ਰੱਬ ਨੇ ਤੈਨੂੰ ਇਨਸਾਨ ਬਣਾਇਆ, ਤੂੰ ਇਨਸਾਨ ਬਣ...

Saturday, Jun 06, 2020 - 03:25 PM (IST)

ਤੂੰ ਇਨਸਾਨ ਬਣ

ਰੱਬ ਤੈਨੂੰ ਇਨਸਾਨ ਬਣਾਇਆ, ਤੂੰ ਇਨਸਾਨ ਬਣ।
ਕਿਉਂ ਧਰਮਾਂ ਦੇ ਪਿੱਛੇ ਲੜਦਾਂ ਏਂ,
ਕਿਉਂ ਡਾਂਗਾਂ ਫੜ ਕੇ ਖੜਦਾਂ ਏਂ,
ਕੋਈ ਨੀਵਾਂ ਨਹੀਂ ਕੋਈ ਉੱਚਾ ਨਹੀਂ,
ਕੋਈ ਜੂਠਾ ਨਹੀਂ ਕੋਈ ਸੁੱਚਾ ਨਹੀਂ
ਛੱਡ ਕੇ ਜਾਤਾਂ ਪਾਤਾਂ ਨੂੰ ਤੂੰ ਮਹਾਨ ਬਣ।
ਰੱਬ ਤੈਨੂੰ ਇਨਸਾਨ ਬਣਾਇਆ, ਤੂੰ ਇਨਸਾਨ ਬਣ।

ਤੇਰੇ ਵਿੱਚ ਵੀ ਲਹੂ ਏ, ਕੋਈ ਦੁੱਧ ਨਹੀਂ,
ਤੇਰੇ ਵਿੱਚ ਬੁਰਾਈਆਂ ਨੇ, ਤੂੰ ਸ਼ੁੱਧ ਨਹੀਂ,
ਤੂੰ ਆਇਆ ਨਹੀਂ ਏਂ ਰਾਹ ਵੱਖਰੇ।
ਤੇਰੇ ਹੋਰਾਂ ਨਾਲੋਂ ਨਹੀਂ ਸਾਹ ਵੱਖਰੇ।
ਕੋਈ ਚੰਗਾ ਕਾਰਜ ਕਰਜਾ, ਨਾ ਸ਼ੈਤਾਨ ਬਣ।
ਰੱਬ ਤੈਨੂੰ ਇਨਸਾਨ ਬਣਾਇਆ, ਤੂੰ ਇਨਸਾਨ ਬਣ।

ਸੱਚ ਦਾ ਬਣਜਾ ਤੂੰ ਕਰਿੰਦਾ,
ਬਣੀ ਨਾ ਵਹਿਸ਼ੀ ਤੂੰ ਦਰਿੰਦਾ
ਧੀਆਂ ਭੈਣਾਂ ਤੇਰੇ ਘਰ ਨੇ,
ਔਖੇ ਹੁੰਦੇ ਦੁਖੜੇ ਜਰਨੇ,
ਲੋੜਵੰਦਾਂ ਦਾ ਬਣ ਸਹਾਰਾ, ਐਸਾ ਤੂੰ ਮਕਾਨ ਬਣ।
ਰੱਬ ਤੈਨੂੰ ਇਨਸਾਨ ਬਣਾਇਆ, ਤੂੰ ਇਨਸਾਨ ਬਣ।

ਸਭਨਾ ਦੇ ਵਿੱਚ ਵੱਸਦਾ ਰੱਬ ਹੈ,
ਏਕ ਨੂਰ ਤੋਂ ਉਪਜਿਆ ਸੱਭ ਹੈ,
ਨਾ ਕੋਈ ਵੱਡਾ ਨਾ ਕੋਈ ਛੋਟਾ,
ਕਰਮਾ ਦਾ ਫਲ, ਚੰਗਾ ਖੋਟਾ,
ਪੀਰ ਮੁਹੰਮਦ ਵਾਲਿਆ(ਵੀਰੇ)ਸਭਨਾ ਦਾ ਸਨਮਾਨ ਬਣ।
ਰੱਬ ਤੈਨੂੰ ਇਨਸਾਨ ਬਣਾਇਆ, ਤੂੰ ਇਨਸਾਨ ਬਣ।

 

