ਇਮਾਨਦਾਰੀ ਦੀ ਕਮਾਈ
Thursday, Apr 05, 2018 - 12:33 PM (IST)
ਮੈਨੂੰ ਤਰਸ ਆਇਆ ਤੇਰੇ 'ਤੇ
ਜਦ ਭਰੇ ਬਾਜ਼ਾਰ ਮੈਂ ਡਿੱਠਾ
ਤੇਰੇ ਹੱਥ 'ਚ ਟੋਕਰੀ ਨਾਲ ਤੈਨੂੰ
ਹੱਥ ਮੇਰੇ ਵਿਚ ਵੀ ਸੀ
ਇਕ ਡੱਬਾ
ਨਵੇਂ ਖਰੀਦੇ ਆਈਫੋਨ ਵਾਲਾ
ਸੋਚਿਆ ਕੀ ਫਰਕ ਪੈਣਾ
ਪੰਜ ਰੁਪਏ ਦੇ ਕੇ ਤੈਨੂੰ
ਤੂੰ ਤਾਂ ਫੜਨੋ ਇਨਕਾਰ ਕਰ ਦਿੱਤਾ
ਇਹ ਕਹਿ ਕੇ
ਕਿ ਜੁੱਤੀ ਲੈ ਲੋ ਸਿਰਫ ਦੱਸ ਰੁਪਏ ਦੀ
ਮੈਂ ਸੋਚਾਂ ਕੀ ਕਰਨੀ
ਨਵਜੰਮੇ ਬੱਚੇ ਦੇ ਪੈਰ ਜਿੱਡੀ
ਤੂੰ ਦੱਸ ਰੁਪਏ ਹੀ ਰੱਖ ਲੈ
ਮੇਰੀ ਖੁਸ਼ੀ ਦੇ ਨਾਲ
ਪਰ ਤੂੰ
ਫਿਰ ਮੋੜ ਦਿੱਤੇ,ਇਹ ਕਹਿ ਕੇ
ਪੈਸੇ ਨਹੀਂ ਰੱਖ ਸਕਦਾ ਮੈਂ
ਖ਼ੁਸ਼ੀ ਨਾਲ ਜੇ ਲੈਣੀ ਤਾਂ ਜੁੱਤੀ ਲੈ ਜੋ
ਮੈਂ ਦੱਸ ਰੁਪਏ ਦਿੱਤੇ
ਤੇ ਤੂੰ ਜੋੜਾ ਜੁੱਤੀ ਵਾਲਾ
ਜੋ ਇਕ ਜੁੱਤੀ ਮੇਰੇ ਕੋਲ
ਤੇ ਦੂਜੀ ਮੇਰੇ ਯਾਰ ਕੋਲ
ਹਮੇਸ਼ਾ ਰਹੂ ਸਾਡੇ ਸਾਹਾਂ ਤੀਕਰ
ਇਸ ਬੇਈਮਾਨ ਦੁਨੀਆਂ ਦੇ
ਵੱਡੇ-ਵੱਡੇ ਰਾਜੇ-ਮਹਾਰਾਜਿਆਂ ਦੇ
ਨਾਲ਼ੋਂ ਵਧ ਸਿਆਣੇ
ਸੱਤ-ਅੱਠ ਸਾਲ ਦੇ ਨਿਆਣੇ ਦੀ
ਇਮਾਨਦਾਰੀ ਦੀ ਕਮਾਈ ਦਾ
ਪ੍ਰਤੀਕ ਬਣ ਕੇ।
ਗੁਰਜੀਤ ਸਿੰਘ ਗੀਤੂ
ਅਸਿਸਟੈਂਟ ਪ੍ਰੋਫੈਸਰ
9465310052
