''ਕਰੋਨਾ ਵਾਇਰਸ'' ਨੇ ਚੀਨ ਦੇ ਨਾਲ-ਨਾਲ ਸੰਸਾਰ ਨੂੰ ਚਿੰਤਾ ''ਚ ਪਾਇਆ

02/11/2020 12:33:28 PM

ਚੀਨ 'ਚ ਵਿਕਰਾਲ ਰੂਪ ਵਿੱਚ ਫੈਲਿਆ ਕਰੋਨਾ ਵਾਇਰਸ ਜਿਸ ਨੂੰ 2019-ਕੋਰੋਨਾਵਾਇਰਸ ਦਾ ਨਾਂ ਵੀ ਦਿੱਤਾ ਗਿਆ ਹੈ। ਇਸ ਵਾਇਰਸ ਨੇ ਪੂਰੇ ਸੰਸਾਰ ਦੇ ਲੋਕਾਂ ਵਿੱਚ ਅੱਜ ਭੈਭੀਤ ਕੀਤਾ ਹੋਇਆ ਹੈ। ਕਿਉਂਕਿ ਇਸ ਤੋਂ ਪਹਿਲਾਂ ਕਦੀ ਮਨੁੱਖ ਇਸ ਵਾਇਰਸ ਤੋਂ ਪ੍ਰਭਾਵਿਤ ਨਹੀਂ ਸੀ ਹੋਇਆ। ਸ਼ੰਕਾ ਇਹ ਵੀ ਪ੍ਰਗਟਾਈ ਗਈ ਹੈ ਕਿ
ਵੂਹਾਨ (ਚੀਨ) ਤੋਂ ਇਹ ਵਾਇਰਸ ਕਿਸੇ ਜਲ ਜੀਵ ਜਾਂ ਵਾਇਲਡ ਲਾਈਫ ਮਾਰਕੀਟ ਤੋਂ ਮਨੁੱਖ ਤੱਕ ਪਹੁੰਚਿਆ ਹੈ। ਇਹ ਕਿ ਇਸ ਵਾਇਰਸ ਦਾ ਪਹਿਲਾਂ ਕੇਸ ਚੀਨ ਦੇ
ਵੂਹਾਨ ਵਿਖੇ 31 ਦਸੰਬਰ 2019 ਨੂੰ ਸਾਹਮਣੇ ਆਇਆ। ਇਸ ਤੋਂ ਬਾਅਦ ਵੂਹਾਨ ਤੋਂ ਨਿਕਲ ਕੇ ਬੀਜਿੰਗ ਅਤੇ ਦੂਜੇ ਦੇਸ਼ਾਂ ਜਿਵੇਂ ਕਿ ਦੱਖਣੀ ਕੋਰੀਆ, ਜਾਪਾਨ, ਥਾਈਲੈਂਡ ਗੁਆਨਡੋਂਗ ਅਤੇ ਭਾਰਤ ਆਦਿ 'ਚ ਪਹੁੰਚਣ ਵਾਲੇ ਯਾਤਰੀਆਂ ਵਿਚ ਕੋਰੋਨਾ ਵਾਇਰਸ ਦੇ ਲੱਛਣ ਸਾਹਮਣੇ ਆਉਣ ਨਾਲ ਚਿੰਤਾਵਾਂ ਵਧ ਗਈਆਂ ਹਨ।
ਇਕ ਅੰਦਾਜ਼ੇ ਮੁਤਾਬਕ ਹੁਣ ਤੱਕ ਚੀਨ ਵਿਚ ਇਸ ਵਾਇਰਸ ਨਾਲ ਹੋਈ ਇਨਫੈਕਸ਼ਨ ਕਾਰਨ ਬੀਮਾਰ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ 20 ਹਜ਼ਾਰ ਤੋਂ ਉਪਰ ਪੁੱਜ
ਚੁੱਕੀ ਹੈ। ਇਹ ਵੀ ਰਿਪੋਰਟਾਂ ਹਨ ਕਿ ਹੁਣ ਤੱਕ ਚੀਨ ਵਿਚ ਇਸ ਵਾਇਰਸ ਦੀ ਲਪੇਟ ਵਿੱਚ ਆ ਕੇ ਕਰੀਬ ਤਿੰਨ ਤੋਂ ਪੰਜ ਸੌ ਦੇ ਵਿਚਕਾਰ ਵਿਅਕਤੀਆਂ ਦੀਆਂ ਮੌਤਾਂ ਹੋ
