1947 ਹਿਜਰਤਨਾਮਾ 43 : ਪਿੰਡ ਬਜੂਹਾ ਖੁਰਦ-ਨਕੋਦਰ 47 ਦੇ ਆਰ-ਪਾਰ

11/29/2020 4:17:32 PM

ਪਿੰਡ ਦੇ ਬਜ਼ੁਰਗਾਂ ਦੀ ਜ਼ੁਬਾਨੀ

(1) " ਮੈਂ ਕਰਤਾਰ ਚੰਦ ਵਲਦ ਬਸੰਤ ਰਾਮ ਪਿੰਡ ਬਜੂਹਾ ਖੁਰਦ ਤੋਂ ਬੋਲਦਾ ਪਿਆ। 1947 ਸਮੇਂ ਸਾਡਾ ਪਿੰਡ ਬਜੂਹਾ ਖੁਰਦ, ਅਤੇ ਗੁਆਂਢੀ ਪਿੰਡਾਂ ਚੱਕ ਵੇਂਡਲ, ਬਜੂਹਾ ਕਲਾਂ ਅਤੇ ਪੰਡੋਰੀ ਰਾਜਪੂਤਾਂ ਪਿੰਡ ਮੁਸਲਿਮ ਬਹੁ ਵਸੋਂ ਵਾਲੇ ਪਿੰਡ ਸਨ। ਵੇਂਡਲ ਪਿੰਡ ਵਿਚ ਕੁਝ ਘਰ ਜੱਟ ਸਿੱਖਾਂ ਦੇ ਸਨ ਤੇ ਬਾਕੀਆਂ ਵਿਚ ਨਾਂਹ ਦੇ ਬਰਾਬਰ । ਕਿੱਤਿਆਂ ਦੇ ਅਧਾਰਤ ਬਾਕੀ ਬਰਾਦਰੀਆਂ ਦੇ ਕੋਈ 30-30, 40-40 ਘਰ ਸਨ। ਬਜੂਹਾ ਖੁਰਦ ਵਿੱਚ ਰੌਲਿਆਂ ਸਮੇਂ ਮੁਸਲਮਾਨਾ ਵਿਚ ਮਨਸਬਦਾਰ ਉਰਫ਼ ਮਣਸੋ ਚੌਧਰੀ, ਨਕਸ਼ ਬੰਦ ਲੰਬੜਦਾਰ, ਗੁਲਾਮ ਮੁਹੰਮਦ ਉਰਫ਼ ਗਾਮਾ ਲੰਬੜ, ਦਿੱਤੇ ਖਾਨ ਰਾਜਪੂਤ ਲੰਬੜ ਅਤੇ ਸ਼ੇਰ ਮੁਹੰਮਦ ਖਾਨ ਪਹਿਲਵਾਨ ਵਗੈਰਾ ਪਿੰਡ ਦੇ ਚੌਧਰੀਆਂ ਵਿਚ ਸ਼ੁਮਾਰ ਸਨ। ਹੋਰ ਬੂਟੇ ਖਾਨ, ਭੂਣੀ ਦਾ ਗਾਮਾ ਮੱਖੀ, ਬੂਟਾ ਚੌਧਰੀ, ਉਮਰਦੀਨ ਚੌਧਰੀ, ਮੁਹੰਮਦ ਦੀਨ ਨਾਈ, ਆਜ਼ਾਦ ਮੁਹੰਮਦ, ਸਰਦਾਰ ਮੁਹੰਮਦ, ਰਸ਼ੀਦ ਮੁਹੰਮਦ, ਨਿਆਮਤ ਅਲੀ, ਨੂਰਦੀਨ, ਮੁਹੰਮਦ ਦੀਨ  ਅਤੇ ਹਸਨ ਵਗੈਰਾ ਮੇਰੀ ਯਾਦ ਵਿੱਚ ਹਨ।

ਰੌਲਿਆਂ ਤੋਂ ਪਹਿਲੇ ਇਸ ਪਿੰਡ ਦੇ, ਜੋ ਪੁਰਾਣੇ ਪੱਕੇ ਗ਼ੈਰ ਮੁਸਲਿਮ ਵਾਸੂ ਹਨ, ਉਨ੍ਹਾਂ ਵਿੱਚ ਸੂਦਾਂ ਦਾ ਟੱਬਰ ਦੇ ਖੁਸ਼ੀਆ ਵਲਦ ਗੇਂਦਾਂ ਰਾਮ, ਗੇਂਦਾ ਰਾਮ ਦਾ ਛੋਟਾ ਭਰਾ ਗੁਰਦਿੱਤਾ, ਨਿਰੰਜੀ, ਜੋ ਰਾਸ਼ਨ ਦਾ ਸਰਕਾਰੀ ਡੀਪੂ ਚਲਾਇਆ ਕਰਦਾ ਸੀ, ਮਾਸਟਰ ਸ਼੍ਰੀ ਰਾਮ, ਰੂਪ ਲਾਲ ਅਤੇ ਗੁਰਦਿੱਤਾ ਵਲਦ ਬਾਈ ਵਗੈਰਾ ਦੇ ਪਰਿਵਾਰ ਹਨ। ਤਰਖਾਣਾ/ਲੁਹਾਰਾਂ ਵਿਚ ਸੋਹਣ ਪੁੱਤਰ ਮੁਣਸ਼ੀ, ਜਿਸ ਦਾ ਲਾਣਾ ਹੁਣ ਤੀਕ ਇਥੇ ਹੀ ਵਾਸ ਕਰਦੈ, ਲਾਲ ਚੰਦ ਪੁੱਤਰ ਨਗੀਨਾ ਅਤੇ ਦੌਲਤੀ ਵਗੈਰਾ, ਇਹ ਦੋਹੇਂ ਪਰਿਵਾਰ ਬਾਅਦ ’ਚ ਦੇਹਰਾਦੂਨ ਆਬਾਦ ਹੋ ਗਏ। ਬਾਲਮੀਕ ਭਾਈਚਾਰੇ ’ਚੋਂ ਰਾਧਾ ਰਾਮ, ਮੀਂਹ ਮੱਲ, ਫਕੀਰੀਆ, ਬਹੂ ਰਾਮ ਸੇਵਾਦਾਰ, ਮਹਿੰਗਾ, ਜਗਤ ਰਾਮ ਵਗੈਰਾ ਦੇ ਪਰਿਵਾਰ ਹਨ।

ਆਦਿ ਧਰਮੀ ਭਾਈਚਾਰੇ ’ਚੋਂ ਰੁਲੀਆ ਰਾਮ,ਬਾਬਾ ਪੋਲੋ, ਰੱਖਾ ਰਾਮ, ਮਈਆ, ਬੰਤਾ ਅਤੇ ਗਾਹੀਆ, ਮਾਹੀਆ, ਸ਼ਾਮਾ ਪੁੱਤਰਾਨ ਮੀਹਾਂ ਵਲਦ ਬਿੱਲਾ ਵਗੈਰਾ ਦੇ ਟੱਬਰ। ਘੁਮਾਰਾਂ ਵਿੱਚੋਂ ਭੋਲਾ ਬੁਰਾ, ਮਈਆ, ਛੱਜੂ ਅਤੇ ਬੂਟਾ ਵਗੈਰਾ ਦੇ ਟੱਬਰ ਸ਼ੁਮਾਰ ਨੇ। ਸੈਂਸੀਆਂ ਵਿਚੋਂ ਬਾਬਾ ਅਰੂੜ, ਮੀਂਡੀਆ, ਇੱਕ ਅਖੋਂ ਆਰੀ ਜਵਾਲਾ, ਈਸਰ, ਸੰਤਾ ਅਤੇ ਧਰਮਾ ਦੇ ਟੱਬਰ ਸਨ। ਮੁਸਲਿਮ ਲੋਕਾਂ ਨਾਲ ਪਿਆਰ ਮੁਹੱਬਤ ਸੀ। ਆਂਡ-ਗੁਆਂਢ ਪਿੰਡਾਂ ਨਾਲ ਵੀ ਬਰਾਬਰ ਦਾ ਸਹਿਚਾਰਾ ਸੀ ਤੇ ਜਦ ਰੌਲੇ ਪਏ ਤਾਂ ਮੁਸਲਿਮਾ ਨੇ ਵੀ ਹਿਜਰਤ ਸ਼ੁਰੂ ਕਰ ਦਿੱਤੀ। ਬਜੂਹਾ ਰੌਲਾ ਪੈ ਜਾਣਾ ਕਿ ਚਾਨੀਆਂ ਵਾਲੇ ਹੱਲਾ ਕਰਨ ਆ ਚੜ੍ਹੇ ਤੇ ਚਾਨੀਆਂ ਰੌਲਾ ਪੈ ਜਾਣਾ ਕਿ ਬਜੂਹਾ ਵਾਲੇ ਆ ਗਏ। ਕਈ ਮੁਸਲਮਾਨਾ ਹਥਿਆਰ ਲੈ ਕੋਠਿਆਂ ’ਤੇ ਚੜ੍ਹ ਜਾਣਾ ਅਤੇ ਕਈਆਂ ਡਰਦਿਆਂ ਫ਼ਸਲਾਂ ਵਿਚ ਵੜ ਜਾਣਾ ਪਰ ਹਮਲਾ ਕਿਸੇ ਵੀ ਨਾ ਕੀਤਾ। ਬਾਹਰ ਕਿਧਰੇ 'ਕੱਲਾ ਦੁਕੱਲਾ ਕਿਸੇ ਵਿਰੋਧੀ ਦੇ ਅੜਿੱਕੇ ਆ ਜਾਂਦਾ ਤਾਂ ਵਾਰ ਕਰ ਜਾਂਦੇ। ਮੁਸਲਮਾਨ ਪਿੰਡ ਛੱਡਣ ਵੇਲੇ ਜਾਰ ਜਾਰ ਰੋਏ।

