ਕਹਾਣੀਨਾਮਾ-17 : ਆਜ਼ਾਦ ਹਿੰਦ ਫੌਜ ਦਾ ਸਿਪਾਹੀ

05/16/2020 4:00:58 PM

ਸਤਵੀਰ ਸਿੰਘ ਚਾਨੀਆਂ

ਚੜ੍ਹਦੇ ਜਨਵਰੀ 2016 ਨੂੰ ਮੈਂ ਇਨ੍ਹਾਂ ਦੇ ਘਰ ਢਾਹੇ ਜਾ ਕੇ ਮੁਲਾਕਾਤ ਕੀਤੀ ਤਾਂ ਇਨ੍ਹਾਂ ਆਪਣੀ ਕਹਾਣੀ ਜਿਵੇਂ ਕਹਿ ਸੁਣਾਈ ਉਵੇਂ ਇਥੇ ਦਰਜ ਕੀਤੀ ਜਾਂਦੀ ਹੈ–ਆਨੰਦਪੁਰ ਸਾਹਿਬ ਤੋਂ 10 ਕੁ ਕਿ:ਮੀ: ਨੰਗਲ ਡੈਮ ਨੂੰ ਜਾਂਦੀ ਸੜਕ ਉਪਰ ਜ਼ਿੰਦਵੜੀ ਖੱਬੇ ਹੱਥ ਤੇ ਸੱਜੇ ਹੱਥ ਅੱਧਾ ਕੁ ਕਿ: ਮੀ: ’ਤੇ ਵਸਿਆ ਪਿੰਡ ਹੈ ਢਾਹੇ। ਇਸ ਢਾਹੇ ਦੇ ਹੀ ਇਕ ਢਾਰੇ ਵਿਚ 1917 ਵਿਚ ਸ:ਰਾਮ ਸਿੰਘ ਕੌਮ ਜੱਟ ਸਿੱਖ ਦੇ ਘਰ ਸ.ਫੌਜਾ ਸਿੰਘ ਦਾ ਜਨਮ ਹੋਇਆ। 4ਵੀਂ ਤੱਕ ਦੀ ਪੜ੍ਹਾਈ ਗੁਆਂਢੀ ਪਿੰਡ ਦਸ ਗਰਾਈਂ ਤੋਂ ਅਤੇ 10ਵੀਂ ਤੱਕ ਦੀ ਪੜ੍ਹਾਈ ਖਾਲਸਾ ਸਕੂਲ ਆਨੰਦਪੁਰ ਤੋਂ ਅੱਬਲ ਦਰਜੇ ਵਿਚ ਪਾਸ ਕਰਨ ਉਪਰੰਤ ਕੁਝ ਸਮਾਂ ਭਗਤ ਰਾਮ ਬੈਂਕਰ ਪਾਸ ਅਖਬਾਰ ਲਈ ਕੰਮ ਕੀਤਾ। ਉਸੇ ਵਲੋਂ ਪਰੇਰਤ ਕਰਨ ’ਤੇ ਫੌਜਾ ਸਿੰਘ ਹੋਰਾਂ ਲਾਹੌਰ ਜਾ ਕੇ ਫੌਜ ਵਿਚ ਕਲਰਕ ਦੀ ਨੌਕਰੀ ਲਈ ਅਪਲਾਈ ਕੀਤਾ।

