ਹਾਈ ਵੋਲਟੇਜ ਤਾਰਾਂ ਦੀ ਲਪੇਟ ’ਚ ਆਇਆ ਮਜ਼ਦੂਰ, ਹੋਈ ਦਰਦਨਾਕ ਮੌਤ
Thursday, Nov 17, 2022 - 06:43 PM (IST)
ਬਰੇਟਾ (ਬਾਂਸਲ) : ਇਥੋਂ ਨਜ਼ਦੀਕੀ ਪਿੰਡ ਕੁਲਰੀਆਂ ਵਿਖੇ ਉਸਾਰੀ ਦਾ ਕੰਮ ਦੌਰਾਨ ਕਰੰਟ ਲੱਗਣ ਕਾਰਨ 1 ਦਿਹਾੜੀ ਮਜ਼ਦੂਰ ਦੀ ਮੌਤ ਅਤੇ ਇਕ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਕੁਲਰੀਆਂ ਦੇ ਸਰਪੰਚ ਰਾਜਵੀਰ ਸਿੰਘ ਅਤੇ ਕਿਸਾਨ ਬੱਬੂ ਸਿੰਘ ਨੇ ਦੱਸਿਆ ਕਿ ਪਿੰਡ ’ਚ ਗਊਸ਼ਾਲਾ 'ਚ ਉਸਾਰੀ ਦਾ ਕੰਮ ਸ਼ੁਰੂ ਕੀਤਾ ਹੋਇਆ ਸੀ ਕਿ ਇਸ ਦੌਰਾਨ ਇੱਟਾਂ ਚੜ੍ਹਾਉਣ ਵਾਲੀ ਮਸ਼ੀਨ ਅਚਾਨਕ ਉਪਰੋਂ ਲੰਘਦੀਆਂ ਹਾਈ ਵੋਲਟੇਜ ਤਾਰਾਂ ਨਾਲ ਟਕਰਾ ਗਈ, ਜਿਸ ਕਾਰਨ ਤਿੰਨ ਵਿਅਕਤੀ ਕਰੰਟ ਦੀ ਲਪੇਟ ’ਚ ਆ ਗਏ ਅਤੇ ਇਕ ਵਿਅਕਤੀ ਸੋਨੀ ਸਿੰਘ 38 ਸਾਲਾਂ ਦੀ ਮੌਤ ਹੋ ਗਈ। ਇਸ ਦੌਰਾਨ ਦਿਹਾੜੀਦਾਰ ਭੋਲਾ ਸਿੰਘ ਅਤੇ ਸਰਤਾਜ ਸਿੰਘ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਲਈ ਡਾਕਟਰਾਂ ਤੱਕ ਪਹੁੰਚਾਇਆ ਗਿਆ, ਜਿਥੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਚਾਈਨਾ ਡੋਰ ਨਾਲ ਵਾਪਰੀ ਦੁੱਖਦਾਈ ਘਟਨਾ ਦਾ CM ਮਾਨ ਨੇ ਲਿਆ ਸਖ਼ਤ ਨੋਟਿਸ
ਮ੍ਰਿਤਕ ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ। ਮ੍ਰਿਤਕ ਆਪਣੇ ਪਿੱਛੇ ਪਤਨੀ, ਮਾਤਾ ਅਤੇ 2 ਲੜਕੇ ਛੱਡ ਗਿਆ ਹੈ। ਪਿੰਡ ਦੇ ਲੋਕਾਂ ਨੇ ਸਰਕਾਰ ਤੋਂ ਅਪੀਲ ਕੀਤੀ ਕਿ ਮਜ਼ਦੂਰ ਦਿਹਾੜੀਦਾਰ ਨੂੰ ਸਹਾਇਤਾ ਰਾਸ਼ੀ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਇਹ ਬਿਜਲੀ ਦੀਆਂ ਤਾਰਾਂ ਕਾਫੀ ਨੀਵੀਆਂ ਹਨ ਤੇ ਪਿੰਡ ਦੀ ਗਊਸ਼ਾਲਾ ਅਤੇ ਘਰਾਂ ਦੇ ਉਪਰੋਂ ਲੰਘਦੀਆਂ ਹਨ। ਜਿਸ ਸਬੰਧੀ ਕਈ ਵਾਰ ਵਿਭਾਗ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ। ਪੁਲਸ ਨੇ ਲਾਸ਼ ਪੋਸਟਮਾਰਟਮ ਲਈ ਬੁਢਲਾਡਾ ਦੇ ਸਿਵਲ ਹਸਪਤਾਲ ਵਿਖੇ ਭੇਜ ਦਿੱਤੀ ਹੈ।