ਬੇਈਂ ਪਾਰ ਪਰਤਾਪ ਪੁਰੇ 35 ਪਿੰਡਾਂ ਦਾ ਕੈਂਪ ਲੱਗਾ ਸੀ, ਸੋ ਉਹ ਉਥੇ ਚਲੇ ਗਏ। ਦੂਜੇ ਤੀਜੇ ਦਿਨ ਦੋ ਮੁਸਲਮਾਨ ਨੂਰਦੀਨ ਅਤੇ ਮੁਹੰਮਦ ਦੀਨ (ਇਸ ਦੀਆਂ ਦੋ ਪਤਨੀਆਂ ਸਨ। ਜਗਰਾਲ ਰੋਡ ਟਿੱਬੇ ’ਤੇ ਖੂਹ ਸੀ। ਜ਼ਿਆਦਾਤਰ ਮੂੰਗਫਲੀ ਅਤੇ ਮੋਠ ਬੀਜਿਆ ਕਰਦਾ ਸੀ, ਉਹ) ਟਿੱਬੇ ਵਾਲੇ ਖੂਹ ਤੋਂ ਰਹਿ ਗਿਆ ਛੋਟਾ ਸੰਦੂਕ ਲੈਣ ਆਏ (ਇਹ ਖੂਹ ਰੌਲਿਆਂ ਉਪਰੰਤ ਸੰਤੋਖ ਸਿੰਘ ਗੁੜੇ ਨੂੰ ਅਲਾਟ ਹੋਇਆ) ਸੰਦੂਕ ਸਿਰ ’ਤੇ ਚੁੱਕੀ ਵਾਪਸ  ਜਾਂਦਿਆਂ ਨੂੰ, ਲੁੱਟ ਖੋਹ ਕਰਦੇ ਫਿਰਦੇ ਇਕ ਟੋਲੇ ਨੇ ਉਨ੍ਹਾਂ ’ਚੋਂ ਨੂਰਦੀਨ ਨੂੰ ਮਾਰ ਦਿੱਤਾ ਅਤੇ ਮੁਹੰਮਦ ਦੀਨ ਭੱਜ ਨਿੱਕਲਿਆ। ਬਚ ਗਏ ਨੇ ਕੈਂਪ ਵਿੱਚ ਜਾ ਕੇ ਇਤਲਾਹ ਦਿੱਤੀ ।

PunjabKesari

ਅਗਲੇ ਦਿਨ ਮੁਹੰਮਦ ਦੀਨ ਕੈਂਪ ’ਚੋਂ 25-30 ਮੁਸਲਮਾਨਾ ਦਾ ਜਥਾ ਗੁਹੀਰਾਂ ਪੁਲ ਵੰਨੀਓਂ ਲੈ ਕੇ ਬਦਲਾ ਲੈਣ ਦੀ ਨੀਅਤ ਨਾਲ ਪਿੰਡ ਵਾਪਸ ਪਰਤਿਆ। ਤਦੋਂ ਉਸ ਵਕਤ ਪਿੰਡ ਵਿੱਚ ਸਮਾਨ ਲੁੱਟਣ ਦੀ ਨੀਅਤ ਨਾਲ ਪਿੰਡ ਪਹੁੰਚੇ ਆਲੇ ਦੁਆਲੇ ਪਿੰਡਾਂ ਦੇ ਲੋਕ ਗੱਡੇ ਛੱਡ ਕੇ ਨੱਠ ਤੁਰੇ। ਇੱਕਾ ਦੁੱਕਾ ਹੱਥ ਆਏ ਬੰਦੇ ਉਨ੍ਹਾਂ ਨੇ ਮਾਰ ਵੀ ਦਿੱਤੇ। ਇਨ੍ਹਾਂ ਮਰ ਗਿਆਂ ਵਿਚ ਖਿਆਲ ਐ ਕਿ ਦੋ ਚੱਕਾਂ ਦੇ ਨਾਈ/ਝੀਰ ਅਤੇ ਇਕ ਵੇਂਡਲ ਦਾ ਸੀ। ਉਨ੍ਹਾਂ ਵਲੋਂ ਛੱਡੇ ਸਮਾਨ ਸਮੇਤ 8 ਗੱਡੇ, ਉਹ ਹੱਕ ਕੇ ਕੈਂਪ ਨੂੰ ਲੈ ਤੁਰੇ। ਜਾਂਦਿਆਂ ਫਿਰ ਉਹ ਧਾਹਾਂ ਮਾਰ-ਮਾਰ ਰੋਏ, ਵੱਡੇ ਰੋਜੇ ਮੱਥਾ ਟੇਕ ਕੇ ਵੀ ਗਏ। ਦੋ ਕੁ ਸਾਲ ਬਾਅਦ ਕੁੱਝ ਮੁਸਲਿਮ ਜਿਨ੍ਹਾਂ ਵਿੱਚ ਆਜ਼ਾਦ ਮੁਹੰਮਦ, ਹਸਨ, ਸਰਦਾਰ ਮੁਹੰਮਦ, ਰਸ਼ੀਦ ਮੁਹੰਮਦ, ਨਿਆਮਤ ਅਲੀ ਅਤੇ ਗਾਮਾ ਲੰਬੜ ਵਗੈਰਾ ਸ਼ਾਮਲ ਸਨ, ਮਿਲਣ ਲਈ ਪਿੰਡ ਆਏ। ਉਹ ਤਦੋਂ ਚੱਕ -2 ਜ਼ਿਲ੍ਹਾ ਲਾਇਲਪੁਰ ਵਿਚ ਆਬਾਦ ਹੋ ਗਏ।

ਪਿੰਡ ਛੱਡ ਗਏ ਮੁਸਲਿਮ ਭਾਈਚਾਰੇ ਦਾ ਖੱਪਾ ਭਰਨ ਲਈ ਬਾਰ ’ਚੋਂ ਉੱਠ ਕੇ ਆਏ ਜ਼ਿੰਮੀਦਾਰ ਪਾਖਰ ਸਿੰਘ, ਰੇਸ਼ਮ ਸਿੰਘ ,ਸਾਧੂ ਸਿੰਘ ਗੁੜਿਆਂ ਤੋਂ। ਦਰਸ਼ਣ ਸਿੰਘ, ਕਰਤਾਰ ਸਿੰਘ ਕੈਦੀ, ਪ੍ਰੀਤਮ ਸਿੰਘ ਕੈਦੀ, ਮਲਕੀਤ ਸਿੰਘ ਕੈਦੀ, ਸਵਰਨ ਸਿੰਘ ਕੈਦੀ, ਮਿਲਖਾ, ਸੋਹਣ ਸਿੰਘ ਡਰੈਵਰ, ਸਾਧੂ ਸਿੰਘ , ਕੁੰਦਨ ਸਿੰਘ, ਲਛਮਣ ਸਿੰਘ ਪੁੱਤਰਾਨ ਬੇਲਾ ਸਿੰਘ, ਬਿੱਕਰ ਸਿੰਘ, ਮਲਕੀਤ ਸਿੰਘ ਪੁੱਤਰਾਨ ਬਾਵਾ ਸਿੰਘ ਅਤੇ ਦੀਦਾਰ ਸਿੰਘ ਵਗੈਰਾ ਪਿੰਡ ਧਾਲੀਵਾਲ ਤੋਂ। ਜਵਾਲਾ ਸਿੰਘ, ਜਸਵੰਤ ਸਿੰਘ, ਕਿਰਪਾਲ ਸਿੰਘ, ਦੇਬੀ ਅਤੇ ਗਿੰਦੋ ਚੱਕ ਕਲਾਂ ਤੋਂ। ਪਿਆਰਾ ਸਿੰਘ, ਸਵਰਨ ਸਿੰਘ ਅਤੇ ਬੰਤਾ ਸਿੰਘ  ਸ਼ੰਕਰ ਤੋਂ। ਮਾਝੇ ਤੋਂ ਅਵਤਾਰ ਸਿੰਘ, ਸੰਤੋਖ ਸਿੰਘ, ਨਿਸ਼ਾਨ ਸਿੰਘ, ਸੁਮਿੱਤਰ ਸਿੰਘ ਅਤੇ ਮਾਸਟਰ ਸੁਰਿੰਦਰਪਾਲ ਸਿੰਘ ਵਗੈਰਾ ਆਏ। ਮੱਖਣ ਸਿੰਘ, ਸੁਲੱਖਣ ਸਿੰਘ ਪੁਤਰਾਨ ਦਰਸ਼ਣ ਸਿੰਘ ਧਾਲੀਵਾਲ ਇਹ ਬਾਰੋਂ ਨਹੀਂ ਸਗੋਂ ਗੁਆਂਢੀ ਧਾਲੀਵਾਲ ਤੋਂ ਹੀ ਆ ਕੇ ਇਥੇ ਜ਼ਮੀਨ ਮੁੱਲ ਲਈ, ਇਨ੍ਹਾਂ।

