ਮਾਲ ਗੱਡੀਆਂ ਦੀ ਮੁੜ ਸ਼ੁਰੂਆਤ ਨਾਲ ਕਿਸਾਨੀ ਸਮੇਤ ਸਾਰੇ ਵਰਗਾਂ ''ਚ ਖ਼ੁਸ਼ੀ ਦੀ ਲਹਿਰ

11/28/2020 4:45:30 PM

ਫਰੀਦਕੋਟ (ਰਵੀ): ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਲੋਕ ਹਿੱਤਾਂ ਨੂੰ ਮੁੱਖ ਰੱਖ ਕੇ ਰੇਲਵੇ ਟਰੈਕ ਖਾਲੀ ਕਰਨ ਅਤੇ ਰੇਲ ਅਤੇ ਮਾਲ ਗੱਡੀਆਂ ਦੀ ਆਵਾਜਾਈ ਮੁੜ ਸ਼ੁਰੂ ਹੋਣ ਨਾਲ ਰਾਜ ਦੀ ਸਮੁੱਚੀ ਕਿਸਾਨੀ ਦੇ ਚਿਹਰੇ ਖਿੜ ਗਏ ਹਨ। ਉਥੇ ਹੀ ਵਪਾਰੀ, ਮਜ਼ਦੂਰਾਂ ਤੇ ਆਮ ਲੋਕਾਂ ਵਿਚ ਵੀ ਖੁਸ਼ੀ ਦੀ ਲਹਿਰ ਹੈ। ਹੁਣ ਕਿਸਾਨਾਂ ਨੂੰ ਯੂਰੀਆ ਦੀ ਘਾਟ ,ਬਿਜਲੀ ਦੀ ਨਿਰਵਿਘਨ ਸਪਲਾਈ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਚੱਲ ਰਹੀ ਚਿੰਤਾ ਜਲਦ ਦੂਰ ਹੋਣ ਦੀ ਆਸ ਬੱਝੀ ਹੈ।

ਰਾਜ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਪਿਛਲੇ ਲਗਭਗ ਦੋ ਮਹੀਨਿਆਂ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਸੰਘਰਸ਼ ਅਤੇ ਕੇਂਦਰ ਸਰਕਾਰ ਵੱਲੋਂ ਖੇਤੀ ਸਬੰਧੀ ਪਾਸ ਕੀਤੇ ਗਏ। ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਰਾਜ ਦੇ ਰੇਲਵੇ ਟਰੈਕਾਂ 'ਤੇ ਧਰਨਾ ਦਿੱਤਾ ਜਾ ਰਿਹਾ ਸੀ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਕੀਤੀ ਗਈ ਅਪੀਲ ਅਤੇ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਰਾਜ ਦੇ ਵੱਖ-ਵੱਖ ਵਰਗਾਂ ਦੇ ਸਮੂਹਿਕ ਹਿੱਤਾਂ ਨੂੰ ਸਾਹਮਣੇ ਰੱਖ ਕੇ ਧਰਨਾ ਖ਼ਤਮ ਕੀਤਾ ਗਿਆ ਸੀ। ਕਿਸਾਨ ਜਥੇਬੰਦੀਆਂ ਦੇ ਇਸ ਲੋਕ ਹਿੱਤ 'ਚ ਲਏ ਗਏ ਫ਼ੈਸਲੇ ਦੀ ਰਾਜ ਦੇ ਸਾਰੇ ਵਰਗਾਂ ਵੱਲੋਂ ਭਰਪੂਰ ਪ੍ਰਸ਼ੰਸਾ ਹੋ ਰਹੀ ਹੈ ਉੱਥੇ ਹੀ ਰਾਜ ਅਤੇ ਜ਼ਿਲੇ ਦੇ ਕਿਸਾਨਾਂ ਨੇ ਇਸ ਉਪਰਾਲੇ ਲਈ ਕਿਸਾਨ ਜਥੇਬੰਦੀਆਂ ਦਾ ਧੰਨਵਾਦ ਕੀਤਾ ਹੈ।

