ਬਾਲ ਸਾਹਿਤ ਵਿਸ਼ੇਸ਼-11 :ਸਲਾਹ ਦਾ ਅਸਰ

08/14/2020 5:11:00 PM

ਜਗਤਾਰਜੀਤ ਸਿੰਘ
9899091186

ਮੰਗਲ ਆਪਣਾ ਚਿਹਰਾ ਮੁੜ-ਮੁੜ ਸ਼ੀਸ਼ੇ ਵਿਚ ਵੇਖ ਰਿਹਾ ਹੈ। ਇਹ ਉਸ ਦੀ ਆਦਤ ਹੈ। ਚਿਹਰੇ ਦਾ ਹਲਕਾ ਕਾਲਾਪੰਨ ਉਸ਼ ਨੂੰ ਸਤਾਉਂਦਾ ਰਹਿੰਦਾ ਹੈ। 

ਮੁੜ-ਮੁੜ ਸ਼ੀਸ਼ਾ ਦੇਖਣ ਨਾਲ ਕੀ ਕਾਲਾਪੰਨ ਦੂਰ ਹੋ ਜਾਂਦਾ ਹੈ? ਜੇ ਏਦਾਂ ਹੁੰਦਾ ਤਾਂ ਪੱਕੇ ਰੰਗ ਵਾਲੇ ਲੋਕ ਇਸ ਨੂੰ ਆਪਣਾ ਜੀਵਨ-ਵਿਹਾਰ ਬਣਾ ਲੈਂਦੇ। ਹੋਰਾਂ ਨੂੰ ਲਾਭ ਹੋਵੇ ਜਾਂ ਨਾ ਹੋਵੇ ਪਰ ਮੰਗਲ ਆਪਣੀ ਕਿਰਿਆ ਤਨ-ਮਨ ਨਾਲ ਕਰਦਾ। ਇਸ ਲਈ ਉਸ ਨੇ ਪੱਕਾ ਇੰਤਜਾਮ ਵੀ ਕੀਤਾ ਹੋਇਆ ਹੈ।

ਕਮਰੇ ਦੀ ਬਾਹਰੀ ਕੰਧ ਉੱਪਰ ਸ਼ੀਸ਼ਾ ਲਗਾ ਹੋਇਆ ਸੀ, ਜਿਸ ਨੂੰ ਸੀਮੇਂਟ ਦੀ ਇਕ ਟੁੱਟੀ-ਫੁੱਟੀ ਚੱਦਰ ਦੀ ਛਾਂਅ ਮਿਲੀ ਹੋਈ ਹੈ। ਘਰ ਦਾ ਵਗਲ ਠੀਕ-ਠਾਕ ਹੈ। ਚਾਰਦੀਵਾਰੀ ਜ਼ਿਆਦਾ ਨੀਵੀਂ ਨਹੀਂ ਸੀ। ਬਾਹਰ ਤੁਰਦੇ ਵਿਅਕਤੀ ਨੂੰ ਅੰਦਰ ਵਿਹੜੇ ਬੈਠਾ ਵਿਅਕਤੀ ਪਛਾਣ ਸਕਦਾ ਸੀ।

ਮੰਗਲ ਦੇ ਕਈ ਦੋਸਤ ਸਨ। ਕਿਸੇ ਨਾ ਕਿਸੇ ਬਹਾਨੇ ਉਹ ਇਹਦੇ ਘਰ ਆਉਂਦੇ-ਜਾਂਦੇ ਰਹਿੰਦੇ। ਦਾਅ ਲਗਦਾ ਤਾਂ ਉਝ ਵੀ ਆਪਣਿਆਂ ਦੇ ਜਾ ਆਉਂਦਾ।

ਦੋਸਤ ਆਪਸ ਵਿਚ ਭਾਂਤ-ਸੁਭਾਂਤ ਦੀਆਂ ਗੱਲਾਂ ਕਰਦੇ। ਨਾ ਗੱਲਾਂ ਦਾ ਵਿਸ਼ਾ ਨਿਸ਼ਚਿਤ ਸੀ ਅਤੇ ਨਾ ਹੀ ਥਾਂ। ਪਰ ਇਕ ਗੱਲ ਦਾ ਦੋਹਰਾਓ ਅਕਸਰ ਹੁੰਦਾ ਰਹਿੰਦਾ। ਮੰਗਲ ਆਪਣੇ ਚਿਹਰੇ ਦੇ ਕਾਲੇਪੰਨ ਨੂੰ ਦੂਰ ਕਰਨ ਬਾਰੇ ਜ਼ਰੂਰ ਪੁੱਛਦਾ। ਹਰ ਸੁਣਨ ਵਾਲੇ ਕੋਲ ਇਸ ਦਾ ਜਵਾਬ ਹੁੰਦਾ ਅਤੇ ਇਲਾਜ ਵੀ।

ਮੰਗਲ ਨੇ ਗੋਰਾ ਹੋਣ ਦੇ ਇਕ-ਦੋ ਨੁਸਖੇ ਵਰਤੋ ਵੀ ਸਨ ਪਰ ਉਨ੍ਹਾਂ ਨੁਸਖਿਆਂ ਦਾ ਅਸਰ ਹੁੰਦਾ ਕਿਸੇ ਨਾ ਦੇਖਿਆ।

ਇਸ ਦੇ ਬਰਾਬਰ ਇਕ ਹੋਰ ਹੋਣੀ ਵਾਪਰ ਰਹੀ ਸੀ, ਜਿਸ ਦਾ ਗਿਆਨ ਕਿਸੇ ਨੂੰ ਨਹੀਂ ਸੀ। ਮੰਗਲ ਦੇ ਘਰ ਦੀ ਨੁੱਕਰੇ ਨਿੰਮ ਦਾ ਭਾਰੀ ਰੁੱਖ ਸੀ। ਉਸੇ ਦੀ ਕਿਸੇ ਟਹਿਣੀ ’ਤੇ ਕਾਵਾਂ ਦਾ ਬਸੇਰਾ ਸੀ। 

ਰੁੱਖ, ਘਰ ਦੇ ਬਨੇਰੇ ਜਾਂ ਘਰ ਦੀ ਚਾਰਦੀਵਾਰੀ ’ਤੇ ਬੈਠ ਉਹ ਵਿਅਕਤੀ ਦੀ ਹਰਕਤ ਉੱਪਰ ਨਜ਼ਰ ਰੱਖ ਸਕਦੇ ਸਨ ਅਤੇ ਉਨ੍ਹਾਂ ਵਿਚਾਲੇ ਹੋਣ ਵਾਲੀਆਂ ਗੱਲਾਂ ਨੂੰ ਧਿਆਨ ਨਾਲ ਸੁਣ ਸਕਦੇ ਸਨ। ਕਾਵਾਂ ਦੇ ਉਸ ਸਮੂਹ ਵਿਚੋਂ ਇਕ ਕਾਂ ਨੂੰ ਮੁੰਡਿਆਂ ਦੀਆਂ ਗੱਲਾਂ ਵਿੱਚ ਕਾਫੀ ਦਿਲਚਸਪੀ ਸੀ। ਖਾਸ ਕਰਕੇ ਗੋਰੇਪੰਨ ਨੂੰ ਲੈ ਕੇ। ਉਸ ਕਾਂ ਨੇ ਲੋਕਾਂ ਮੂੰਹੋ ਕਈ ਵਾਰ ਸੁਣ ਰੱਖਿਆ ਸੀ ਕਿ ਕਾਂ ਕਾਲੇ ਹੁੰਦੇ ਹਨ ਜਾਂ ਉਹ ਸ਼ਬਦ ਉਸ ਨੂੰ ਹੋਰ ਪਰੇਸ਼ਾਨ ਕਰ ਦੇਂਦੇ ਜਦ ਕਿਹਾ ਜਾਂਦਾ ‘‘ਫਲਾਣਾ ਮੁੰਡਾ ਜਾਂ ਕੁੜੀ ਤਾਂ ਕਾਂ ਵਰਗੀ ਕਾਲੀ ਹੈ।’’