ਰੌਲਿਆਂ ਤੋਂ ਕੋਈ 20 ਕੁ ਸਾਲ ਬਾਅਦ ਦੀ ਇਕ ਗੱਲ ਯਾਦ ਆ ਰਹੀ ਹੈ ਮੈਨੂੰ। ਕਸ਼ਮੀਰ ਵਿੱਚ ਰਾਜ ਮਿਸਤਰੀ ਦਾ ਕੰਮ ਕਰਦਾ ਸਾਂ। ਸਰਹੱਦ ਤੇ ਤਦੋਂ ਏਨੀ ਸਖਤੀ ਨਹੀਂ ਸੀ ਹੁੰਦੀ। ਮੈਂ ਇਕ ਮਾਲ ਵਾਹਕ ਟਰੱਕ ’ਤੇ ਸਵਾਰ ਹੋ ਕੇ ਲਾਹੌਰ ਜਾ ਪਹੁੰਚਾ। ਤੁਰ ਕੇ ਬਾਜ਼ਾਰ ਨੂੰ ਹੋ ਤੁਰਿਆ। ਸਾਡੇ ਪਿੰਡ ਤੋ ਗਏ ਮੁਸਲਿਮ ਫਕੀਰੀਆ ਝੀਰ ਦੀ ਬੇਟੀ ਮੀਦਾਂ ਜੋ ਕਰੀਬ ਮੇਰੀ ਹਾਣੀ ਸੀ, ਕੋਠੇ ’ਤੇ ਖੜੀ ਵਾਲ਼ ਪਈ ਸੁਕਾਏ। ਉਸ ਮੈਨੂੰ ਪਛਾਣ ਲਿਆ ਅਤੇ ਨੌਕਰ ਨੂੰ ਮੇਰੇ ਮਗਰ ਦੌੜਾਇਆ। ਮਕਾਨ ਵਿਚ ਹੋਟਲ ਪਾਇਆ ਹੋਇਆ ਸੀ, ਉਨ੍ਹਾਂ। ਪਿੰਡ ਦੀ ਸੁੱਖ ਸਾਂਦ ਪੁੱਛੀ। ਖੂਬ ਖਾਤਰਦਾਰੀ ਵੀ ਕੀਤੀ। ਮੈਂ ਕਹਿਓਸ ਕਿ ਲਾਹੌਰ ’ਚ ਤੇਸੀਆਂ ਲੈਣ ਆਇਐਂ। ਉਸ ਕਿਹਾ ਕਿ ਤੇਰੇ ਪੈਸੇ ਨਹੀਂ ਚੱਲਣੇ ਇਥੇ। ਉਸ ਆਪਣੇ ਸ਼ੌਹਰ ਜੋ ਸੁੱਥਣ ਪਾਈ ਬਲੋਚ ਸ਼ਕਲ ਦਾ ਲਗਦਾ ਸੀ, ਨੂੰ ਬੁਲਾ ਕੇ ਬਾਜ਼ਾਰ ’ਚੋਂ ਤੇਸੀਆਂ ਮੰਗਵਾ ਦਿੱਤੀਆਂ ਤੇ ਮੈਨੂੰ ਚਾਹ ਪਾਣੀ ਉਪਰੰਤ ਛੇਤੀ ਚਲੇ ਜਾਣ ਲਈ ਕਹਿ ਦਿੱਤਾ। ਉਹਦਾ ਸ਼ੌਹਰ ਬਾਹਰ ਇਕ ਚੁਰੱਸਤੇ ’ਚੋਂ, ਕਸ਼ਮੀਰ ਵਾਲੇ ਟਰੱਕ ਵਿੱਚ ਬਿਠਾ ਗਿਆ, ਮੈਨੂੰ।

PunjabKesari

(2) 4 ਜੂਨ 2020 ਨੂੰ ਮੁੜ ਕੁੱਝ ਗੱਲਾਂ ਦੀ ਤਸਦੀਕ ਲਈ ਇਸੇ ਪਿੰਡ ਦੇ ਕਰੀਬ 90 ਕੁ ਸਾਲ ਦੇ ਬਜ਼ੁਰਗ ਮਿਲਖੀ ਪੁੱਤਰ ਗਾਹੀਆ ਦੀ ਲੱਭਤ ਕੀਤੀ। ਉਨ੍ਹਾਂ ਬਾ ਯਾਦਾਸ਼ਤ ਕਹਾਣੀ ਇੰਞ ਕਹਿ ਸੁਣਾਈ ।-" ਰੌਲਿਆਂ ਵੇਲੇ 17 ਕੁ ਸਾਲ ਦਾ ਸਾਂ,ਮੈਂ। ਤਿੰਨ ਮੁਸਲਿਮ ਭਰਾ ਕਰਮਵਾਰ ਫੱਤਾ ਉਰਫ ਫਤਹਿ ਖਾਂ, ਗੁਲਾਮ ਨਬੀ ਛੜਾ ਅਤੇ ਮੌਲਾ ਬਖਸ਼ ਪੁੱਤਰਾਨ ਕੰਮਾ ਉਰਫ ਕਰਮ ਬਖ਼ਸ਼ ਕੇ ਕੰਮ ਕਰਦਾ ਸਾਂ ਤਦੋਂ, ਕੇਵਲ ਦੋ ਰੁ: ਮਹੀਨਾ। ਹੁਣ ਦੀ ਆਦਿ ਧਰਮੀਆਂ ਦੀ ਖੂਹੀ ਤੋਂ ਥੋੜਾ ਅੱਗੇ ਲਹਿੰਦੇ ਪਾਸੇ ਘਰ ਸੀ ਉਨ੍ਹਾਂ ਦਾ। ਚਾਹ ਰੋਟੀ ਛਕ ਲੈਣੀ ਅਤੇ ਸ਼ਾਮ ਨੂੰ ਪੱਠਿਆਂ ਦੀ ਪੰਡ ਲੈ ਆਉਣੀ। ਬਾਹਰ ਸੜਕ ’ਤੇ ਚਾਨੀਆਂ ਵੱਲ ਦੇ ਪਾਸੇ ਪਿੰਡ ਦੇ ਅੰਦਰ ਵੱਲ ਹਵੇਲੀ ਸੀ, ਉਨ੍ਹਾਂ ਦੀ। ਉਸ ਹਵੇਲੀ ’ਤੇ ਬੁੱਧੂ ਵਲਦ ਮੁਣਸ਼ੀ ਕਾਬਜ ਐ ਹੁਣ। ਇਹਦੇ ਬਰਾਬਰ ਸੜਕ ਪਾਰ ਮੁਣਸ਼ੀ ਮਿਸਤਰੀ ਦਾ ਖਰਾਸ ਚੱਲਦਾ ਸੀ ਉਦੋਂ? ਜਦ ਕੈਂਪ ’ਚੋਂ ਵਾਪਸ ਮੁਸਲਿਮ ਜਥਾ ਆਇਆ, ਤਦੋਂ ਮੈਂ ਉਸੇ ਖਰਾਸ  ’ਤੇ ਬਲਦ ਹੱਕਦਾ ਪਿਆ ਸਾਂ।

ਉਨ੍ਹਾਂ ਪਿੰਡ ਦੇ ਮੂਲ ਵਾਸੀਆਂ ਨੂੰ ਤਾਂ ਕੁਝ ਨਾ ਕਿਹਾ ਪਰ ਬਾਹਰੋਂ ਲੁੱਟ ਦੀ ਨੀਅਤ ਨਾਲ ਆਏ ਲੋਕਾਂ ਮਗਰ ਜ਼ਰੂਰ ਭੱਜੇ ਉਹ। ਕੈਂਪ ਵਿੱਚ ਹਿਜਰਤ ਕਰ ਗਏ ਮੁਸਲਮਾਨਾ ਦੇ ਮਗਰ 2-3 ਦਫਾ ਦਾਣਾ ਫੱਕਾ ਦੀ ਇਮਦਾਦ ਲੈ ਕੇ ਸੂਦਾਂ ਦੇ ਬਜ਼ੁਰਗ ਘਨੱਈਆ, ਖੁਸ਼ੀਆ, ਗੁਰਦਿੱਤਾ ਵਗੈਰਾ ਗਏ। ਆਦਿ ਧਰਮੀਆਂ ’ਚੋਂ ਰੁਲੀਆ ਅਤੇ ਮੈਂ ਵੀ, ਉਨ੍ਹਾਂ ਦੇ ਸਹਿਯੋਗੀਆਂ ਵਲੋਂ ਆਖੀਰੀ ਵਾਰੀ ਉਨ੍ਹਾਂ ਨਾਲ ਕੈਂਪ ’ਚ ਗਏ ਤਾਂ ਅੱਗਿਓਂ ਕੁਝ ਮੁਸਲਿਮ ਸਾਨੂੰ ਮਾਰਨ ਨੂੰ ਪਏ। ਅਸਾਂ ਉਨ੍ਹਾਂ ਨੂੰ ਸਫ਼ਾਈ ਦਿੱਤੀ ਕਿ ਆਪਣੇ ਪਿੰਡ ਦਿਆਂ ਭਾਈਆਂ ਨੂੰ ਮਿਲਣ ਆਏ ਆਂ। ਰੌਲਾ ਸੁਣ ਕੇ ਬਜੂਹਾਂ ਵਾਲੇ ਮੁਸਲਿਮ ਵੀ ਆ ਗਏ। ਉਨ੍ਹਾਂ ਨੇ ਸਮਝਾਇਆ, ਉਨ੍ਹਾਂ ਨੂੰ। ਮੁੜ ਉਨ੍ਹਾਂ, ਕੈਂਪ ਵਾਲਿਆਂ ਦੀ ਖ਼ਬਰ ਸਾਰ ਨੂੰ ਕੋਈ ਨਾ ਗਿਆ।