ਚੁੱਕੀਆਂ ਹਨ। ਜਦੋਂ ਕਿ ਫਿਲੀਪੀਂਸ ਵਿੱਚ ਵੀ ਇਸ ਵਾਇਰਸ ਤੋਂ ਪੀੜਤ ਇਕ ਮਰੀਜ਼ ਦੀ ਮੌਤ ਹੋ ਚੁੱਕੀ ਹੈ।
ਇਹ ਵਜ੍ਹਾ ਹੈ ਕਿ ਚੀਨ ਵਿਚਲੇ ਕੋਰੋਨਾ ਵਾਇਰਸ ਦੇ ਡਰ ਦੀ ਗੰਭੀਰਤਾ ਨੂੰ ਅਨੁਭਵ ਕਰਦਿਆਂ ਸੰਸਾਰ ਸਿਹਤ ਸੰਗਠਨ ਨੇ ਇਸ ਵਾਇਰਸ ਨੂੰ ਵਿਸ਼ਵ-ਵਿਆਪੀ ਸੰਕਟ ਐਲਾਨ ਦਿੱਤਾ ਹੈ। ਉਧਰ ਚੀਨ ਨੇ ਵੂਹਾਨ ਵਿਖੇ ਹਜਾਰਾਂ ਬੈੱਡਾਂ ਇਕ ਹਸਪਤਾਲ ਦਸ ਦਿਨਾਂ ਅੰਦਰ ਹੀ ਤਿਆਰ ਕਰ ਲਿਆ ਹੈ ਤਾਂ ਕਿ ਉਕਤ ਵਾਇਰਸ ਦੇ ਸ਼ਿਕਾਰ ਵਿਅਕਤੀਆਂ ਨੂੰ ਹਸਪਤਾਲ ਵਿਚ ਭਰਤੀ ਕੀਤਾ ਜਾ ਸਕੇ।
ਅੱਜ ਕੋਰੋਨਾ ਵਾਇਰਸ ਨੂੰ ਲੈ ਕੇ ਜਿੱਥੇ ਦੁਨੀਆਂ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ ਉਥੇ ਹੀ ਵਾਇਰਸ ਸੰਬੰਧੀ ਜਾਣਕਾਰੀ ਹਾਸਲ ਕਰਨ ਦੀ ਇੱਛਾ ਵੀ ਪ੍ਰਬਲ ਹੈ। ਬਹੁਤ ਸਾਰੇ ਅਜਿਹੇ ਪ੍ਰਸ਼ਨ ਲੋਕਾਂ ਦੇ ਦਿਲ ਵਿੱਚ ਗਰਦਿਸ਼ ਕਰ ਰਹੇ ਹਨ ਜਿਨ੍ਹਾਂ ਦੇ ਉਤਰ
ਉਨ੍ਹਾਂ ਨੂੰ ਬਹੁਤ ਘੱਟ ਮਿਲ ਪਾ ਰਹੇ ਨੇ ।
ਹੁਣ ਤੱਕ ਅਜਿਹੇ ਕੋਈ ਸਬੂਤ ਸਾਹਮਣੇ ਨਹੀਂ ਆਏ। ਜਿਨ੍ਹਾਂ ਦੇ ਆਧਾਰ 'ਤੇ ਇਹ
ਪੁਖ਼ਤਗੀ ਨਾਲ ਕਿਹਾ ਜਾ ਸਕੇ ਕਿ ਵੂਹਾਨ ਜਾਂ ਦੂਜੇ ਇਨਫੈਕਸ਼ਨ ਵਾਲੇ ਇਲਾਕਿਆਂ ਤੋਂ ਆਏ ਸਾਮਾਨ ਨੂੰ ਛੂਹਣ ਨਾਲ ਇਹ ਫੈਲ ਸਕਦਾ ਹੈ।
ਇਸ ਦੇ ਨਾਲ ਹੀ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਜ਼ੁਕਾਮ ਦੇ ਵਾਇਰਸ ਇਨਸਾਨੀ ਸਰੀਰ ਦੇ ਬਾਹਰ 24 ਘੰਟਿਆਂ ਤੱਕ ਜ਼ਿੰਦਾ ਰਹਿੰਦੇ ਹਨ। ਹਾਲਾਂਕਿ ਕੋਰੋਨਾਵਾਇਰਸ ਕਈ ਮਹੀਨਿਆਂ ਤੱਕ ਇਨਸਾਨੀ ਸਰੀਰ ਦੇ ਬਾਹਰ ਵੀ ਜਿਉਂਦਾ ਰਹਿ ਸਕਦਾ ਹੈ।
