1947 ਹਿਜਰਤਨਾਮਾ-46 : 'ਸਾਗਰੀ ਦਾ ਵਸੇਬ ਭੁਲਾਇਆਂ ਵੀ ਨਹੀਂ ਭੁੱਲਦਾ'

03/22/2021 2:34:35 PM

"ਮੈਂ ਨਰਿੰਦਰ ਸਿੰਘ ਪੁੱਤਰ ਸੇਵਾ ਸਿੰਘ ਪੁੱਤਰ ਪ੍ਰਭ ਸਿੰਘ ਘੂਰਾ ਪਿੰਡ ਸਾਗਰੀ ਤਹਿਸੀਲ ਅਤੇ ਜ਼ਿਲ੍ਹਾ ਰਾਵਲਪਿੰਡੀ, ਹਾਲ ਆਬਾਦ ਫਗਵਾੜਾ ਤੋਂ ਬੋਲ ਰਿਹੈਂ। ਸਾਗਰੀ, ਜੱਦੀ ਪਿੰਡ ਐ ਸਾਡਾ। ਮਾਤਾ ਇੰਦਰ ਕੌਰ ਦੀ ਕੁੱਖੋਂ 1935 ਦਾ ਜਨਮ ਐ ਮੇਰਾ। ਮੇਰੇ ਪਿਤਾ ਜੀ ਪਿੰਡ ਹੀ ਭਾਈ ਖਜ਼ਾਨ ਸਿੰਘ/ਮਾਤਾ ਪਾਰਬਤੀ ਦੀ ਧੀ ਨੂੰ ਵਿਆਹੇ ਗਏ। ਪਿੰਡ ਦੇ ਧਰਮੀ ਪੁਰਖ ਸ.ਗੋਪਾਲ ਸਿੰਘ ਸੂਰੀ ਹੋਰਾਂ ਹੀ ਪਿਤਾ ਜੀ ਦਾ ਰਿਸ਼ਤਾ ਕਰਵਾਇਆ। ਮਾਤਾ ਜੀ ਨੇ ਮਿਡਲ ਸਕੂਲ ਤੋਂ ਹੀ 1928 ’ਚ ਪੰਜਵੀਂ ਜਮਾਤ ਪਾਸ ਕੀਤੀ। ਉਨ੍ਹਾਂ ਦੇ ਉਦਰ ਤੋਂ ਕ੍ਰਮਵਾਰ ਉਜਾਗਰ ਸਿੰਘ, ਮੈਂ ਨਰਿੰਦਰ ਸਿੰਘ, ਗੁਰਬਚਨ ਸਿੰਘ, ਸਤਵੰਤ ਕੌਰ ਤੇ ਰਜਿੰਦਰ ਕੌਰ ਪੰਜ ਭੈਣ ਭਾਈ ਹੋਏ ਆਂ ਅਸੀਂ। ਗੁਆਂਢੀ ਪਿੰਡ ਮੰਦਰਾ, ਸਿਆਲਾ, ਸ਼ਨੀ,ਡੇਰਾ ਖਾਲਸਾ, ਰਵਾਤ, ਕੱਲਰ ਅਤੇ  ਚੱਕ ਲਾਲਾ ਵਗੈਰਾ ਸਨ। ਪਿੰਡ ਚ 4 ਖੂਹ ਕ੍ਰਮਵਾਰ ਗੁਰਦੁਆਰਾ ਸਾਹਿਬ, ਸ਼ਮਸ਼ਾਨ ਘਾਟ, ਮਸਜਿਦ ਸਾਹਮਣੇ ਅਤੇ ਇਕ 'ਟੇਸ਼ਣ ਰੋਡ ’ਤੇ। 

ਪੜ੍ਹੋ ਇਹ ਵੀ ਖ਼ਬਰ - Health Tips : ਜਾਣੋ ਕਿਹੜੀ ਉਮਰ ’ਚ ਰੋਜ਼ਾਨਾ ਕਿੰਨਾ ਪੀਣਾ ਚਾਹੀਦੈ ‘ਦੁੱਧ’, ਦੂਰ ਹੋਣਗੀਆਂ ਇਹ ਬੀਮਾਰੀਆਂ  

