ਗੰਦਾ ਚੈਨਲ ਨਹੀਂ ਦੇਖਣਾ
Tuesday, Jul 17, 2018 - 04:30 PM (IST)

ਐਤਵਾਰ ਦੀ ਛੁੱਟੀ ਹੋਣ ਕਰਕੇ ਮੈਂ ਘਰੇ ਬੈਠਾ ਅਖ਼ਬਾਰ ਪੜ੍ਹ ਰਿਹਾ ਸੀ। ਮੇਰੇ ਨਾਲ ਦੀ ਕੁਰਸੀ 'ਤੇ ਬੈਠਾ ਮੇਰਾ ਪੰਜ ਸਾਲ ਦਾ ਬੇਟਾ ਅਸ਼ਨੂਰ ਆਪਣੇ ਸਕੂਲ ਦਾ ਕੰਮ ਕਰਨ ਵਿਚ ਮਸਤ ਸੀ ਜਾਂ ਫਿਰ ਮੇਰੇ ਡਰ ਨਾਲ ਉਹ ਪੜ੍ਹਾਈ ਦਾ 'ਨਾਟਕ' ਕਰ ਰਿਹਾ ਸੀ, ਪਤਾ ਨਹੀਂ! ਪਰ ਉਹ ਆਪਣੀ ਗਰਦਨ ਹੇਠਾਂ ਸੁੱਟੀ ਇਸ ਤਰ੍ਹਾਂ ਜਾਪ ਰਿਹਾ ਸੀ ਜਿਵੇ ਕੋਈ ਲੀਡਰ ਤਾਜਾ-ਤਾਜਾ ਚੋਣ ਹਾਰਿਆ ਹੋਵੇ। ਇਹ ਗੱਲ 100 ਫ਼ੀਸਦੀ ਸੱਚ ਹੈ ਕਿ ਹਰ ਐਤਵਾਰ ਉਸ ਲਈ ਕਿਸੇ ਮਾੜੇ ਦਿਨ ਨਾਲੋਂ ਘੱਟ ਨਹੀਂ ਹੁੰਦਾ ਕਿਉਂਕਿ ਇਸ ਦਿਨ ਮੇਰੀ ਛੁੱਟੀ ਹੁੰਦੀ ਹੈ।
ਦੂਜੀ ਗੱਲ, ਹਫਤੇ ਦਾ ਇਹੀ ਉਹ ਦਿਨ ਹੁੰਦਾ ਹੈ ਜਦੋਂ ਉਹ ਆਰਾਮ ਨਾਲ ਘਰ ਬੈਠਾ ਹੁੰਦਾ ਹੈ, ਨਹੀਂ ਤਾਂ ਬਾਕੀ ਦਿਨ ਤਾਂ ਉਹ ਘਰ ਦੇ ਨਾਲ ਲੱਗਦੇ ਪਾਰਕ ਵਿਚ ਕ੍ਰਿਕਟ ਟੀਮ ਦਾ ਕੈਪਟਨ ਬਣਿਆ ਹੁੰਦਾ ਹੈ।
ਮੇਰੀ ਪਤਨੀ ਚਰਨਜੀਤ ਚਾਹ ਦਾ ਕੱਪ ਲਿਆਈ ਤਾਂ ਅਸ਼ਨੂਰ ਨੂੰ ਪੜ੍ਹਦਿਆਂ ਦੇਖ ਕੇ ਹੈਰਾਨ ਹੁੰਦਿਆਂ ਬੋਲੀ, “ਹੈਂ..! ਅੱਜ ਕਿੱਧਰੋਂ ਦਿਨ ਚੜ੍ਹਿਆ ਹੈ?''
