ਵਿੱਚ ਮਹਤੱਵਪੂਰਨ ਸਥਾਨ ਬਣਾਉਣ ਵਿੱਚ ਕਾਮਯਾਬ ਹੋ ਗਈ। ਅੰਮ੍ਰਿਤਾ ਪ੍ਰੀਤਮ ਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਆਦਿ ਵਿਧਾਵਾਂ ਦੇ ਅੰਦਰ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਵਿੱਚ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਅਤੇ ਇੱਕ ਆਤਮਕਥਾ ਵੀ ਹੈ। ਉਸਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ। ਅੰਮ੍ਰਿਤਾ ਪ੍ਰੀਤਮ ਦਾ ਜਨਮ 31 ਅਗਸਤ 1919 ਨੂੰ ਗਿਆਨੀ ਕਰਤਾਰ ਸਿੰਘ ਹਿੱਤਕਾਰੀ ਦੇ ਘਰ ਮਾਤਾ ਰਾਜ ਦੀ ਕੁੱਖੋਂ ਗੁਜਰਾਂਵਾਲਾ, ਪਾਕਿਸਤਾਨ ਵਿੱਚ ਹੋਇਆ।
ਅੰਮ੍ਰਿਤਾ ਪ੍ਰੀਤਮ ਦੇ ਪਿਤਾ ਸ. ਕਰਤਾਰ ਸਿੰਘ ਹਿੱਤਕਾਰੀ ਵੀ ਲੇਖਕ ਸਨ। ਅੰਮ੍ਰਿਤਾ ਪ੍ਰੀਤਮ ਨੇ ਕਾਫ਼ੀਏ, ਰਦੀਫ਼ ਦੀ ਜਾਣਕਾਰੀ ਅਤੇ ਕਾਵਿ ਰਚਨਾ ਦਾ ਹੋਰ ਮੁੱਢਲਾ ਗਿਆਨ ਆਪਣੇ ਪਿਤਾ ਤੋਂ ਪ੍ਰਾਪਤ ਕੀਤਾ। ਅੰਮ੍ਰਿਤਾ ਪ੍ਰੀਤਮ ਨੇ ਆਪਣੀ ਪਹਿਲੀ ਕਵਿਤਾ ਗਿਆਰਾਂ ਸਾਲ ਦੀ ਉਮਰ ਵਿੱਚ ਲਿਖੀ। ਅੰਮ੍ਰਿਤਾ ਪ੍ਰੀਤਮ ਨੇ ਆਪਣਾ ਬਚਪਨ ਅਤੇ ਜਵਾਨੀ ਲਾਹੌਰ ਵਿੱਚ ਗੁਜ਼ਾਰੇ। ਅੰਮ੍ਰਿਤਾ ਪ੍ਰੀਤਮ ਦੀ ਮਾਤਾ ਨੇ ਚਾਰ ਸਾਲ ਦੀ ਉਮਰ ਵਿੱਚ ਉਸ ਦੀ ਕੁੜਮਾਈ ਦੂਰ ਦੇ ਰਿਸ਼ਤੇ ਵਿੱਚ ਭੂਆ ਦੇ ਪੁੱਤਰ ਨਾਲ ਕਰ ਦਿੱਤੀ। ਜਦੋਂ ਉਹ ਗਿਆਰਾਂ ਸਾਲਾਂ ਦੀ ਸੀ ਤਾਂ ਉਸਦੀ ਮਾਂ ਬਹੁਤ ਬਿਮਾਰ ਹੋ ਗਈ। ਕਿਸੇ ਨੇ ਅੰਮ੍ਰਿਤਾ ਨੂੰ ਕਿਹਾ ਕਿ ਤੂੰ ਰੱਬ ਅੱਗੇ ਅਰਦਾਸ ਕਰ ਉਹ ਤੇਰੀ ਮਾਂ ਨੂੰ ਬਚਾ ਲਵੇਗਾ ਪਰ ਉਸਦੀ ਅਰਦਾਸ ਨਹੀਂ ਸੁਣੀ ਗਈ ਜਿਸਤੋਂ ਬਾਅਦ ਉਸਦਾ ਰੱਬ 'ਤੇ ਭਰੋਸਾ ਖ਼ਤਮ ਹੋ ਗਿਆ ਸੀ।
