‘ਕੜਾਹੀਨਾਮਾ’ ਕਿਸ਼ਤ : 1

03/30/2020 1:22:13 PM

ਕੜਾਹੀਨਾਮਾ  ਕਿਸ਼ਤ : 1

ਆਲੂ ਮਟਰ
ਆਲੂ ਮਟਰ ਦੇ ਦੋ ਕਿੱਸੇ ਨੇ ਹੁਣ ਦਾ ਅਤੇ ਇਕ ਭਲੇ ਵੇਲਿਆਂ ਦਾ… 
ਆਲੂ ਉਂਝ ਤਾਂ ਹਰ ਸਬਜ਼ੀ ਦਾ ਸ਼ਿੰਗਾਰ ਹੁੰਦੇ ਹਨ। ਆਲੂ ਦੀ ਏਨੀ ਵਡਿਆਈ ਕਿ ਸਿਆਸਤ ਦੇ ਤਕਾਜ਼ੇ ਇੰਝ ਪਰਖੇ ਗਏ :-
‘‘ਜਬ ਤੱਕ ਰਹੇਗਾ ਸਮੋਸੇ ਮੇਂ ਆਲੂ,
ਤਬ ਤੱਕ ਰਹੇਗਾ ਬਿਹਾਰ ਮੇਂ ਲਾਲੂ’’
ਤੇ ਮਟਰ ! ਐਤਕੀ ਏਨਾਂ ਲਾਇਆ ਪੰਜਾਬ ਵਾਲਿਆ ਨੇ ਕਿ ਤਿੰਨ-ਤਿੰਨ ਰੁਪਏ ਕਿੱਲੋ ਵਿਕਿਆ। ਫਿਰ ਵੀ ਹਰ ਘਰ, ਵਿਆਹ, ਇੱਕਠ ਦਾ ਸ਼ਿੰਗਾਰ ਆਲੂ ਮਟਰ ਹੀ ਹੈ। ਫਸਲਾਂ ਦੀ ਵਿੰਭਨਤਾ ਦੀ ਗੱਲ ਹੁੰਦੀ ਹੈ ਪਰ ਕਣਕ ਝੋਨੇ ਤੋਂ ਪਾਰ ਸਬਜ਼ੀ ਆਲੂ ਬੀਜਣ ਵਾਲੇ ਕਿਸਾਨ ਕਹਿੰਦੇ ਹਨ ਕਿ ਇਹ ਸਰਕਾਰ ਦੀ ਸਿਰਫ ਜੁਮਲੇਬਾਜ਼ੀ ਹੈ। ਉਦਾਹਰਨ ਮੈਂ ਆਪਣੇ ਹਲਕੇ ਤੋਂ ਲੈਂਦਾ ਹਾਂ ਕਿ ਸ਼ੈੱਡ ਯੁਕਤ ਮੰਡੀ ਲੈ ਦੇ ਕੇ ਸਿਰਫ ਪਟਿਆਲਾ ਖਾਸ 'ਚ ਹੈ। ਮੀਂਹ ਕਣੀ ਵੇਲੇ ਡਕਾਲਾ, ਦੁੱਧਨ, ਦੇਵੀਗੜ੍ਹ, ਭੁੱਨਰਹੇੜੀ ਦੀਆਂ ਮੰਡੀਆਂ 'ਚ ਕੋਈ ਪ੍ਰਬੰਧ ਨਹੀਂ।ਹੁਣ ਕੁਝ-ਕੁਝ ਸੁਧਾਰ ਅਧੀਨ ਹੈ। ਸਬਜ਼ੀ ਵਾਲੀਆਂ ਮੰਡੀਆਂ 'ਚ ਸਿਰਫ ਸਨੌਰ ਹੀ ਮੰਡੀ ਆਧੁਨਿਕ ਸਹੂਲਤਾਂ ਦੀ ਹੈ। ਬਾਕੀ ਜਿਨਸਾਂ ਦੇ ਭਾਅ ਵੱਖਰਾ ਮੁੱਦਾ ਹੈ। ਸਭ ਤੋਂ ਖਾਸ ਸਿੰਚਾਈ ਲਈ ਬਿਜਲੀ ਦਾ ਪ੍ਰਬੰਧ ਸਰਕਲ ਵੀ ਕਣਕ ਝੌਨੇ ਦੇ ਹਿਸਾਬ ਨਾਲ ਹੀ ਤੈਅ ਕੀਤਾ ਹੈ। ਸਲੀਕੇਬੱਧ ਬਿਜਲੀ ਵੀ 15 ਜੂਨ ਤੋਂ ਦੱਸ ਘੰਟੇ ਲਈ ਸ਼ੁਰੂ ਹੋਵੇਗੀ।