“ਕਿਉਂ ਕੀ ਗੱਲ ਹੋਈ...?''ਮੈਂ ਅਖ਼ਬਾਰ ਤੋਂ ਨਜ਼ਰ ਹਟਾਉਂਦਿਆਂ ਪੁੱਛਿਆ।''
“ਇਹੋ, ਕਿ ਨਾ ਟੀ. ਵੀ. ਚੱਲ ਰਿਹਾ ਹੈ... ਤੇ ਨਾ ਹੀ ਕ੍ਰਿਕਟ ਕੈਪਟਨ ਪਾਰਕ ਵਿਚ...!“ਚਰਨਜੀਤ ਸੱਚਮੁਚ ਹੈਰਾਨ ਸੀ।
“ਮੰਮਾ, ਡੇਲੀ ਹੋਮਵਰਕ ਕਰਕੇ ਹੀ ਤਾਂ ਕ੍ਰਿਕਟ ਖੇਡਣ ਜਾਂਦਾ ਹਾਂ, ਮੈਂ।'' ਅਸ਼ਨੂਰ ਨੇ ਆਪਣੀ ਹੇਠੀ ਹੁੰਦਿਆਂ ਦੇਖ ਕੇ ਹੋਲੀ ਜਿਹੀ ਕਿਹਾ।
“ਚੱਲੋ ਕੋਈ ਗੱਲ ਨਹੀਂ..., ਆ ਜਾਓ..., ਚਾਹ ਪੀ ਲਵੋ।“ਚਰਨਜੀਤ ਨੇ ਗੱਲ ਮੁਕਾਉਂਦਿਆਂ ਕਿਹਾ।
ਚਰਨਜੀਤ ਨੇ ਅਸ਼ਨੂਰ ਅਤੇ ਮੈਨੂੰ ਚਾਹ ਵਾਲੇ ਕੱਪ ਫੜ੍ਹਾਏ ਅਤੇ ਆਪ ਰਸੋਈ ਵਿਚ ਆਪਣੇ ਲਈ ਚਾਹ ਲੈਣ ਲਈ ਚਲੀ ਗਈ।
“ਬੇਟਾ, ਟੀ. ਵੀ. ਤਾਂ ਚਲਾ।“ਮੈਂ ਅਸ਼ਨੂਰ ਨੂੰ ਕਿਹਾ।
“ਜੀ ਪਾਪਾ।“
ਅਸ਼ਨੂਰ ਨੇ ਟੀ. ਵੀ. ਚਲਾਇਆ ਤਾਂ ਇਕ ਪੰਜਾਬੀ ਚੈਨਲ ਤੇ ਕੋਈ ਪੰਜਾਬੀ ਗੀਤ ਚੱਲ ਰਿਹਾ ਸੀ। ਰੀਮੋਟ ਅਸ਼ਨੂਰ ਦੇ ਹੱਥ ਵਿਚ ਸੀ। ਉਸ ਨੇ ਝੱਟ ਚੈਨਲ ਇਸ ਤਰ੍ਹਾਂ ਬਦਲ ਦਿੱਤਾ ਜਿਵੇਂ ਕੋਈ ਪੰਜਾਬੀ ਪੇਂਡੂ ਮੁੰਡਾ 'ਬਾਹਰ' ਜਾ ਕੇ ਆਪਣਾ ਨਾਂ ਬਦਲ ਦਿੰਦਾ ਹੈ। ਮੈਂ ਕਿਹਾ, “ਬੇਟਾ ਪੰਜਾਬੀ ਚੈਨਲ ਚੱਲਣ ਦੇ।''
“ ਨਹੀਂ ਪਾਪਾ, ਗੰਦਾ ਚੈਨਲ ਨਹੀਂ ਦੇਖਣਾ!!!''