ਅੰਮ੍ਰਿਤਾ ਪ੍ਰੀਤਮ ਨੇ 1932 ਵਿੱਚ ਅੱਠਵੀਂ ਅਤੇ ਵਿਦਵਾਨੀ ਦੀਆਂ ਪ੍ਰੀਖਿਆਵਾਂ ਪਾਸ ਕੀਤੀਆਂ। 1933 ਵਿੱਚ ਗਿਆਨੀ ਪਾਸ ਕੀਤੀ ਅਤੇ ਫਿਰ ਪੰਜਾਬ ਯੂਨੀਵਰਸਿਟੀ, ਲਾਹੌਰ ਤੋਂ ਦਸਵੀਂ ਪਾਸ ਕੀਤੀ। ਅੰਮ੍ਰਿਤਾ ਪ੍ਰੀਤਮ ਕਈ ਭਾਸ਼ਾਵਾਂ ਦੀ ਮਾਹਿਰ ਸੀ। 15 ਮਈ 1973 ਨੂੰ ਦਿੱਲੀ ਯੂਨੀਵਰਸਿਟੀ ਵੱਲੋਂ ਡੀ. ਲਿਟ. ਦੀ ਆਨਰੇਰੀ ਡਿਗਰੀ ਮਿਲੀ ਅਤੇ ਆਜ਼ਾਦ ਭਾਰਤ ਦੀ ਪਦਮਸ੍ਰੀ ਦੀ ਉਪਾਧੀ ਮਿਲੀ। ਅੰਮ੍ਰਿਤਾ ਦਾ ਬਚਪਨ ਲਾਹੌਰ ਵਿਖੇ ਗੁਜ਼ਰਿਆ ਤੇ ਸਿੱਖਿਆ ਵੀ ਉਥੇ ਹੀ ਹੋਈ। ਅੰਮ੍ਰਿਤਾ ਪ੍ਰੀਤਮ ਕਾਫ਼ੀ ਸਮੇਂ ਤੱਕ ਲਾਹੌਰ ਰੇਡੀਓ ਸਟੇਸ਼ਨ ਵਿੱਚ ਨੌਕਰੀ ਕਰਦੀ ਰਹੀ। ਦੇਸ਼ ਵੰਡ ਮਗਰੋਂ ਉਹ ਆਲ ਇੰਡੀਆ ਰੇਡੀਓ ਨਵੀਂ ਦਿੱਲੀ ਵਿੱਚ ਅਨਾਊਂਸਰ ਅਤੇ ਸਕਰਿਪਟ -ਰਾਈਟਰ ਲੱਗੀ ਰਹੀ ।
ਅੰਮ੍ਰਿਤ ਦਾ ਵਿਆਹ 16 ਸਾਲਾਂ ਦੀ ਉਮਰ ਵਿੱਚ ਐਡੀਟਰ ਪ੍ਰੀਤਮ ਸਿੰਘ ਨਾਲ ਹੋ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਨਾਮ ਅੰਮ੍ਰਿਤਾ ਤੋਂ ਅੰਮ੍ਰਿਤਾ ਪ੍ਰੀਤਮ ਰੱਖ ਲਿਆ। ਦੇਸ਼ ਦੀ ਵੰਡ ਤੋਂ ਪਿੱਛੋਂ ਉਹ ਲਾਹੌਰ ਤੋਂ ਦੇਹਰਾਦੂਨ ਅਤੇ ਫਿਰ ਦਿੱਲੀ ਆ ਗਈ। ਇਸ ਤੋਂ ਬਾਅਦ 1936 ਵਿੱਚ ਅੰਮ੍ਰਿਤਾ ਦੀ ਪਹਿਲੀ ਕਿਤਾਬ “ਅੰਮ੍ਰਿਤ-ਲਹਿਰਾਂ” ਪ੍ਰਕਾਸ਼ਿਤ ਹੋਈ। ਜਿਸ ਤੋਂ ਬਾਅਦ ਅਗਲੇ 7 ਸਾਲਾਂ ਵਿੱਚ 6 ਹੋਰ ਕਾਵਿ-ਪੁਸਤਕਾਂ ਅੰਮ੍ਰਿਤਾ ਪ੍ਰੀਤਮ ਦੇ ਨਾਮ ਹੇਠ ਪ੍ਰਕਾਸ਼ਿਤ ਹੋਈਆਂ। 