ਇਹ ਵੀ ਕਿਹਾ ਹੈ ਕਿ ਕਿਸੇ ਵਿਅਕਤੀ ਨੂੰ ਇਸ ਵਾਇਰਸ ਨਾਲ ਇਨਫੈਕਸ਼ਨ ਹੋਣ ਲਈ ਉਸ ਵਿਅਕਤੀ ਦੇ ਸੰਪਰਕ ਵਿੱਚ ਆਉਣਾ ਹੁੰਦਾ ਹੈ ਜਿਸ ਨੂੰ ਇਨਫੈਕਸ਼ਨ ਹੈ। ਇਹ ਕਿ ਚੀਨ ਵਿੱਚ ਇੱਕ ਵੱਡੀ ਆਬਾਦੀ ਜਾਨਵਰਾਂ ਦੇ ਨੇੜੇ ਤੇੜੇ ਰਹਿੰਦੀ ਹੈ। ਇਹ ਕੋਰੋਨਾਵਾਇਰਸ ਵੀ ਕਿਸੇ ਜਾਨਵਰ ਤੋਂ ਹੀ ਇਨਸਾਨ ਵਿੱਚ ਪਹੁੰਚਿਆ ਹੈ। ਇੱਕ ਗੱਲ ਇਹ ਵੀ ਆਖੀ ਗਈ ਹੈ ਕਿ ਇਹ ਵਾਇਰਸ ਸੱਪਾਂ ਰਾਹੀਂ ਇਨਸਾਨ ਵਿੱਚ ਆਇਆ ਹੈ।
ਇਸ ਤੋਂ ਪਹਿਲਾਂ ਵੀ ਅਜਿਹਾ ਹੀ ਇੱਕ ਹੋਰ ਵਾਇਰਸ ਅਰਥਾਤ ਸਾਰਸ ਵੀ ਪਹਿਲਾਂ ਪਹਿਲ ਚੀਨ ਤੋਂ ਹੀ ਆਇਆ ਸੀ ਜਿਸ ਦੇ ਮੁੱਖ ਸਰੋਤ ਚਮਗਿੱਦੜ ਅਤੇ ਸਿਵੇਟ ਬਿੱਲੀ ਸਨ। ਇਸ ਦੇ ਸ਼ੁਰੂਆਤੀ ਮਾਮਲਿਆਂ ਦੇ ਤਾਰ ਦੱਖਣ ਚੀਨ ਦੇ ਸੀ-ਫੂਡ ਹੋਲਸੇਲ ਮਾਰਕਿਟ ਤੱਕ ਪਹੁੰਚਦੇ ਹਨ।ਇਨ੍ਹਾਂ ਬਜ਼ਾਰਾਂ ਵਿੱਚ ਮੁਰਗਿਆਂ, ਚਮਗਿੱਦੜ ਦੇ ਨਾਲ-ਨਾਲ ਸੱਪ ਵੀ ਵੇਚੇ ਜਾਂਦੇ ਹਨ।
ਕੋਰੋਨਾਵਾਇਰਸ ਨਾਲ ਇਨਫੈਕਸ਼ਨ ਤੋਂ ਬਾਅਦ ਸਿਹਤ ਪਹਿਲਾਂ ਵਰਗੀ ਹੋ ਸਕਦੀ ਹੈ। ਇਸ ਵਾਇਰਸ ਨਾਲ ਇਨਫੈਕਸ਼ਨ ਕਾਰਨ ਕਈ ਲੋਕਾਂ ਵਿੱਚ ਹਲਕੇ-ਫੁਲਕੇ ਲੱਛਣ ਦਿਖਾਈ ਦਿੰਦੇ ਹਨ। ਇਨ੍ਹਾਂ ਵਿੱਚ ਬੁਖਾਰ, ਖੰਘ ਅਤੇ ਸਾਹ ਲੈਣ ਵਿੱਚ ਹੋਣ ਵਾਲੀਆਂ ਮੁਸ਼ਕਿਲਾਂ ਸ਼ਾਮਿਲ ਹਨ। ਜ਼ਿਆਦਾਤਰ ਲੋਕ ਇਸ ਇਨਫੈਕਸ਼ਨ 'ਚੋਂ ਲੰਘਣ ਤੋਂ ਬਾਅਦ ਪੂਰੀ ਤਰ੍ਹਾਂ ਠੀਕ ਹੋ ਜਾਂਦੇ ਹਨ। ਇਥੇ ਜਿਕਰਯੋਗ ਹੈ ਕਿ, ਇਹ ਵਾਇਰਸ ਬਜ਼ੁਰਗਾਂ ਅਤੇ ਪਹਿਲਾਂ ਹੀ ਡਾਇਬਟੀਜ਼ ਅਤੇ ਕੈਂਸਰ ਵਰਗੀਆਂ ਬੀਮਾਰੀਆਂ ਨਾਲ ਜੂਝ ਰਹੇ ਲੋਕਾਂ ਲਈ ਕਾਫ਼ੀ ਖ਼ਤਰਨਾਕ ਸਾਬਤ ਹੋ ਸਕਦਾ ਹੈ । ਜਾਂ ਇੰਝ ਕਹਿ ਲਵੋ ਕਿ ਜਿਨ੍ਹਾਂ ਦੇ ਸਰੀਰ ਵਿੱਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਘੱਟ ਹੋਵੇ ਉਨ੍ਹਾਂ ਲੋਕਾਂ ਲਈ ਇਹ ਬੇਹੱਦ ਖ਼ਤਰਨਾਕ ਹੈ।