“ਗੰਦਾ...!“
“ਹਾਂ ਪਾਪਾ, ਮੰਮਾ ਨੇ ਕਿਹਾ ਸੀ ਕਿ ਪੰਜਾਬੀ ਚੈਨਲ ਗੰਦੇ ਹੁੰਦੇ ਨੇ।''
“ਅੱਛਾ..., ਹੋਰ ਕੀ ਕਿਹਾ ਸੀ ਤੇਰੀ ਮੰਮਾ ਨੇ...?“ਮੈਂ ਅਸ਼ਨੂਰ ਤੋਂ ਗੱਲ ਦੀ ਪੂਰੀ ਜਾਣਕਾਰੀ ਲੈਣਾ ਚਾਹੁੰਦਾ ਸੀ।
“ਇਹੋ ਕਿ ਪੰਜਾਬੀ ਚੈਨਲ ਦੇਖਣ ਨਾਲ ਬੱਚੇ ਵਿਗੜ ਜਾਂਦੇ ਨੇ।“ਅਸ਼ਨੂਰ ਨੇ ਬੜੀ ਮਾਸੂਮੀਅਤ ਨਾਲ ਜੁਆਬ ਦਿੱਤਾ।
ਮੈਂ ਬੜਾ ਹੈਰਾਨ ਸੀ ਕਿ ਪੰਜਾਬ ਦੀ ਜੰਮਪਲ ਚਰਨਜੀਤ ਲਈ ਪੰਜਾਬੀ ਚੈਨਲ ਗੰਦੇ ਕਿਵੇਂ ਹੋ ਗਏ ਹਨ? ਮੈਂ ਅਜੇ ਖਿਆਲਾਂ ਵਿਚ ਹੀ ਗੁਆਚਾ ਸੀ ਕਿ ਚਰਨਜੀਤ ਵੀ ਚਾਹ ਦਾ ਕੱਪ ਲੈ ਕੇ ਸਾਡੇ ਕੋਲ ਆ ਗਈ।
“ਜਨਾਬ, ਇਹ ਪੰਜਾਬੀ ਚੈਨਲ, ਜਿਹੜੇ ਮਾਂ-ਬੋਲੀ ਦਾ ਪ੍ਰਚਾਰ ਕਰਨ ਡੱਹੇ ਨੇ, ਗੰਦੇ ਕਿਵੇਂ ਹੋ ਗਏ ਨੇ... ਭਲਾ ਦੱਸੋਗੇ?“ਮੈਂ ਬੜੇ ਵਿਅੰਗ ਨਾਲ ਚਰਨਜੀਤ ਨੂੰ ਪੁੱਛਿਆ।
ਅਕਸਰ ਠੰਡੇ ਸੁਭਾਅ ਰਹਿਣ ਵਾਲੀ ਚਰਨਜੀਤ ਇਵੇਂ ਬੋਲੀ ਜਿਵੇਂ ਫ਼ਾਟਕ ਕੋਲ ਰੇਲਗੱਡੀ ਦਾ ਹੌਰਨ ਬੋਲਦਾ ਹੈ। ਉੱਚੀ ਆਵਾਜ਼ ਵਿਚ।
“ਕਿਉਂ ਜੀ, ਕੀ ਮਾੜਾ ਕਿਹਾ ਮੈਂ...?“
“ਪੰਜਾਬੀ ਚੈਨਲ਼...।“
“ਇਹੀ ਪੰਜਾਬੀ ਚੈਨਲ।“ਚਰਨਜੀਤ ਨੇ ਵਿੱਚੇ ਟੋਕਦਿਆਂ ਇਸ ਤਰ੍ਹਾਂ ਕਿਹਾ, ਜਿਵੇਂ ਕੋਈ ਪੁਲਸੀਆ ਬਿਨਾਂ ਗੱਲ ਸੁਣੇ ਹੀ ਦੋ-ਚਾਰ ਥਪੇੜੇ ਕਿਸੇ ਗ਼ਰੀਬ ਰਿਕਸ਼ੇ ਵਾਲੇ ਦੇ ਜੜ ਦਿੰਦਾ ਹੈ। ਗੁੱਸੇ ਵਿਚ ਲਾਲ ਹੋਈ ਚਰਨਜੀਤ ਨੇ ਅਸ਼ਨੂਰ ਤੋਂ ਰੀਮੋਟ ਲੈ ਕੇ ਇਕ ਪੰਜਾਬੀ ਚੈਨਲ ਚਲਾ ਦਿੱਤਾ ਤੇ ਕਿਹਾ, “ਆਹ ਦੇਖੋ ਹੁਣ...?“
