ਕਿਸਾਨਾਂ ਨੂੰ ਜਾਗਰੂਕ ਕਰਨ ਲਈ ਬਣੇਗੀ ਮੁਹਿੰਮ

Monday, Dec 24, 2018 - 05:46 PM (IST)

ਕਿਸਾਨਾਂ ਨੂੰ ਜਾਗਰੂਕ ਕਰਨ ਲਈ ਬਣੇਗੀ ਮੁਹਿੰਮ

ਪੀ.ਏ.ਯੂ. ਦੀਆਂ ਪਸਾਰ ਸੇਵਾਵਾਂ ਦੇ ਪਸਾਰ ਲਈ ਡਾ. ਕੁਲਵਿੰਦਰ ਕੌਰ ਗਿੱਲ, ਸਹਾਇਕ ਮੌਸਮ ਵਿਗਿਆਨੀ ਨੂੰ ਪੰਜਾਬ ਵਿਚ ਮੌਸਮੀ ਤਬਦੀਲੀਆਂ ਤੇ ਖੇਤੀ ਪ੍ਰਭਾਵਾਂ ਤੇ ਅਸਰ ਨੂੰ ਦੇਖਦਿਆਂ ਇੰਡੋ-ਜਰਮਨ ਪ੍ਰੋਜੈਕਟ ਮਿਲਿਆ ਹੈ। ਇਸ ਵਿਚ ਡਾ. ਮੱਖਣ ਸਿੰਘ ਭੁੱਲਰ, ਸੀਨੀਅਰ ਫਸਲ ਵਿਗਿਆਨੀ, ਡਾ. ਸਮਨਪ੍ਰੀਤ ਕੌਰ, ਸਹਾਇਕ ਇੰਜਨਿਅਰ ਅਤੇ ਡਾ. ਜਸਵੀਰ ਸਿੰਘ ਗਿੱਲ, ਸਹਾਇਕ ਫਸਲ ਵਿਗਿਆਨੀ ਵੀ ਸਹਾਇਕ ਟੀਮ ਮੈਂਬਰਾਂ ਵਜੋਂ ਕੰਮ ਕਰਨਗੇ। ਪ੍ਰੋਜੈਕਟ ਬਾਰੇ ਵਿਸਥਾਰ ਵਿਚ ਦੱਸਦਿਆਂ ਡਾ ਗਿੱਲ ਨੇ ਦੱਸਿਆ ਕਿ ਇਹ ਪ੍ਰੋਜੈਕਟ ਯੁਨੀਵਰਸਿਟੀ ਦੀਆਂ ਖੇਤੀ ਪਸਾਰ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਵਿਚ ਕਾਰਗਰ ਸਾਬਤ ਹੋਵੇਗਾ। ਇਸ ਪ੍ਰੋਜੈਕਟ ਰਾਹੀਂ ਪੰਜਾਬ ਦੇ ਕਿਸਾਨਾਂ ਨੂੰ ਮੌਸਮੀ ਤਬਦੀਲੀਆਂ ਨਾਲ ਕੁਦਰਤੀ ਸੋਮਿਆਂ ਤੇ ਪੈ ਰਹੇ ਮਾੜੇ ਅਸਰ ਬਾਰੇ ਜਾਣੂੰ ਕਰਵਾਇਆ ਜਾਵੇਗਾ। ਇਸ ਦੇ ਤਹਿਤ ਵੱਖ-ਵੱਖ ਜ਼ਿਲਿਆਂ ਵਿਚ ਚੇਤਨਾ ਕੈਂਪ ਲਗਾ ਕੇ ਮਾਹਿਰ ਕਿਸਾਨਾਂ ਨਾਲ ਪਾਣੀ ਬਚਾਉਣ ਦੀਆਂ ਤਕਨੀਕਾਂ ਬਾਰੇ ਸੰਵਾਦ ਰਚਾਉਣਗੇ। ਕਿਸਾਨਾਂ ਨੂੰ ਵੱਖ-ਵੱਖ ਪਸਾਰ ਸਾਧਨਾਂ ਜਿਵਂੇ ਕਿ ਸੋਸ਼ਲ, ਇਲੈਕਟੋਨ੍ਰਿਕ ਅਤੇ ਪ੍ਰਿੰਟ ਮੀਡੀਆ ਰਾਹੀਂ ਯੂਨੀਵਰਸਿਟੀ ਦੀਆਂ ਖੇਤੀ ਸਿਫਾਰਿਸ਼ਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਦੋ ਸਾਲ ਦੇ ਪ੍ਰੋਜੈਕਟ ਵਿਚ ਪੀ.ਏ.ਯੂ. ਐਡਵਾਇਜ਼ਰੀ ਨੂੰ ਕਿਸਾਨ ਐੱਪ ਆਦਿ ਦੁਆਰਾ ਪੰਜਾਬ ਦੇ ਕਿਸਾਨਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇੰਡੋ ਜਰਮਨ ਕੰਪਨੀ ਨੇ ਇਸ ਲਈ 15,42,750 ਰੁਪਏ ਜ਼ਾਰੀ ਕੀਤੇ ਗਏ ਹਨ ਅਤੇ 15 ਲੱਖ ਦੀ ਤਕਨੀਕੀ ਮਸ਼ਨਿਰੀ ਵੀ ਮੁਹੱਈਆ ਕੀਤੀ ਗਈ ਹੈ।

ਡਾ. ਜਸਕਰਨ ਸਿੰਘ ਮਾਹਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਯੂਨੀਵਰਸਿਟੀ ਦੀਆਂ ਪਸਾਰ ਸੇਵਾਵਾਂ ਨੂੰ ਕਿਸਾਨਾਂ ਤੱਕ ਪਹੁੰਚਾਉਣਾ ਸਮੇਂ ਦੀ ਲੋੜ ਹੈ। ਡਾ. ਜਗਦੀਸ਼ ਕੌਰ, ਅਪਰ ਨਿਰਦੇਸ਼ਕ ਪਸਾਰ ਨੇ ਕਿਹਾ ਕਿ ਇਹ ਪ੍ਰੋਜੈਕਟ ਮੌਸਮੀ ਤਬਦੀਲੀਆਂ ਅਤੇ ਖੇਤੀ ਲੋੜਾਂ ਸੰਬੰਧੀ ਗਿਆਨ ਮਈ ਸੰਵਾਦ ਰਚਾਉਣ ਵਿਚ ਲਾਜ਼ਮੀ ਤੌਰ ਤੇ ਮਹੱਤਵਪੂਰਨ ਭੂਮਿਕਾ ਨਿਭਾਵੇਗਾ।
ਜਗਦੀਸ਼ ਕੌਰ 


author

Neha Meniya

Content Editor

Related News