ਜੱਗੇ ਨੂੰ ਤਾਂ ''ਦੂਜਾ'' ਹੋ ਗਿਆ !

Thursday, Nov 16, 2017 - 02:15 PM (IST)

“ਚੋਣ ਜ਼ਾਬਤਾ ਲਾਗੂ ਹੋ ਗਿਆ ਬਾਈ, ਲਾਂਗੜ ਕਸ ਲਓ ਹੁਣ“, ਪਾਰਟੀ ਦੀ ਮੀਟਿੰਗ ਵਿੱਚ ਇੱਕ ਬੰਦਾ ਬੜੇ ਜੋਸ਼ ਨਾਲ ਆਖ ਰਿਹਾ ਸੀ। ਉਸਦੇ ਕਹੇ ਦਾ ਸਭ ਨੇ ਉਤਸ਼ਾਹ ਨਾਲ ਹੁੰਗਾਰਾ ਭਰਿਆ ਪਰ ਬਹੁਤਿਆਂ ਨੂੰ ਇਹ ਪਤਾ ਨਹੀਂ ਸੀ ਕਿ ਉਹ ਹੈ ਕੌਣ। ਕਿਸੇ ਅਨਜਾਣ ਦੇ ਪੁੱਛਣ 'ਤੇ ਵਿੱਚੋਂ ਹੀ ਕਿਸੇ ਜਾਣੂ ਨੇ ਦੱਸਿਆ, “ਇਹ ਜੱਗਾ ਐ“, ਉਸਦੇ ਪਿੰਡ ਬਾਰੇ ਸ਼ਾਇਦ ਉਹ ਵੀ ਨਹੀਂ ਸੀ ਜਾਣਦਾ। ਭਾਵੇਂ ਜੱਗਾ ਕੋਈ ਮਸ਼ਹੂਰ ਹਸਤੀ ਨਹੀਂ ਸੀ, ਜਿਸ ਬਾਰੇ ਆਏ ਦਿਨ ਅਖਬਾਰਾਂ ਵਿੱਚ ਕੁੱਝ ਨਾ ਕੁੱਝ ਛਪਦਾ ਹੋਵੇ, ਪਰ ਉਸ ਸਾਧਾਰਣ ਪੰਜਾਬੀ ਦੇ ਆਸਵੰਦ ਲਹਿਜੇ ਵਿੱਚੋਂ ਜ਼ਿੰਦਗੀ ਸਹਿਜੇ ਹੀ ਝਲਕ ਰਹੀ ਸੀ।
ਇਕ ਸਿਆਸੀ ਰੈਲੀ ਦੌਰਾਨ ਜਗਮੇਲ ਸਿੰਘ ਉਰਫ ਜੱਗਾ ਨਾਲ ਮੇਰੀ ਪਹਿਲੀ ਮੁਲਾਕਾਤ ਸਾਲ 2011 ਵਿੱਚ ਹੋਈ ਸੀ। ਮੈਨੂੰ ਯਾਦ ਹੈ ਕਿ ਰੈਲੀ ਦੀ ਭੀੜ ਵਿੱਚ ਉਸ ਨੇ ਜਦੋਂ ਮੈਨੂੰ ਲੱਭ ਕੇ ਬੁਲਾਇਆ ਸੀ ਤਾਂ ਪਹਿਲੀ ਗੱਲ ਇਹੀ ਆਖੀ ਸੀ, “ਬਾਈ, ਮੈਨੂੰ ਪਾਰਟੀ ਵਲੰਟੀਅਰ ਬਣਵਾ ਦਿਓ, ਇੱਕ ਮੌਕਾ ਦੁਆ ਦਿਓ, 'ਤੇ ਫੇਰ ਵੇਖਿਓ ਸਹੀ“, ਉਹ ਲਾਜ਼ਮੀ ਮੇਰੇ ਬਾਰੇ ਜਾਣਦਾ ਸੀ। ਉਸ ਨੇ ਦੱਸਿਆ ਸੀ ਕਿ ਉਹ ਇੱਕ ਟਰੈਕਟਰ ਕੰਪਨੀ ਵਿੱਚ ਬਤੌਰ ਸੇਲਜ਼ਮੈਨ ਕੰਮ ਕਰਦਾ ਰਿਹਾ ਹੈ ਅਤੇ ਇਸ ਇਲਾਕੇ ਦੇ ਸਾਰੇ ਪਿੰਡਾਂ 'ਚ ਉਸਦੀ ਪਛਾਣ ਹੈ ਅਤੇ ਉਹ ਇਸਦਾ ਲਾਹਾ ਪਾਰਟੀ ਵਾਸਤੇ ਲੈਣਾ ਚਾਹੁੰਦਾ ਸੀ।
ਮੈਂ ਪਾਰਟੀ ਦੇ ਉੱਚ ਅਹੁਦੇਦਾਰਾਂ ਨਾਲ ਗੱਲ ਕੀਤੀ ਅਤੇ ਜਿਸ ਤਰ੍ਹਾਂ ਦੀ ਜ਼ਿੰਮੇਵਾਰੀ ਜੱਗਾ ਚਾਹੁੰਦਾ ਸੀ, ਉਸ ਨੂੰ ਸੌਂਪ ਦਿੱਤੀ ਗਈ। “ਬਾਈ, ਹੁਣ ਤਬਦੀਲੀ ਲਿਆ ਕੇ ਹੀ ਸਾਹ ਲਵਾਂਗੇ“, ਉਸਨੇ ਬੜੇ ਜ਼ੋਰ ਨਾਲ ਹੱਥ ਮਿਲਾਇਆ ਸੀ ਉਸ ਦਿਨ। ਫਿਰ ਤਾਂ ਜੱਗਾ ਸੀ 'ਤੇ ਉਸਦਾ ਮੋਟਰ ਸਾਈਕਲ, ਚੱਲ ਸੋ ਚੱਲ ਦੋਵੇਂ, ਕੀ ਦਿਨ 'ਤੇ ਕੀ ਰਾਤ, ਕੀ ਗਰਮੀ 'ਤੇ ਕੀ ਸਰਦੀ, ਕੀ ਮੀਂਹ 'ਤੇ ਕੀ ਹਨੇਰੀ, ਕੋਈ ਵੀ ਔਕੜ ਉਹਨਾਂ ਨੂੰ ਰੋਕ ਨਹੀਂ ਸਕੀ ਸੀ। ਪਾਰਟੀ ਦੁਆਰਾ ਦਿੱਤੀ ਗਈ ਜ਼ਿੰਮੇਵਾਰੀ ਨੂੰ ਜੱਗਾ ਸਾਫ਼ਗੋਈ, ਉਤਸ਼ਾਹ ਅਤੇ ਲਗਨ ਨਾਲ ਹੱਸਦਿਆਂ ਹੱਸਦਿਆਂ ਨਿਭਾਉਂਦਾ ਰਿਹਾ ਸੀ।
ਪਿਛਲੇ ਸਾਲ, 2015 ਦੇ ਨਵੰਬਰ ਮਹੀਨੇ ਵਿੱਚ ਮੈਨੂੰ ਜੱਗੇ ਦਾ ਫ਼ੋਨ ਆਇਆ ਤਾਂ ਉਸ ਦੀ ਵਿਗੜੀ ਸਿਹਤ ਬਾਰੇ ਪਤਾ ਲੱਗਿਆ ਕਿਉਂਕਿ ਗੱਲਬਾਤ ਤੋਂ ਉਹ ਸਖ਼ਤ ਬੀਮਾਰ ਅਤੇ ਡੂੰਘੀ ਔਖ ਵਿੱਚ ਲੱਗ ਰਿਹਾ ਸੀ ਅਤੇ ਸ਼ਾਇਦ ਧਰਵਾਸ ਲਈ ਤਾਂਘ ਰਿਹਾ ਸੀ। ਉਸੇ ਹੀ ਸ਼ਾਮ ਜਦ ਮੈਂ ਉਸਦੇ ਪਿੰਡ ਉਸਦੇ ਘਰ ਪੁੱਜਾ ਤਾਂ ਉਹ ਮੰਜੇ 'ਤੇ ਪਿਆ ਸੀ ਪਰ ਮੈਨੂੰ ਵੇਖ ਕੇ ਉਹ ਉੱਠ ਖਲੋਤਾ ਅਤੇ ਫਤਹਿ ਬੁਲਾਈ। ਉਹ ਬੜੀ ਮੁਸ਼ਕਲ ਨਾਲ ਖੜਾ ਹੋਇਆ ਸੀ, ਸਰੀਰ ਬਹੁਤ ਕਮਜ਼ੋਰ ਹੋ ਗਿਆ ਸੀ ਅਤੇ ਚਿਹਰਾ ਮੁਰਝਾਇਆ ਹੋਇਆ ਸੀ ਅਤੇ ਦਾੜੀ ਤਾਂ ਤਕਰੀਬਨ ਉੱਡ ਹੀ ਗਈ ਸੀ। ਹਾਲਾਂਕਿ ਸਭ ਕੁੱਝ ਸਾਫ਼ ਨਜ਼ਰ ਆ ਰਿਹਾ ਸੀ, ਪਰ ਫ਼ਿਰ ਵੀ ਮੈਂ ਉਸਨੂੰ ਉਸਦੀ ਸਿਹਤ ਬਾਰੇ ਪੁੱਛਿਆ।
ਜੱਗੇ ਨੇ ਮੈਨੂੰ ਦੱਸਿਆ,“ਬਾਈ, ਮਹੀਨੇ ਸਾਰੇ ਤੋਂ ਤਾਂ ਕੁੱਝ ਖਾ ਹੀ ਨਹੀਂ ਹੁੰਦਾ ਮੈਥੋਂ, 'ਤੇ ਜੇ ਔਖਾ ਸੋਖਾ ਭੋਰਾ ਖਾ ਲਵਾਂ ਤਾਂ ਹਜ਼ਮ ਨਹੀਂ ਹੁੰਦਾ। ਬੜੇ ਡਾਕਟਰਾਂ ਨੂੰ ਵਿਖਾਇਆ ਪਰ ਕਿਸੇ ਦੇ ਗੱਲ ਸਮਝ ਨਹੀਂ ਆਈ, 'ਤੇ ਫੇਰ ਕਹਿੰਦੇ ਬੀਕਾਨੇਰ ਵਿਖਾ ਕੇ ਆ। ਮੈਂ ਬਠਿੰਡਿਓ ਬੀਕਾਨੇਰ ਨੂੰ ਬਹਿ ਗਿਆ, ਕੈਂਸਰ ਆਲੀ ਗੱਡੀ, 'ਤੇ ਉੱਥੇ ਕਹਿੰਦੇ ਬਈ ਕੈਂਸਰ ਆ ਤੈਨੂੰ, 'ਤੇ ਸਟੇਜ ਵੀ ਅਖੀਰਲੀ ਆ। ਬਾਈ, ਮੈਂ ਤਾਂ ਫੇਰ ਪਿੰਡ ਹੀ ਮੁੜ ਆਇਆ 'ਤੇ ਹੁਣ ਫਰੀਦਕੋਟ ਆਲੇ ਸਰਕਾਰੀ ਹਸਪਤਾਲ ਜਾਨਾਂ ਹੁੰਦਾਂ, ਜੇ ਕੋਈ ਗੱਲ ਬਣਜੇ ਤਾਂ ਭਲਾ। ਉੱਥੇ ਮੂੰਹ ਹਨੇਰੇ ਈ ਜਾਣਾ ਪੈਂਦਾ, ਬੜੀ ਭੀੜ ਹੁੰਦੀ ਆ, 'ਕੱਲੇ 'ਕੱਲੇ ਮੰਜੇ 'ਤੇ ਦੋ ਦੋ, ਤਿੰਨ ਤਿੰਨ ਮਰੀਜ਼ ਪਏ ਹੁੰਦੇ ਆ। ਹੁਣ ਤਾਂ ਮੈਂ ਘਰੋਂ ਕਿਤੇ ਨਹੀਂ ਜਾਂਦਾ, ਪਿੰਡ ਆਲੇ ਸਾਰੇ ਕਹੀ ਜਾਂਦੇ ਆ ਕਿ ਜੱਗੇ ਨੂੰ ਤਾਂ ਦੂਜਾ ਹੋ ਗਿਆ, ਹੁਣ ਨਹੀਂ ਬਚਦਾ ਇਹ। ਬਾਈ, ਲੋਕ ਤਾਂ ਏਨਾ ਡਰੇ ਹੋਏ ਆ ਇਸ ਬਿਮਾਰੀ ਤੋਂ ਕਿ ਕੈਂਸਰ ਦਾ ਤਾਂ ਨਾਂ ਵੀ ਨਹੀਂ ਕੱਢਦੇ ਮੂੰਹੋਂ, 'ਦੂਜਾ' ਕਹਿੰਦੇ ਆ ਇਹਨੂੰ। ਮੈਂ ਸੁਣਿਆਂ ਕ੍ਰਿਕਟ ਆਲਾ ਯੁਵਰਾਜ ਕਹਿੰਦਾ, “ਕੈਂਸਰ ਦਾ ਇਹ ਮਤਲਬ ਨਹੀਂ ਕਿ ਤੁਸੀਂ ਮਰ ਜਾਓਗੇ, ਇਸ ਨੂੰ ਮਾਤ ਦਿੱਤੀ ਜਾ ਸਕਦੀ ਹੈ, ਮੇਰੇ ਵੱਲ ਵੇਖ ਲਓ ਮੈਂ ਹਰਾਇਆ ਹੈ ਕੈਂਸਰ ਨੂੰ“, 'ਤੇ ਉਹ ਫ਼ਿਲਮਾਂ ਆਲੀ ਮਨੀਸ਼ਾ ਕੋਰਾਲਾ ਆਖਦੀ ਆ, “ਕੈਂਸਰ ਦਾ ਹੱਲ ਹੈ“। ਬਾਈ, ਸੱਚ ਦੱਸਾਂ ਤਾਂ ਕੈਂਸਰ ਦਾ ਮਤਲਬ ਹੈ ਕਿ ਤੁਸੀਂ ਮਰ ਹੀ ਜਾਣਾ ਅੰਤ ਨੂੰ, ਕੈਂਸਰ ਦਾ ਕੋਈ ਹੱਲ ਨਹੀਂ ਏਥੇ, ਕਿਤੇ ਹੋਰ ਹਾਰਦਾ ਹੋਉੂ ਇਹ, ਪੰਜਾਬ 'ਚ ਨਹੀਂ। ਪਿੰਡ ਆਲੇ ਸਹੀ ਕਹਿੰਦੇ ਆ, ਹੁਣ ਬਚਦਾ ਨਹੀਂ ਮੈਂ।“
ਆਪਣੇ ਇਲਾਜ ਦੇ ਚੱਲਦਿਆਂ ਹੀ ਜੱਗਾ ਕਮਜ਼ੋਰ ਹੁੰਦਾ ਹੁੰਦਾ ਆਖਿਰ ਮਰ ਗਿਆ। 'ਦੂਜਾ' ਜਿੱਤ ਗਿਆ 'ਤੇ ਜੱਗਾ ਹਾਰ ਕੇ ਇਸ ਸੰਸਾਰ ਨੂੰ ਸਦਾ ਲਈ ਛੱਡ ਗਿਆ 'ਤੇ ਸ਼ਾਇਦ ਉਸਦੇ ਸੁਪਨੇ ਵੀ ਉਸਦੇ ਨਾਲ ਹੀ ਹੋ ਤੁਰੇ। ਦਰਅਸਲ, ਇਹ ਕਹਾਣੀ ਇੱਕ ਜੱਗੇ ਦੀ ਨਹੀਂ ਹੈ, ਪੰਜਾਬ ਦੇ ਹਜ਼ਾਰਾਂ ਪਰਿਵਾਰਾਂ 'ਚ ਇਸ ਤਰ੍ਹਾਂ ਦੇ ਜੱਗੇ ਹਨ, ਜੋ ਕੈਂਸਰ ਨਾਮ ਦੀ ਇਸ ਭਿਆਨਕ ਅਤੇ ਮਾਰੂ ਬਿਮਾਰੀ ਤੋਂ ਪੀੜਤ ਹਨ। ਭਾਰਤ ਦੇਸ਼ ਦੇ ਅੰਨ ਭੰਡਾਰ ਪੰਜਾਬ ਅੰਦਰ ਕੁੱਲ ਦੇਸ਼ ਵਿੱਚੋਂ ਕੈਂਸਰ ਦੀ ਦਰ ਸਭ ਸੂਬਿਆਂ ਤੋਂ ਵੱਧ ਹੈ। ਪੰਜਾਬ ਦੇ ਹਰ ਇੱਕ ਲੱਖ ਲੋਕਾਂ ਵਿੱਚੋਂ ਸੌ ਦੇ ਨੇੜੇ ਕੈਂਸਰ ਦੇ ਮਰੀਜ਼ ਹਨ ਅਤੇ ਰੋਜ਼ ਤਕਰੀਬਨ ਵੀਹ ਲੋਕ ਕੈਂਸਰ ਦੀ ਬਿਮਾਰੀ ਕਾਰਨ ਮਰ ਰਹੇ ਹਨ। ਸੂਬੇ ਦੇ ਮਾਲਵਾ ਖੇਤਰ ਨੂੰ, ਜਿੱਥੇ ਜੱਗਾ ਰਹਿੰਦਾ ਸੀ, 'ਕੈਂਸਰ ਪੱਟੀ' ਆਖਿਆ ਜਾਂਦਾ ਹੈ ਅਤੇ ਇੱਥੇ ਹੀ ਬਠਿੰਡੇ ਤੋਂ ਬੀਕਾਨੇਰ ਨੂੰ 'ਕੈਂਸਰ ਟਰੇਨ' ਚੱਲਦੀ ਹੈ।
ਅਮਰੀਕੀ ਲੇਖਿਕਾ ਬਾਰਬਰਾ ਇਹਨਰਾਈਕ ਆਖਦੀ ਹੈ, “ਮੈਂ ਆਪਣੇ ਆਪ ਨੂੰ ਕਦੇ ਵੀ ਇੱਕ ਕੈਂਸਰ ਨੂੰ ਮਾਤ ਪਾਉਣ ਵਾਲੀ ਨਹੀਂ ਕਹਾਂਗੀ ਕਿਉਂਕਿ ਇਹ ਉਹਨਾਂ ਲੋਕਾਂ ਦਾ ਨਿਰਾਦਰ ਹੋਵੇਗਾ ਜੋ ਕੈਂਸਰ ਤੋਂ ਬਚ ਨਹੀਂ ਸਕੇ। ਇਹ ਮਾਤਰ ਕਲਪਨਾ ਹੀ ਹੈ ਕਿ ਕੁੱਝ ਲੋਕ ਬਹਾਦਰੀ ਨਾਲ ਆਪਣੇ ਕੈਂਸਰ ਨਾਲ ਲੜੇ ਅਤੇ ਬਚਣ ਵਿੱਚ ਕਾਮਯਾਬ ਹੋਏ। ਕੀ ਇਹ ਸੰਭਵ ਨਹੀਂ ਕਿ ਜੋ ਬਚ ਨਹੀਂ ਸਕੇ ਉਹ ਵੀ ਬਹਾਦਰ ਅਤੇ ਸ਼ਾਨਦਾਰ ਲੋਕ ਹੋਣ?“
ਅੱਜ ਕੈਂਸਰ ਨੂੰ ਰੋਕਣ ਲਈ ਜਿੱਥੇ ਜਾਗਰੂਕਤਾ ਦੀ ਲੋੜ ਹੈ ਉੱਥੇ ਇਸ ਦੇ ਇਲਾਜ ਲਈ ਬਿਹਤਰ ਜਨਤਕ ਹਸਪਤਾਲ ਪੰਜਾਬ ਦੇ ਹਰ ਜ਼ਿਲੇ ਵਿਚ ਸਥਾਪਤ ਕੀਤੇ ਜਾਣ ਦੀ ਜ਼ਰੂਰਤ ਹੈ।  ਮੂਲ ਰੂਪ ਵਿੱਚ, ਇਹ ਜ਼ਿੰਮੇਦਾਰੀ ਸਮੇਂ ਦੀ ਸਰਕਾਰ ਦੀ ਬਣਦੀ ਹੈ।
ਹਰਜੋਤ ਸਿੱਧੂ
9988642637


Related News