17 ਸਾਲ ਲਾਹੌਰ ਵਿੱਚ ਰਹਿਣ ਦੇ ਬਾਅਦ 1947 ਵਿੱਚ ਅੰਮ੍ਰਿਤਾ ਪ੍ਰੀਤਮ ਆਪਣੇ ਪਤੀ ਨਾਲ ਨਵੇਂ ਬਣੇ ਭਾਰਤ ਵਿੱਚ ਆ ਗਈ। 1960 ਵਿੱਚ 26 ਸਾਲ ਦੇ ਵਿਆਹ ਮਗਰੋਂ ਆਪਣੇ ਪਤੀ ਪ੍ਰੀਤਮ ਤੋਂ ਤਲਾਕ ਲੈ ਲਿਆ। ਅੰਮ੍ਰਿਤਾ ਅਤੇ ਮਸ਼ਹੂਰ ਪੰਜਾਬੀ ਅਤੇ ਹਿੰਦੀ ਲੇਖਕ ਸਾਹਿਰ ਲੁਧਿਆਣਵੀ ਵਿੱਚ ਵੀ ਕੁਝ ਸਮਾਂ ਪ੍ਰੇਮ ਸਬੰਧ ਦੇ ਚਰਚੇ ਰਹੇ ਪਰ ਅਖੀਰ ਇੱਕ ਹੋਰ ਲੇਖਕ ਅਤੇ ਪੇਂਟਰ ਇਮਰੋਜ਼ ਨਾਲ ਅੰਮ੍ਰਿਤਾ ਨੇ ਆਪਣੀ ਜ਼ਿੰਦਗੀ ਦੇ ਆਖਰੀ 40 ਸਾਲ ਗੁਜ਼ਾਰੇ ਜੋ ਕਿ ਅਕਸਰ ਉਨ੍ਹਾਂ ਦੀਆਂ ਕਿਤਾਬਾਂ ਦੇ ਕਵਰ ਵੀ ਬਣਾਇਆ ਕਰਦੇ ਸਨ। ਇਮਰੋਜ਼ ਵਾਸਤੇ ਵੀ ਉਸਨੇ ਇੱਕ ਕਵਿਤਾ ਲਿਖੀ ਸੀ।
ਮੈਂ ਤੈਨੂੰ ਫੇਰ ਮਿਲਾਂਗੀ
ਕਿੱਥੇ ? ਕਿਸ ਤਰਾਂ ? ਪਤਾ ਨਹੀਂ
ਸ਼ਾਇਦ ਤੇਰੇ ਤਖ਼ਈਅਲ ਦੀ ਚਿਣਗ ਬਣਕੇ
ਤੇਰੀ ਕੈਨਵਸ 'ਤੇ ਉਤਰਾਂਗੀ
ਜਾਂ ਖੌਰੇ ਤੇਰੀ ਕੈਨਵਸ ਦੇ ਉੱਤੇ
ਇਕ ਰਹੱਸਮਈ ਲਕੀਰ ਬਣਕੇ
ਖਾਮੋਸ਼ ਤੈਨੂੰ ਤੱਕਦੀ ਰਵਾਂਗੀ।
ਅੰਮ੍ਰਿਤਾ ਪ੍ਰੀਤਮ ਉੱਚ ਪੱਧਰ ਦੀਆਂ ਕਾਵਿ-ਗੋਸ਼ਟੀਆਂ ਦੀ ਸ਼ਾਨ ਸੀ। ਉਸ ਨੇ ਵੀਅਤਨਾਮ, ਰੂਸ, ਯੂਗੋਸਲਾਵੀਆ, ਹੰਗਰੀ, ਰੋਮਾਨੀਆ ਅਤੇ ਬੁਲਗਾਰੀਆ ਦੇਸ਼ਾਂ ਦੀ ਯਾਤਰਾ ਵੀ ਕੀਤੀ। ਅੰਮ੍ਰਿਤਾ ਪ੍ਰੀਤਮ ਨੂੰ 1956 ਵਿੱਚ ਸੁਨੇਹੜੇ, ਕਾਵਿ ਸੰਗ੍ਰਹਿ ’ਤੇ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਹੋਇਆ। 