ਇਸ ਤੋਂ ਇਲਾਵਾ ਰਾਵਲਪਿੰਡੀ ਰੋਡ ’ਤੇ ਪੂਰੇ ਖੇਤ ’ਚ ਪੱਥਰਾਂ ਨਾਲ ਕੀਤੀ ਚਾਰ ਦੀਵਾਰੀ ਢਾਬ ਸੀ, ਜਿਸ ’ਚ ਬਰਸਾਤ ਦਾ ਪਾਣੀ ਜਮ੍ਹਾਂ ਰਹਿੰਦਾ, ਜੋ ਨਹਾਉਣ ਧੋਣ ਪਸ਼ੂਆਂ ਲਈ ਕੰਮ ਆਉਂਦਾ।  ਲਾਹੌਰ ਤੋਂ ਪੰਜਾ ਸਾਹਿਬ ਰੇਲ ਟ੍ਰੈਕ ਤੇ ਮਾਨ ਕਿਆਲਾ ਕੋਈ ਤਿੰਨ ਕੋਹ ਦੀ ਦੂਰੀ ’ਤੇ ਟੇਸ਼ਣ ਲੱਗਦਾ ਸੀ ਸਾਨੂੰ। ਫਿਰ ਵੀ ਰਾਵਲਪਿੰਡੀ ਅਕਸਰ ਆਉਣ ਜਾਣ ਤਾਂਗਿਆਂ ’ਤੇ ਹੀ ਕਰਦੇ। ਸਿੱਖ ਬਰਾਦਰੀ ਦੇ ਕੋਈ 70-80, ਹਿੰਦੂਆਂ ਦੇ 25-30 ਮੁਸਲਿਮ ਭਾਈਚਾਰੇ ਦੇ 35-40 ਅਤੇ ਬਾਕੀ ਕਿਰਤੀ, ਮਜ਼ਦੂਰ ਤਬਕੇ ਦੇ ਕੋਈ 4-4, 5-5 ਘਰ ਹੋਣਗੇ। ਜਮਾਲਦੀਨ ਤੇਲੀ ਦਾ ਕੋਹਲੂ, ਨਾਦਰ ਅਤੇ ਫ਼ਜ਼ਲ ਹਸਨ ਕਾਸਬੀ ,ਮੰਗੂ ਘੁਮਿਆਰ ਮਿੱਟੀ ਦੇ ਭਾਂਡਿਆਂ ਵਾਲਾ, ਫਜਲਖਾਨ, ਫਤਿਹਦੀਨ ਲੁਹਾਰ/ਤਰਖ਼ਾਣ, ਸਰੂਪ ਸਿੰਘ, ਅਤਰ ਸਿੰਘ, ਸੰਤੋਖ ਸਿੰਘ ਆਟਾ ਚੱਕੀ ਵਾਲੇ, ਲੰਬੜਦਾਰ ਅਬਦੁਲ ਗਨੀ ਅਤੇ ਮੁਹੰਮਦ ਅਫ਼ਜ਼ਲ ਅਤੇ ਸਰਵਰ ਜਾਨ ਲੰਬੜਦਾਰਨੀ। 

ਪੜ੍ਹੋ ਇਹ ਵੀ ਖ਼ਬਰ - Holi 2021 : 499 ਸਾਲ ਬਾਅਦ ‘ਹੋਲੀ’ ’ਤੇ ਬਣ ਰਿਹੈ ਇਹ ਯੋਗ, ਰਾਸ਼ੀ ਅਨੁਸਾਰ ਕਰੋ ਇਨ੍ਹਾਂ ਰੰਗਾਂ ਦੀ ਵਰਤੋਂ, ਹੋਵੇਗਾ ਸ਼ੁੱਭ

ਇਹ ਸਾਰੇ ਪਿੰਡ ਦੇ ਕਾਮੇ/ਚੌਧਰੀ ਹਾਲਾਂ ਵੀ ਉਵੇਂ ਮੇਰੇ ਚੇਤਿਆਂ ਵਿਚ ਸ਼ੁਮਾਰ ਨੇ। ਮੇਰੇ ਬਾਪ ਦੀ ਕਰਿਆਨਾ ਦੀ, ਦੀਨਾ ਨਾਥ,ਇੰਦਰ ਸਿੰਘ ਤੇ ਉਦਾ ਪੁੱਤਰ ਅਪਾਰ  ਸਿੰਘ ਵਗੈਰਾ ਦੀ ਮੁਨਿਆਰੀ ਦੀ ਜਵਾਹਰ ਸਿੰਘ ਦੀ ਕੱਪੜੇ, ਜਮੀਤ ਸਿੰਘ ਦੀ ਆੜਤ ਤੇ ਇੰਦਰ ਸਿੰਘ ਸਾਹਨੀ ਦਾ ਸਬਜ਼ੀ ਦਾ ਕਾਰੋਬਾਰ ਸਾਗਰੀ ਦੇ ਮੇਨ ਬਾਜ਼ਾਰ ਵਿੱਚ ਹੈ ਸੀ। ਸੱਭੋ ਸਿੱਖ ਬਰਾਦਰੀ ਪਾਸ ਵਾਹੀਯੋਗ ਜ਼ਮੀਨ ਦੀ ਮਾਲਕੀ ਸੀ ਪਰ ਉਨ੍ਹਾਂ ’ਤੇ ਖੇਤੀਬਾੜੀ ਮੁਸਲਿਮ ਹੀ ਮੁਜ਼ਾਹਰਿਆਂ ਦੇ ਰੂਪ ਵਿੱਚ ਕਰਦੇ। ਬਦਲੇ ’ਚ ਉਹ ਹਾੜੀ ਸਾਉਣੀ ਦਿੰਦੇ। ਪਿੰਡ ’ਚ ਮੁੰਡੇ-ਕੁੜਈਆਂ ਦੇ ਵੱਖ-ਵੱਖ ਮੁਸਲਿਮ ਅਤੇ ਖਾਲਸਾ ਸਕੂਲ ਚਲਦੇ। 