ਉਸ ਵਕਤ ਇਨ੍ਹਾਂ ਨਾਲ ਕੁਲ 13 ਮੁੰਡੇ ਨੌਕਰੀ ਲਈ ਚੁਣੇ ਗਏ, ਜਿਨ੍ਹਾਂ ਵਿਚ ਖਾਸ ਤੌਰ ’ਤੇ ਦੋਸਤ ਮੁਹੰਮਦ ਖਾਂ ਡੇਰਾ ਇਸਮਾਈਲ ਖਾਂ ਤੋਂ ਅਤੇ ਪਿੰਡ ਹਿੱਸੋਵਾਲ ਜ਼ਿਲ੍ਹਾ ਲੁੱਦੇਹਾਣਾ ਤੋਂ ਰਣਜੀਤ ਸਿੰਘ ਵੀ ਸਨ। ਜਿਨ੍ਹਾਂ ਨਾਲ ਇਨ੍ਹਾਂ ਦੀ ਖਾਸ ਮੁਹੱਬਤ ਨੌਕਰੀ ਉਪਰੰਤ ਵੀ ਬਣੀ ਰਹੀ। ਉਸ ਵਕਤ ਫੌਜਾ ਸਿੰਘ ਦੀ ਉਮਰ ਕੋਈ 20 ਕੁ ਵਰ੍ਹੇ ਸੀ। ਨਿਯੁਕਤੀ ਉਪਰੰਤ ਇਨ੍ਹਾਂ ਨੂੰ 17 ਬੈਟਰੀ ਐਂਟੀ ਏਅਰ ਕਰਾਫਟ ਕੰਪਨੀ ਵਿਚ ਸ਼ਾਮਲ ਕਰਕੇ ਹਾਂਗਕਾਂਗ ਭੇਜ ਦਿੱਤਾ ਗਿਆ। ਤਦੋਂ ਹੀ ਜਨਰਲ ਮੋਹਨ ਸਿੰਘ ਜੁਗਿਆਣਾ ਨੇ ਆਜ਼ਾਦ ਹਿੰਦ ਫੌਜ ਖੜ੍ਹੀ ਕਰਕੇ ਭਾਰਤੀਆਂ ਤੇ ਖਾਸ ਕਰਕੇ ਭਾਰਤੀ ਫੌਜ ਵਿਚ ਲੜ ਰਹੇ ਅੰਗ੍ਰੇਜਾਂ ਅਧੀਨ ਪੰਜਾਬੀ ਭਾਰਤੀਆਂ ਨੂੰ ਇਸ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ। ਤਦੋਂ ਹੀ ਜਰਮਨ ਤੋਂ ਬੰਗਾਲੀ ਸ਼ੇਰ ਸ਼ੁਭਾਸ਼ ਚੰਦਰ ਬੋਸ ਨੇ ਸਿੰਘਾਂ ਪੁਰ ਪਹੁੰਚ ਕੇ ਆਜ਼ਾਦ ਹਿੰਦ ਫੌਜ ਦੀ ਕਮਾਂਡ ਸੰਭਾਲ ਕੇ ਇਹ ਨਾਅਰਾ ਬੁਲੰਦ ਕੀਤਾ 'ਆਪ ਮੁਝੇ ਖੂਨ ਦੋ- ਮੈਂ ਤੁਝੇ ਆਜ਼ਾਦੀ ਦੂੰਗਾ'।