ਜਲੰਧਰ ਰੋਡ ’ਤੇ ਪਿੰਡੋਂ ਬਾਹਰ ਖੱਬੇ ਹੱਥ ਮੱਖਣ ਸਿੰਘ ਵਲਦ ਕਰਤਾਰ ਸਿੰਘ ਦੀ ਕੋਠੀ ਹੈ ਜਿਥੇ, ਉਥੇ ਬਹਿਕ ਹੁੰਦੀ ਸੀ। ਦੁਪਹਿਰ ਵੇਲੇ ਚਰਦਾ ਹੋਇਆ ਵੱਗ ਇਥੇ ਆਰਾਮ ਲਈ ਬਹਿੰਦਾ ਸੀ। ਆਉਂਦੇ ਜਾਂਦੇ ਰਾਹਗੀਰ ਵਗੈਰਾ ਵੀ ਬਹਿ ਜਾਂਦੇ। ਜਲੰਧਰ ਵਲੋਂ ਆਉਂਦਿਆਂ ਪਿੰਡ ਦੇ ਮੱਥੇ ਤੇ ਸੜਕ ਦੇ ਅੰਦਰ ਹੁੱਕਾ ਪੀਰ ਦੀ ਜਗ੍ਹਾ ਐ। ਇਹਦੇ ਬਰਾਬਰ ਵੱਡੇ ਬਜੂਹਾਂ ਵੰਨੀ ਮੁਸਲਿਮ ਫਕੀਰ ਦਾ ਤਕੀਆ ਹੁੰਦਾ ਸੀ। ਨੂਰਦੀਨ ਮਰਾਸੀ ਉਥੇ ਅੱਗ ਮੱਘਦੀ ਰੱਖਦਾ। ਰੌਲਿਆਂ ਵੇਲੇ ਮੁਸਲਿਮ ਮਾਮਦੀਨ ਵੀ ਉਥੇ ਹੀ ਬਹਿੰਦਾ ਸੀ ਅਕਸਰ। ਲੋੜਵੰਦ ਚੁੱਲ੍ਹੇ ਜਾਂ ਹੁੱਕੇ ਲਈ ਉਥੋਂ ਅੱਗ ਮੰਗ ਲਿਆਉਂਦੇ। ਇਹਦੇ ਨਾਲ ਮਣਸੋ ਲੰਬੜ ਕੀ ਹਵੇਲੀ ਸੀ। ਹਵੇਲੀ ’ਚ ਇਕ ਖੂਹੀ, 3 ਟੋਭੇ ਤੇ ਪੱਠੇ ਕੁਤਰਣ ਲਈ ਗੇੜੀ। ਹਦਵਾਣੇ ਜਿੱਡਾ ਸਿਰ, ਝੋਟੇ ਵਰਗੇ ਡੇਲੇ, ਚੱਕੀ ਦੇ ਪੁੱੜ ਵਰਗੀ ਛਾਤੀ ਤੇ ਲਾਲ ਮੱਘਦਾ ਜੁੱਸਾ ਸੀ ਉਦਾ। ਪਿੰਡ ਦਾ ਚੌਧਰੀ ਅਤੇ ਕੈਂਦ ਬੰਦਾ ਸੀ ਉਹ। ਪਿੰਡ ਦੀ ਪਰਿਆ ’ਚ ਉਦੋਂ ਤੱਕ ਕੋਈ ਗੱਲ ਨਾ ਤੁਰਦੀ, ਜਦ ਤੱਕ ਮਣਸੋ ਨਾ ਪਹੁੰਚਦਾ। 5 ਹਲਾਂ ਤੇ 3 ਖੂਹਾਂ ਦੀ ਖੇਤੀ ਸੀ ਉਦੀ। ਗੰਨਾ ਵੀ ਬੀਜਦੇ ਤੇ ਥਾਬਲਕੇ 'ਟੇਸ਼ਣ ਤੇ ਲਗਦੇ ਕੰਡੇ ’ਤੇ ਗੰਨਾ 3 ਆਨੇ ਮਣ ਵੇਚਦਾ। ਰੇਲ ਰਾਹੀਂ ਗੰਨਾ ਅੱਗੇ ਜਾਂਦਾ।

ਆਦਿ ਧਰਮੀ ਨਾਜਰ ਅਤੇ ਸਰਵਣ ਕੰਮੀ ਸਨ ਉਦੇ। ਵੱਡਾ, ਉਚਾ ਤੇ ਪਿੱਤਲ ਜੜਤ ਮੀਨਾਕਾਰ ਗੱਡਾ ਸੀ ਉਦੇ ਕੋਲ। ਉਸ ਤਰਾਂ ਦਾ ਗੱਡਾ ਸ਼ਿੰਦਰ ਜੱਟ ਦਾ ਪਿਓ ਸੂਬਾ, ਲਿਆਇਆ ਸੀ ਬਾਰੋਂ,ਆਉਂਦਾ। ਵੱਡੇ ਰੋਜੇ ਦੀ ਵੀ ਬੜੀ ਮਾਨਤਾ ਸੀ। ਸੱਪ ਜਾਂ ਕੁੱਤੇ ਦੇ ਕੱਟੇ ਜ਼ਖ਼ਮ ਤੇ ਰੋਜਿਓਂ ਮਿੱਟੀ ਲਿਆ ਬੰਨ੍ਹ ਲੈਣੀ। ਪੈਰ ’ਚ ਲੱਗੀ ਸੂਲ ਨੂੰ ਵੀ ਉਥੇ ਸੁੱਟ ਕੇ ਆਉਣਾ। ਰੁਕਨੇ ਘੁੰਨੇ ਦੀ ਹਵੇਲੀ ਹੁੰਦੀ ਸੀ ਰੋਜੇ ਕੋਲ। ਮੈਨੂੰ ਇਕ ਘਟਨਾ ਯਾਦ ਆ ਰਹੀ ਐ। ਗੁੜ ਕੱਢਦਿਆਂ ਚੋਭੇ ’ਚ ਬਾਲਣ ਝੋਕ ਰਿਹਾ ਸੀ, ਮੈਂ ਉਦੋਂ। ਸਾਹਮਣੇ ਵੇਂਡਲ ਵਾਲੇ ਰਾਹ ਤੇ ਤਿੰਨ ਮੁਸਲਿਮ ਰੌਲੇ ਵਾਲੀ ਕਿਕਰ ਪੁੱਟ ਰਹੇ ਸਨ। ਘੁੰਨੇ ਦਾ ਸਫੀ ਗੰਡਾਸੀ ਲੈ ਕੇ ਰੋਕਣ ਲਈ ਭੱਜਿਆ, ਉਨ੍ਹਾਂ ਨੂੰ ਤੇ ਆਪਣੀ ਬਾਂਹ ਵੱਢਵਾ ਕੇ ਉਲਟੇ ਪੈਰੀਂ ਭੱਜ ਆਇਆ ।

PunjabKesari

1990 ਦੇ ਆਰ ਪਾਰ ਖੁਸ਼ੀ ਮੁਹੰਮਦ ਪਿੰਡ ਮਿਲਣ ਆਇਆ, ਕੁਝ ਦਿਨ ਰਹਿ ਕੇ ਗਿਆ ਇਥੇ। 2010 ਦੇ ਕਰੀਬ ਮਣਸੋ ਲੰਬੜ ਵਲਦ ਬੂਟਾ ਦਾ ਪੋਤਾ ਵੀ ਪਿੰਡ ਮਿਲਣ ਆਇਆ। ਉਹਨੂੰ ਬਜ਼ੁਰਗਾਂ ਦਾ ਘਰ ਨਾ ਲੱਭੇ। ਕਹਿਓਸ ਕਿ ਕਿਸੇ ਵਡੇਰੀ ਉਮਰ ਦੇ ਬਜ਼ੁਰਗ ਨੂੰ ਸੱਦ ਭੇਜੋ। ਮੈਂ ਦਿਆਲ ਸਿੰਘ ਵਲਦ ਚੰਨਣ ਸਿੰਘ ਕੇ ਟਿੱਬੇ ਵਾਲੇ ਖੂਹ ’ਤੇ ਸਾਂ ਉਦੋਂ। ਮੈਨੂੰ ਬੰਦਾ ਬੁਲਾਉਣ ਗਿਆ। ਮੈਂ ਸਾਰਾ ਪਿੰਡ ਵਖਾਇਆ ਉਸ ਨੂੰ। ਪਟਵਾਰੀ ਵਾਲੀ ਹਵੇਲੀ ਮੁਸਲਿਮ ਚੌਧਰੀ ਮਣਸਾ ਦੀ ਸੀ। ਚੱਕ ਕਲਾਂ ਰੋਡ ’ਤੇ ਮਦਨ ਦੇ ਭੱਠੇ ਦੇ ਸਾਹਮਣੇ ਸੱਜੇ ਪਾਸੇ ਥੋੜਾ ਉਰਾਰ ਮਣਸੋ ਲੰਬੜ ਦਾ ਖੂਹ ਸੀ। ਵੇਂਡਲ ਰੋਡ ਅਤੇ ਗੁਰੂ ਤੇਗ ਬਹਾਦਰ ਨਗਰ ’ਤੇ ਧੁਰ ਅੱਗੇ ਬੇਂਈ ਤੇ ਜੋ ਦੀਨੇ ਦਾ ਡੁੰਮ ਹੈ, ਦੇ ਉਰਾਰ ਮੁਸਲਿਮ ਮੋਚੀ ਆਂ ਦਾ ਖੂਹ ਸੀ। ਚਾਨੀਆਂ ਰੋਡ ’ਤੇ ਬਿੱਕਰ ਸਿੰਘ ਵਾਲਾ ਖੂਹ ਆਜ਼ਾਦ ਮੁਹੰਮਦ ਅਤੇ ਰੋਡੇ ਮੁਸਲਿਮ ਕਾ ਸੀ। ਇਨ੍ਹਾਂ ਤੋਂ ਉਲਟ ਦਿਸ਼ਾ, ਥੋੜਾ ਅੰਦਰ ਅਤੇ ਉਰਾਰ ਸਯੱਦਾਂ ਕਾ ਖੂਹ ਵਜਦਾ ਸੀ। ਜਿਥੇ ਹੁਣ ਜਨਕ ਸਿੰਘ ਧਾਲੀਵਾਲ ਕਾਬਜ ਐ। ਪਿੰਡੋਂ ਵੱਡੇ ਬਜੂਹਾਂ ਸੜਕ ’ਤੇ ਨਿਸ਼ਾਨ ਸਿੰਘ ਮਝੈਲ ਦੀ ਕੋਠੀ ਦੇ ਵੱਡੇ ਬਜੂਹਾਂ ਵੰਨੀ ਦਿੱਤੇ ਖਾਂ ਲੰਬੜ ਦੀ ਹਵੇਲੀ, ਪਿੱਛੇ, ਮੁਸਲਿਮ ਦਾਤੂ ਅਤੇ ਫੂਲੇ ਕਾ ਗੋਰੇ ਵਾਲਾ ਖੂਹ ਸੀ, ਜਿਥੇ ਹੁਣ ਨਿਸ਼ਾਨ ਸਿੰਘ ਮਝੈਲ ਕਾਬਜ ਐ। ਇਸੇ ਸੜਕ ’ਤੇ ਅੱਗੇ ਮੰਡੀ ਦੇ ਸਾਹਮਣੇ ਖੱਬੇ ਹੱਥ ਪਟਵਾਰੀ ਵਾਲਾ ਖੂਹ, ਰੋਹੀ ਵਾਲਾ ਗਭਲਾ ਖੂਹ ਸਦੱਦੀਂ ਦਾ ਸੀ, ਉਦੋਂ ਜਿਥੇ ਹੁਣ ਸੰਤੋਖ ਸਿੰਘ ਮਝੈਲ ਕਾਬਜ ਐ।