ਇਹ ਕਾਂ ਮੰਗਲ ਵਾਂਗ ਆਪਣੀ ਕਾਲੇਪੰਨ ਤੋਂ ਛੁਟਕਾਰਾ ਪਾਉਣ ਚਾਹੁੰਦਾ ਸੀ। ਇਸੇ ਕਰਕੇ ਉਹ ਅਜਿਹੀਆਂ ਗੱਲਾਂ ਨੂੰ ਬਹੁਤ ਧਿਆਨ ਨਾਲ ਸੁਣਦਾ ਸੀ।

ਇਕ ਵਾਰ ਗੱਲਾਂ ਦੌਰਾਨ ਮੰਗਲ ਦੇ ਖਾਸ ਦੋਸਤ ਨੇ ਆਪਣੀ ਜੇਬ ਵਿਚੋਂ ਡੱਬੀ ਕੱਢ ਮੰਗਲ ਨੂੰ ਫੜ੍ਹਾਉਂਦਿਆਂ ਕਿਹਾ, ‘‘ ਇਹ ਬਹੁਤ ਵਧੀਆ ਕਰੀਮ ਏ। ਇਸ ਨੂੰ ਵਰਤ ਕੇ ਦੇਖ। ਮੈਨੂੰ ਲਗਦਾ ਤੈਨੂੰ ਇਹਦੇ ਨਾਲ ਲਾਭ ਹੋਵੇਗਾ। ਇਹ ਤੂੰ ਰੱਖ ਲੈ...।’’

ਉਸੇ ਦੋਸਤ ਨੇ ਦੱਸਿਆ ਕਿ ਕਾਫੀ ਲੋਕ ਇਸ ਦਾ ਇਸਤੇਮਾਲ ਕਰ ਰਹੇ ਹਨ। ਮੰਗਲ ਆਪਣੇ ਦੋਸਤ ਦੇ ਤੋਹਫੇ ਨੂੰ ਲੈ ਕੇ ਖੁਸ਼ ਸੀ। ਮੰਗਲ ਨਾਲ ਆਪਣੀ ਹਮਦਰਦੀ ਵੰਡਨ ਸਦਕਾ ਮੰਗਲ ਨੂੰ ਉਹ ਆਪਣੇ ਸਾਰਿਆਂ ਦੋਸਤਾਂ ਵਿਚੋਂ ਖਾਸ ਦੋਸਤ ਲੱਗਣ ਲਗਾ ਸੀ।

ਜੇ ਮੰਗਲ ਅੰਦਰੋ-ਅੰਦਰ ਖੁਸ਼ ਸੀ ਕਿ ਉਸ ਦਾ ਦੁੱਖ ਹੁਣ ਦੁੱਖ ਨਹੀਂ ਰਹੇਗਾ ਤਾਂ ਉਸ ਤੋਂ ਵੀ ਵੱਧ ਖੁਸ਼ੀ ਕਾਂ ਨੂੰ ਹੋ ਰਹੀ ਸੀ। ਕਾਂ ਮਨ ਹੀ ਮਨ ਆਪਣੇ ਆਪ ਨੂੰ ਕਾਲੇ ਰੰਗ ਤੋਂ ਮੁਕਤ ਹੋਇਆ ਮਹਿਸੂਸ ਕਰਨ ਲਗਾ। ਉਸ ਨੇ ਖੁਦ ਨੂੰ ਨਵੇਂ ਰੂਪ ਵਿਚ ਏਧਰ-ਉਧਰ ਉੱਡਦਿਆਂ ਦੇਖਿਆ। ਉਸ ਦੇਖਿਆ ਕਿ ਜਿਧਰ ਵੀ ਉਹ ਜਾ ਰਿਹਾ ਹੈ, ਦੂਸਰੇ ਕਾਵਾਂ ਦੀਆਂ ਗਰਦਨਾਂ ਉਸ ਦੀ ਉਡਾਰੀ ਦੇ ਨਾਲ-ਨਾਲ ਘੁੰਮ ਰਹੀਆਂ ਹਨ।