ਇਸ ਨਾਅਰੇ ਦਾ ਫੌਜਾ ਸਿੰਘ ਅਤੇ ਉਸ ਦੇ ਸਾਥੀਆਂ ਉਪਰ ਬਹੁਤ ਅਸਰ ਹੋਇਆ। ਇਸ ਦੌਰਾਨ ਹੀ ਇਨ੍ਹਾਂ ਨੂੰ ਹੋਰ 56 ਭਾਰਤੀ ਫੌਜੀਆਂ ਸਮੇਤ ਸਿੰਘਾ ਪੁਰ ਲਈ ਤਿਆਰ ਹੋਣ ਦਾ ਹੁਕਮ ਹੋਇਆ। ਫੌਜਾ ਸਿੰਘ ਹੋਰੀਂ ਦਸਦੇ ਹਨ ਕਿ ਹਾਂਗਕਾਂਗ ਜਿੱਥੇ ਕਿ ਉਨ੍ਹਾਂ ਦੀ ਰਿਹਾਇਸ਼ ਸੀ ਦੇ ਆਸ-ਪਾਸ ਹੀ ਮੁਹੱਲੇ ਵਿਚ ਕੁਝ ਓਧਰਲੀਆਂ ਮੁਟਿਆਰਾਂ ਰਹਿੰਦੀਆਂ ਸਨ। ਉਨ੍ਹਾਂ ’ਚੋਂ ਇਕ ਮੁਟਿਆਰ ਉਸ ਨਾਲ ਅੰਦਰੋਂ ਮੁਹੱਬਤ ਰੱਖਦੀ ਸੀ ਪਰ ਕਦੇ ਵੀ ਖੁੱਲ ਕੇ ਉਸ ਨੇ ਅਪਣੀ ਮੁਹੱਬਤ ਦਾ ਇਜ਼ਹਾਰ ਨਹੀਂ ਸੀ ਕੀਤਾ। ਜਦ ਉਸ ਨੂੰ ਉਨ੍ਹਾਂ ਦੇ ਸਿੰਘਾਪੁਰ ਨੂੰ ਬੇੜੇ ਚੜਨ ਦੀ ਭਿਣਕ ਲੱਗੀ ਤਾਂ ਉਹ ਮੁਟਿਆਰ ਤਦੋਂ ਭੱਜ ਕੇ ਫੌਜਾ ਸਿੰਘ ਨੂੰ ਆਣ ਮਿਲੀ ਅਤੇ ਉਥੋਂ ਨਾ ਜਾਣ ਅਤੇ ਉਸ ਨਾਲ ਵਿਆਹ ਕਰਵਾ ਲੈਣ ਦਾ ਵਾਸਤਾ ਪਾਉਣ ਲੱਗੀ ਪਰ ਵਤਨ ਪ੍ਰਸਤੀ ਦੀ ਭਾਵਨਾ ਰੱਖਦੇ ਫੌਜਾ ਸਿੰਘ ਹੋਰਾਂ ਅਪਣੀ ਜ਼ਮੀਰ ਨਾਲ ਸਮਝੌਤਾਨਹੀਂ ਕੀਤਾ। ਉਸ ਮੁਟਿਆਰ ਤੋਂ ਮੁਆਫੀ ਮੰਗ ਕੇ ਬੇੜੇ ’ਤੇ ਸਵਾਰ ਹੋ ਗਏ।