ਹਲਟ ਹੁੰਦਾ ਸੀ, ਉਥੇ। ਜਿਸ ਨੂੰ ਵੀ ਲੋੜ ਹੋਣੀ ਉਸ ਆਪਣੇ ਵਲਦ ਜੋੜ ਲੈਣੇ। ਇਸ ਦੇ ਇਰਦ ਗਿਰਦ ਰੋਹੀ ਵਾਲੇ ਉਰਲਾ ਅਤੇ ਪਰਲਾ ਦੋ ਖੂਹ ਹੋਰ ਵੀ ਸਨ। ਸਟੇਸ਼ਨ ਵਾਲੀ ਸੜਕ ’ਤੇ ਪਿੰਡੋਂ ਬਾਹਰ ਨਿੱਕਲਦਿਆਂ ਖੱਬੇ ਹੱਥ ਬੇਰੀਆਂ ਵਾਲਾ ਖੂਹ ਘਨੱਈਆ/ਗੁਰਦਿੱਤਾ ਸੂਦ ਦਾ ਸੀ। ਉਥੋਂ ਅੱਗੇ ਖੱਬੇ ਹੱਥ ਵੱਡੇ ਪਿੱਪਲ ਵਾਲਾ ਖੂਹ ਤਖਾਣਾ ਦੇ ਨਗੀਨੇ ਅਤੇ ਮੁਣਸ਼ੀ ਕਾ। ਪਿੰਡ ਦੀਆਂ ਕਈ ਬੀਬੀਆਂ ਖਾਸ ਕਰ ਮੁਸਲਿਮ ਮੋਚੀ ਆਂ ਦੀਆਂ ਉਥੋਂ ਪਾਣੀ ਦੀਆਂ ਗਾਗਰਾਂ ਭਰ ਲਿਆਇਆ ਕਰਦੀਆਂ। 4 ਕੁ ਖੇਤ ਵਾਟ ’ਤੇ ਅੱਗੇ ਖੱਬੇ ਹੱਥ ਮੁਣਸ਼ਾ ਕਾਣਾ ਮੁਸਲਿਮ ਦਾ ਅਤੇ ਉਸ ਤੋਂ ਅੱਗੇ ਉਸੇ ਹੱਥ ਸਟੇਸ਼ਨ ਨਜ਼ਦੀਕ ਸ਼ਾਹ ਮੁਹੰਮਦ ਕਾ ਖੂਹ ਸੀ, ਜਿਥੇ ਹੁਣ ਵਕੀਲਾਂ ਦਾ ਗੁਰਬਖਸ਼ ਸਿੰਘ ਕਾਬਜ ਐ। ਗ਼ੁਲਾਮ ਮੁਹੰਮਦ ਵਲਦ ਮਣਸੋ ਲੰਬੜ ਕਾ ਖੂਹ ਜੋ ਦਾਣਾ ਮੰਡੀ ਦੇ ਪਿਛਵਾੜੇ ਹੈ, ਤੇ ਮਿੱਤਰ ਮਝੈਲ ਕਾਬਜ ਐ। ਰੜੇ ਵਾਲਾ, ਪੱਕੇ ਵਾਲਾ, ਨਵੇਂ ਵਾਲਾ, ਸੁਜਾਰੇ ਵਾਲਾ ਮੁਦੇ ਵਾਲਾ, ਜੋਇਆਂਵਾਲਾ ਅਤੇ ਦਰਿਆਈ ਖ਼ਾਂ ਕਾ ਖੂਹ ਮਸ਼ਹੂਰ ਸੀ। ਦਰਿਆਈ ਦੇ ਤਿੰਨ ਭਰਾ ਹੋਰ ਸਨ, ਗੁਲਾਮ ਰਸੂਲ, ਅਲੀ ਮੁਹੰਮਦ ਤੇ ਅਮੀਰ ਖਾਂ। ਇਸ ਦੇ ਦੋ ਹੋਰ ਭਰਾ ਯਾਕੂਬ ਤੇ ਕਬੂਲ, ਜੋ ਮਾਂਓਂ ਮਤਰੇਆ ਸਨ। ਇਨ੍ਹਾਂ ਦੇ ਬਾਪ ਦਾ ਨਾਂ ਅਬਦੁੱਲਾ ਸੀ। ਇਸ ਤੋਂ ਇਲਾਵਾ 3 ਖੂਹ ਉਜਾੜ ਸਨ, ਸ਼ੈਦ ਪਿਛਲੇ ਜਮਾਨੇ ’ਚ ਚਰਸ ਚਲਦੇ ਰਹੇ ਹੋਣਗੇ।

ਪਿੰਡ ’ਚ ਹੱਟੀ ਇਕ ਨਿਰੰਜੀ ਸੂਦ ਅਤੇ ਦੂਜੀ ਖੁਸ਼ੀ ਮੁਹੰਮਦ ਦੀ ਹੁੰਦੀ ਸੀ। ਖੁਸ਼ੀ ਵਾਲਾ ਘਰ ਸੂਬੇ ਪਾਸ ਐ ਹੁਣ। ਰੁਲੀਆ ਝੀਰ ਮਸ਼ਕਾਂ ’ਚ ਲੋਕਾਂ ਦੇ ਘਰਾਂ ’ਚ ਪਾਣੀ ਢੋਇਆ ਕਰਦਾ ਸੀ। ਉਦੇ ਘਰੋਂ ਹੁਮਾ ਭੱਠੀ ’ਤੇ ਦਾਣੇ ਭੁੰਨਿਆਂ ਕਰਦੀ ਸੀ। ਉਨ੍ਹਾ ਦੇ ਘਰ ਅਤੇ ਬਾਰੋਂ ਆਇਆ ਹਰੀ ਚੰਦ ਕਾਬਜ ਐ। ਇਕ ਹੋਰ ਹੁਮਾ ਮੁਸਲਿਮ ਬੜੀ ਦਬੰਗ ਜਨਾਨੀ ਹੁੰਦੀ ਸੀ। ਉਸ ਦੀ ਬੇਟੀ ਆਪਣੀ ਮਰਜੀ ਨਾਲ ਮੁਣਸ਼ੀ ਕਾਣੇ ਦੇ ਬਹਿ ਗਈ ਸੀ ਜਾ ਕੇ। ਕਾਕੀ ਕੇ ਅੰਬ ਵਾਲੇ ਖੂਹ ’ਤੇ ਬਾਰੋਂ ਆਇਆ ਰੋਡੂ ਕਿਆਂ ਦਾ ਪਰੀਤਮ ਸਿੰਘ ਕਾਬਜ ਹੋਇਆ, ਉਸ ਦਾ ਪੁੱਤਰ ਜਸਵੰਤ ਸਿੰਘ ਸੰਤ, ਆਬਾਦ ਹੈ ਉਥੇ। ਉਮਰਦੀਨ ਚੌਧਰੀ ਦੀ ਹਵੇਲੀ ’ਚ ਪਿੰਡ ਅੰਦਰਲਾ ਗੁਰਦੁਆਰਾ ਤਾਮੀਰ ਹੈ। ਇਨ੍ਹਾਂ ਦੇ ਘਰ ਅਤੇ ਮੱਖਣ ਸਿੰਘ ਪੁੱਤਰ ਕਰਤਾਰ ਸਿੰਘ ਕਾਬਜ ਐ। ਇਨ੍ਹਾਂ ਦਾ ਖੂਹ ਜਰਨੈਲ ਸਿੰਘ ਹੌਲਦਾਰ ਪੁੱਤਰ ਬਿੱਕਰ ਸਿੰਘ ਚਾਨੀਆਂ ਰੋਡ ਦੀ ਪਿਛਾੜੀ ਹੈ, ਜਿਥੇ ਹੁਣ ਜਾਗਰ ਸਿੰਘ ਧਗਾਣਾ ਧਾਲੀਵਾਲ ਕਾਬਜ ਐ। ਉਮਰਦੀਨ ਕੇ ਖੂਹ ਦੀ ਇਕ ਘਟਨਾ ਮੈਨੂੰ ਯਾਦ ਆ ਰਹੀ ਹੈ। ਉਨ੍ਹਾਂ ਦੇ ਖੂਹ ’ਚ ਇਕੋ ਵੇਲੇ ਦੋ ਹਲਟ ਮਾਲਾਂ ਚਲਦੀਆਂ ਸਨ। ਇਕ ਹਲਟ ਤੇ ਝੋਟੇ ਦੇ ਨਾਲ ਪਲੂਣ ਝੋਟੀ ਜੋੜੀ ਹੋਈ ਸੀ। ਹੱਕਣ ਵਾਲਾ ਮੁੰਡਾ ਵੀ ਪਲੂਣ ਸੀ। ਉਹ ਪਸ਼ੂ ਹੱਕਦਾ ਝੋਟੀ ਦੇ ਔਰੇ ਥਾਂ ਪਰੈਣੀ ਲਾਈ ਜਾਏ। ਝੋਟੀ ਨੇ ਜੋਰ ਦੀ ਛੜ ਮਾਰੀ ਉਹਦੇ। ਉਹ ਸਿੱਧਾ ਖੂਹ ਵਿੱਚ ਜਾ ਪਿਆ। ਜਾਨ ਤਾਂ ਬਚ ਗਈ ਉਹਦੀ ਪਰ ਸੱਟਾਂ ਚੰਗੀਆਂ ਲੱਗੀਆਂ।

