ਨਹੀਂ ਵੇਖਿਆ ਹੋਵੇਗਾ ਅਜਿਹਾ ਅਨੋਖਾ ਵਿਆਹ, ਬਰਾਤੀਆਂ ਨੇ ਹੱਥਾਂ 'ਚ ਝੰਡੇ ਚੁੱਕ ਲਾਏ ਮੋਦੀ ਵਿਰੁੱਧ ਨਾਅਰੇ
Monday, Nov 16, 2020 - 11:06 PM (IST)
ਸੰਗਰੂਰ (ਹਨੀ, ਵਿਕਾਸ)— ਭਵਾਨੀਗੜ੍ਹ ਕਿਸਾਨ ਯੂਨੀਅਨ ਵੱਲੋਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਵਿੱਢੇ ਨੂੰ ਇਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਕਿਸਾਨਾਂ ਨੇ ਆਪਣੇ ਸਾਰੇ ਕੰਮ ਕਾਰ ਛੱਡ ਕੇ ਜਗ੍ਹਾ-ਜਗ੍ਹਾ ਧਰਨੇ ਲਗਾ ਰੱਖੇ ਹਨ। ਰਿਲਾਇੰਸ ਪੈਟਰੋਲ ਪੰਪ ਟੋਲ ਪਲਾਜ਼ਾ ਦੇ ਉੱਪਰ ਕਿਸਾਨ ਪੂਰੀ ਤਰ੍ਹਾਂ ਡਟੇ ਹੋਏ ਹਨ, ਇਥੋਂ ਤਕ ਕਿ ਉਨ੍ਹਾਂ ਨੇ ਦੀਵਾਲੀ, ਦੁਸਹਿਰਾ, ਭਾਈ-ਦੂਜ ਸਾਰੇ ਤਿਉਹਾਰ ਹੀ ਪ੍ਰਦਰਸ਼ਨ ਵਾਲੀ ਥਾਵਾਂ 'ਤੇ ਮਨਾਏ।
ਇਥੇ ਦੱਸ ਦੇਈਏ ਕਿ ਸਾਰਾ ਤਾਣਾ ਬਾਣਾ ਸਮਾਜਿਕ ਸੰਘਰਸ਼ਾਂ 'ਚ ਉਲਝ ਕੇ ਰਹਿ ਗਿਆ ਹੈ। ਕਿਸਾਨ ਇਸ ਜ਼ਿੱਦ 'ਤੇ ਅੜੇ ਹੋਏ ਹਨ ਕਿ ਜਦੋਂ ਤੱਕ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਵਿਰੋਧੀ ਆਰਡੀਨੈਂਸ ਵਾਪਸ ਨਹੀਂ ਲਏ ਜਾਂਦੇ ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਇਸ ਦਾ ਅਸਰ ਹੁਣ ਵਿਆਹਾਂ 'ਤੇ ਵੀ ਪੈਂਦਾ ਨਜ਼ਰ ਆ ਰਿਹਾ ਹੈ। ਭਵਾਨੀਗੜ੍ਹ 'ਚ ਅੱਜ ਅਜਿਹਾ ਹੀ ਇਕ ਅਨੋਖਾ ਵਿਆਹ ਵੇਖਣ ਨੂੰ ਮਿਲਿਆ, ਜਿੱਥੇ ਵਿਆਹ ਮੌਕੇ ਸਾਰੇ ਬਰਾਤੀ ਝੰਡੇ ਚੁੱਕੇ ਕੇ ਪ੍ਰਦਰਸ਼ਨ ਕਰਦੇ ਹੋਏ ਨਿਕਲੇ।
ਮਿਲੀ ਜਾਣਕਾਰੀ ਮੁਤਾਬਕ ਭਵਾਨੀਗੜ੍ਹ ਦੇ ਨੇੜਲੇ ਪਿੰਡ ਰੇਤਗੜ੍ਹ ਵਿਖੇ ਕਿਸਾਨ ਯੂਨੀਅਨ ਉਗਰਾਹਾਂ ਗਰੁੱਪ ਦੀ ਇਕਾਈ ਦੇ ਪ੍ਰਧਾਨ ਹਰਨੇਕ ਸਿੰਘ ਦੇ ਮੁੰਡੇ ਦਾ ਵਿਆਹ ਸੀ। ਵਿਆਹ ਮੌਕੇ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਵਿਆਹ ਨਹੀਂ ਇਥੇ ਕੋਈ ਪ੍ਰਦਰਸ਼ਨ ਹੋ ਰਿਹਾ ਹੈ। ਵਿਆਹ ਵਾਲੇ ਘਰ ਲਾੜੀ-ਲਾੜੇ ਦੇ ਪਿਤਾ, ਮਾਂ, ਭੈਣ ਅਤੇ ਬਰਾਤੀਆਂ ਨੇ ਹੱਥਾਂ 'ਚ ਕਿਸਾਨ ਯੂਨੀਅਨ ਦੇ ਝੰਡੇ ਫੜੇ ਹੋਏ ਸਨ। ਢੋਲ-ਢਮੱਕਾ ਵੀ ਖ਼ੂਬ ਵੱਜ ਰਿਹਾ ਸੀ। ਪਰਿਵਾਰ ਵੱਲੋਂ ਵਿਆਹ ਦੀਆਂ ਸਾਰੀਆਂ ਰਸਮਾਂ ਕਰਨ ਉਪਰੰਤ ਹੱਥਾਂ 'ਚ ਯੂਨੀਅਨ ਦੇ ਝੰਡੇ ਫੜ ਕੇ ਸਾਰੇ ਹੀ ਬਰਾਤ ਚੜੇ।
ਬਰਾਤ ਰਵਾਨਾ ਹੋਣ ਮੌਕੇ 'ਕਿਸਾਨ ਏਕਤਾ ਜ਼ਿੰਦਾਬਾਦ' ਅਤੇ 'ਮੋਦੀ ਸਰਕਾਰ ਮੁਰਦਾਬਾਦ' ਦੇ ਨਾਅਰੇ ਲੱਗੇ। ਇਸ ਮੌਕੇ ਵਿਆਹ 'ਚ ਪਹੁੰਚੇ ਬਰਾਤੀਆਂ ਨੇ ਕਿਹਾ ਕਿ ਭਾਵੇਂ ਇਹ ਸਭ ਅਨੌਖਾ ਲੱਗ ਰਿਹਾ ਹੋਵੇ ਪਰ ਉਹ ਖ਼ੁਸ਼ੀ ਦੇ ਪਲਾਂ ਮੌਕੇ ਵੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਸੰਘਰਸ਼ ਨਾਲ ਇਕਮੁੱਠਤਾ ਜ਼ਾਹਰ ਕਰਨ ਲਈ ਕਿਸਾਨ ਯੂਨੀਅਨ ਦੇ ਝੰਡੇ ਲੈ ਕੇ ਬਰਾਤ 'ਚ ਸ਼ਾਮਲ ਹੋ ਰਹੇ ਹਨ।
ਲਾੜੇ ਨੇ ਕਿਹਾ ਕਿ ਉਸ ਦੀਆਂ ਖ਼ੁਸ਼ੀਆਂ ਵੀ ਕਿਸਾਨ ਸੰਘਰਸ਼ ਨੂੰ ਸਮਰਪਿਤ ਹਨ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਪਿਛਲੇ ਇਕ ਮਹੀਨੇ ਤੋਂ ਸੰਘਰਸ਼ ਕਰ ਰਹੀਆਂ ਹਨ ਅਤੇ ਵੱਡੀ ਗਿਣਤੀ 'ਚ ਕਿਸਾਨ ਬਜ਼ੁਰਗ, ਔਰਤਾਂ ਅਤੇ ਇਥੋਂ ਤੱਕ ਕਿ ਬੱਚਿਆਂ ਵੱਲੋਂ ਵੀ ਧਰਨਿਆਂ 'ਚ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਜਾ ਰਹੀ ਹੈ।