ਜ਼ਿਲ੍ਹੇ ਦੇ ਪਿੰਡ ਦਾਨਾ ਰੋਮਾਣਾ ਦੇ ਕਿਸਾਨ ਇਕਬਾਲ ਸਿੰਘ, ਕੁਲਵਿੰਦਰ ਸਿੰਘ ਹਰਦਿਆਲੇਆਣਾ,ਪਾਲ ਸਿੰਘ ਰੋਮਾਣਾ ਅਲਬੇਲ ਸਿੰਘ ਸਮੇਤ ਵੱਡੀ ਗਿਣਤੀ 'ਚ ਕਿਸਾਨਾਂ ਨੇ ਕਿਹਾ ਕਿ ਕਣਕ ਦੀ ਬਿਜਾਈ ਉਪਰੰਤ ਕਿਸਾਨਾਂ ਨੂੰ ਕਣਕ ਲਈ ਯੂਰੀਆ ਦੀ ਚਿੰਤਾ ਵੱਢ ਵੱਢ ਖਾ ਰਹੀ ਸੀ ਤੇ ਕਿਸਾਨ ਗੁਆਂਢੀ ਸੂਬਿਆਂ ਤੋਂ ਮਹਿੰਗੇ ਮੁੱਲ ਤੇ ਯੂਰੀਆ ਲੈਣ ਤੋਂ ਮਜਬੂਰ ਸਨ ਪਰ ਕਿਸਾਨ ਜਥੇਬੰਦੀਆਂ ਵੱਲੋਂ ਰੇਲ ਆਵਾਜਾਈ ਬਹਾਲ ਕਰਨ ਦੀ ਦਿੱਤੀ ਗਈ ਇਜਾਜ਼ਤ ਕਾਰਣ ਹੁਣ ਮਾਲ ਗੱਡੀਆਂ ਦੀ ਆਵਾਜਾਈ ਫਿਰ ਤੋਂ ਸ਼ੁਰੂ ਹੋ ਗਈ ਹੈ ਅਤੇ ਯੂਰੀਆ ਖਾਦ ਦੇ ਦੋ ਰੈਕ ਯੂਰੀਆ ਖਾਦ ਲੈ ਕੇ ਫ਼ਰੀਦਕੋਟ ਪਹੁੰਚ ਚੁੱਕੇ ਹਨ ਜਦ ਕਿ ਅਗਲੇ ਇਕ ਦੋ ਦਿਨਾਂ 'ਚ ਯੂਰੀਆ ਖਾਦ ਦਾ ਤੀਜਾ ਰੈਕ ਵੀ ਜਲਦ ਪਹੁੰਚ ਜਾਵੇਗਾ ਇਸ ਤੋਂ ਇਲਾਵਾ ਰਾਜ ਦੇ ਥਰਮਲ ਪਲਾਂਟਾਂ ਵਿਚ ਰੇਲ ਗੱਡੀਆਂ ਰਾਹੀਂ ਕੋਲੇ ਦੀ ਸਪਲਾਈ ਸ਼ੁਰੂ ਹੋ ਚੁੱਕੀ ਹੈ ਤੇ ਕਿਸਾਨਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿਚ ਕਣਕ ਨੂੰ ਲੱਗਣ ਵਾਲੇ ਪਹਿਲੇ ਪਾਣੀ ਲਈ ਬਿਜਲੀ ਸਪਲਾਈ ਸਮੇਂ ਕੋਈ ਦਿੱਕਤ ਨਹੀਂ ਆਵੇਗੀ ਅਤੇ ਇਸ ਤੋਂ ਇਲਾਵਾ ਘਰੇਲੂ ਬਿਜਲੀ ਸਪਲਾਈ ਵੀ ਸੁਚਾਰੂ ਢੰਗ ਨਾਲ ਚੱਲੇਗੀ।