ਪੜ੍ਹੋ ਇਹ ਵੀ ਖ਼ਬਰ - ਗਮ ’ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਵਿਆਹ ਦੇ ਡੱਬੇ ਵੰਡਣ ਗਏ ਭਰਾ ਦੀ ਹਾਦਸੇ ’ਚ ਦਰਦਨਾਕ ਮੌਤ

PunjabKesari

ਖ਼ਿਆਲ ਐ ਖਾਲਸਾ ਸਕੂਲ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਜੀ ਦੇ ਪਰਉਪਕਾਰ ਨਾਲ, ਸਾਡੇ ਪਿੰਡ ਦੇ ਰਈਸ ਸ.ਰਾਮ ਸਿੰਘ ਆਨੰਦ ਦੇ ਯਤਨਾਂ ਨਾਲ ਬਣਾਏ ਗਏ। ਸ.ਨੰਦ ਸਿੰਘ ਅਤੇ ਬਾਕੀ ਉਸਤਾਦਾਂ ਵਿਚ ਬਲਵੰਤ ਸਿੰਘ, ਪ੍ਰਤਾਪ ਸਿੰਘ, ਸੁੰਦਰ ਸਿੰਘ ਤੇ ਮੇਹਰ ਸਿੰਘ, ਜੋ ਪਿੱਛਿਉਂ ਟਾਂਡਾ ਉੜਮੁੜੋਂ, ਉਥੇ 'ਕੱਲੇ ਈ ਰਹਿੰਦੇ ਸਨ। ਮਾਸਟਰ ਮਿਹਰ ਸਿੰਘ ਸ਼ਾਮ ਨੂੰ ਸਾਰੇ ਬੱਚਿਆਂ ਨੂੰ ਗਰਾਊਂਡ ’ਚ ਖੇਡਣ ਲਈ ਸੱਦਦੇ। ਭਰ ਗਰਮੀਆਂ ’ਚ ਮਾਨਕਿਆਲਾ 'ਟੇਸ਼ਣ ਤੇ ਬਾਹਰੀ ਖੂਹਾਂ ਤੋਂ ਪਾਣੀ ਦੀਆਂ ਬਾਲਟੀਆਂ ਭਰ-ਭਰ ਰੇਲ ਯਾਤਰੀਆਂ ਨੂੰ ਪਾਣੀ ਪਿਲਾਉਣ ਲਈ ਉਹ ਸਾਨੂੰ ਲੈ ਜਾਂਦੇ, ਕਦੇ ਸਫਾਈ ਤੇ ਕਦੇ ਬੂਟੇ ਵੀ ਲਗਵਾਉਂਦੇ। 

ਪੜ੍ਹੋ ਇਹ ਵੀ ਖ਼ਬਰ - ਹੈੱਡ ਗ੍ਰੰਥੀ ਦੇ ਪੁੱਤ ਦੇ ਖੁਦਕੁਸ਼ੀ ਮਾਮਲੇ ’ਚ ਆਇਆ ਨਵਾਂ ਮੋੜ, ਪੁਲਸ ਹੱਥ ਲੱਗੀ ਮ੍ਰਿਤਕ ਦੀ ਡਾਇਰੀ ਤੇ ਸੁਸਾਈਡ ਨੋਟ