ਅਗਲੇ ਦਿਨ ਮੰਗਲ ਸ਼ੀਸ਼ੇ ਮੁਹਰੇ ਖੜ੍ਹਾ ਆਪਣੇ ਮੂਹ ਉੱਧਰ ਕਰੀਮ ਲਗਾ ਰਿਹਾ ਸੀ। ਕੁਝ ਵਿੱਥ ’ਤੇ ਨਿੰਮ ਦੇ ਰੁੱਖ ਦੀ ਡਾਲ ਉੱਪਰ ਟਿਕਿਆ ਕਾਂ, ਮੰਗਲ ਦੀ ਹਰ ਹਰਕਤ ਨੂੰ ਬਹੁਤ ਧਿਆਨ ਨਾਲ ਦੇਖ ਰਿਹਾ ਸੀ। ਕਾਂ ਆਪਣੀ ਥਾਂ ਬਦਲ-ਬਦਲ ਮੰਗਲ ਨੂੰ ਨੇਮ ਨਾਲ ਦੇਖਣ ਲੱਗਾ।

ਇਕ ਦਿਨ ਅਜਿਹਾ ਆਇਆ ਕਿ ਕਾਂ ਮੰਗਲ ਦੀ ਕਰੀਮ ਵਾਲੀ ਡੱਬੀ ਲੈ ਉੱਡਿਆ। ਮੰਗਲ ਦੀ ਕਰੀਮ ਹੁਣ ਕਾਂ ਦੀ ਕਰੀਮ ਹੋ ਗਈ ਸੀ। 

ਮੰਗਲ ਨੂੰ ਪੈਸੇ ਮੰਗ-ਮੰਗ ਕੇ ਕਰੀਬ ਦੀ ਦੂਸਰੀ ਡੱਬੀ ਲਿਆਉਣੀ ਪਈ। ਕਰੀਮ ਦੀ ਮਦਦ ਨਾਲ ਦੋਹਾਂ ਨੇ ਆਪੋ-ਆਪਣੇ ਚਿਹਰਿਆਂ ਦੀ ਰੰਗਤ ਬਦਲਣ ਦਾ ਜਤਨ ਆਰੰਭ ਕਰ ਦਿੱਤਾ। 

ਮੰਗਲ ਜਦ ਵੀ ਆਪਣੇ ਦੋਸਤਾਂ ਨੂੰ ਮਿਲਦਾ ਤਾਂ ਉਨ੍ਹਾਂ ਦੇ ਮੂੰਹੋ ਆਪਣੇ ਚਿਹਰੇ ਬਾਰੇ ਪੁੱਛਣੋਂ ਨਾ ਖੁੰਝਦਾ। ਮੂੰਹ ’ਤੇ ਸਭ ਉਸ ਦੀ ਤਾਰੀਫ ਕਰਦੇ, ਪਰ ਉਸ ਦੇ ਜਾਣ ਬਾਅਦ ਉਹ ਆਪਣੇ ਵਿਚਾਰ ਪਲਟਾ ਲੈਂਦੇ।
ਕਾਫੀ ਦਿਨਾਂ ਬਾਅਦ ਮੰਗਲ ਨੂੰ ਆਪਣੇ ਚਿਹਰੇ ਦੀ ਰੰਗਤ ਬਦਲੀ ਪ੍ਰਤੀਤ ਹੋਣ ਲਗੀ।

ਕਾਂ ਆਪਣੇ ਢੰਗ ਨਾਲ ਆਪਣੇ ਚਿਹਰੇ ਦੀ ਰੰਗਤ ਦਾ ਵਿਖਾਲਾ ਕਰਦਾ। ਇਸ ਦੇ ਲਈ ਉਹ ਜ਼ਰੂਰਤ ਤੋਂ ਵਧ ਸਰੀਰਕ ਹਲ-ਚਲ ਦਾ। ਉਸ ਦੇ ਸਮੂਹ ਦੇ ਜਾਣਨ ਵਾਲੇ ਕਾਂ ਉਹਦੇ ਵੱਲ ਧਿਆਨ ਦੇਣੋਂ ਹੱਟ ਗਏ। ਜੇ ਉਹ ਆਪਣੇ ਬਾਰੇ ਕਿਸੇ ਤੋਂ ਪੁੱਛਦਾ ਤਾਂ ਉਹ ਅੱਧ ਪੱਚਦੀ ਹਾਂ-ਨਾ ਕਰ ਦੇਂਦੇ। 

