ਨੌਜਵਾਨ ਨੂੰ ਵਿਦੇਸ਼ ਭੇਜਣ ਦੇ ਨਾਮ ’ਤੇ 12 ਲੱਖ ਰੁਪਏ ਦੀ ਠੱਗੀ
Thursday, Oct 09, 2025 - 06:24 PM (IST)

ਸਾਹਨੇਵਾਲ/ਕੁਹਾੜਾ (ਜਗਰੂਪ) : ਪੰਜਾਬ ’ਚ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਅਤੇ ਵਿਦੇਸ਼ ਜਾ ਕੇ ਆਪਣਾ ਭਵਿੱਖ ਸੁਰੱਖਿਅਤ ਕਰਨ ਦਾ ਸੁਫਨਾ ਲੈਣ ਵਾਲੇ ਨੌਜਵਾਨਾਂ ਨਾਲ ਠੱਗ ਟਰੈਵਲ ਏਜੰਟਾਂ ਵਲੋਂ ਠੱਗੀਆਂ ਮਾਰਕੇ ਉਨ੍ਹਾਂ ਨੂੰ ਆਰਥਿਕ ਰੂਪ ਨਾਲ ਹੋਰ ਕਮਜ਼ੋਰ ਕਰਨ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਨੌਜਵਾਨਾਂ ਨੂੰ ਵਿਦੇਸ਼ਾਂ ਦਾ ਸੁਫਨਾ ਵਿਖਾ ਕੇ ਉਨ੍ਹਾਂ ਨਾਲ ਲੱਖਾਂ ਰੁਪਏ ਦੀਆਂ ਠੱਗੀਆਂ ਮਾਰੀਆਂ ਜਾ ਰਹੀਆਂ ਹਨ। ਵਿਦੇਸ਼ ਜਾਣ ਦੇ ਚਾਹਵਾਨ ਇਕ ਨੌਜਵਾਨ ਨਾਲ ਲੱਖਾਂ ਰੁਪਏ ਦੀ ਠੱਗੀ ਦਾ ਇਕ ਅਜਿਹਾ ਹੀ ਮਾਮਲਾ ਥਾਣਾ ਸਾਹਨੇਵਾਲ ’ਚ ਸਾਹਮਣੇ ਆਇਆ ਹੈ।
ਜ਼ਿਲ੍ਹਾ ਪੁਲਸ ਕਮਿਸ਼ਨਰ ਨੂੰ ਦਿੱਤੀ ਲਿਖਤੀ ਸ਼ਿਕਾਇਤ ’ਚ ਜਸਬੀਰ ਕੌਰ ਪਤਨੀ ਮਹਿਤਾਬ ਸਿੰਘ ਵਾਸੀ ਲੋਟਸ ਇਨਕਲੇਵ, ਪਿੰਡ ਪੱਦੀ, ਲੁਧਿਆਣਾ ਨੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਉਸਦੇ ਲੜਕੇ ਨੂੰ ਕਰੋਸ਼ੀਆ ਭੇਜਣ ਦੇ ਨਾਮ ’ਤੇ ਇੰਦਰਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪ੍ਰੇਮ ਕਾਲੋਨੀ, ਨੰਦਪੁਰ, ਸਾਹਨੇਵਾਲ ਨੇ ਆਪਣੇ ਕੁਝ ਹੋਰ ਸਾਥੀਆਂ ਨਾਲ ਮਿਲਕੇ 12 ਲੱਖ ਰੁਪਏ ਠੱਗ ਲਏ ਪਰ ਹੁਣ ਨਾ ਤਾਂ ਉਸਦੇ ਲੜਕੇ ਨੂੰ ਵਿਦੇਸ਼ ਭੇਜਿਆ ਜਾ ਰਿਹਾ ਹੈ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ ਜਾ ਰਹੇ ਹਨ। ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਕਰਦੇ ਹੋਏ ਥਾਣਾ ਸਾਹਨੇਵਾਲ ਦੀ ਪੁਲਸ ਨੇ ਤੱਥਾਂ ਦੇ ਅਧਾਰ ’ਤੇ ਇੰਦਰਜੀਤ ਸਿੰਘ ਖਿਲਾਫ ਧੋਖਾਧੜੀ ਅਤੇ ਇਮੀਗ੍ਰੇਸ਼ਨ ਐਕਟ ਦੇ ਤਹਿਤ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਅਮਲ ’ਚ ਲਿਆਂਦੀ ਹੈ। ਫਿਲਹਾਲ ਇਸ ਮਾਮਲੇ ’ਚ ਅਜੇ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਅਤੇ ਪੁਲਸ ਜਾਂਚ ਨੂੰ ਅੱਗੇ ਵਧਾ ਰਹੀ ਹੈ।