ਸ਼ਾਮ ਢਲੇ ਗੁਰਦੁਆਰਾ ਸਿੰਘ ਸਭਾ ਰਹਿਰਾਸ ਦਾ ਪਾਠ/ਕੀਰਤਨ ਕਰਵਾਉਂਦੇ। ਪਿੰਡ ’ਚ ਨਗਰ ਕੀਰਤਨ ਹੁੰਦਾ ਤਾਂ ਸਾਰੇ ਬੱਚੇ ਕੇਸਰੀ ਝੰਡੇ ਲੈ ਕੇ ਮੋਹਰੇ ਚੱਲਦੇ। ਪ੍ਰਭਾਤ ਫੇਰੀਆਂ ’ਚ ਵੀ ਸ਼ਮੂਲੀਅਤ ਕਰਦੇ। ਨੇਮ ਨਾਲ ਸਾਡੀ ਹਾਜ਼ਰੀ ਲੱਗਦੀ। ਗ਼ੈਰ ਹਾਜ਼ਰ ਹੋਣ ’ਤੇ ਦੂਜੇ ਦਿਨ ਸਕੂਲ ਪਰੇਅਰ ’ਚ ਸਜ਼ਾ ਮਿਲਦੀ। ਉਸ ਵਕਤ ਮਾਸਟਰ ਮੇਹਰ ਸਿੰਘ ਸਾਨੂੰ ਚੰਗੇ ਨਹੀਂ ਲੱਗਦੇ। ਇਹੋ ਭਾਸਦਾ ਸੀ ਕਿ ਉਹ ਸਾਥੋਂ ਧਿੰਗੋਜ਼ੋਰੀ ਵਗਾਰਾਂ ਕਰਵਾਉਂਦੇ ਨੇ ਪਰ ਹੁਣ ਉਨ੍ਹਾਂ ਵਲੋਂ ਲਾਈ ਸਮਾਜ ਸੇਵਾ, ਖੇਲ ਕੁੱਦ ਦੀ ਚੇਟਕ, ਗੁਰੂ ਘਰ ਦੀ ਪ੍ਰੀਤ ਚੰਗੀ ਲੱਗਦੀ ਐ। ਉਨ੍ਹਾਂ ਦਾ ਨਾਮ ਆਉਣ ’ਤੇ ਸਿਰ ਅਦਬ ਨਾਲ ਝੁੱਕ ਜਾਂਦਾ। 

ਉੜਮੁੜ ਟਾਂਡਿਓਂ ਜੇ ਕੋਈ ਉਨ੍ਹਾਂ ਦਾ ਧੀ ਪੁੱਤਰ ਪੜ੍ਹੇ ਤਾਂ ਸਾਡੀ ਨਮਸਕਾਰ ਕਬੂਲ ਕਰੇ। ਮਾਨ ਕਿਆਲਾਂ 'ਟੇਸ਼ਣ ਕਰੀਬ ਰਵਾਇਤ ’ਚ ਧਾਰਮਿਕ ਜਗ੍ਹਾ ’ਤੇ 5 ਕੱਤਕ ਨੂੰ ਭਾਰੀ ਮੇਲਾ ਲੱਗਦਾ ਸੀ। ਸਭ ਹਿੰਦੂ ਸਿੱਖ ਢੋਲ ਨਾਲ ਪਹੁੰਚਦੇ। ਵਾਹਵਾ ਰੌਣਕ ਸਜਦੀ। ਗੁਰਦੁਆਰਾ ਸੁਧਾਰ ਲਹਿਰ ਵਿੱਚ ਵੀ ਸਾਡੇ ਪਿੰਡੋਂ ਜਥੇ ਮੋਰਚਿਆਂ ਵਿੱਚ ਗ੍ਰਿਫ਼ਤਾਰੀ ਲਈ ਜਾਂਦੇ। ਇਸ ਲਈ ਬਹੁਤਾ ਤਰੱਦਦ ਭਾਈ ਰਾਮ ਸਿੰਘ ਅਨੰਦ ਦਾ ਪਰਿਵਾਰ ਹੀ ਕਰਦਾ, ਅੱਜ ਕੱਲ੍ਹ ਜਿਨ੍ਹਾਂ ਦੇ ਪੋਤਰੇ ਸੇਵਾ ਸਿੰਘ ਤੇ ਸੰਤੋਖ ਸਿੰਘ ਦਿੱਲੀ ਦੇ ਪ੍ਰਸਿੱਧ ਕਾਰੋਬਾਰੀ ਨੇ। ਇਕ ਦੀਦਾਰ ਸਿੰਘ ਸਨ, ਜਿਨ੍ਹਾਂ ਦੇ ਪੋਤਰੇ ਮੋਹਨ ਸਿੰਘ ਤੇ ਰਘੁਬੀਰ ਸਿੰਘ ਵੀ ਦਿੱਲੀ ਤਸ਼ਰੀਫ਼ਨੁਮਾ ਨੇ। ਮੇਰੇ ਪਿਤਾ ਤੇ ਬਾਬਾ ਜੀ ਵੀ ਮੋਰਚਿਆਂ ’ਚ ਸ਼ੁਮਾਰ ਹੁੰਦੇ ।

ਪੜ੍ਹੋ ਇਹ ਵੀ ਖ਼ਬਰ - ਮੋਗਾ ‘ਚ ਦੁਖ਼ਦ ਘਟਨਾ : ਦਰਦ ਨਾਲ ਤੜਫਦੀ ਗਰਭਵਤੀ ਦੀ ਇਲਾਜ ਨਾ ਹੋਣ ਕਰਕੇ ਬੱਚੇ ਸਣੇ ਮੌਤ