ਸਿੰਗਾਪੁਰ ਪਹੁੰਚਦਿਆਂ ਨੂੰ ਹਾਲਾਂ ਥੋੜੇ ਦਿਨ ਹੀ ਹੋਏ ਸਨ ਕਿ ਉਨ੍ਹਾਂ ਨੂੰ ਪਤਾ ਲੱਗਾ ਕਿ ਇਕ ਭਾਰਤੀ ਆਜ਼ਾਦ ਹਿੰਦ ਫੌਜ ਦੇ ਵੱਡੇ ਜਲਸੇ ਨੂੰ ਸੁਭਾਸ਼ ਚੰਦਰ ਬੋਸ ਸੰਬੋਧਨ ਕਰਨ ਲਈ ਆ ਰਹੇ ਹਨ ਤਾਂ ਉਹ ਵੀ ਬੋਸ ਦਾ ਲੈਕਚਰ ਸੁਣਨ ਲਈ ਚਲੇ ਗਏ। ਉਹ ਬੋਸ ਦੇ ਲੈਕਚਰ ਤੋਂ ਏਨਾਂ ਮੁਤਾਸਰ ਹੋਏ ਕਿ ਉਥੇ ਹੀ ਉਨ੍ਹਾਂ ਨੇ ਆਜ਼ਾਦ ਹਿੰਦ ਫੌਜ ਵਿਚ ਸ਼ਾਮਲ ਹੋਣ ਦਾ ਫੈਸਲਾ ਲੈ ਲਿਆ। ਉਨ੍ਹਾਂ 9-10 ਸਾਥੀਆਂ ਸਮੇਤ ਤਦੋਂ ਹੀ ਸ਼ਮੂਲੀਅਤ ਕਰ ਲਈ । ਆਜ਼ਾਦ ਹਿੰਦ ਫੌਜ ਵਿਚ ਤਦੋਂ ਫੌਜਾ ਸਿੰਘ ਹੋਰੀਂ ਸਭ ਤੋਂ ਛੋਟੀ ਉਮਰ ਦੇ ਸਿਪਾਹੀ ਸਨ। ਇਸੇ ਕਾਰਨ ਉਨ੍ਹਾਂ ਬਣੀ ਰਵਾਇਤ ਮੁਤਾਬਕ ਸੁਭਾਸ਼ ਚੰਦਰ ਬੋਸ ਨਾਲ ਮੇਜ ’ਤੇ ਬੈਠ ਕੇ ਖਾਣਾ ਵੀ ਖਾਧਾ। ਦੂਸਰੀ ਆਲਮੀ ਜੰਗ ਸਮੇਂ ਜਾਪਾਨ ਦੇ ਹਥਿਆਰ ਸੁੱਟ ਦੇਣ ਦੀ ਵਜਾਹਤ ਆਜ਼ਾਦ ਹਿੰਦ ਫੌਜ ਦੀਆਂ ਕੋਸ਼ਿਸ਼ਾਂ ਨੂੰ ਧੱਕਾ ਲੱਗਾ। ਅੰਗਰੇਜ਼ੀ ਸਰਕਾਰ ਦੀ ਜਿੱਤ ਹੋਣ ਉਪਰੰਤ ਫੌਜਾ ਸਿੰਘ ਨੂੰ ਤਿੰਨ ਸਾਲ ਦੀ ਸਜ਼ਾ ਹੋਈ। ਦੇਸ਼ ਆਜ਼ਾਦ ਹੋਣ ਉਪਰੰਤ ਉਨ੍ਹਾਂ ਮੁੜ ਕੁਝ ਸਾਲ ਭਾਰਤੀ ਫੌਜ ਵਿਚ ਮੁਲਾਜਮਤ ਕੀਤੀ। ਬਾਅਦ ’ਚ 15 ਸਾਲ ਭਾਖੜਾ ਡੈਮ ਨੰਗਲ ’ਤੇ 15 ਸਾਲ ਥੀਨ ਡੈਮ ਤਲਵਾੜਾ ’ਤੇ ਵੀ ਨੌਕਰੀ ਕੀਤੀ।

PunjabKesari

ਫੌਜਾ ਸਿੰਘ ਜੀ 1972 ਤੋਂ ਬਤੌਰ ਆਜ਼ਾਦੀ ਘੁਲਾਟੀਏ ਸਰਕਾਰੀ ਪੈਂਨਸ਼ਨ ਲੈ ਰਹੇ ਹਨ। ਇਸ ਵਕਤ ਜ਼ਿੰਦਗੀ ਦੇ 100 ਵੇਂ ਦਹਾਕੇ ਵਿਚ ਪ੍ਰਵੇਸ਼ ਕਰਨ ਜਾ ਰਹੇ ਫੌਜਾ ਸਿੰਘ ਜੀ ਜ਼ਿੰਦਗੀ ਦੀ ਸ਼ਾਮ ਆਪਣੀ ਬੇਟੀ ਰਜਿੰਦਰ ਕੌਰ ਤੇ ਦਾਮਾਦ ਕਾਮਰੇਡ ਜਸਵਿੰਦਰ ਸਿੰਘ (ਕਾਲਾ ਅਫਗਾਨਾ) ਨਾਲ ਹੰਡਾ ਰਹੇ ਹਨ, ਜੋ ਵਿਸੇਸ਼ ਤੌਰ ’ਤੇ ਉਨ੍ਹਾਂ ਦੀ ਟਹਿਲ ਸੇਵਾ ਲਈ ਅਮਰੀਕਾ ਤੋਂ ਆ ਕੇ ਉਨ੍ਹਾਂ ਪਾਸ ਰਹਿ ਰਹੇ ਹਨ।


rajwinder kaur

Content Editor

Related News