ਮੇਰੇ ਕੋਲ ਨਹੀਂ ਮੈਂ ਉਹਨਾਂ ਕੋਲ ਰਹਿੰਦਾ ਹਾਂ
Saturday, Jun 09, 2018 - 03:49 PM (IST)

ਮੌਤ ਜੀਵਨ ਦੀ ਅਟੱਲ ਸਚਾਈ ਹੈ ਪਰ ਮੌਤ ਦੀ ਚੱਕੀ ਵਿਚ ਫਸਣ ਵਾਲੇ ਨੂੰ ਇਸ ਦਾ ਅਸਹਿ ਤੇ ਅਕਹਿ ਸਦਮਾ ਲੱਗਦਾ ਹੈ । ਮੌਤ ਵਿਚ ਚਲੇ ਗਏ ਪ੍ਰਾਣੀ ਦੀ ਕੀਮਤ ਵੀ ਬਾਅਦ ਵਿਚ ਪਤਾ ਚਲਦੀ ਹੈ । ਇਹ ਸੱਚਾਈ ਵੀ ਅਟੱਲ ਹੈ ਕਿ ਮੇਰੇ ਪਿਤਾ ਸਰਦਾਰ ਓਂਕਾਰ ਸਿੰਘ ਦੀ 22 ਮਈ 2018 ਨੂੰ ਹੋਈ ਮੌਤ ਨੇ ਕਿਤਾਬ ਦੇ ਵਰਕਿਆਂ ਵਿਚ ਲੁਕਿਆ ਸੱਚ ਬਾਹਰ ਕੱਢ ਦਿੱਤਾ ਹੈ। ਮੇਰੇ ਵਲੋਂ ਲੋਕਾਂ ਨੂੰ ਦਿੱਤੇ ਜਾਂਦੇ ਭ੍ਰਮਾਊ ਹੌਂਸਲੇ ਜਦ ਹਕੀਕਤ ਵਿਚ ਹੰਢਾਣੇ ਪਏ ਤਾਂ ਮੇਰਾ ਕਾਲਜਾ ਛੱਲਣੀ ਹੋਇਆ । ਸਿਰ ਤੋਂ ਉੱਠਿਆ ਛਾਇਆ ਦੋ ਰਸਤਿਆਂ ਤੇ ਮੇਰੇ ਲਈ ਪ੍ਰਸ਼ਨ ਚਿੰਨ੍ਹ ਲਾ ਗਿਆ । ਇਕ ਅਧਿਆਤਮਕ ਖੇਤਰ ਦੂਜਾ ਮੈਡੀਕਲ ਖੇਤਰ । ਮੇਰੇ ਜਨਮ ਤੋਂ ਪਹਿਲਾਂ ਹੀ ਧਾਰਮਿਕ ਅਤੇ ਦਇਆ ਭਾਵ ਹੋਣ ਕਰਕੇ ਆਸ ਨਹੀਂ ਸੀ ਕੀ ਇੰਨ੍ਹੀ ਛੇਤੀ ਡਾਇਨ ਮੌਤ ਘੇਰ ਲਵੇਗੀ ਪਰ ਧਾਰਮਿਕ ਪ੍ਰਵਿਰਤੀ ਮੁਤਾਬਕ ਲਿਖੀ ਪ੍ਰਵਾਨ ਸਮਝ ਲਈ ਅਤੇ ਧਾਰਮਿਕ ਸਿਧਾਂਤਾ ਮੁਤਾਬਕ ਆਪਣੇ ਆਪ ਨੂੰ ਢਾਲਣ ਲਈ ਓਟ ਆਸਰਾ ਲੈ ਲਿਆ।ਮੈਡੀਕਲ ਖੇਤਰ ਦੀ ਸਿਰਮੌਰ ਸੰਸਥਾ ਪੀ. ਜੀ. ਆਈ ਦਾ ਸੰਪਰਕ ਵੀ ਪਿਛਲੇ ਇਕ ਸਾਲ ਤੋਂ ਠੋਕਰਾ ਖਾਣ ਤੋਂ ਵਧ ਕੁਝ ਵੀ ਪੱਲੇ ਨਹੀਂ ਪਾ ਸਕਿਆ ਆਖਰ ਬੇਵਸੀ ਦਾ ਸਬੂਤ ਮਿਲਿਆ । ਡਾਕਟਰ ਸਾਹਿਬਾ ਵਲੋਂ ਬਦਕਿਸਮਤੀ ਸ਼ਬਦ ਦਾ ਉਚਾਰਣ ਕਰਕੇ ਮਜ਼ਬੂਰੀ ਜ਼ਾਹਿਰ ਕਰ ਦਿੱਤੀ ਗਈ ।
ਜਦੋਂ ਵੀ ਮੈਨੂੰ ਕਿਸੇ ਨੇ ਪੁੱਛਿਆ ਕਿ 'ਮਾਂ ਪਿਓ ਤੇਰੇ ਕੋਲ ਰਹਿੰਦੇ ਹਨ' ਤਾਂ ਹਮੇਸ਼ਾ ਮੇਰਾ ਇਹੀ ਉੱਤਰ ਸੀ ਕਿ ,'ਮਾਂ ਪਿਓ ਮੇਰੇ ਕੋਲ ਨਹੀਂ ਮੈਂ ਉਹਨਾਂ ਕੋਲ ਰਹਿੰਦਾ ਹਾਂ' ਇਸ ਪਿੱਛੇ ਮੇਰੇ ਸਿਰ ਤੇ ਕੋਈ ਜ਼ਿੰਮੇਵਾਰੀ ਨਾਂ ਹੋਣਾ ਸੀ । ਅੱਜ ਭਾਵੇਂ ਮੇਰੇ 46 ਸਾਲਾਂ ਜੀਵਨ ਦੇ ਅਧਿਆਏ ਨਾਲ ਜ਼ਿੰਮੇਵਾਰੀ ਦਾ ਅਗਲਾ ਵਰਕਾ ਸ਼ਰੂ ਹੋ ਗਿਆ ਹੈ ਪਰ ਮਰਦ ਦੀ ਮਾਇਆ ਅਤੇ ਬਿਰਛ ਦੀ ਛਾਇਆ ਦੇ ਸਿਧਾਂਤ ਅਨੁਸਾਰ ਆਪਣੀ ਮਾਇਆ ਨਾਲ ਹੀ ਲੈ ਜਾਣ ਕਰਕੇ ਮੇਰੇ ਲਈ ਪਿਤਾ ਦਾ ਜਾਣਾ ਅਸਹਿ ਘਾਟਾ ਹੈ । ਸਮਾਜਿਕ ਅਤੇ ਆਰਥਿਕ ਜ਼ਿੰਮੇਵਾਰੀਆਂ ਵਿਚ ਗੁਆਚਣ ਤੋਂ ਇਲਾਵਾ ਅੱਜ ਮੈਂ ਇਹ ਨਹੀਂ ਕਹਿ ਸਕਦਾ ਕਿ 'ਮੈਂ ਆਪਣੇ ਪਿਤਾ ਕੋਲ ਰਹਿੰਦਾ ਹਾਂ'।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
9878111445