ਸੰਘਰਸ਼ ਦੇ ਮੈਦਾਨ ’ਚ ਹੀ ਬੇਰੋਜ਼ਗਾਰ ਲਾਈਨਮੈਨਾਂ ਨੇ ਬਣਾਏ ਪੱਕੇ ਚੁੱਲ੍ਹੇ
Thursday, Oct 25, 2018 - 05:50 AM (IST)

ਪਟਿਆਲਾ, (ਜੋਸਨ)- ਸੰਘਰਸ਼ ਦੇ ਮੈਦਾਨ ਨੂੰ ਹੋਰ ਭਖਾਉਣ ਲਈ ਬੇਰੋਜ਼ਗਾਰ ਲਾਈਨਮੈਨਾਂ ਨੇ ਪਾਵਰਕਾਮ ਦੇ ਦਫਤਰ ਸਾਹਮਣੇ ਹੀ ਹੁਣ ਜਾਰੀ ਮੋਰਚੇ ਵਿਚ ਹੀ ਪੱਕੇ ਚੁੱਲ੍ਹੇ ਬਣਾ ਲਏ ਹਨ। ਇਥੇ ਹੀ ਖਾਣਾ ਤਿਆਰ ਕਰ ਕੇ ਧਰਨਾਕਾਰੀਆਂ ਨੂੰ ਖੁਆਇਆ ਜਾ ਰਿਹਾ ਹੈ। ਲਾਈਨਮੈਨਾਂ ਦਾ ਕਹਿਣਾ ਹੈ ਕਿ ਉਹ ‘ਕਰੋ ਜਾਂ ਮਰੋ’ ਦੀ ਨੀਤੀ ਤਹਿਤ ਲਡ਼ਾਈ ਲਡ਼ਨਗੇ। ਆਪਣੀਆਂ ਨੌਕਰੀਆਂ ਲੈ ਕੇ ਹੀ ਜਾਣਗੇ।
ਇਸ ਮੌਕੇ ਮਰਨ ਵਰਤ ’ਤੇ ਬੈਠੇ ਯੂਨੀਅਨ ਮਾਨ ਦੇ ਸੂਬਾ ਪ੍ਰਧਾਨ ਬਲਕੌਰ ਸਿੰਘ ਮਾਨ ਦਾ ਮਰਨ ਵਰਤ ਤੀਸਰੇ ਦਿਨ ’ਚ ਦਾਖਲ ਹੋ ਗਿਆ। ਉਨ੍ਹਾਂ ਦੀ ਸਿਹਤ ਲਗਾਤਾਰ ਵਿਗਡ਼ਦੀ ਜਾ ਰਹੀ ਹੈ। ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਘਰ-ਘਰ ਰੋਜ਼ਗਾਰ ਦੇਣ ਦਾ ਵਾਅਦਾ ਕਰਨ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਬੇਰੋਜ਼ਗਾਰ ਲਾਈਨਮੈਨਾਂ ਨੂੰ ਰੋਜ਼ਗਾਰ ਦੇਣ ਲਈ ਹਾਲੇ ਤੱਕ ਵੀ ਬਿਲਕੁਲ ਤਿਆਰ ਨਹੀਂ।
ਪਾਵਰਕਾਮ ਮੈਨੇਜਮੈਂਟ ਦੀ ਬੇਰੁਖੀ ਕਾਰਨ ਬੇਰੋਜ਼ਗਾਰ ਲਾਈਨਮੈਨਾਂ ਵਿਚ ਬਹੁਤ ਹੀ ਰੋਸ ਪਾਇਆ ਜਾ ਰਿਹਾ ਹੈ। ਅੱਜ ਧਰਨੇ ਵਿਚ ਪੰਜਾਬ ਦੀਆਂ ਭਰਾਤਰੀ ਜੱਥੇਬੰਦੀਆਂ ਦੇ ਆਗੂਅਾਂ ਨੇ ਬਲਕੌਰ ਸਿੰਘ ਮਾਨ ਵੱਲੋਂ ਰੱਖੇ ਮਰਨ ਵਰਤ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਨੂੰ ਚਾਹੀਦਾ ਹੈ ਕਿ ਉਹ ਜਲਦੀ ਹੀ ਇਨ੍ਹਾਂ ਬੇਰੋਜ਼ਗਾਰ ਲਾਈਨਮੈਨਾਂ ਨੂੰ ਸੀ. ਆਰ. ਏ. 289/16 ’ਚ ਹੋਰ 3500 ਪੋਸਟਾਂ ਦਾ ਵਾਧਾ ਕਰ ਕੇ ਰੋਜ਼ਗਾਰ ਦੇਣ। 42 ਤੋਂ 44 ਸਾਲ ਵਾਲੇ ਅਤੇ ਵੇਟਿੰਗ ਲਿਸਟ ਵਾਲੇ ਸਾਥੀਆਂ ਨੂੰ ਜਲਦੀ ਨਿਯੁਕਤੀ-ਪੱਤਰ ਦੇਣ। ਜੇਕਰ ਇਨ੍ਹਾਂ ਬੇਰੋਜ਼ਗਾਰ ਲਾਈਨਮੈਨਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਦਾ ਜਲਦੀ ਹੱਲ ਨਾ ਕੀਤਾ ਤਾਂ ਸਾਰੇ ਪੰਜਾਬ ਦੀਆਂ ਭਰਾਤਰੀ ਜੱਥੇਬੰਦੀਆਂ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਦਾ ਡਟ ਕੇ ਵਿਰੋਧ ਕਰਨਗੀਆਂ।
ਇਸ ਮੌਕੇ ਜਨਰਲ ਸਕੱਤਰ ਮੇਵਾ ਸਿੰਘ, ਖਜ਼ਾਨਚੀ ਗੁਰਵਿੰਦਰ ਗੱਗੀ, ਪ੍ਰੈੱਸ ਸਕੱਤਰ ਪੰਜਾਬ ਚੌਧਰੀ ਵਿਨੈ ਧਰਵਾਲ ਹੁਸ਼ਿਆਰਪੁਰ, ਸਕੱਤਰ ਹਰਜਿੰਦਰ ਰੂਡ਼ੇਕੇ, ਸੂਬਾ ਵਰਕਿੰਗ ਕਮੇਟੀ ਮੈਂਬਰ ਰਮਨ ਫਰਵਾਹੀ, ਰਣਜੀਤ ਸਿੰਘ ਬੈਂਸ, ਜਸਵਿੰਦਰ ਕਾਕਾ, ਸੰਤੋਖ ਸ਼ਰਮਾ, ਗੁਰਮੀਤ ਕੋਟਲਾ, ਜੋਤ ਗਿੱਲ ਮੋਗਾ, ਵਿਪਨ ਨਾਮਧਾਰੀ, ਹਿਤੇਸ਼ ਫਿਰੋਜ਼ਪੁਰ, ਜਸਵਿੰਦਰ ਕੰਧੋਲਾ, ਸਖਪਾਲ ਬਰਨਾਲਾ, ਲਾਲੀ ਧੂਰੀ, ਸੁਰਿੰਦਰ ਰੰਗੀਲਾ ਤੇ ਨਿਰਭੈ ਸਿੰਘ ਪਟਿਆਲਾ ਆਦਿ ਬਹੁਤ ਵੱਡੀ ਗਿਣਤੀ ਵਿਚ ਬੇਰੋਜ਼ਗਾਰ ਸਾਥੀ ਹਾਜ਼ਰ ਸਨ।