ਉਹ ਕਦੇ-ਕਦੇ ਆਪਣੀ ਜਾਤ ਦੇ ਦੂਜੇ ਸਮੂਹਾਂ ਵੱਲ ਵੀ ਉਡਾਰੀ ਮਾਰ ਲੈਂਦਾ। ਥੋੜੀ ਵਿੱਥ ’ਤੇ ਰਹਿ ਕੇ ਉਨ੍ਹਾਂ ਨੂੰ ਆਪਣੀ ਬਦਲ ਰਹੀ ਚਿਹਰੇ ਦੀ ਰੰਗਤ ਬਾਰੇ ਦਸਦਾ। ਉਹ ਸਾਰੇ ਇਕ-ਦੂਜੇ ਵੱਲ ਦੇਖਦੇ। 

ਉਨ੍ਹਾਂ ਨੂੰ ਕਿਸੇ ਦੇ ਵੀ ਰੰਗ ਵਿਚ ਜ਼ਰਾ ਫਰਕ ਨਜ਼ਰ ਨਾ ਆਉਂਦਾ। ਉਹ ਕਾਂ ਦੀਆਂ ਗੱਲਾਂ ਸੁਣ-ਸੁਣ ਕੇ ਖਿੱਝ ਜਾਂਦੇ।  

ਇਕ ਵਾਰ ਜਦ ਉਹ ਕਿਸੇ ਬਾਹਰੀ ਸਮੂਹ ਸਾਹਮਣੇ ਆਪਣੇ ਬਦਲ ਰਹੇ ਰੰਗ ਬਾਰੇ ਮੁੜ-ਮੁੜ ਬੋਲੀ ਜਾ ਰਿਹਾ ਸੀ ਤਾਂ ਕੁਝ ਕਾਂ ਚੁੱਪ ਰਹੇ ਪਰ ਕੁਝ ਨੇ ਉਸ ਨੂੰ ਉਥੋ ਚਲੇ ਜਾਣ ਜਾਂ ਚੁੱਪ ਰਹਿਣ ਲਈ ਕਿਹਾ। ਉਨ੍ਹਾਂ ਦਾ ਇਹ ਸੁਝਾਅ ਕਾਂ ਨੂੰ ਚੰਗਾ ਨਾ ਲੱਗਾ। 

ਜਦ ਉਹ ਨਹੀਂ ਮੰਨਿਆ ਤਾਂ ਸਾਰਿਆਂ ਨੇ ਮਿਲ ਕੇ ਉਸ ਦੇ ਉੱਪਰ ਹਮਲਾ ਕਰ ਦਿੱਤਾ। ਹਮਲੇ ਤੋਂ ਬਚਣ ਲਈ ਉਸ ਨੇ ਆਪਣੀ ਸਾਰੀ ਤਾਕਤ ਲਗਾ ਦਿੱਤੀ। ਉਹ ਜਦ ਆਪਣੇ ਸਮੂਹ ਵਿਚ ਪਹੁੰਚਿਆਂ ਤਾਂ ਸਾਰੇ ਸਾਥੀ ਹੈਰਾਨ ਸਨ ਕਿ ਇਹ ਬਚ ਕਿਵੇਂ ਗਿਆ ਹੈ। 