ਜਦ ਰੌਲ਼ੇ ਪਏ ਤਾਂ ਮੈਂ ਤਦੋਂ ਪੰਜਵੀਂ ਜਮਾਤ ਦਾ ਵਿਦਿਆਰਥੀ ਸਾਂ। ਰੌਲਿਆਂ ਕਰਕੇ ਸਾਡਾ ਪੱਕਾ ਇਮਤਿਹਾਨ ਨਹੀਂ ਹੋਇਆ ਪਰ ਮੇਰਾ ਵੱਡਾ ਭਾਈ ਉਜਾਗਰ ਸਿੰਘ 10 ਵੀਂ ਜਮਾਤ ਦਾ ਪੱਕਾ ਇਮਤਿਹਾਨ ਗੁੱਜਰਖਾਨ ਦੇਣ ਗਿਆ, ਉਥੇ ਰੌਲਿਆਂ ’ਚ ਫਸ ਗਿਆ। ਉਦੋਂ ਸਾਡੇ ਪਿੰਡ ’ਤੇ ਹੱਲੇ ਹੋਣੇ ਸ਼ੁਰੂ ਹੋ ਗਏ। ਪਹਿਲਾਂ ਛੋਟਾ ਹੱਲਾ 12 ਮਾਰਚ ਨੂੰ ਹੋਇਆ। ਬਾਹਰੀ ਮੁਸਲਿਮ ਫਸਾਦੀਆਂ ਬਾਹਰੀ ਘਰਾਂ ਨੂੰ ਲੁੱਟ ਕੇ ਅੱਗਾਂ ਲਾਈਆਂ। 13 ਮਾਰਚ ਨੂੰ ਫਿਰ ਵੱਡੇ ਹਥਿਆਰਬੰਦ ਹਜੂਮ ਨੇ ਸਵੇਰੇ 11ਕੁ ਵਜੇ ਢੋਲ ਦੀ ਤਾਲ ’ਤੇ ਅਲੀ ਅਲੀ ਕਰਦਿਆਂ ਪਿੰਡ ਆ ਘੇਰਿਆ। ਬਾਬਾ ਜੀ ਵਿਹੜੇ ਵਿੱਚ ਬੈਠੇ ਸਵੇਰ ਦੀ ਰੋਟੀ ਪਾਏ ਖਾਣ। ਮੈਂ ਭੱਜ ਕੇ ਚੁਬਾਰੇ ਦੇ ਸਿਖਰ ਚੜ੍ਹ ਦੇਖਿਆ। ਦੂਰ ਤੱਕ ਫ਼ਸਾਦੀ ਹੀ ਫ਼ਸਾਦੀ ਨਜ਼ਰ ਆਉਣ। ਰੌਲਾ ਪਾਇਆ ਗਿਆ। ਸਾਰਾ ਪਿੰਡ ਗੁਰਦੁਆਰਾ ’ਚ ਕੱਠਾ ਹੋਇਆ। ਇਹਤਿਆਤ ਵਜੋਂ ਤੇਲ ਦੇ ਕੜਾਹੇ, ਮਿਰਚ ਪਾਊਡਰ ਤੇ ਇੱਟਾਂ ਰੋੜੇ ਪਹਿਲਾਂ ਹੀ ਇਕੱਠੇ ਕਰ ਰੱਖੇ ਸਨ ਕਿ ਉਂਜੋ ਕੁੱਝ ਦਿਨ ਪਹਿਲਾਂ ਪਿੰਡ ਦੇ ਵਡੇਰੇ ਵਸਤਾਂ ਦੀ ਖਰੀਦੋ ਫਰੋਖਤ ਲਈ ਰਾਵਲਪਿੰਡੀ ਗਏ। 

