32 ਦਿਨਾਂ ਤੋਂ ਸੀਲ ਇਲਾਕਾ ਖੁੱਲ੍ਹਣ ਨਾਲ ਲੋਕਾਂ ਨੇ ਲਿਆ ਸੁੱਖ ਦਾ ਸਾਹ

Tuesday, May 19, 2020 - 02:13 AM (IST)

ਮਾਲੇਰਕੋਟਲਾ, (ਯਾਸੀਨ)- ਕੋਰੋਨਾ ਵਾਇਰਸ ਦੇ ਚੱਲਦਿਆਂ ਮਾਲੇਰਕੋਟਲਾ ਦੇ ਨੌਜਵਾਨ ਮੁਹੰਮਦ ਆਰਿਫ ਜਿਸ ਦਾ ਟੈਸਟ 14 ਅਪ੍ਰੈਲ ਨੂੰ ਪਾਜ਼ੇਟਿਵ ਆਇਆ ਸੀ ਅਤੇ ਅਗਲੀ ਸਵੇਰ ਭਾਵ 15 ਅਪ੍ਰੈਲ ਤੋਂ ਇਲਾਕਾ ਭੁਮਸੀ ਦਾ ਮੁਹੱਲਾ ਛੋਟਾ ਖਾਰਾ ਜਿਸ ’ਚ ਕਰੀਬ 10 ਗਲੀਆਂ ਅਤੇ 150 ਘਰ ਬਣਦੇ ਸਨ ਨੂੰ ਪ੍ਰਸ਼ਾਸਨ ਵੱਲੋਂ ਸੀਲ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਆਰਿਫ ਦਾ ਟੈਸਟ ਨੈਗੇਟਿਵ ਆਉਣ ਮਗਰੋਂ ਪੂਰੇ ਇਲਾਕੇ ਨੂੰ ਆਜ਼ਾਦ ਕਰ ਕੇ ਸਿਰਫ ਆਰਿਫ ਦੇ ਘਰ ਵਾਲੀ ਗਲੀ ਨੂੰ ਸੀਲ ਰੱਖਿਆ ਗਿਆ ਸੀ ਅਤੇ ਸੁਣਨ ’ਚ ਇਹ ਆ ਰਿਹਾ ਸੀ ਕਿ ਇਸ ਗਲੀ ਨੂੰ 14 ਦਿਨਾਂ ਲਈ ਸੀਲ ਰੱਖਿਆ ਜਾਵੇਗਾ ਪਰ ਉਦੋਂ ਇਲਾਕਾ ਵਾਸੀਆਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ 14 ਦਿਨ ਬੀਤ ਜਾਣ ’ਤੇ ਵੀ ਉਕਤ ਇਲਾਕੇ ਨੂੰ ਨਹੀਂ ਖੋਲ੍ਹਿਆ ਗਿਆ ਬਲਕਿ ਮੁਹੱਲਾ ਵਾਸੀਆਂ ਨੂੰ ਇਹ ਖਬਰ ਪਹੁੰਚੀ ਕਿ 14 ਦਿਨ ਹੋਰ ਸੀਲ ਰੱਖਿਆ ਜਾਣਾ ਹੈ। ਉਸੇ ਦਿਨ ਭਾਵ 13 ਮਈ ਤੋਂ ਇਲਾਕੇ ਦੇ ਕੁਝ ਲੋਕਾਂ ਅਤੇ ਵਾਰਡ ਦੇ ਕੌਂਸਲਰ ਮੁਹੰਮਦ ਅਸ਼ਰਫ ਨੇ ਤਾਇਨਾਤ ਅਧਿਕਾਰੀਆਂ ਨਾਲ ਲਗਾਤਾਰ ਰਾਬਤਾ ਬਣਾ ਕੇ ਰੱਖਿਆ ਅਤੇ ਉਨ੍ਹਾਂ ਨਾਲ ਮੁਲਾਕਾਤਾਂ ਕਰ ਕੇ ਵਾਰ-ਵਾਰ ਉਨ੍ਹਾਂ ਨੂੰ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਖਾਸਕਰ ਰੋਜ਼ਿਆਂ ਦੇ ਮਹੀਨੇ ਅਤੇ ਕੁੱਝ ਦਿਨਾਂ ਬਾਅਦ ਆਉਣ ਵਾਲੇ ਈਦ ਦੇ ਤਿਉਹਾਰ ਦੇ ਮੁੱਤਲਕ ਕਈ ਖਾਸ ਜ਼ਰੂਰਤਾਂ ਤੋਂ ਜਾਣੂ ਕਰਵਾ ਕੇ ਉਕਤ ਗਲੀ ਦੇ ਵਾਸੀਆਂ ਨੂੰ ਆਜ਼ਾਦ ਕਰਨ ਦੀ ਮੰਗ ਕੀਤੀ ਸੀ।

ਆਗੂਆਂ ਨੇ ਐੱਸ. ਡੀ. ਐੱਮ. ਨੂੰ ਵੀ ਮਿਲਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨਾਲ ਉਨ੍ਹਾਂ ਦੇ ਦਫਤਰ ’ਚ ਮੁਲਾਕਾਤ ਨਾ ਹੋ ਸਕੀ। ਕੁੱਝ ਦਿਨ ਪਹਿਲਾਂ ਹੀ ਸੀਲ ਕੀਤੀ ਗਲੀ ਦੇ ਲੋਕਾਂ ਨੇ ਇਕ ਮੰਗ-ਪੱਤਰ ਆਪਣੀਆਂ ਮੁਸ਼ਕਲਾਂ ਸਬੰਧੀ ਐੱਸ. ਡੀ.ਐੱਮ. ਦੇ ਨਾਂ ਵਾਰਡ ਦੇ ਕੌਂਸਲਰ ਨੂੰ ਉਨ੍ਹਾਂ ਦੀ ਆਵਾਜ਼ ਉਠਾਉਣ ਲਈ ਵੀ ਦਿੱਤਾ ਸੀ। ਸਿੱਟੇ ਵਜੋਂ ਅੱਜ 13 ਮਈ ਨੂੰ ਬਾਅਦ ਦੁਪਹਿਰ ਉਕਤ ਸੀਲ ਕੀਤੀ ਗਲੀ ਨੂੰ ਆਰਿਫ ਦੇ ਘਰ ਸਮੇਤ ਆਜ਼ਾਦ ਕਰਨ ਦਾ ਐਲਾਨ ਕਰ ਦਿੱਤਾ ਗਿਆ। ਐੱਸ. ਐੱਮ. ਓ. ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਉਕਤ ਇਲਾਕੇ ਨੂੰ ਹਾਈਕਮਾਂਡ ਵੱਲੋਂ ਆਈਆਂ ਨਵੀਂਆਂ ਗਾਈਡਲਾਇਨਜ਼ ਅਨੁਸਾਰ ਖੋਲ੍ਹਿਆ ਗਿਆ ਹੈ।


Bharat Thapa

Content Editor

Related News