ਬੇਰੋਜ਼ਗਾਰ ਸਿਹਤ ਵਰਕਰਾਂ ਨੇ ਫੂਕੀ ਪੰਜਾਬ ਸਰਕਾਰ ਦੀ ਅਰਥੀ

Monday, Oct 22, 2018 - 02:13 AM (IST)

ਬੇਰੋਜ਼ਗਾਰ ਸਿਹਤ ਵਰਕਰਾਂ ਨੇ ਫੂਕੀ ਪੰਜਾਬ ਸਰਕਾਰ ਦੀ ਅਰਥੀ

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)–  ਸਿਹਤ ਵਿਭਾਗ ’ਚ ਸਿਹਤ ਵਰਕਰ ਭਰਤੀ ਕਰਨ ਦੀ ਚੱਲ ਰਹੀ ਪ੍ਰਕਿਰਿਆ ’ਚ ਅਸਾਮੀਆਂ ਵਧਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੋਜ਼ਗਾਰ ਸਿਹਤ ਵਰਕਰਾਂ ਨੇ ਪਟਿਆਲਾ ਵਿਖੇ ਅਧਿਆਪਕ ਸਾਂਝੇ ਮੋਰਚੇ ਵੱਲੋਂ ਲਾਏ ਪੱਕੇ ਮੋਰਚੇ ਦੀ ਹਮਾਇਤ ਵਿਚ ਬੇਰੋਜ਼ਗਾਰ ਸਾਂਝੇ ਮੋਰਚੇ ਦੀ ਅਗਵਾਈ ਵਿਚ ਪਿੰਡ ਨਾਈਵਾਲਾ ਵਿਖੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਰੋਸ ਮੁਜ਼ਾਹਰਾ ਕੀਤਾ।
 ਇਸ ਮੌਕੇ ਯੂਨੀਅਨ ਦੇ ਆਗੂ  ਮਲਕੀਤ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਚੋਣਾਂ ਮੌਕੇ ਘਰ-ਘਰ ਨੌਕਰੀ ਦੇਣ, ਕਿਸਾਨੀ ਕਰਜ਼ੇ ਮੁਆਫ ਕਰਨ, ਨਸ਼ਿਆਂ ਨੂੰ ਕਾਬੂ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਕਰੀਬ ਡੇਢ ਸਾਲ ਦਾ ਸਮਾਂ ਲੰਘਣ ਮਗਰੋਂ ਵੀ ਅਮਲ ਨਹੀਂ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਬਰਗਾਡ਼ੀ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਬਜਾਏ ਸਰਕਾਰ ਮਾਮਲੇ ਨੂੰ ਲਟਕਾ ਕੇ ਠੰਡੇ ਬਸਤੇ ’ਚ ਪਾਉਣਾ ਚਾਹੁੰਦੀ ਹੈ। ਅਧਿਅਾਪਕਾਂ ਦੇ ਪਟਿਆਲਾ ਸੰਘਰਸ਼ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ  ਸਰਕਾਰ ਵੱਲੋਂ ਨਵੀਆਂ ਨੌਕਰੀਆਂ ਦੇਣਾ ਤਾਂ ਦੂਰ ਸਗੋਂ ਪਹਿਲਾਂ ਤੋਂ ਨਿਯੁਕਤ  ਅਧਿਆਪਕਾਂ  ਦੀ ਤਨਖਾਹ ਵਿਚ ਕਟੌਤੀ ਕਰ ਕੇ ਨਾਇਨਸਾਫੀ ਕੀਤੀ ਗਈ ਹੈ।  ਨਿਗੁਣੀਆਂ ਤਨਖਾਹਾਂ ਉਪਰ ਸੇਵਾਵਾਂ ਨਿਭਾਅ ਰਹੇ ਕੱਚੇ ਕਾਮਿਆਂ ਨੂੰ ਪੱਕੇ ਕਰਨ ਦੀ ਬਜਾਏ ਦੂਰ-ਦੁਰਾਡੇ ਬਦਲੀਆਂ ਕੀਤੀਆਂ ਜਾ ਰਹੀਆਂ ਹਨ।   ਯੂਨੀਅਨ ਜਿਥੇ ਅਧਿਆਪਕਾਂ ਦੀ ਹਮਾਇਤ ਕਰਦੀ ਹੈ, ਉਥੇ ਆਪਣੀਆਂ ਮੰਗਾਂ ਲਈ 28 ਅਕਤੂਬਰ ਨੂੰ ਪਟਿਆਲਾ ਵਿਖੇ ਸਿਹਤ ਮੰਤਰੀ ਦੀ ਕੋਠੀ ਕਰੇਗੀ। ਇਸ ਸਮੇਂ ਸ਼ਿਵਚਰਨ ਕੁਮਾਰ ਬੇਰੋਜ਼ਗਾਰ  ਮਲਟੀਪਰਪਜ਼ ਹੈਲਥ ਵਰਕਰ, ਭੋਲਾ ਸਿੰਘ, ਬੂਟਾ ਸਿੰਘ ਖਾਲਸਾ, ਅਵਤਾਰ ਸਿੰਘ, ਗੋਰਾ ਸਿੰਘ, ਮੇਜਰ ਸਿੰਘ ਆਦਿ ਹਾਜ਼ਰ ਸਨ।


Related News