ਜੈਵਿਕ ਖੇਤੀ ਭਲਕ ਤੱਕ ਦੇਰ ਹੋ ਜਾਣੀ

Thursday, Oct 18, 2018 - 03:10 PM (IST)

ਜੈਵਿਕ ਖੇਤੀ ਭਲਕ ਤੱਕ ਦੇਰ ਹੋ ਜਾਣੀ

ਵੇਲਾ ਬੀਤਣ ਤੋਂ ਬਾਅਦ ਜਾਗਣ ਦਾ ਸੁਭਾਅ ਤਿਆਗ ਕੇ ਜੈਵਿਕ ਖੇਤੀ ਸਾਡੀ ਸਿਹਤ ਲਈ ਭੱਖਦਾ ਮਸਲਾ ਹੈ ।ਭਾਰਤ ਦੇ ਪੂਰੇ ਖੇਤਰਫਲ ਦਾ ਪੰਜਾਬ ਕੋਲ 1.5 ਹਿੱਸਾ ਹੈ । ਹਰੀ ਕ੍ਰਾਂਤੀ ਦੇ ਨਾਹ ਪੱਖੀ ਪ੍ਰਭਾਵਾਂ ਨੇ ਇਸ ਹਿੱਸੇ ਨੂੰ ਸ਼ੁੱਧਤਾ ਪੱਖੋਂ ਘਸਮੈਲਾ ਕਰ ਕੇ ਰੱਖ ਦਿੱਤਾ ਹੈ । ਕਾਰਨ ਇਹ ਹੈ ਕਿ ਹਾਂ ਪੱਖੀ ਪ੍ਰਭਾਵਾਂ ਨੇ ਨਾ ਪੱਖੀ ਪ੍ਰਭਾਵ ਦਿਖਣੋਂ ਹਟਾ ਦਿੱਤੇ । 
                     

 ਅੱਜ ਜ਼ਮੀਨ ਨਸ਼ੱਈ ਹੋ ਚੁਕੀ ਹੈ । ਜੇ ਦੇਸੀ ਰੂੜੀ ਨਾਲ ਫਸਲ “ਗਾਈਏ ਤਾਂ ਮਸਾਂ ਖਾਣ ਜੋਗੇ ਦਾਣੇ ਮਿਲਣਗੇ ।ਸਾਡੀ ਧਰਤੀ ਵਿਚ ਖਾਦਾਂ ਅਤੇ ਦਵਾਈਆਂ ਜ਼ਰੀਏ 18 ਪ੍ਰਤੀਸ਼ਤ ਜ਼ਹਿਰੀਲਾ ਮਾਦਾ ਆ ਚੁੱਕਾ ਹੈ । ਅੰਮ੍ਰਿਤ ਮਈ ਪਾਣੀ ਪੀਣ ਯੋਗ ਨਹੀਂ ਰਿਹਾ । ਫਸਲੀ ਵਿਭਿੰਨਤਾ ਦਾ ਉਪਰਾਲਾ ਵੀ ਨਤੀਜੇ ਨਹੀਂ ਦੇ ਰਿਹਾ । ਵਾਤਾਵਰਨ ਅਤੇ ਜ਼ਮੀਨੀ ਸਿਹਤ ਲਈ ਪੰਜਾਬ ਸਰਕਾਰ ਵਲੋਂ ਇਸ ਵਾਰ 100 ਕਰੋੜ ਰੁਪਏ ਪਰਾਲੀ ਦੇ ਹੱਲ ਲਈ ਰੱਖੇ ਗਏ ਹਨ ।ਇਹ ਵੀ ਚਿਰਾਂ ਦੀ ਮੰਗ ਨੂੰ ਬੂਰ ਪਾਵੇਗਾ ।   
                     