ਖੈਰ, ਇਸ ਸਭ ਦੇ ਬਾਵਜੂਦ ਆਲੂ-ਮਟਰ ਘਰਾਂ ਦਾ ਸ਼ਿੰਗਾਰ ਹੈ। ਉਨਾਂ ਵੇਲਿਆਂ ਦੀ ਗੱਲ ਹੈ ਜਦੋਂ ਪੁਰਾਣੇ ਘਰ ਨੂੰ ਢਾਹ ਨਵੇਂ ਘਰ ਨੂੰ ਬਣਾਇਆ ਗਿਆ। ਨਵੇਂ ਘਰ ਦੇ ਨਾਲ-ਨਾਲ ਵਧਾਈ ਦੇਣ ਵਾਲੇ ਰਿਸ਼ਤੇਦਾਰਾਂ ਦਾ ਆਉਣਾ ਜਾਣਾ ਵੀ ਸ਼ੁਰੂ ਹੋ ਜਾਂਦਾ ਹੈ। ਸਾਡਾ ਮਾਮਾ ਆਪਣੇ ਕਿਸੇ ਮਿੱਤਰ ਨੂੰ ਲੈ ਘਰ ਆ ਗਿਆ। ਮਾਤਾ ਨੇ ਰੋਟੀ 'ਚ ਸੇਵੀਆਂ, ਆਲੂ-ਮਟਰ ਦੀ ਸਬਜ਼ੀ ਧਰ ਲਈ। ਮਾਮਾ ਘੁੰਮਦਾ-ਘੁੰਮਦਾ ਘਰ ਕੁਵੇਲਾ ਪਾ ਕੇ ਹੀ ਪਹੁੰਚਿਆ ਸੀ, ਸੋ ਭੁੱਖ ਵੀ ਵਾਹਵਾ ਲੱਗੀ ਸੀ। ਮਾਮੇ ਨੇ ਬੇਧਿਆਨਾ ਹੋ ਆਲੂ-ਮਟਰ ਦੀ ਸਬਜ਼ੀ 'ਚ ਰੋਟੀ ਲਾ ਬੁਰਕੀ ਜਦੋਂ ਮੂੰਹ 'ਚ ਪਾਈ ਤਾਂ ਆਲੂ-ਤਾਲੂ ਨਾਲ ਜਾ ਲੱਗਾ। ਮਾਮਾ ਵਿਚਾਰਾ ਸੰਘਦਾ ਆਪਣੀ ਕਾਹਲ ਦਾ ਨਤੀਜਾ ਜਾਹਰ ਵੀ ਨਹੀਂ ਸੀ ਕਰਨਾ ਚਾਹੁੰਦਾ, ਸੋ ਉਸ ਨੇ ਫੌਰੀ ਤਰਕੀਬ ਕੱਢੀ। ਤਾਲੂ ਨੂੰ ਹਵਾ ਲਵਾਉਣ ਲਈ ਮੋਰ ਵਾਂਗੂ ਉੱਪਰ ਨੂੰ ਮੂੰਹ ਕਰ ਲੈਂਟਰ ਵੱਲ ਵੇਖ ਕੇ ਕਹਿੰਦਾ,"ਪ੍ਰਭਬੀਰ ਸਿਹਾਂ ਪੈਸੇ ਤਾਂ ਲੱਗ ਜਾਂਦੇ ਆਂ, ਆਹ ਲੈਂਟਰ ਸੋਹਣਾ ਪੈ ਗਿਐ।" ਸਾਡਾ ਡੈਡੀ ਪਰਖ ਗਿਆ ਸੀ ਹਾਲ ਸਾਰਾ,ਕਹਿੰਦਾ," ਸੱਕਤਰ ਸਿਹਾਂ ਪਾਣੀ ਪੀ ਲੈ।" ਫੇਰ ਚੁੱਪ ਚਪੀਤੇ ਰੋਟੀ ਖਾਈ ਜਾਣ ’ਤੇ ਬੋਲਣ ਕੁਝ ਨਾ ਕੱਚੇ ਜਹੇ ਹੋਕੇ … ਮੈਨੂੰ ਹਾਸਾ ਬੜਾ ਆਵੇ ਪਰ ਘਰ ਆਏ ਦਾ ਮਾਣ ਵੀ ਰੱਖਣਾ ਪੈਂਦਾ ਸੀ, ਸੋ ਬਾਹਰ ਨਲਕੇ ਕੋਲ ਜਾ ਕੇ ਮੈਂ ਚੌਖਾ ਹੱਸਿਆ।

