ਦੇਖਭਾਲ ਦੀ ਘਾਟ ਕਾਰਨ ਟੁੱਟਦੇ ਨੇ ਬੰਨ੍ਹ

07/14/2023 3:03:13 AM

ਪਾਣੀ, ਜਿਸ ਦਾ ਦੂਜਾ ਨਾਂ ਹੈ ਪੰਜਾਬ (ਪੰਜ-ਆਬ), ਪਾਣੀ ਪੰਜਾਬ ਦੀ ਧਰਤੀ ਨੂੰ ਜਰਖੇਜ਼ ਕਰਦਾ ਹੈ। ਭਾਵੇਂ ਵਾਰਿਸ ਸ਼ਾਹ ਲਿਖਦਾ ਹੈ, ਦਰਿਆਵਾਂ ਨੂੰ ਬੰਨ੍ਹ ਨਹੀਂ ਬੱਝਦੇ ਪਰ ਸਾਇੰਸ ਦੀ ਹੋਈ ਤਰੱਕੀ ਕਾਰਨ ਬੰਨ੍ਹ ਤਾਂ ਕੀ ਅੱਜ ਵੱਡੇ-ਵੱਡੇ ਡੈਮ ਬਣ ਗਏ ਹਨ। ਉਹ ਕਾਮਯਾਬ ਵੀ ਹੋਏ ਹਨ। ਇਨ੍ਹਾਂ ਬੰਨ੍ਹਾਂ ਕਾਰਨ ਹੀ ਅੱਜ ਉਨ੍ਹਾਂ ਥਾਵਾਂ ’ਤੇ ਵੀ ਪਾਣੀ ਪਹੁੰਚਦਾ ਕਰ ਦਿੱਤਾ ਗਿਆ ਹੈ, ਜਿੱਥੇ ਰੇਤ ਦੇ ਵੱਡੇ-ਵੱਡੇ ਟਿੱਲੇ ਸਨ। ਇਹ ਸਿਵਲ ਇੰਜੀਨੀਅਰਿੰਗ ਦਾ ਕਮਾਲ ਹੀ ਹੈ। ਇਸ ਨਾਲ ਕਈ ਫਾਇਦੇ ਹੋਏ, ਬਿਜਲੀ ਘੱਟ ਖਰਚੇ ’ਤੇ ਆਮ ਲੋਕਾਂ ਤੱਕ ਪਹੁੰਚਦੀ ਕਰ ਦਿੱਤੀ ਗਈ ਪਰ ਇਹ ਜੋ ਬੰਨ੍ਹ ਸਨ, ਇਨ੍ਹਾਂ ਦੀ ਦੇਖ-ਰੇਖ ਲਈ ਜੋ ਖਰਚ ਹੋਣ ਲਈ ਪੈਸਾ ਸਰਕਾਰ ਵੱਲੋਂ ਜਾਰੀ ਕੀਤਾ ਜਾਂਦਾ ਹੈ, ਉਸ ਨੂੰ ਚੋਰੀ ਕਰ ਲਿਆ ਜਾਂਦਾ ਹੈ।