ਇਨਕਿਊਬੇਸ਼ਨ ਪੀਰੀਅਡ ਦੇ ਸੰਦਰਭ ਵਿੱਚ ਖੁਲਾਸਾ ਕਰਦਿਆਂ ਵਿਸ਼ਵ ਸਿਹਤ ਸੰਗਠਨ ਮੁਤਾਬਕ ਕਿਸੇ ਵੀ ਵਾਇਰਸ ਦਾ ਇਨਕਿਊਬੇਸ਼ਨ ਪੀਰੀਅਡ ਉਹ ਸਮਾਂ ਹੁੰਦਾ ਹੈ ਜਿਸ ਦੌਰਾਨ ਵਿਅਕਤੀ ਨੂੰ ਵਾਇਰਸ ਨਾਲ ਇਨਫ਼ੈਕਸ਼ਨ ਹੋ ਸਕਦਾ ਹੈ। ਪਰ ਉਸ ਦੀ ਸਿਹਤ 'ਤੇ ਇਸ ਦਾ ਅਸਰ ਦਿਖਾਈ ਨਹੀਂ ਦਿੰਦਾ। ਫਿਲਹਾਲ ਇਸ ਵਾਇਰਸ ਦਾ ਇਨਕਿਊਬੇਸ਼ਨ ਪੀਰੀਅਡ ਸਮਝਣਾ ਬਹੁਤ ਜ਼ਰੂਰੀ ਹੁੰਦਾ ਹੈ। ਕਿਉਂਕਿ ਇਸ ਸੰਦਰਭ ਵਿੱਚ ਡਾਕਟਰ ਅਤੇ ਸਰਕਾਰਾਂ ਉਹਨਾਂ ਦੀ ਮਦਦ ਨਾਲ ਵਾਇਰਸ ਦੇ ਪਸਾਰ ਨੂੰ ਰੋਕ ਸਕਦੇ ਹਨ। ਮਤਲਬ ਇਹ ਹੈ ਕਿ ਜੇ ਉਨ੍ਹਾਂ ਨੂੰ ਇਸ ਬਾਰੇ ਪਤਾ ਹੋਵੇ ਤਾਂ ਉਹ ਅਜਿਹੇ ਲੋਕਾਂ ਨੂੰ ਆਮ ਆਬਾਦੀ ਤੋਂ ਅਲੱਗ ਰੱਖ ਸਕਦੇ ਹਨ ਜਿਨ੍ਹਾਂ ਦੇ ਵਾਇਰਸ ਨਾਲ ਇਨਫੈਕਸ਼ਨ ਹੋਣ ਦਾ ਖ਼ਦਸ਼ਾ ਬਣ ਰਿਹਾ ਹੋਵੇ। ਇਥੇ ਇਹ ਵੀ ਦੱਸਣਯੋਗ ਹੈ ਕਿ ਫਿਲਹਾਲ ਇਸ ਵਾਇਰਸ ਦਾ ਕੋਈ ਟੀਕਾਕਰਨ ਮੌਜੂਦ ਨਹੀਂ ਹੈ। ਕਿਉਂਕਿ ਇਹ ਇੱਕ ਅਜਿਹਾ ਵਾਇਰਸ ਹੈ ਜੋ ਇਨਸਾਨਾਂ ਵਿੱਚ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਹੈ। ਹੁਣ ਜਦੋਂ ਦੀ ਇਸ ਕਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ ਤਾਂ ਰਿਸਰਚਰ ਇਸ ਦਾ ਵੈਕਸੀਨ ਬਣਾਉਣ ਵਿੱਚ ਲੱਗੇ ਹੋਏ ਹਨ।  