ਇਸ ਮੌਕੇ ਹਮਲੇ ਹੋਣ ਦੀਆਂ ਅਫਵਾਹਾਂ ਸੁਣ ਆਏ, ਸੋ ਪਹਿਰਾ ਵੀ ਪਿੰਡ ’ਚ ਲਗਾਤਾ। ਪਾਣੀ ਦੀ ਲੋੜ ਲਈ ਖੂਹ ਗੁਰਦੁਆਰਾ ਦੇ ਪਾਸ ਹੈ ਸੀ। ਫਸਾਦੀਆਂ ਘਰਾਂ ਨੂੰ ਲੁੱਟ ਪੁੱਟ ਕੇ ਅੱਗਾਂ ਲਗਾ ਦਿੱਤੀਆਂ। ਦੰਗਈਆਂ ਦੀਆਂ ਗੋਲੀਆਂ ਨਾਲ ਇਕ 10ਵੀਂ ਦਾ ਵਿਦਿਆਰਥੀ ਮਾਰਿਆ ਗਿਆ ਤੇ ਮੋਰਚੇ ’ਚੋਂ ਬੰਦੂਕ ਚਲਾ ਰਿਹਾ ਇੱਕ ਮਾਸਟਰ, ਗੋਲੀਆਂ ਨਾਲ ਫੱਟੜ ਹੋਇਆ ਤੇ ਉਸ ਨੂੰ ਰਾਵਲਪਿੰਡੀ ਕੈਂਟ ਹਸਪਤਾਲ ਦਾਖਲ ਕਰਵਾਇਆ ਤਾਂ ਉਹ ਬਚ ਰਿਹਾ। ਦੰਗਾਈਆਂ ਵਲੋਂ ਇਹ ਗੋਲ਼ੀਆਂ ਪਿੰਡ ਦੇ ਇਕ ਮੁਸਲਿਮ ਕੈਪਟਨ ਵਲੋਂ ਚਲਾਈਆਂ ਗਈਆਂ, ਜੋ ਉਨੀ ਦਿਨੀਂ ਛੁੱਟੀ ਆਇਆ ਹੋਇਆ ਸੀ। ਉਹ ਮਸਜਿਦ ਦੇ ਕਰੀਬ ਪੈਂਦੇ ਵੱਡੇ ਦਰੱਖ਼ਤ ’ਤੇ ਆਪਣੀ ਬੈਰਲ ਗੰਨ ਨਾਲ ਮੋਰਚਾ ਸਾਂਭੀ ਬੈਠਾ ਸੀ।

ਪਿੰਡ ਨੂੰ ਲੁੱਟ ਕੇ ਫ਼ਸਾਦੀ ਗੁਰਦੁਆਰਾ ਸਾਹਿਬ ਤੇ ਅਟੈਕ ਕਰਨ ਦੀ ਤਿਆਰੀ ਕਰਨ ਲੱਗੇ ਤਾਂ ਭਰਵੀਂ ਰਾਤ ਹੋ ਚੁੱਕੀ ਸੀ। ਮੋਰਚੇ ਦੀ ਅਗਵਾਈ ਕਰਨ ਵਾਲਿਆਂ ਸਰਦਾਰਾਂ ਕਿਹਾ ਆਪਣੇ ਬੱਚਿਆਂ ਨੂੰ ਮਿਲ ਲਓ ਤੇ ਸ਼ਹੀਦੀਆਂ ਦੇਣ ਲਈ ਸਨਮੁੱਖ ਹੋਵੋ। ਅਰਦਾਸਾ ਸੋਧਿਆ ਗਿਆ ਤਾਂ ਤਦੋਂ ਹੀ ਰਾਵਲਪਿੰਡੀਓਂ ਇਕ ਗੋਰਾ ਅਫ਼ਸਰ ਕੁੱਝ ਮਿਲਟਰੀ ਫੋਰਸ ਨਾਲ ਪਹੁੰਚਾ। ਸ਼ੈਦ ਪਹਿਲਾਂ ਹੀ ਕਿਸੇ ਸਿੱਖ ਜਾਂ ਮੁਸਲਿਮ ਹਿਤੈਸ਼ੀ ਨੇ ਖ਼ਬਰ ਕੀਤੀ। ਉਨ੍ਹਾਂ ਹੋਰ ਮਿਲਟਰੀ ਫੋਰਸ ਅਤੇ ਕੁੱਝ ਟਰੱਕ ਮੰਗਾ ਕੇ ਸਾਰੇ ਹਿੰਦੂ-ਸਿੱਖਾਂ ਨੂੰ ਬਾ ਹਿਫ਼ਾਜ਼ਤ ਕੱਢ ਕੇ ਲੁਬਾਣਾ ਬੰਗਲਾ ਵਿੱਚ ਪੁਹੁੰਚਾ ਕੇ ਰੋਟੀ ਪਾਣੀ ਦਾ ਵੀ ਇੰਤਜ਼ਾਮ ਕੀਤਾ। 2-3 ਦਿਨ ਦੀ ਠਾਹਰ ਤੋਂ ਬਾਅਦ ਸਭਨਾਂ ਨੂੰ ਰਾਵਲਪਿੰਡੀ ’ਚ ਚਲਦੇ ਆਰਜ਼ੀ ਰਫਿਊਜੀ ਕੈਂਪ ’ਚ ਭੇਜਤਾ। ਇਥੋਂ ਕੁੱਝ ਦਿਨ ਬਾਅਦ ਵਾਹ ਕੈਂਪ ਭੇਜਿਆ ਗਿਆ। ਇਥੇ ਹੀ ਮੇਰਾ ਭਾਈ ਉਜਾਗਰ ਸਿੰਘ, ਜੋ ਗੁੱਜਰਖਾਨ 10ਵੀਂ ਦਾ ਇਮਤਿਹਾਨ ਦੇਣ ਗਿਆ ਹੋਇਆ ਸੀ, ਵੀ ਲੱਭਦਾ ਲਭਾਉਂਦਾ ਸਾਨੂੰ ਆਣ ਮਿਲਿਆ। 

ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਵੱਡੀ ਵਾਰਦਾਤ : ਵਿਦੇਸ਼ੋਂ ਆਏ ਵਿਅਕਤੀ ਨੇ ਸਾਬਕਾ ਫੌਜੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ (ਤਸਵੀਰਾਂ)

ਮੇਰੇ ਚਾਚਾ ਜੀ ਦੇਵਾ ਸਿੰਘ ਜੋ ਤਦੋਂ ਲੁਦੇਹਾਣਾ ਬਿਜਲੀ ਬੋਰਡ ’ਚ ਨੌਕਰ ਸਨ। ਸਾਨੂੰ ਲੈਣ ਵਾਹ ਕੈਂਪ ’ਚ ਪਹੁੰਚੇ। ਪਿਤਾ ਜੀ ਨੇ ਮੈਨੂੰ ਸਮੇਤ ਦੋਹਾਂ ਭੈਣਾਂ, ਤਾਈ ਜੀ ਅਤੇ ਉਨ੍ਹਾਂ ਦੇ ਬੇਟੇ ਨੂੰ, ਉਨ੍ਹਾਂ ਨਾਲ ਭੇਜਤਾ ਪਰ ਬਾਕੀ ਪਰਿਵਾਰ 14-15 ਦਿਨ ਬਾਅਦ ’ਚ ਆਇਆ। ਸਾਰਾ ਪਰਿਵਾਰ ਤਿੰਨ ਕੱਪੜਿਆਂ ’ਚ ਲੁੱਦੇਹਾਣਾ 'ਕੱਠਾ ਹੋਇਆ। ਅਖੀਰ ਕੰਮ ਦੀ ਭਾਲ ’ਚ ਇਧਰ ਉਧਰ ਕੁੱਝ ਭਟਕਣਾ ਤੋਂ ਬਾਅਦ ਫਗਵਾੜਾ ਆਣ ਸੈਟਲ ਹੋਏ। ਇਤਫ਼ਾਕ ਇਹ ਹੋਇਆ ਕਿ ਸਾਗਰੀ ਵਾਲੇ ਮਾਸਟਰ ਸੁੰਦਰ ਸਿੰਘ ਜੀ, ਇਥੇ ਹੀ ਰਾਮਗੜ੍ਹੀਆ ਸਕੂਲ ’ਚ ਉਸਤਾਦ ਆਣ ਲੱਗੇ। ਜਿਨ੍ਹਾਂ ਤੋਂ ਮੈਟ੍ਰਿਕ ਪਾਸ ਕੀਤੀ। ਪਿਤਾ ਜੀ ਨੇ ਸਾਗਰੀ ’ਚੋਂ ਘਰੋਂ ਗੁਰਦੁਆਰਾ ਲਈ ਸਮਾਨ ਚੁੱਕਣ ਵੇਲੇ ਕੁਝ ਸਮਾਨ, ਅਹਿਮਦ ਮੁਹੰਮਦ, ਜੋ ਸਾਡੀ ਜ਼ਮੀਨ ਵਾਹੁੰਦਾ ਸੀ ਅਤੇ ਮੇਰੇ ਮਾਤਾ ਦੇ ਧਰਮ ਭਰਾ ਬਣੇ ਹੋਏ ਸਨ, ਦੇ ਹਵਾਲੇ ਕਰ ਆਏ। ਮੈਂ ਮੁੜ ਗੁਰਦੁਆਰਿਓਂ ਭੱਜ ਆਪਣੇ ਘਰੋਂ ਕੋਲਿਆਂ ਦੀ ਬੋਰੀ ਪਿੱਛੇ ਪਈ ਬੁਗਨੀ ਚੁੱਕ ਲਿਆ, ਪਿਤਾ ਜੀ ਨੂੰ ਦੇ ਦਿੱਤੀ, ਜਿਸ ’ਚੋਂ ਤਦੋਂ 19 ਰੁ: ਨਿੱਕਲੇ।