1958 ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਨਮਾਨ ਮਿਲਿਆ, ਸਾਹਿਤ ਕਲਾ ਪ੍ਰੀਸ਼ਦ ਦਿੱਲੀ ਵੱਲੋਂ 1974 ਵਿੱਚ ਇਨਾਮ ਦਿੱਤਾ ਗਿਆ।ਕੰਨੜ ਸਾਹਿਤ ਸੰਮੇਲਨ ਵਿੱਚ ਇਸਨੂੰ 1978 ਵਿੱਚ ਇਨਾਮ ਮਿਲਿਆ। 1982 ਵਿੱਚ ਇਸਨੂੰ ਕਾਗਜ਼ ਤੇ ਕੈਨਵਸ ਕਾਵਿ-ਸੰਗ੍ਰਹਿ ’ਤੇ ਗਿਆਨਪੀਠ ਅਵਾਰਡ ਦਿੱਤਾ ਗਿਆ। ਅੰਮ੍ਰਿਤਾ ਪ੍ਰੀਤਮ ਨੇ ਆਪਣੀਆਂ ਰਚਨਾਵਾਂ ਵਿੱਚ ਫਿਰਕੂ ਫਸਾਦਾਂ, ਸਰਮਾਏਦਾਰੀ ਸ਼ੋਸ਼ਣ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ।
ਅੰਮ੍ਰਿਤਾ ਪ੍ਰੀਤਮ ਇੱਕ ਬਹੁਤ ਸ਼ਕਤੀਸ਼ਾਲੀ ਵਿਅਕਤਿਤਵ ਦੀ ਮਾਲਕ ਸੀ। ਉਸ ਨੇ ਪੰਜਾਬੀ ਸਾਹਿਤ ਦੀ ਵਿਲੱਖਣ ਸੇਵਾ ਕੀਤੀ।ਅੰਮ੍ਰਿਤਾ ਪ੍ਰੀਤਮ ਆਪਣੇ ਆਖਰੀ ਸਮੇਂ ਵਿੱਚ ਦਿੱਲੀ ਵਿੱਚ ਆਪਣੇ ਮਿੱਤਰ ਚਿੱਤਰਕਾਰ ਇਮਰੋਜ਼ ਨਾਲ ਮਿਲ ਕੇ ਨਾਗਮਣੀ ਨਾਮ ਦਾ ਸਾਹਿਤਕ ਪੱਤਰ ਚਲਾਉਂਦੀ ਰਹੀ। ਲੰਮੀ ਬਿਮਾਰੀ ਦੇ ਕਾਰਨ 31 ਅਕਤੂਬਰ 2005 ਨੂੰ 86 ਸਾਲ ਦੀ ਉਮਰ ਵਿੱਚ ਅੰਮ੍ਰਿਤਾ ਪ੍ਰੀਤਮ ਦਾ ਦੇਹਾਂਤ ਹੋ ਗਿਆ। ਪੰਜਾਬ ਦੀ ਮਹਾਨ ਕਲਮ-ਏ-ਅਲਫਾਜ਼ ਸਦਾ ਦੀ ਨੀਂਦ ਸੌਂ ਗਈ। ਉਨ੍ਹਾਂ ਦੀਆਂ ਲਿਖਤਾਂ ਸਦਾ ਅਮਰ ਰਹਿਣਗੀਆਂ।
"ਮਾਣ ਸੁੱਚੇ ਇਸ਼ਕ ਦਾ ਹੈ, ਹੁਨਰ ਦਾ ਦਾਅਵਾ ਨਹੀਂ
ਕਲਮ ਦੇ ਇਸ ਭੇਤ ਨੂੰ ਕੋਈ ਇਲਮ ਵਾਲਾ ਪਾਏਗਾ।
ਕੁਲਦੀਪ ਸਿੰਘ ਰਾਮਨਗਰ