ਮੁਸਲਮਾਨ ਸੰਧਾ ਲੰਬੜ ਦੇ ਘਰ ਤੇ ਜਿੰਦਰ ਧਾਲੀਵਾਲ ਕਾਬਜ ਐ। ਵੱਡੇ ਰੋਜੇ ਅਤੇ ਬੇਈਂ ਦੇ ਪੱਤਣ ਤੇ ਹਾੜ ਦੇ ਮਹੀਨੇ ਮੇਲਾ ਲਗਦਾ ਸੀ ਉਦੋ। ਜ਼ਮੀਨੀ ਮੁਰੱਬਿਆਂ ਦੇ ਵੀ ਨਾਮ ਸਨ। ਮਦਨ ਦੇ ਭੱਠੇ ਦੇ ਸਾਹਮਣੇ ਮਣਸੋ ਲੰਬੜ ਕੀ ਜ਼ਮੀਨ 'ਉਚਾ ਮੁੱਲਾ' ਵੇਈਂ ਵੱਲ ਚਲਦਿਆਂ ਅੱਗੇ ਬਲਿਆਣਾ, ਭਜਾਈ, ਤੇਲਿਆਣਾ, ਪਿੰਡੋਂ ਵੇਂਡਲ ਰੋਡ ਦੇ ਸੱਜੇ ਹੱਥ ਝੰਡਾ, ਸੁੱਕੀ ਵੇਈਂ ਅਤੇ ਟਿੱਬੇ ਵਾਲੀ ਜ਼ਮੀਨ ਵੱਜਦੀ ਸੀ ਉਦੋਂ। ਪਿੰਡੋਂ ਸਟੇਸ਼ਨ ਰੋਡ ਦਾ ਖੱਬਾ ਪਾਸਾ ਰਾੜੇਵਾਲਾ ਤੇ ਚਾਨੀਆਂ ਰੋਡ ਪੱਕਿਆਂ ਵਾਲਾ ਵੱਜਦਾ ਸੀ। ਇਥੇ ਜਯਾਦਾ ਛੋਲੇ ਜਾਂ ਚਰੀ ਬਾਜਰਾ ਹੀ ਬੀਜਦੇ ਸਨ ਉਦੋਂ। ਪਿੰਡ ਵਿੱਚ, ਜਿਥੇ ਹੁਣ ਛਿੰਦੇ ਧਿਗਾਣੇ ਦਾ ਘਰ ਆ ਰੌਲਿਆਂ ਵੇਲੇ ਹਲਟੀ ਚਲਦੀ ਹੁੰਦੀ ਸੀ ਤਦੋਂ। ਹਲਟੀ ਛੋਟੀ ਹੁੰਦੀ। ਪਾਣੀ ਵੀ ਉਪਰ ਹੀ ਸਨ। ਬਲਦ ਨਹੀਂ ਜੁੜਦੇ ਸਨ, ਜਿਸ ਨੂੰ ਲੋੜ ਹੁੰਦੀ ਗਾਧੀ ਨੂੰ ਹੱਥ ਨਾਲ ਹੀ ਗੇੜ ਕੇ ਪਾਣੀ ਭਰ ਲੈਂਦਾ। ਖੁੱਲ੍ਹਾ ਥਾਂ ਸੀ। ਬਹੁਤ ਵੱਡਾ ਪਿੱਪਲ ਸੀ ਉਥੇ। ਪਿੰਡ ਵਿੱਚ ਕੋਈ ਮਸਲਾ ਹੋਣਾ ਤਾਂ ਉਥੇ ਵੀ ਪੰਚਾਇਤ ਜੁੜਦੀ। ਆਏ ਸਾਲ ਕਵਾਲੀਆਂ ਵੀ ਹੋਇਆ ਕਰਦੀਆਂ ,ਉਥੇ। ਪਿੰਡ ਵਿੱਚ ਮੁਸਲਮਾਨਾ ਦੇ ਦੋ ਗਰੁੱਪ ਸਨ। ਵੰਡ ਤੋਂ ਸਾਲ ਖੰਡ ਪਹਿਲੇ ਇਕ ਧਿਰ ਨੇ ਦੂਜੀ ਧਿਰ ਦਾ ਮੁਸਲਿਮ ਚੌਧਰੀ ਦਾਦੜੀ, ਜੋ ਤਕੜਾ ਜੂਏਬਾਜ਼ ਸੀ ਅਤੇ ਉਸ ਦੀਆਂ ਦੋ ਬੇਗ਼ਮਾ ਸਨ, ਦਾ ਕਤਲ ਕਰ ਦਿੱਤਾ।

ਵੰਡ ਤੋਂ ਕੁੱਝ ਮਹੀਨੇ ਪਹਿਲਾਂ ਦਾਦੜੀ ਧਿਰ ਨੇ ਨਾਮੀ ਬੂਰੇ ਝੋਟੇ ਵਾਲੇ ਪਹਿਲਵਾਨ, ਸ਼ੇਰ ਮੁਹੰਮਦ ਦਾ ਕਤਲ ਕਰਤਾ। ਰੌਲਿਆਂ ਨੇ ਜਦ ਪੂਰੀ ਗਰਮੀ ਫੜੀ ਹੋਈ ਸੀ, ਤਦ ਇਸ ਪਿੰਡ ਦੇ ਦੋ ਮੁਸਲਿਮ ਬੰਦੇ ਹੱਜ ਕਰਕੇ ਆਏ। ਬਜੂਹਾ ਖੁਰਦ, ਬਜੂਹਾ ਕਲਾਂ, ਵੇਂਡਲ, ਜਗਰਾਲ ਵਗੈਰਾ ਪਿੰਡਾਂ ਵਿੱਚ ਮੁਸਲਿਮ ਵਸੋਂ ਦੀ ਬਹੁਤਾਤ ਸੀ ਤਦੋਂ। ਗੁਆਂਢੀ ਪਿੰਡਾਂ ਤੋਂ ਕਈ ਮੁਸਲਮਾਨ ਹਾਜੀਆਂ ਨੂੰ ਮਿਲਣ ਆਉਂਦੇ ਅਤੇ ਸਲਾਹਾਂ ਕਰਦੇ ਕਿ ਕਿਸੇ ਗੁਆਂਢੀ ਸਿੱਖ ਪਿੰਡ ਉਪਰ ਹਮਲਾ ਕੀਤਾ ਜਾਏ। ਪਰ ਕਿਸੇ ਨੇ ਇਸ ’ਤੇ ਅਮਲ ਨਾ ਕੀਤਾ। ਪਿੰਡ ਦੇ ਮੁਸਲਿਮ ਬਜੁਰਗਾਂ ਇਹ ਵੀ ਮਤਾ ਪਾਸ ਕੀਤਾ ਕਿ ਵੱਡੇ ਰੋਜੇ ਕੁਰਾਨ ਸ਼ਰੀਫ ਰੱਖੀ ਜਾਏ। ਜੇ ਕੁਰਾਨ ਸ਼ਰੀਫ ਤੁਰ/ਹਿੱਲ ਪਈ ਤਾਂ ਪਿੰਡ ਛੱਡ ਜਾਵਾਂਗੇ। ਦੂਜੇ ਦਿਨ ਸਵੇਰ ਬਜੁਰਗ ਗਏ ਤਦ ਉਨ੍ਹਾਂ ਨੂੰ ਕੁਰਾਨ ਹਿਲਦੀ ਹੋਈ ਨਜ਼ਰ ਆਈ। ਜਿਸ ’ਤੇ ਉਹ ਉਸੇ ਦਿਨ ਪਿੰਡ ਛੱਡ ਗਏ। ਮੌਲਾ ਬਖਸ਼, ਗ਼ੁਲਾਮ ਅਲੀ ਅਤੇ ਫ਼ੱਤਾ ਪੁੱਤਰਾਨ ਕੰਮਾ ਵਗੈਰਾ ਨੇ ਸ਼ਾਮ ਹਨੇਰਾ ਪੱਸਰਦਿਆਂ ਅਤੇ ਪਿੰਡ ਛੱਡਿਆ। ਪਿੰਡ ਛੱਡਣ ਤੋਂ ਐਨ ਪਹਿਲੇ ਵੱਡੇ ਰੋਜੇ ਧਾਹਾਂ ਮਾਰ ਮਾਰ ਰੋਏ ਉਹ।"