PunjabKesari

ਦਸੰਬਰ 1947 ਨੂੰ ਉਹ ਪਿਤਾ ਦੀ ਅਮਾਨਤ ਇਕ ਟਰੰਕ ’ਤੇ ਕੁਝ ਹੋਰ ਸਮਾਨ ਨਾਲ ਫਗਵਾੜਾ ਆਣ ਪਹੁੰਚੇ। ਕੁਝ ਦਿਨ ਸਾਡੇ ਪਾਸ ਰਹੇ। ਜਾਣ ਲੱਗੇ ਮਾਤਾ ਨੂੰ ਪੰਜ ਰੁਪਏ ਪਿਆਰ ਦੇ ਕੇ ਗਏ। ਸਾਡੇ ਆਂਡ-ਗੁਆਂਢ ਜਿਨ੍ਹਾਂ ਦੇ ਰਿਸ਼ਤੇਦਾਰ ਉਧਰ ਮਾਰੇ ਗਏ, ਉਹ ਕੱਠੇ ਹੋ ਕੇ ਅਹਿਮਦ ਨੂੰ ਮਾਰਨ ਲਈ ਮੌਕਾ ਭਾਲਣ ਲੱਗੇ ਪਰ ਪਿਤਾ ਜੀ ਨੇ ਸਖ਼ਤ ਲਹਿਜੇ ’ਚ ਵੰਗਾਰਦਿਆਂ ਕਿਹਾ," ਅਹਿਮਦ ਨੂੰ ਮਾਰਨ ਤੋਂ ਪਹਿਲਾਂ ਥੋਨੂੰ, ਮੈਨੂੰ ਮਾਰਨਾ ਪਏਗਾ।" ਉਹ ਬਾ ਹਿਫ਼ਾਜ਼ਤ ਉਨ੍ਹਾਂ ਨੂੰ ਵਾਹਗਾ ਸਰਹੱਦ ਪਾਰ ਕਰਵਾ ਆਏ। ਮੇਰੇ ਵੱਡੇ ਭਾਈ ਉਜਾਗਰ ਸਿੰਘ ਸਮੁੰਦਰੀ ਜਹਾਜ਼ਾਂ ਲਈ ਬੰਦਰਗਾਹਾਂ ਤੇ ਲੱਗੇ ਸਿਗਨਲ ਟਾਵਰਾਂ ਤੇ ਨੌਕਰੀ ਲੱਗ ਗਈ। ਉਨ੍ਹਾਂ ਮੈਨੂੰ ਵੀ ਉਸੇ ਮਹਿਕਮੇ ਵਿਚ ਲਗਾਤਾ। 1994 ’ਚ ਮੈਂ ਸੇਵਾ ਨਿਵਰਤ ਹੋਇਐਂ। ਸਾਗਰੀ ’ਚ 57 ਕਨਾਲ ਜ਼ਮੀਨ ਸੀ ਸਾਡੀ ਪਰ ਉਥਲ ਪੁਥਲ ’ਚ ਕਿਸੇ ਨੇ ਪੈਰਵੀ ਨਹੀਂ ਕੀਤੀ । 72 ਸਾਲ ਪਿੱਛੋਂ ਮੇਰੇ ਪੁੱਤਰ ਨੇ ਪੰਜਾਬ ਹਰਿਆਣਾ ਦਾ ਮਾਲ ਰਿਕਾਰਡ ਖੰਗਾਲਿਆ ਤਾਂ ਸਾਡੀ ਕੁੱਝ ਕਨਾਲ ਜ਼ਮੀਨ ਮੌਲਾਨਾ-ਨਰੈਣਗੜ ਨਜ਼ਦੀਕ ਬੋਲਦੀ ਪਈਆ। ਜਿਸ ਦਾ ਕਬਜ਼ਾ ਲੈਣ ਲਈ ਹੁਣ ਸੀਨਾ ਜ਼ੋਰੀ ਚੱਲ ਰਹੀ ਐ। ਇਸ ਵਕਤ ਮੈਂ ਅਪਣੇ ਨੇਕ ਬਖ਼ਤ ਪੁੱਤਰਾਂ ਕੰਵਲਜੀਤ ਸਿੰਘ, ਅਮਰਜੀਤ ਸਿੰਘ ਸਾਗਰੀ ਗਾਰਮੈਂਟ, ਨਾਲ ਰਹਿ ਕੇ ਆਪਣੀ ਬਾਲ ਫੁਲਵਾੜੀ ’ਚ ਜੀਵਨ ਦੀ ਸ਼ਾਮ ਹੰਢਾਅ ਰਿਹੈਂ ਪਰ ਸਾਗਰੀ ਦਾ ਵਸੇਬ ਭੁਲਾਇਆਂ ਵੀ ਨਹੀਂ ਭੁੱਲਦਾ।"

ਲੇਖਕ: ਸਤਵੀਰ ਸਿੰਘ ਚਾਨੀਆਂ
92569-73526
ਫੋਟੋ : ਸ.ਨਰਿੰਦਰ ਸਿੰਘ ਫਗਵਾੜਾ


rajwinder kaur

Content Editor

Related News