1950-51 ਤੋਂ ਅੱਜ ਤਕ ਫਸਲ ਦਾ ਵਾਧਾ 5 ਗੁਣਾਂ ਵਧਣ ਦਾ ਅਨੁਮਾਨ ਹੈ । ਇਸ ਸਮੇਂ ਦੌਰਾਨ ਬੀਮਾਰੀਆਂ ਦਾ ਰਿਕਾਰਡ ਘੋਖਿਆ ਜਾਵੇ ਤਾਂ ਹੱਦ ਬੇਹੱਦ ਟੱਪ ਚੁਕਿਆ ਹੈ । ਦੁਸ਼ਮਣ ਨਾਲ ਲੜਨ ਦੀ ਰੀਤ ਬਜਾਏ ਖੁਦ ਦੀ ਸਿਹਤ ਨਾਲ ਲੜਨਾ ਪੈ ਰਿਹਾ ਹੈ । ਸਿਹਤ ਪ੍ਰਤੀ ਖਾਦਾਂ ਦਵਾਈਆਂ ਦੀ ਦੁਰਵਰਤੋਂ ਰੋਕਣ ਲਈ ਸਰਕਾਰੀ ਉਪਰਾਲੇ ਅਤੇ ਕਲਮਾਂ ਦੇ ਰੁੱਖ ਵੀ ਮੋੜਾ ਨਹੀਂ ਦੇ ਸਕੇ । ਜੈਵਿਕ ਖੇਤੀ ਲਈ ਸਮੇਂ ਤੋਂ ਮੰਗ ਅਤੇ ਉਪਰਾਲੇ ਤਾਂ ਹੋ ਰਹੇ ਹਨ ਪਰ ਲੋਕ ਲਹਿਰ ਨਹੀਂ ਬਣ ਸਕੀ । ਦੇਖੋ-ਦੇਖੀ ਭਵਿੱਖ ਦਾਅ 'ਤੇ ਲਾ ਚੁੱਕੇ ਹਾਂ ।ਜਿਹੜੀਆਂ ਜਾਨਾਂ ਇਸ ਦੌਰ ਦੀ ਭੇਟ ਚੜ੍ਹ ਚੁੱਕੀਆਂ ਹਨ ਉਨ੍ਹਾਂ ਦਾ ਜ਼ਿੰਮੇਵਾਰ ਕੌਣ...? ਇਹ ਮੁੱਦਾ ਲੋਕ ਕਚਹਿਰੀ ਵਿਚ ਲੰਬਤ ਹੀ ਪਿਆ ਰਹੇਗਾ ਇਸ ਪ੍ਰਤੀ ਸਾਡੀ ਡੰਗ ਟਪਾਊ ਸੋਚ ਜ਼ਿੰਮੇਵਾਰ ਲੱਗਦੀ ਹੈ ।
                   

ਜੈਵਿਕ ਖੇਤੀ ਸਮੇਂ ਦੀ ਮੰਗ ਹੈ ਚੰਗਾ ਹੋਵੇ ਜੇ ਇਸ ਲਈ ਵੱਖਰਾ ਫੰਡ ਸਥਾਪਿਤ ਹੋਵੇ । ਇਸ ਪ੍ਰਤੀ ਸਖਤ ਨਿਯਮਾਂਵਲੀ ਬਣੇ ।ਸਿਹਤ ਅਤੇ ਖੇਤੀ ਮਹਿਕਮਾ ਮਿਲਜੁਲ ਕੇ ਜੈਵਿਕ ਖੇਤੀ ਦਾ ਰੂਝਾਨ ਪੈਦਾ ਕਰਨ ।ਆਰਥਿਕ ਅਤੇ ਸਿਹਤ ਦਾ ਸੰਤੁਲਨ ਬਣਾ ਕੇ ਰੱਖਣ । ਜੇ ਇਕੱਲਾ ਬੰਦਾ ਜੈਵਿਕ ਖੇਤੀ ਸ਼ੁਰੂ ਕਰੇ ਤਾਂ ਗੁਆਂਢੀ ਖੇਤਾਂ ਦੇ ਜੀਵ-ਜੰਤੂ ਹੀ ਨੁਕਸਾਨ ਕਰ ਦਿੰਦੇ ਹਨ । ਇਸ ਲਈ ਲੋਕਾਂ ਦਾ ਸਹਿਯੋਗ ਅਤੇ ਸਰਕਾਰੀ ਉਪਰਾਲੇ ਜੈਵਿਕ ਖੇਤੀ ਲਈ ਭਲਕ ਤਕ ਦੇਰ ਨਾ ਹੋ ਜਾਵੇ 'ਤੇ ਸਿਧਾਂਤ ਅਨੁਸਾਰ ਅੱਜ ਤੋਂ ਸ਼ੁਰੂ ਕਰਨ ਇਸ ਵਿਚ ਹੀ ਸਿਹਤਮੰਦ ਅਤੇ ਖੁਸ਼ਹਾਲ ਪੰਜਾਬ ਦਾ ਨਵਾਂ ਅਧਿਆਏ ਸ਼ੁਰੂ ਹੋਵੇਗਾ । 
ਸੁਖਪਾਲ ਸਿੰਘ ਗਿੱਲ 
ਅਬਿਆਣਾ ਕਲਾਂ 
9878111445


author

neha meniya

Content Editor

Related News