PunjabKesari
  
(3). ਪਾਕਿਸਤਾਨ ਪੰਜਾਬ ਤੋਂ ਨੌਜਵਾਨ ਰਾਣਾ ਮੰਝ, ਜਿਸ ਦੇ ਬਜ਼ੁਰਗਾਂ ਦਾ ਪਿੰਡ ਇਹੋ ਬਜੂਹਾ ਖ਼ੁਰਦ ਐ, ਵੱਲੋਂ, ਇਸ ਪਿੰਡ ਤੋਂ 12 ਵੇਂ ਸਾਲ ਦੀ ਉਮਰੇ ਗਏ ਮੁਸਲਮਾਨ ਫ਼ਜ਼ਲ ਮੰਝ ਵਲਦ ਫਤਹਿ ਖਾਂ ਵਲਦ ਕਰਮ ਬਖਸ਼ ਦੀ ਵੀਡੀਓ U-Tube ’ਤੇ ਪਾਈ ਦੇਖੀ। ਇਹ ਉਹੋ ਪਰਿਵਾਰ ਐ, ਜਿਨ੍ਹਾਂ ਦੇ ਘਰ ਉਪਰੋਕਤ ਦਰਜ ਮਿਲਖੀ ਰੌਲਿਆਂ ਤੋਂ ਪਹਿਲਾਂ ਨੌਕਰ ਸੀ। ਉਹ ਬੋਲਦੇ ਨੇ,"ਇਕ ਮੁਸਲਮਾਨ ਬਜ਼ੁਰਗ ਨੇ ਬਜੂਹਾ ਖ਼ੁਰਦ ਤੇ ਉਹਦੇ ਭਤੀਜੇ ਨੇ ਬਜੂਹਾ ਕਲਾਂ ਪਿੰਡ ਬੰਨ੍ਹਿਐਂ। ਉਸ ਦੀ ਇਕ ਭਤੀਜੀ ਭੱਟੀ ਮੁਸਲਮਾਨਾਂ ਦੇ ਵਿਆਹੀ ਹੋਈ ਸੀ ਪਰ ਉਨ੍ਹਾਂ ਉਸ ਨੂੰ ਵੀ ਆਪਣੇ ਗੁਆਂਢੀ ਵਸਾ ਲਿਆ, ਜਿਥੇ ਪਿੰਡ ਪੰਡੋਰੀ ਆਬਾਦ ਹੋਇਆ। ਸਾਧੂ ਘੁਮਿਆਰ ਦੇ ਬੇਟੇ ਸੋਹਣੀ ਅਤੇ ਮੋਹਣੀ ਮੇਰੇ ਹਮ ਉਮਰ ਬਚਪਨ ਦੇ ਸਾਥੀ ਸਨ। ਨਿਆਮਤ ਲੁਹਾਰ ਦਾ ਖਰਾਸ ਚੱਲਦਾ ਸੀ। ਰੋਡਿਆਂ ਕੇ ਟੱਬਰ ’ਚੋਂ ਹੀ ਹਸਨ ਵਲਦ ਗੁਲਾਮ ਰਸੂਲ, ਹਯਾਤ ਅਤੇ ਪੀਰਾਂ ਦਿੱਤਾ, ਮੇਰੇ ਸੰਗੀਆਂ ’ਚ ਸ਼ੁਮਾਰ ਸਨ। ਇਨ੍ਹਾਂ ਦੇ ਟੱਬਰ ’ਚੋਂ ਨਬੀ ਬਖਸ਼ ਖੂਹ ’ਤੇ ਕੋਠੇ ਤੋਂ ਡਿੱਗ ਪਿਆ, ਮੰਜੇ ’ਤੇ ਪਾ ਕੇ ਘਰ ਲਿਆਂਦਾ ਤਾਂ ਫੌਤ ਹੋ ਗਿਆ, ਉਹ। ਪਿੰਡ ’ਚ ਮਸੀਤ ਵੀ ਇਹੋ ਰੋਡੇ ਕਿਆਂ ਦੇ ਬਜ਼ੁਰਗਾਂ ਹੀ ਬਣਾਈ ਸੀ। ਟੱਬਰ ’ਚੋਂ ਮੇਰਾ ਤਾਇਆ ਲੱਗਦਾ ਪੀਰ ਬਖਸ਼ ਰਸਤੇ ’ਚ ਕਾਫਲੇ ’ਚ ਹੀ ਮਰ ਗਿਆ। ਮੇਰੇ ਚਾਚਿਓਂ ਤਾਇਓਂ ਭਰਾ, ਹਾਸ਼ਮ ਅਤੇ ਰਾਏ ਸ਼ਮੀਰ ਨਾਲ ਨਿਰੰਜੀ ਸੂਦ ਦੁਕਾਨ ਦਾਰ ਦਾ ਬੇਟਾ ਗੋਭੀ ਚੰਦ ਜੰਡਿਆਲਾ ਸਕੂਲ ’ਚ ਪੜ੍ਹਦੇ ਸਨ। ਪਿੰਡ ’ਚ ਮਸਜਿਦ ਉਪਰੋਕਤ ਦਰਜ ਰਾਣਾ ਮੰਝ ਦੇ ਬਜ਼ੁਰਗਾਂ, ਜੋ ਰੋਡਿਆਂ ਦਾ ਟੱਬਰ ਵੱਜਦੈ, ਨੇ ਬਣਾਈ। ਸਾਡਾ ਘਰ ਮੋਚੀਆਂ ਵਾਲੀ ਗਲੀ ਵਿੱਚ ਸੀ। ਮੋਚੀਆਂ ਦੇ ਫ਼ਕੀਰ ਹੁਸੈਨ ਤੇ ਸਰਦਾਰ ਸਾਡੇ ਨਾਲ ਖੇਡਦੇ ਰਹੇ ਹਨ। ਪਿਛਲੇ ਵਰ੍ਹਿਆਂ ’ਚ, ਮੋਚੀਆਂ ਦਾ ਮੁੰਡਾ ਅਮੂਬ ਤੇ ਮਲਕਾਂ ਦਾ ਮੁੰਡਾ ਵੀ, ਜਿਦੇ ਨਾਨਕੇ ਓਧਰ ਹੀ ਨੇ। ਉਹ ਬਜੂਹਾ ਦਾ ਗੇੜਾ ਲਾ ਆਏ ਨੇ।" ਬਾਕੀ ਹੋਰ ਵੀ ਇਨ੍ਹਾਂ ਕਾਫੀ ਗੱਲਾਂ ਕੀਤੀਆਂ ਪਰ ਉਨ੍ਹਾਂ ਦਾ ਜ਼ਿਕਰ ਪਹਿਲਾਂ ਹੀ ਪਿੰਡ ਦੇ ਬਜ਼ੁਰਗ, ਉੱਤੇ ਕਰ ਚੁੱਕੇ ਨੇ।

(4)  ਚਾਨੀਆਂ ਪਿੰਡ ਤੋਂ ਸ਼੍ਰੀ ਰਾਮ ਪ੍ਰਤਾਪ ਪੁੱਤਰ ਸ਼੍ਰੀ ਰਾਘੋ ਹੋਰਾਂ ਬਜੂਹਾ ਪਿੰਡ ਨਾਲ ਸਬੰਧਤ ਦੋ ਰੌਚਕ ਵਾਕਿਆਤ ,ਇੰਞ ਕਹਿ ਸੁਣਾਏ -" ਰੌਲ਼ਿਆਂ ਤੋਂ 6 ਕੁ ਮਹੀਨੇ ਪਹਿਲਾਂ ਬਜੂਹਾਂ ਤੋਂ ਜ਼ਮੀਲ ਨਾਮੇ ਇਕ ਮੁਸਲਮਾਨ ਹਕੀਮ ਆਪਣੇ ਪਿੰਡ ਕਿਸੇ ਨੂੰ ਦਵਾਈ ਦੇਣ ਆਇਆ ਤਾਂ ਬੀਰੂ ਲੁਹਾਰ ਦੀ ਦੁਕਾਨ ਤੇ ਆਣ ਪਹੁੰਚਾ। ਉਥੇ ਚੇਲਿਆਂ ਦਾ ਮਿਲਖਾ ਸਿੰਘ ਵੀ ਹਲ਼ ਦਾ ਚੰਡ ਚੜਾਉਣ ਲਈ ਬੈਠਾ ਸੀ। 3-4 ਹੋਰ ਬੰਦੇ ਬੈਠੇ ਸਨ ਤਾਂ ਹਕੀਮ ਬੋਲਿਆ ਕਿ ਆਪਣੀ ਇਹ ਸਾਰੀ ਨਕੋਦਰ ਤਸੀਲ ਪਾਕਿ: ਵਿਚ ਚਲੇ ਜਾਣੀ ਆਂ ਤਾਂ ਚੇਲਿਆ ਦਾ ਮਿਲਖਾ ਸਿੰਘ ਉਸ ਨਾਲ ਤਲਖ਼ੀ ਨਾਲ ਪੇਸ਼ ਆਇਆ, ਜਿਸ ’ਤੇ ਕੁੜੱਤਣ ਪੈਦਾ ਹੋ ਗਈ। ਉਸ ਨੇ ਇਸ ਗੱਲ ਨੂੰ ਵਾਪਸ ਪਿੰਡ ਜਾ ਕੇ ਕਾਫੀ ਵਧਾ ਚੜਾ ਕੇ ਪੇਸ਼ ਕੀਤਾ। ਆਪਣੇ ਪਿੰਡ ਦਾ ਫੱਤੂ ਮੋਚੀ ਮੁਸਲਮਾਨ ਜਿਹਦੇ ਘਰ ’ਚ ਹੁਣ ਗੋਗਾ ਸਬਜ਼ੀ ਵਾਲਾ ਰਹਿੰਦੈ ਵੀ ਬੜਾ ਖਰੂਦੀ ਬੰਦਾ ਸੀ। ਉਸ ਨੇ ਬਜੂਹਾਂ ਜਾ ਕੇ ਐਵੇਂ ਹੀ ਰੌਲ਼ਾ ਪਾ ਤਾ ਕਿ ਚਾਨੀਆਂ ਵਾਲਿਆਂ ਤੇਲੀ ਮੁਸਲਮਾਨ ਝੰਡਾ, ਜ਼ਮਾਲਦੀਨ ਅਤੇ ਖੁਸ਼ੀਏ ਨੂੰ ਮਾਰ ਤਾ। ਬਜੂਹਾਂ ਵਾਲਿਆਂ ਉਥੇ ਆਪਣੀਆਂ ਰਿਸ਼ਤੇਦਾਰੀਆਂ ’ਚੋਂ ਵਸਦੇ ਬੰਦੇ ਚੱਕੀ ਵਾਲਾ ਮੁਣਸ਼ੀ, ਬੀਬੀ ਸੇਵਾ ਦਈ ਦਾ ਬਾਪ ਨਗੀਨਾ ਅਤੇ ਦੌਲਤੀ, ਜੋ ਪਿਛੋਂ ਦੇਹਰਾਦੂਨ ਚਲਿਆ ਗਿਆ ਆਦਿ ਨੂੰ ਇਕ ਕਮਰੇ ਵਿਚ ਬੰਦ ਕਰਕੇ ਤੇਲੀਆਂ ਦੀ ਮੌਤ ਸਬੰਧੀ ਤਸਦੀਕ ਕਰਨ ਆਏ। ਦਰਵਾਜ਼ੇ ਪੰਚਾਇਤ ਹੋਈ ਤਾਂ ਫੱਤੂ ਦੀ ਗੱਲ ਝੂਠੀ ਨਿੱਕਲੀ। ਝੰਡੂ ਹੋਰਾਂ ਨੂੰ ਸੱਦਿਆ ਗਿਆ ਤਾਂ ਉਨ੍ਹਾਂ ਕੋਈ ਸ਼ਿਕਾਇਤ ਨਾ ਕੀਤੀ। ਆਖਣ ਲੱਗੇ ਕਿ ਪਿੰਡ ਤਾਂ ਅਸੀਂ ਛੱਡਣਾ ਨਹੀਂ। ਕੇਸ ਰੱਖਣੇ ਔਖੇ ਆ ਹਿੰਦੂ ਬਣ ਜਾਵਾਂਗੇ। ਇਸ ਤਰਾਂ ਝੂਠੇ ਪਏ ਮੁਸਲਿਮਾਂ, ਜਿੱਥੇ ਫੱਤੂ ਦੀ ਕਾਫੀ ਲਾਹ ਪਾ ਕੀਤੀ, ਉਥੇ ਬਜੂਹਾਂ ਜਾ ਕੇ ਹਿੰਦੂ ਛੱਡ ਦਿੱਤੇ।"