ਚਾਹੀਦਾ ਤਾਂ ਇਹ ਸੀ ਕਿ ਉਸ ਦੀ ਸਹੀ ਵਰਤੋਂ ਕੀਤੀ ਜਾਂਦੀ ਪਰ ਉਸ ਨੂੰ ਚੋਰ ਮੋਰੀਆਂ ਨਾਲ ਗੱਲ ਕੀ ਇਕ ਖੁੱਡ ਬੰਦ ਕਰਨ ਲਈ ਹੀ ਲੱਖਾਂ ਦਾ ਖਰਚ ਵਿਖਾ ਕੇ ਹਜ਼ਮ ਕਰ ਲਏ ਗਏ। ਹਿਸਾਬ ਰੱਖਣ ਵਾਲੇ ਵੀ ਤਮਾਸ਼ਾ ਵੇਖਦੇ ਰਹੇ। ਇਸ ਲਈ ਜੋ ਸਾਇੰਸ ਦੀ ਤਰੱਕੀ ਸੀ, ਉਸ ਨਾਲ ਚੋਰਾਂ ਨੇ ਖਿਲਵਾੜ ਕੀਤਾ ਤੇ ਆਏ ਸਾਲ ਕੋਈ ਨਾ ਕੋਈ ਹਾਦਸਾ ਹੁੰਦਾ ਰਹਿੰਦਾ ਹੈ ਪਰ ਸਾਇੰਸ ਦੀ ਹੋਈ ਤਰੱਕੀ ਨਾਲ ਸਾਨੂੰ ਜੋ ਲਾਭ ਹੋ ਰਹੇ ਹਨ, ਉਨ੍ਹਾਂ ਦਾ ਆਦਰ ਕਰਨਾ ਚਾਹੀਦਾ ਹੈ। ਚੋਰਾਂ ਨੂੰ ਸਜ਼ਾਵਾਂ ਦਿਵਾਉਣੀਆਂ ਚਾਹੀਦੀਆਂ ਨੇ, ਸਾਡੇ ਹੜ੍ਹ ਆਉਣ ਦਾ ਕਾਰਨ ਇਹ ਲੋਕ ਨੇ, ਜੋ ਕੰਮ ਨਾ ਕਰਕੇ ਸਾਰਾ ਸਰਕਾਰੀ ਪੈਸਾ ਡਕਾਰ ਜਾਂਦੇ ਹਨ ਤੇ ਜਦੋਂ ਹੜ੍ਹ ਦੀ ਸਥਿਤੀ ਪੈਦਾ ਹੋ ਜਾਂਦੀ ਹੈ ਤਾਂ ਇਹ ਲੋਕ ਜਿਵੇਂ ‘ਬੂਹੇ ਆਈ ਜੰਞ ਵਿੰਨ੍ਹੋ ਕੁੜੀ ਦੇ ਕੰਨ’ ਦੀ ਕਹਾਵਤ ਵਾਂਗ ਬੰਨ੍ਹਾਂ ਉੱਤੇ ਜਾ ਕੇ ਇਉਂ ਫੋਟੋ ਖਿਚਵਾਉਂਦੇ ਹਨ ਕਿ ਜਿਵੇਂ ਸਾਰਾ ਫਿਕਰ ਹੀ ਇਨ੍ਹਾਂ ਨੂੰ ਹੋਵੇ, ਇਹ ਲੋਕ ਹੜ੍ਹਾਂ ਦੇ ਆਉਣ ਤੋਂ ਪਹਿਲਾਂ ਤਾਂ ਕਾਗਜ਼ਾਂ ਦੇ ਲੈਣ-ਦੇਣ ਦੇ ਹਿਸਾਬ-ਕਿਤਾਬ ਵਿਚ ਹੀ ਉਲਝੇ ਰਹਿੰਦੇ ਹਨ।

ਜਦੋਂ ਹੜ੍ਹ ਆਉਂਦੇ ਨੇ ਤਾਂ ਇਹ ਲੋਕ ਸਰਕਾਰੀ ਗੱਡੀਆਂ ਨੂੰ ਭਜਾ-ਭਜਾ ਕੇ ਧੂੜ ਉਡਾਉਂਦੇ ਫਿਰਦੇ, ਜਦਕਿ ਉਸ ਵੇਲੇ ਪਾਣੀ ਆਪਣਾ ਕੰਮ ਕਰ ਚੁੱਕਾ ਹੁੰਦਾ ਹੈ। ਕਈ ਲੋਕਾਂ ਨੂੰ ਘਰੋਂ ਬੇਘਰ ਕਰ ਚੁੱਕਾ ਹੁੰਦਾ ਹੈ। ਘਰ ਢਹਿ-ਢੇਰੀ ਹੋ ਚੁੱਕੇ ਹੁੰਦੇ ਹਨ। ਲੋਕ ਸੜਕਾਂ ’ਤੇ ਜਾਂ ਕਿਸੇ ਸੁਰੱਖਿਅਤ ਥਾਂ 'ਤੇ ਜਾਨ ਬਚਾਉਂਦੇ ਹੋਏ ਤਰਲੇ ਮਾਰ ਰਹੇ ਹੁੰਦੇ ਹਨ। ਖਾਣੇ ਲਈ ਤੇ ਆਪਣਾ ਤੇ ਆਪਣੇ ਬੱਚਿਆਂ ਦਾ ਤਨ ਢਕਣ ਲਈ ਚਿੰਤਤ ਹੋਏ ਇੱਧਰ-ਉੱਧਰ ਆਸਰਾ ਭਾਲਦੇ ਰੱਬ ਨੂੰ ਕੋਸਦੇ ਤੇ ਲਲਚਾਈਆਂ ਨਜ਼ਰਾਂ ਨਾਲ ਲੋਕਾਂ ਦੇ ਹੱਥਾਂ ਵੱਲ ਵੇਖਣ ਲਈ ਮਜਬੂਰ ਹੋ ਜਾਂਦੇ ਹਨ। ‘ਖਾਣ-ਪੀਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿੱਛ ਵਾਲੀ’ ਕਹਾਵਤ ਇਨ੍ਹਾਂ 'ਤੇ ਢੁੱਕਦੀ ਨਜ਼ਰ ਆਉਂਦੀ ਹੈ।

-ਅਮੀਰ ਸਿੰਘ ਜੋਸਨ


Mukesh

Content Editor

Related News