ਉਸ ਦੀ ਇਸ ਹਾਲਤ ਦੇ ਬਾਵਜੂਦ ਕਿਸੇ ਨੇ ਵੀ ਆ ਕੇ ਉਸ ਦੇ ਨਾਲ ਹਮਦਰਦੀ ਨਾ ਜਤਾਈ।

ਉਹ ਕਈ ਦਿਨਾਂ ਤੱਕ ਆਪਣੇ ਜਿਸਮ ਦੀ ਦੇਖਭਾਲ ਕਰਦਾ ਰਿਹਾ। ਇਸ ਦੌਰਾਨ ਉਸ ਦਾ ਧਿਆਨ ਆਪਣੇ ਚਿਹਰੇ ਵੱਲ ਬਿਲਕੁਲ ਨਾ ਗਿਆ, ਖਾਸ ਕਰਕੇ ਕਰੀਮ ਵੱਲ ਤਾਂ ਉੱਕਾ ਹੀ ਨਾ ਗਿਆ। ਤੰਦਰੁਸਤੀ ਨੇ ਉਸ ਦੇ ਸਰੀਰ ਨੂੰ ਨਵਾਂ ਜੀਵਨ ਦਿੱਤਾ।

ਏਧਰ-ਉਧਰ ਉਡਾਰੀ ਮਾਰਦਿਆਂ ਅਚਾਨਕ ਉਹ ਦੀ ਨਜ਼ਰ ਮੰਗਲ ਉੱਪਰ ਜਾ ਟਿੱਕੀ। ਉਹ ਸ਼ੀਸ਼ੇ ਅੱਗੇ ਖੜ੍ਹਾ ਆਪਣੇ ਮੂੰਹ ’ਤੇ ਕਰੀਮ ਲੱਗਾ ਰਿਹਾ ਸੀ। ਇਸ ਦ੍ਰਿਸ਼ ਨੇ ਕਾਂ ਦੇ ਮਨ ਵਿਚ ਉਥਲ-ਪੁਥਲ ਮਚਾ ਦਿੱਤੀ। ਚਾਰਦੀਵਾਰੀ ’ਤੇ ਬੈਠਾ ਜਿਵੇਂ-ਜਿਵੇਂ ਆਪਣੇ ਬੀਤੇ ਬਾਬਤ ਸੋਚਦਾ ਤਿਵੇਂ-ਤਿਵੇਂ ਉਹ ਬੈਚੈਨ ਹੋਈ ਜਾ ਰਿਹਾ ਸੀ। ਉਹ ਆਪਣੀ ਥਾਂ ਤੋਂ ਤੇਜ਼ੀ ਨਾਲ ਉੱਡਿਆ ਅਤੇ ਮੰਗਲ ਦੇ ਸਿਰ ’ਤੇ ਠੋਲਾ ਮਾਰ ਅੱਖੋ ਓਹਲੇ ਹੋ ਗਿਆ।

ਮੰਗਲ ਘਬਰਾਅ ਗਿਆ। ਜਿਨ੍ਹਾਂ ਹੱਥਾਂ ਨੇ ਕਰੀਮ ਫੜੀ ਹੋਈ ਸੀ, ਉਹੀ ਹੱਥ ਸਿਰ ਫੜ ਕੇ ਬੈਠ ਗਏ। ਠੋਲਾ ਦਮਦਾਰ ਸੀ। ਮੰਗਲ ਦੀਆਂ ਉਂਗਲਾਂ ਨੂੰ ਕੁਝ ਚਿਪਚਿਪਾ ਲਗਾ। ਦੇਖਿਆ ਤਾਂ ਉਹ ਲਹੂ ਸੀ।

ਉਹ ਕਾਂ ਜਦ ਵੀ ਮੰਗਲ ਨੂੰ ਦੇਖਦਾ ਹਮਲਾਵਰ ਵਾਲਾ ਰੂਪ ਧਾਰ ਲੈਂਦਾ। ਮੰਗਲ ਦੀ ਸਮਝ ਵਿਚ ਭਾਵੇਂ ਕੁਝ ਵੀ ਨਾ ਆਵੇ ਪਰ ਕਾਂ ਨੇ ਪਾਠਕਾਂ ਤੱਕ ਆਪਣੀ ਗੱਲ ਪਹੁੰਚਾ ਦਿੱਤੀ ਹੈ।


rajwinder kaur

Content Editor

Related News