ਉਸ ਪੰਜਾਬੀ ਚੈਨਲ ਤੇ ਇਕ ਗਾਇਕ ਗੀਤ ਗਾ ਰਿਹਾ ਸੀ ਤੇ ਉਸ ਨਾਲ 15/20 ਅੱਧ-ਨੰਗੀਆਂ ਕੁੜੀਆਂ ਡਾਂਸ ਕਰਨ ਬਹਾਨੇ ਗੰਦੇ ਇਸ਼ਾਰੇ ਕਰ ਰਹੀਆਂ ਸਨ। ਉਹ ਅੱਧ-ਨੰਗੀਆਂ ਕੁੜੀਆਂ ਕਦੇ ਅੱਖਾਂ ਨਾਲ ਗੰਦੇ ਇਸ਼ਾਰੇ ਕਰਦੀਆਂ ਤੇ ਕਦੇ ਗੰਦੀਆਂ ਹਰਕਤਾਂ। ਗੀਤ ਦੇ ਬੋਲ ਵੀ ਅੱਤ ਦਰਜ਼ੇ ਦੇ ਘਟੀਆ ਤੇ ਬੇਹੁਦਾ ਸਨ।
“ਆਹ ਦੇਖ ਲਉ ਆਪਣਾ ਪੰਜਾਬੀ ਚੈਨਲ਼...।“ ਚਰਨਜੀਤ ਨੇ ਰੀਮੋਟ ਮੈਨੂੰ ਇਸ ਤਰ੍ਹਾਂ ਫੜਾਇਆ ਜਿਵੇਂ ਮਿਆਦ ਖ਼ਤਮ ਹੋਣ ਤੇ ਮੁੱਖਮੰਤਰੀ, ਰਾਜਪਾਲ ਨੂੰ ਅਸਤੀਫ਼ਾ ਫੜਾਉਂਦਾ ਹੈ।
ਉਹ ਅਸ਼ਨੂਰ ਨੂੰ ਲੈ ਕੇ ਬਾਹਰ ਪਾਰਕ ਵੱਲ ਨੂੰ ਤੁਰ ਪਈ ਅਤੇ ਮੈਂ ਬੈਠਾ ਸੋਚ ਰਿਹਾ ਸਾਂ ਕਿ ਮਾਂ-ਬੋਲੀ ਤਾਂ ਮਾੜੀ ਨਹੀਂ ਪਰ ਅਜੋਕੇ ਗਾਇਕਾਂ/ਚੈਨਲਾਂ ਨੇ ਮਾਂ-ਬੋਲੀ ਨੂੰ ਏਨਾ ਗੰਦਲਾ ਕਰ ਦਿੱਤਾ ਹੈ ਕਿ ਹੁਣ ਬੱਚੇ ਪੰਜਾਬੀ ਚੈਨਲਾਂ ਨੂੰ 'ਗੰਦੇ ਚੈਨਲ' ਕਹਿਣ ਲੱਗ ਪਏ ਹਨ। ਮਾਂ- ਬਾਪ ਆਪਣੇ ਬੱਚਿਆਂ ਨੂੰ ਪੰਜਾਬੀ ਚੈਨਲਾਂ ਦੀ ਅਸ਼ਲੀਲਤਾ ਤੋਂ ਦੂਰ ਰੱਖਣਾ ਚਾਹੁੰਦੇ ਹਨ।
ਇਸ ਸਭ ਕਾਰੇ ਲਈ ਦੋਸ਼ੀ ਕੌਣ ਹੈ? ਮੈਂ..., ਚਰਨਜੀਤ..., ਅਸ਼ਨੂਰ..., ਜਾਂ ਪੰਜਾਬੀ ਗਾਇਕ/ਚੈਨਲ। ਮੈਨੂੰ ਮੇਰੇ ਬੇਟੇ ਅਸ਼ਨੂਰ ਦੀ ਕਹੀ ਗੱਲ ਸੱਚ ਜਾਪ ਰਹੀ ਸੀ, 'ਪਾਪਾ, ਗੰਦਾ ਚੈਨਲ ਨਹੀਂ ਦੇਖਣਾ!!!' ਮੈਂ ਟੀ. ਵੀ. ਬੰਦ ਕੀਤਾ ਤੇ ਖਿਆਲਾਂ 'ਚ ਗੁਆਚਾ ਹੋਲੀ-ਹੋਲੀ ਚਰਨਜੀਤ ਅਤੇ ਅਸ਼ਨੂਰ ਦੇ ਪਿੱਛੇ ਪਾਰਕ ਵੱਲ ਨੂੰ ਤੁਰ ਪਿਆ।
ਡਾ. ਨਿਸ਼ਾਨ ਸਿੰਘ ਰਾਠੌਰ
ਕੋਠੀ ਨੰ. 1054/1, ਵਾਰਡ ਨੰ. 15/ਏ, ਭਗਵਾਨ ਨਗਰ ਕਾਲੌਨੀ, ਪਿੱਪਲੀ, ਜ਼ਿਲ੍ਹਾ ਕੁਰੂਕਸ਼ੇਤਰ।
ਮੋਬਾਈਲ ਨੰ. 075892- 33437