ਚਾਨੀਆਂ ਪਿੰਡ ਤੋਂ ਹੀ ਚੇਲਿਆਂ ਦੇ ਸ. ਸਤਨਾਮ ਸਿੰਘ ਦਰਦੀ ਪੁੱਤਰ ਸ.ਮੋਹਣ ਸਿੰਘ ਸਰਪੰਚ ਹੋਰਾਂ ਉਪਰੋਕਤ ਦਰਜ ਜ਼ਮੀਲ ਹਕੀਮ ਦਾ ਇਕ ਹੋਰ ਵਾਕਿਆ ਇੰਞ ਕਹਿ ਸੁਣਾਇਆ- " ਰੌਲਿਆਂ ਤੋਂ ਪਹਿਲੀ ਸਿਆਲ਼ ਰੁੱਤ ਸੀ। 16ਵੇਂ ਵਰ੍ਹੇ ’ਚ ਸੀ ਮੈਂ ਤਦੋਂ। ਬਜੂਹਾਂ ਦੇ ਰਾਹ ’ਤੇ ਹਲਟ ਚਲਦਾ ਸੀ ਸਾਡਾ। ਕਪਾਹ ਨੂੰ ਪਾਣੀ ਮੋੜਿਆ ਸੀ। ਮੈਂ ਪੱਠੇ ਵੱਢਦਿਆਂ ਦਾਤੀ ਆੜ ’ਤੇ ਗੱਡ ਕੇ ਦੂਜੇ ਪਾਸੇ ਕਿਆਰਾ ਦੇਖਣ ਚਲਿਆ ਗਿਆ। ਜ਼ਮੀਲ ਹਕੀਮ, ਉਮਰਾਂ/ਮਾਤਾ ਲੱਜਿਆ ਕੇ ਖੂਹ ’ਤੇ ਦਵਾਈ ਦੇ ਕੇ ਆਵੇ। ਉਸ ਨੇ ਸਿਰ ਉਤੇ ਤਾਜਾ ਤੋੜਿਆ ਸਾਗ ਅਤੇ ਗੰਨੇ ਰੱਖੇ ਹੋਏ। ਆੜ ’ਤੇ ਗੱਡੀ ਦਾਤੀ ਦੇਖ ਕੇ ਉਸ ਦਾ ਦਿਲ ਬੇਈਮਾਨ ਹੋ ਗਿਆ। ਉਹ ਬਹਾਨੇ ਨਾਲ ਸਾਗ/ਗੰਨੇ ਸਿਰ ਤੋਂ ਉਤਾਰ ਕੇ ਚੱਲਦੀ ਆੜ ’ਚੋਂ ਪਾਣੀ ਪੀਣ ਅਤੇ ਮੂੰਹ ਧੋਣ ਲੱਗਾ। ਤੁਰਦਿਆਂ ਉਸ ਪੈਰ ਦੇ ਅੰਗੂਠੇ /ਉਂਗਲ ਨਾਲ ਦਾਤੀ ਨੂੰ ਚੁੱਕ ਕੇ ਸਾਗ ਵਿਚ ਅੜਾ ਲਿਆ। ਮੈਂ ਇਹ ਸਾਰਾ ਸੀਨ ਖੇਤ ਦੇ ਦੂਜੇ ਪਾਸਿਓਂ ਦੇਖ ਰਿਹਾ ਸੀ। ਮੈਂ ਭੱਜ ਕੇ ਖੂਹ ’ਤੇ ਹਲਟ ਜੁੜੇ ਬਲਦ ਹੱਕਦੇ ਚਾਚਾ ਸੋਹਣ ਸਿੰਘ ਨੂੰ ਇਤਲਾਹ ਦਿੱਤੀ। ਅੱਗੋਂ ਚਾਚੇ ਆਖਿਆ , " ਤੂੰ ਭੱਜ ਕੇ ਰੋਕ ਉਸ ਨੂੰ। ਆਖ, ਚਾਚੇ ਨੇ ਦਵਾ ਦਾਰੂ ਲੈਣੀ ਆਂ, ਮਿਲ ਕੇ ਜਾਵੇ।" ਮੈਂ ਭੱਜ ਕੇ ਮੁੱਲਾਂ ਨੂੰ ਕਹਿ ਸੁਣਾਈ ਅਤੇ ਉਹ ਰੁੱਕ ਗਿਆ। ਗਰਮ ਮਿਜਾਜ ਚਾਚੇ ਨੇ ਉਸ ਦੀ ਚੰਗੀ ਲਾਹ-ਪਾਹ ਕੀਤੀ ਤੇ ਕਿਆਰਾਂ/ਢਾਬ ਤੇ ਵੱਡਾ ਪਿੱਪਲ ਵੱਡਦੇ ਆਰਾਕਸ਼  ਅਤੇ ਸਬੱਬੀਂ ਹੋਰਸ ਫੈਸਲੇ ਲਈ ਜੁੜੀ ਚਾਨੀਆਂ-ਬਜੂਹਾਂ ਦੀ ਪੰਚਾਇਤ ਪਾਸ ਲੈ ਗਿਆ। ਉਹ ਉਥੇ ਬਜੂਹਾਂ ਦੇ ਮੁਸਲਿਮ ਪੰਚਾਇਤੀ ਬੰਦੇ ਦਾ ਹੁੱਕਾ ਫੜ ਕੇ ਪੀਣ ਲੱਗਾ। ਚਾਚੇ ਨੇ ਫਿਰ ਉਸ ਦੀ ਚੰਗੀ ਝਾੜ ਕੀਤੀ ਕਿ ਇਕ ਤੂੰ ਮੁਲਜ਼ਮ ਤੇ ਦੂਜਾ ਪੰਚਾਇਤ ਵਿਚ ਚੌਧਰੀ ਦਾ ਹੁੱਕਾ ਫੜ ਕੇ ਪੀਣ ਲੱਗ ਪਿਆਂ? ਉਹ ਬਹੁੜੀਆਂ ਪਾਏ ਕਿ ਆਹ ਛੋਟੇ ਜਿਹੇ ਮੁੰਡੇ ਨੇ ਮੈਨੂੰ ਗੇੜ ਚ ਲੈ ਲਿਆ। ਇਸ ਤਰਾਂ ਮੁਆਫ਼ੀ ਮੰਗਣ ਉਪਰੰਤ ਉਸ ਨੂੰ ਛੱਡ ਦਿੱਤਾ ਗਿਆ। ਨਮੋਸ਼ੀ ਦਾ ਝੰਬਿਆ ਉਹ ਫਿਰ ਰੌਲ਼ਿਆਂ ਤੱਕ ਮੁੜ ਕਦੀ ਇਸ ਰਾਹ ਤੇ ਨਾ ਡਿੱਠਾ ।"

ਲੇਖਕ:ਸਤਵੀਰ ਸਿੰਘ ਚਾਨੀਆਂ 
92569-73526


rajwinder kaur

Content Editor

Related News