ਕੁਲਚੇ
ਵੀਰ ਜੀ ਦੇ ਕੁਲਚੇ

ਨਰਸਰੀ 'ਚ ਪੜ੍ਹਦਾ ਸੀ, ਪਟਿਆਲੇ ਗੁਰੂ ਨਾਨਕ ਨਗਰ ਮਾਸੀ ਕੋਲ। ਸ਼ਹਿਰ ਅੰਦਰ ਰਿਸ਼ਤੇਦਾਰਾਂ ਦਾ ਘਰ ਹੋਵੇ ਤਾਂ ਸੋਨੇ 'ਤੇ ਸੁਹਾਗਾ। ਕਿਸੇ ਦਾ ਬੱਚਾ ਹੋਣਾ ਹੋਵੇ, ਅੱਖ ਦਾ ਓਪਰੇਸ਼ਨ, ਰਸੌਲੀ, ਪੱਥਰੀ ਜਾਂ ਸ਼ੂਗਰ, ਸਰਹਿੰਦ ਦਾ ਸ਼ਹੀਦੀ ਦਿਹਾੜਾ, ਵਿਸਾਖੀ ਜਾਂ ਆਨੰਦਪੁਰ ਸਾਹਬ ਦਾ ਹੌਲਾ ਮਹੱਲਾ ਸਭ ਦਾ ਵੇਲੇ ਕੁਵੇਲੇ ਦਾ ਆਸਰਾ ਮਾਸੀ ਦਾ ਘਰ। ਮਾਸੜ ਨੇ ਕਈ ਵਾਰ ਕਹਿਣਾ ਧਰਮਸ਼ਾਲਾ ਈ ਏ ਮੇਰਾ ਘਰ…!
ਜਿਹੜੇ ਜ਼ਮਾਨੇ 'ਚ ਟੀਵੀ ਘਰਾਂ ਘਰਾਂ 'ਚ ਨਹੀਂ ਸਨ, ਉਦੋਂ ਮਾਸੜ ਕੋਲ ਉਹ ਟੀਵੀ ਸੀ, ਜਿਹਦੇ ਬੈਂਕ ਦੇ ਕੈਂਚੀ ਗੇਟ ਵਾਂਗੂ ਫਰੇਮ ਸੀ ਸਕ੍ਰੀਨ ਢੱਕਣ ਲਈ। ਟੈਕਸਲਾ ਦਾ ਟੀਵੀ, ਟੀਵੀ 'ਤੇ ਸੀਟੀ ਕੇਬਲ, ਉਨ੍ਹਾਂ ਸਮਿਆਂ ਦੀ ਜਦੋਂ ਕੇਬਲ ਮਾਫੀਆ ਨਹੀਂ ਸੀ। ਉਸ ਸਮੇਂ ’ਚ ਪੰਜ ਸਾਲ ਦਾ ਮੈਂ ਪਟਿਆਲੇ ਵਿਖੇ ਨਰਸਰੀ ’ਚ ਪੜ੍ਹਦਾ ਸੀ। ਖੱਬੇ ਹੱਥ ਨਾਲ ਲਿਖਣ ਕਰਕੇ ਮੈਡਮ ਨੇ ਚੰਗਾ ਕੁੱਟਣਾ। ਡੈਡੀ ਨੂੰ ਪਤਾ ਲੱਗਾ ਤਾਂ ਮੈਡਮ ਨੂੰ ਜਾ ਪੁੱਛਿਆ ਕਿ ਵਿਖਾ ਕਿਹੜੀ ਰੂਲ ਬੁੱਕ 'ਤੇ ਲਿਖਿਐ ਕਿ ਸੱਜੇ ਹੱਥ ਨਾਲ ਹੀ ਲਿਖਣੈ…ਰੱਬ ਨੇ ਦੋ ਹੱਥ ਦਿੱਤੇ ਨੇ ਤੈਅ ਬੱਚੇ ਨੂੰ ਆਪੇ ਕਰਨ ਦਿਓ…
ਤੇ ਵੀਰ ਜੀ ਦੇ ਕੁਲਚੇ !
ਮੇਰੇ ਨਰਸਰੀ ਪੜ੍ਹਣ ਤੋਂ ਵੀ ਪੰਜ ਸਾਲ ਪਹਿਲਾਂ ਦਾ ਉਹ ਕੁਲਚੇ ਬਣਾਉਂਦੇ ਸਨ। ਮੱਖਣ, ਖਾਸ ਤਰ੍ਹਾਂ ਦੀ ਘਰ 'ਚ ਤਿਆਰ ਕੀਤੀ ਚਟਣੀ, ਚਿੱਟੇ ਛੋਲੇ, ਆਲੂ ਦਾ ਪੇਸ ਬਰੀਕ ਜਿਹਾ ਤਿਆਰ ਕੀਤਾ ਹੋਇਆ। ਹਰੀ ਮਿਰਚ ਮੰਗ ਮੁਤਾਬਕ ਪਾਉਣੀ ਅਤੇ ਤਵੇ 'ਤੇ ਕੁਲਚੇ ਨੂੰ ਘੁੰਮਾ ਕੇ ਇਉਂ ਰਾੜਣਾ ਕਿ ਕਰਾਰੇ ਕੁਲਚੇ ਵਾਲੇ ਵੀਰ ਜੀ ਦੇ ਕੁਲਚੇ 2020 ਤੱਕ 38 ਸਾਲ ਦੇ ਹੋ ਗਏ। ਪਹਿਲਾਂ ਪਹਿਲ ਉਹ ਗਰਮੀਆਂ 'ਚ ਬਰਫ ਵਾਲਾ ਗੋਲਾ ਲਾਉਂਦੇ ਸਨ ਅਤੇ ਸਿਆਲਾਂ 'ਚ ਕੁਲਚੇ, ਫੇਰ ਉਨ੍ਹਾਂ ਨੇ 12 ਮਹੀਨੇ ਹੀ ਕੁਲਚੇ ਕਰ ਦਿੱਤੇ, ਦੋ ਨੰਬਰ ਗਲੀ ਗੁਰੂ ਨਾਨਕ ਨਗਰ ਇਕੋ ਥਾਂ ਲਗਾਤਾਰ…

