ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

2/28/2021 1:34:25 AM

ਕੁਰਾਲੀ, (ਬਠਲਾ)- ਸਥਾਨਕ ਸਿਸਵਾਂ ਰੋਡ ’ਤੇ ਪੈਂਦੇ ਪਿੰਡ ਫਤਿਹਗੜ੍ਹ ਦੇ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਜਵਿੰਦਰ ਸਿੰਘ ਉਰਫ਼ ਕਾਕਾ ਪੁੱਤਰ ਸਵ. ਸਾਧੂ ਸਿੰਘ ਵਾਸੀ ਪਿੰਡ ਫਤਿਹਗੜ੍ਹ ਖੇਤਾਂ ਪਾਣੀ ਲਾਉਣ ਲਈ ਮੋਟਰ ਚਲਾਉਣ ਗਿਆ ਸੀ, ਜਿੱਥੇ ਉਸ ਨੂੰ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਿਆ, ਜਿਸ ਨੂੰ ਪਿੰਡ ਦੇ ਨੌਜਵਾਨਾਂ ਵਲੋਂ ਸਿਵਲ ਹਸਪਤਾਲ ਕੁਰਾਲੀ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਣਾ ਬਣਦਾ ਹੈ ਕਿ ਮ੍ਰਿਤਕ ਪਰਿਵਾਰ ਦਾ ਇਕੋ ਇਕ ਕਮਾਓ ਵਿਅਕਤੀ ਸੀ, ਜਿਸ ਦੀ ਮੌਤ ਨਾਲ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪੈ ਗਿਆ। ਮ੍ਰਿਤਕ ਰਾਜਵਿੰਦਰ ਸਿੰਘ ਨੰਬਰਦਾਰ ਬਲਦੇਵ ਸਿੰਘ ਦਾ ਭਰਾ ਸੀ। ਮ੍ਰਿਤਕ ਆਪਣੇ ਪਿੱਛੇ ਦੋ ਧੀਆਂ ਤੇ ਇਕ ਪੁੱਤਰ ਛੱਡ ਗਿਆ ਹੈ। ਪੁਲਸ ਨੇ 174 ਦੀ ਕਾਰਵਾਈ ਕਰਦਿਆਂ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਖਰੜ ਹਸਪਤਾਲ ਭੇਜ ਦਿੱਤਾ।


Bharat Thapa

Content Editor Bharat Thapa