ਕਿਸਾਨਾਂ ਨੇ ਕਿਹਾ ਕਿ ਰੇਲ ਗੱਡੀਆਂ ਦੀ ਆਵਾਜਾਈ ਸੁਚਾਰੂ ਢੰਗ ਨਾਲ ਸ਼ੁਰੂ ਹੋਣ ਉਪਰੰਤ ਦੂਜੇ ਰਾਜਾਂ ਤੋਂ ਕਿਸਾਨੀ ਤੇ ਹੋਰ ਧੰਦਿਆਂ ਲਈ ਆਉਣ ਵਾਲੇ ਪ੍ਰਵਾਸੀ ਮਜ਼ਦੂਰ ਦੀ ਆਮਦ ਵੀ ਮੁੜ ਸ਼ੁਰੂ ਹੋ ਜਾਵੇਗੀ ਜਿਸ ਨਾਲ ਉਨ੍ਹਾਂ ਨੂੰ ਕਿਸਾਨੀ ਤੇ ਹੋਰ ਸਹਾਇਕ ਧੰਦਿਆਂ ਵਿਚ ਮਜ਼ਦੂਰਾਂ ਦੀ ਘਾਟ ਵੀ ਪੂਰੀ ਹੋ ਜਾਵੇਗੀ। ਇਸ ਤੋ ਇਲਾਵਾ ਕੀਟਨਾਸ਼ਕਾਂ, ਡੀ.ਏ.ਈ.ਆਦਿ ਦੀ ਘਾਟ ਵੀ ਜਲਦੀ ਪੂਰੀ ਹੋਣ ਦੀ ਉਮੀਦ ਹੈ।ਜ਼ਿਲ੍ਹਾ ਮੁੱਖ ਖੇਤੀਬਾੜੀ ਅਫਸਰ ਡਾ. ਹਰਨੇਕ ਸਿੰਘ ਰੋਡੇ ਨੇ ਦੱਸਿਆ ਕਿ ਬੀਤੇ ਕੱਲ ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ ਹੋਣ ਮਗਰੋਂ ਜ਼ਿਲੇ ਦੇ ਕਿਸਾਨਾਂ 'ਚ ਖ਼ੁਸ਼ੀ ਦੀ ਲਹਿਰ ਹੈ ਤੇ ਕੋਟਕਪੂਰਾ ਵਿਖੇ ਇਫਕੋ ਖਾਦ ਦਾ ਪਹਿਲਾ ਰੈਕ 2600 ਮੀਟ੍ਰਿਕ ਟਨ ਫ਼ਰੀਦਕੋਟ ਜ਼ਿਲ੍ਹੇ ਲਈ ਪਹੁੰਚ ਚੁੱਕਾ ਹੈ । ਜਦਕਿ ਦੂਜਾ ਰੈਕ 3200 ਮੀਟਰਕ ਟਨ ਯੂਰੀਆ ਦਾ ਲੈ ਕੇ ਫ਼ਰੀਦਕੋਟ ਜ਼ਿਲ੍ਹੇ ਵਿੱਚ ਪਹੁੰਚ ਚੁੱਕਾ ਹੈ ।ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਜ਼ਿਲ੍ਹੇ ਦੀਆਂ ਸੁਸਾਇਟੀਆਂ ਵਿੱਚ ਕਰੀਬ ਦੱਸ ਹਜ਼ਾਰ ਮੀਟਰਿਕ ਟਨ ਦੇ ਕਰੀਬ ਯੂਰੀਆ ਸੀ ਜੋ ਕਿਸਾਨਾਂ ਨੂੰ ਵੰਡ ਦਿੱਤੀ ਗਈ ਸੀ।ਜਦਕਿ ਜ਼ਿਲ੍ਹੇ ਲਈ ਕੁੱਲ ਪੂਰਤੀ 33699 ਮੀਟਰਕ ਟਨ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਯੂਰੀਆ ਦੇ ਨਿਰੰਤਰ ਰੈਕ ਲੱਗਣ ਨਾਲ ਇਹ ਘਾਟ ਜਲਦ ਪੂਰੀ ਹੋ ਜਾਵੇਗੀ। ਉਨ੍ਹਾ ਜਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਲੋੜ ਅਨੁਸਾਰ ਹੀ ਖਾਦਾਂ ਦੀ ਵਰਤੋਂ ਕਰਨ ਅਤੇ ਆਉਣ ਵਾਲੇ ਦਿਨ੍ਹਾ ਵਿੱਚ ਮਾਲ ਗੱਡੀਆਂ ਰਾਹੀਂ ਖਾਦ ਦਾ ਪੂਰਾ ਸਟਾਕ ਜਿਲ੍ਹੇ ਵਿੱਚ ਪੁੱਜ ਜਾਵੇਗਾ।

ਇਸ ਤੋਂ ਇਲਾਵਾ ਰੇਲ ਗੱਡੀਆਂ ਦੇ ਸ਼ੁਰੂ ਹੋਣ ਨਾਲ ਜ਼ਿਲ੍ਹੇ ਦੇ ਲੋਕਾਂ ਵਿੱਚ ਖੁਸ਼ੀ ਹੈ ਤੇ ਉਨ੍ਹਾਂ ਉਮੀਦ ਜਾਹਿਰ ਕੀਤੀ ਕਿ ਅਗਲੇ ਇਕ ਦੋ ਦਿਨ ਵਿੱਚ ਮੁਸਾਫਰ ਰੇਲਾਂ ਸ਼ੁਰੂ ਹੋਣ ਨਾਲ ਲੋਕ ਪੰਜਾਬ ਤੋ ਇਲਾਵਾ ਦੂਜੇ ਸੂਬਿਆਂ ਵਿੱਚ ਜਾ ਸਕਣਗੇ। ਉਨ੍ਹਾਂ ਰੇਲ ਆਵਾਜਾਈ ਦੁਬਾਰਾ ਸ਼ੁਰੂ ਕਰਨ ਲਈ ਕਿਸਾਨ ਜਥੇਬੰਦੀਆਂ ਤੇ ਪੰਜਾਬ ਸਰਕਾਰ ਦੇ ਯਤਨਾਂ ਦੀ ਪ੍ਰਸੰਸਾ ਕੀਤੀ।


Shyna

Content Editor

Related News