ਵੀਰ ਜੀ ਦੇ ਕੁਲਚੇ ਨਾਮ ਇਹੋ ਰਿਹਾ। ਨਾਲੋਂ ਨਾਲ ਕੱਦ ਕਾਠ,ਜਾਲੀ ਵਾਲੀ ਠਾਠੀ,ਚਿੱਟੀ ਗੋਲ ਦਸਤਾਰ ਵੀ ਉਵੇਂ।ਅੰਕਲ ਨੂੰ ਵੇਖ ਲੱਗਦਾ ਹੈ ਕਿ ਅੱਜ ਹੀ ਅਸੀ ਉਹੋ ਛੋਟੇ ਜਹੇ ਪੰਜਾਹ ਪੈਸੇ ਫੜ੍ਹ ਅੰਕਲ ਤੋਂ ਮਿੱਠੀ ਚਟਣੀ ਨਾਲ ਕੁਲਚੇ ਦੀ ਫਰਮਾਇਸ਼ ਕਰਦੇ ਬੱਚੇ ਹੀ ਹਾਂ। ਸ਼ਹਿਰ ਜਵਾਨ ਹੋ ਗਿਆ ਹੈ, ਮੌਸਮ ਬਦਲ ਗਿਆ ਹੈ, ਅਸਹਿਣਸ਼ੀਲਤਾ ਦੇ ਦੌਰ 'ਚ, ਬੀਫ, ਰਾਸ਼ਟਰਵਾਦ ਦੀਆਂ ਬਹਿਸਾਂ ਤੋਂ ਦੂਰ ਉਨ੍ਹਾਂ ਨੂੰ ਵੇਖ ਬਚਪਨ 'ਚ ਚਲੇ ਜਾਈਦੈ, ਜਿੱਥੇ ਮਾਸੀ ਦਾ ਘਰ, ਵੀਰ ਜੀ ਦੇ ਕੁਲਚੇ, ਗੁਰਦੁਆਰਾ ਦੁਖਨਿਵਾਰਣ ਸਾਹਬ ਦੀ ਪੰਚਮੀ, ਖੱਬੇ ਹੱਥ ਦੀ ਲਿਖਾਵਟ ਨਾਲ ਪੁੰਗਰਦੇ ਹਰਫ ਅਤੇ ੳ-ਊਠ, ਅ-ਅੰਬ, ੲ-ਇੱਟ ਹੀ ਜ਼ਿੰਦਗੀ ਸੀ। ਵੀਰ ਜੀ ਦੇ ਕੁਲਚੇ ਵਾਲੇ ਅੰਕਲ ਨੇ ਇਸੇ ਰੇੜ੍ਹੀ ਤੋਂ ਸ਼ਹਿਰ 'ਚ ਪਲਾਟ,ਦੋ ਬੱਚੇ ਪੜ੍ਹਾ ਰੇਲਵੇ 'ਚ ਨੌਕਰੀ ਲਵਾਏ ਹਨ। ਕਾਰਜਸ਼ੀਲਤਾ ਲਗਣ ਤੇ ਕੰਮ ਨੂੰ ਇੱਜ਼ਤ 'ਚ ਉਨ੍ਹਾਂ ਦੇ ਕੁਲਚੇ ਸਿਹਤ ਲਈ ਨੁਕਸਾਨਦੇਹ ਬਿਲਕੁਲ ਨਹੀਂ ਲੱਗਦੇ।

ਹਰਪ੍ਰੀਤ ਸਿੰਘ ਕਾਹਲੋਂ
9779888335


rajwinder kaur

Content Editor

Related News