ਟਰੈਕਟਰ ਦੇ ਬੋਹਨੱਟ ’ਤੇ ਬੈਠੇ ਨੌਜਵਾਨ ਕਿਸਾਨ ਦੀ ਹੇਠਾਂ ਡਿੱਗਣ ਕਾਰਨ ਮੌਤ
Thursday, Nov 21, 2019 - 10:09 AM (IST)

ਤਪਾ ਮੰਡੀ (ਸ਼ਾਮ, ਗਰਗ) - ਬੀਤੀ ਰਾਤ ਦਰਾਜ ਰੋਡ ਸਥਿਤ ਗੁਰਦੁਆਰਾ ਟਿੱਬਾ ਸਾਹਿਬ ਨੇੜੇ ਟਰੈਕਟਰ ਤੋਂ ਡਿੱਗ ਕੇ ਇਕ ਨੌਜਵਾਨ ਕਿਸਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜਗਤਾਰ ਸਿੰਘ ਪੁੱਤਰ ਟਹਿਲ ਸਿੰਘ ਵਾਸੀ ਦਰਾਕਾ ਆਪਣੇ ਚਚੇਰੇ ਭਰਾ ਸਤਨਾਮ ਸਿੰਘ ਨਾਲ ਪਿੰਡ ਢਿੱਲਵਾਂ ਵਿਖੇ ਖੇਤਾਂ ’ਚ ਕਣਕ ਬੀਜ ਕੇ ਵਾਪਸ ਰਾਤ 8 ਵਜੇ ਦੇ ਕਰੀਬ ਪਿੰਡ ਆ ਰਹੇ ਸਨ। ਇਸ ਦੌਰਾਨ ਟਰੈਕਟਰ ਦੇ ਬੋਹਨੱਟ ’ਤੇ ਬੈਠਾ ਜਗਤਾਰ ਸਿੰਘ ਡਿੱਗ ਕੇ ਟਾਇਰ ਹੇਠਾਂ ਆ ਗਿਆ, ਜਿਸ ਨੂੰ ਜ਼ਖਮੀ ਹਾਲਤ ’ਚ ਮਿੰਨੀ ਸਹਾਰਾ ਕਲੱਬ ਦੇ ਵਾਲੰਟੀਅਰਾਂ ਨੇ ਸਿਵਲ ਹਸਪਤਾਲ ਤਪਾ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਥਾਣਾ ਮੁਖੀ ਨਰਾਇਣ ਸਿੰਘ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਘਟਨਾ ਵਾਲੀ ਥਾਂ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਚੈੱਕ ਕਰਨ ਉਪਰੰਤ ਪਾਇਆ ਕਿ ਨੌਜਵਾਨ ਦੀ ਟਰੈਕਟਰ ਤੋਂ ਡਿੱਗ ਕੇ ਮੌਤ ਹੋਈ ਹੈ। ਪੁਲਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਟਹਿਲ ਸਿੰਘ ਪੁੱਤਰ ਫਤਿਹ ਸਿੰਘ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਰਿਵਾਰਕ ਮੈਂਬਰਾਂ ਵਲੋਂ ਸ਼ੱਕ ਜਤਾਇਆ ਜਾ ਰਿਹਾ ਸੀ ਕਿ ਜਗਤਾਰ ਸਿੰਘ ਨੂੰ ਕਿਸੇ ਅਣਪਛਾਤੇ ਵਿਅਕਤੀਆਂ, ਜੋ ਰੰਜਿਸ਼ ਰੱਖਦੇ ਹਨ, ਨੇ ਧੱਕਾ ਦੇ ਕੇ ਸੁੱਟ ਦਿੱਤਾ।