ਵਾਹ ਕਰੋਨਿਆਂ 

ਵਾਹ ਕਰੋਨਿਆਂ ਕਰਾਂ ਕੀ ਗੱਲ ਤੇਰੀ,
ਨਾਮ ਆਪਣੇ ਦਾ ਸਿੱਕਾ ਤੂੰ ਚਲਾ ਗਿਆਂ ਏਂ।
ਮਜ਼ਦੂਰ ਤੇ ਗਰੀਬ ਖੱਜਲ ਖੁਆਰ ਕਰਕੇ ,
ਕਈਆਂ ਰੱਜਿਆਂ ਨੂੰ ਹੋਰ ਰਜਾ ਗਿਆਂ ਏ।
ਵੱਡਿਆਂ ਢਿੱਡਾਂ ਵਾਲਿਆਂ ਨੇ ਘਰ ਭਰਲੇ,
ਭੋਲੇ ਗਰੀਬਾਂ ਨੂੰ ਆਪਸ ਵਿੱਚ ਲੜਾ ਗਿਆਂ ਏਂ।
ਅਜੇ ਤੱਕ ਨਾ ਗਰੀਬਾਂ ਨੂੰ ਹੱਕ ਮਿਲਿਆ, 
ਇਹ ਕਿਹੋ ਜਿਹੇ ਲਾਰੇ ਤੂੰ ਲਵਾ ਗਿਆਂ ਏਂ।
ਸੈਨੇਟਾਈਜਰ ਤੇ ਮਾਸਕ ਵੀ ਹੋਏ ਮਹਿੰਗੇ,
ਰੇਟ ਇਹਨਾਂ ਦੇ ਅਸਮਾਨ ਤੇ ਚੜ੍ਹਾ ਗਿਆਂ ਏਂ।
ਮਾਲ ਗੁਦਾਮਾਂ ਵਿੱਚ ਸੀ ਜਿੰਨਾਂ ਸਟੋਰ ਕੀਤਾ,
ਉਹਨਾਂ ਦੇ ਖੋਟਿਆਂ ਤੋਂ ਖਰੇ ਕਰਾ ਗਿਆਂ ਏਂ।
(ਵੀਰੇ) ਵਰਗੇ ਤਾਂ ਉਡੀਕਦੇ ਹੀ ਰਹਿ ਗਏ,
ਕਈਆਂ ਲੋਕਾਂ ਨੂੰ ਕਰੋਨਿਆਂ ਬਣਾ ਗਿਆਂ ਏਂ।

 

ਮੈਂ ਕਿਤਾਬ ਹਾਂ 

ਮੈਂ ਤਾਂ ਇਕ ਕਿਤਾਬ ਹਾਂ,
ਵੰਡਾਂ ਸਭ ਨੂੰ ਗਿਆਨ ।
ਰਹਿੰਨੀ ਆਂ ਸਦਾ ਉਡੀਕਦੀ,
ਪੜ੍ਹੇ ਕੋਈ ਮੈਨੂੰ ਆਣ ।
ਸਨਮਾਨ ਦੇਵਾਂ ਮੈ ਸਭ ਨੂੰ, 
ਚਾਹੇ ਬੱਚਾ, ਬੁਡਾ, ਜਵਾਨ ।
ਜਦ ਖੋਲ੍ਹ ਕੇ ਕੋਈ ਮੈਨੂੰ ਪੜ੍ਹ ਲੇ ,
ਲਾ ਕੇ ਪੂਰਾ ਧਿਆਨ ।
ਮੈ ਜੋਤ ਜਗਾਵਾਂ ਗਿਆਨ ਦੀ,
ਬਣਾਅ ਦੇਵਾਂ ਵਿਦਵਾਨ ।
ਜੋ ਸਮਝੇ ਲਿਖੀ ਹਰ ਗਲ ਨੂੰ ,
ਉਹ ਬਣ ਜਾਦਾਂ ਏ ਸੂਝਵਾਨ ।
ਅਮਲ ਜਿਹੜੇ ਵੀ ਕਰ ਗਏ, 
ਬਣੇ (ਵੀਰੇ) ਨੇਕ ਇਨਸਾਨ ।
ਮੈ ਤਾਂ ਇੱਕ ਕਿਤਾਬ ਹਾਂ, 
ਵੰਡਾਂ ਸਭ ਨੂੰ ਗਿਆਨ ।

ਵੀਰ ਸਿੰਘ ਵੀਰਾ, ਮੋਬ÷9780253156


rajwinder kaur

Content Editor

Related News