ਜਦੋਂ ਅਸੀਂ ਇਸ ਵਾਇਰਸ ਦੇ ਲੱਛਣਾਂ ਦੀ ਗੱਲ ਕਰਦੇ ਹਾਂ ਤਾਂ ਮੁੱਖ ਰੂਪ ਵਿੱਚ ਇਸ ਦੇ ਸ਼ੁਰੂਆਤੀ ਲੱਛਣਾਂ ਵਿਚ ਬੁਖਾਰ, ਖਾਂਸੀ, ਸਾਹ ਦਾ ਉੱਖੜਨਾ, ਸਾਹ ਲੈਣ ਵਿਚ
ਮੁਸ਼ਕਲ ਆਉਣਾ ਅਤੇ ਤਾਂਤਰਿਕ ਤੰਤਰ ਦਾ ਪ੍ਰਭਾਵਿਤ ਹੋਣਾ ਆਦਿ ਹੋ ਸਕਦੇ ਹਨ।
ਇਸ ਉਕਤ ਵਾਇਰਸ ਤੋਂ ਬਚਣ ਲਈ ਹੇਠ ਲਿਖੀਆਂ ਸਾਵਧਾਨੀਆਂ ਵਰਤੀਆਂ ਜਾ ਸਕਦੀਆਂ ਹਨ ਜਿਵੇਂ ਕਿ ਜੇਕਰ ਕਿਤੇ ਜਾਣਾ ਹੋਵੇ ਤਾਂ ਆਪਣੇ ਨਾਲ ਆਪਣੇ ਘਰ ਦਾ ਬਣਿਆ ਤਾਜਾ ਖਾਣਾ ਰੱਖਿਆ ਜਾਵੇ ਤੇ ਬਾਹਰਲਾ ਖਾਣਾ, ਖਾਣ ਤੋਂ ਪਰਹੇਜ਼ ਰੱਖਿਆ ਜਾਵੇ। ਹੱਥ ਮਿਲਾਉਣਾ ਜੇਕਰ ਅਤਿ ਜਰੂਰੀ ਹੋਵੇ ਤਾਂ ਮਿਲਾਉਣ ਤੋਂ ਬਾਅਦ ਸਾਬਣ ਨਾਲ ਚੰਗੀ ਤਰ੍ਹਾਂ ਹੱਥ ਨੂੰ ਧੋ ਲਿਆ ਜਾਵੇ। ਛਿੱਕ ਜਾਂ ਖਾਂਸੀ ਆਉਣ ਵੇਲੇ ਮੂੰਹ ਨੂੰ ਕਿਸੇ ਸਾਫ ਕਪੜੇ ਨਾਲ ਢੱਕ ਲਿਆ ਜਾਵੇ। ਕਿਸੇ ਵੀ ਅਜਿਹੇ ਵਿਅਕਤੀ ਨਾਲ ਸੰਗਤ ਕਰਨ ਤੋਂ ਪਰਹੇਜ਼ ਕਰੋ ਜਿਸ ਦੀ ਸਿਹਤ ਦਰੁਸਤ ਨਾ ਹੋਵੇ। ਇਸ ਦੇ ਨਾਲ ਹੀ ਜਾਨਵਰਾਂ ਦੇ ਨੇੜੇ ਜਾਣ ਤੋਂ ਵੀ ਬਚਿਆ ਜਾਵੇ ਤੇ ਰਾ-ਮੀਟ ਵੀ ਨਹੀਂ ਵਰਤਨਾ ਚਾਹੀਦਾ। ਜਾਨਵਰਾਂ ਲਈ ਬਣਾਏ ਗਏ ਫਾਰਮ ਅਤੇ ਬਾਜਾਰ ਵਿੱਚ ਬਣੇ ਸਲਾਟਰ ਹਾਊਸ ਜਾਂ ਬੁੱਚੜਖਾਨੇ ਵਿੱਚ ਜਾਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਘਰ ਤੋਂ ਬਾਹਰ ਨਿਕਲਦੇ ਸਮੇਂ ਮੂੰਹ ਤੇ ਮਾਸਕ ਆਦਿ ਦੀ ਵਰਤੋਂ ਕਰਨਾ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।

ਮੁਹੰਮਦ ਅੱਬਾਸ ਧਾਲੀਵਾਲ,
ਮਾਲੇਰਕੋਟਲਾ।
ਸੰਪਰਕ : 9855259650


Aarti dhillon

Content Editor

Related News