ਯੂ. ਆਈ. ਡੀ. ਨੰਬਰ ਰਾਹੀਂ ਫਡ਼ੇ ਪ੍ਰਾਪਰਟੀ ਟੈਕਸ ਚੋਰ, 400 ਨੂੰ ਨੋਟਿਸ ਜਾਰੀ
Monday, Jan 14, 2019 - 05:18 AM (IST)

ਲੁਧਿਆਣਾ, (ਹਿਤੇਸ਼)- ਨਗਰ ਨਿਗਮ ਵਲੋਂ ਜਿਸ ਮਕਸਦ ਨਾਲ ਯੂ. ਆਈ. ਡੀ. ਨੰਬਰ ਲਾਉਣ ਦੀ ਯੋਜਨਾ ਬਣਾਈ ਗਈ ਹੈ, ਦੇਰ ਤੋਂ ਸਹੀ ਉਸ ਦੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਇਸ ਦੇ ਤਹਿਤ ਕਦੇ ਵੀ ਪ੍ਰਾਪਰਟੀ ਟੈਕਸ ਜਮ੍ਹਾ ਨਾ ਕਰਵਾਉਣ ਵਾਲੇ 400 ਲੋਕਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ।
ਦੱਸਣਾ ਜ਼ਰੂਰੀ ਹੋਵੇਗਾ ਕਿ ਨਗਰ ਨਿਗਮ ਵਲੋਂ ਜਦ 2013 ਵਿਚ ਪ੍ਰਾਪਰਟੀ ਟੈਕਸ ਲਾਗੂ ਕੀਤਾ ਗਿਆ ਸੀ, ਉਸ ਦੇ ਨਾਲ ਹੀ ਡੋਰ ਟੂ ਡੋਰ ਸਰਵੇ ਸ਼ੁਰੂ ਕਰਵਾਇਆ ਗਿਆ। ਹਾਲਾਂਕਿ ਪਹਿਲਾਂ ਇਹ ਯੋਜਨਾ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਸਕੀ ਸੀ ਪਰ ਨਗਰ ਨਿਗਮ ਨੇ ਹੁਣ ਯੂ. ਆਈ. ਡੀ. ਨੰਬਰਾਂ ਨੂੰ ਪ੍ਰਾਪਰਟੀ ਟੈਕਸ ਦੀ ਰਿਟਰਨ ਨਾਲ ਲਿੰਕ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਲੋਕ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ, ਜਿਨ੍ਹਾਂ ਨੇ ਕਦੇ ਵੀ ਪ੍ਰਾਪਰਟੀ ਟੈਕਸ ਜਮ੍ਹਾ ਨਹੀਂ ਕਰਵਾਇਆ ਹੈ, ਉਨ੍ਹਾਂ ਦੇ ਖਿਲਾਫ ਹਰੇਕ ਜ਼ੋਨ ਦੇ ਇਕ-ਇਕ ਬਲਾਕ ’ਚ ਕਾਰਵਾਈ ਦਾ ਆਗਾਜ਼ ਕਰਦੇ ਹੋਏ 400 ਨੋਟਿਸ ਜਾਰੀ ਕੀਤੇ ਗਏ ਹਨ।
ਡੋਰ ਟੂ ਡੋਰ ਵੀ ਹੋ ਰਹੀ ਹੈ ਕਰਾਸ ਚੈਕਿੰਗ
ਨਗਰ ਨਿਗਮ ਵਲੋਂ ਜਿਥੇ ਆਪਣੇ ਰਿਕਾਰਡ ਦੇ ਜ਼ਰੀਏ ਪ੍ਰਾਪਰਟੀ ਟੈਕਸ ਨਾ ਜਮ੍ਹਾ ਕਰਵਾਉਣ ਵਾਲਿਆਂ ਨੂੰ ਫਡ਼ਨਾ ਸ਼ੁਰੂ ਕਰ ਦਿੱਤਾ ਗਿਆ ਹੈ। ਉਥੇ ਇਸ ਕੰਮ ਲਈ ਡੋਰ ਟੂ ਡੋਰ ਕਰਾਸ ਚੈਕਿੰਗ ਵੀ ਕੀਤੀ ਜਾ ਰਹੀ ਹੈ, ਜਿਸ ਕਾਰਨ ਕਦੇ ਵੀ ਪ੍ਰਾਪਰਟੀ ਟੈਕਸ ਦੀ ਰਿਟਰਨ ਨਾ ਭਰਨ ਵਾਲਿਆਂ ਤੋਂ ਇਲਾਵਾ ਲੈਂਡ ਯੂਜ਼, ਕਵਰੇਜ ਇਲਾਕੇ ਅਤੇ ਡੀ. ਸੀ. ਰੇਟ ਦੀ ਗਲਤ ਜਾਣਕਾਰੀ ਭਰ ਕੇ ਨਗਰ ਨਿਗਮ ਨੂੰ ਚੂਨਾ ਲਾਉਣ ਵਾਲਿਆਂ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਹਨ।
ਹੁਣ 16 ਬਲਾਕਾਂ ’ਚ ਲਾਜ਼ਮੀ ਹੋਇਆ ਯੂ. ਆਈ. ਡੀ. ਨੰਬਰ
ਨਗਰ ਨਿਗਮ ਵਲੋਂ ਸ਼ਹਿਰ ਨੂੰ 37 ਬਲਾਕਾਂ ਵਿਚ ਵੰਡਿਆ ਗਿਆ ਹੈ ਪਰ ਪਹਿਲੇ 9 ਬਲਾਕਾਂ ’ਚ ਯੂ. ਆਈ. ਡੀ. ਨੰਬਰ ਲਾਗੂ ਕੀਤਾ ਗਿਆ ਸੀ। ਹੁਣ 7 ਹੋਰ ਬਲਾਕਾਂ ’ਚ ਪ੍ਰਾਪਰਟੀ ਟੈਕਸ ਦੀ ਰਿਟਰਨ ਭਰਨ ਲਈ ਯੂੁ. ਆਈ. ਡੀ. ਨੰਬਰ ਲਾਜ਼ਮੀ ਕਰ ਦਿੱਤਾ ਗਿਆ ਹੈ, ਜਿਸ ਨੂੰ ਪਾਣੀ, ਸੀਵਰੇਜ ਦੇ ਕੁਨੈਕਸ਼ਨ ਦੇ ਨਾਲ ਵੀ ਲਿੰਕ ਕੀਤਾ ਜਾ ਰਿਹਾ ਹੈ।
1 ਲੱਖ ਲੋਕ ਹਨ ਰਾਡਾਰ ’ਤੇ
ਨਗਰ ਨਿਗਮ ਵਲੋਂ ਜੀ. ਆਈ. ਐੱਸ. ਜ਼ਰੀਏ ਜੋ ਸਰਵੇ ਕਰਵਾਇਆ ਗਿਆ ਹੈ, ਉਸ ਵਿਚ 4.20 ਲੱਖ ਯੂਨਿਟ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ ਸਿਰਫ 3 ਲੱਖ ਲੋਕਾਂ ਨੇ ਹੀ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਇਆ ਹੈ, ਜਿਸ ਤੋਂ ਬਾਅਦ ਬਾਕੀ ਬਚੇ ਹੋਏ ਇਕ ਲੱਖ ਲੋਕਾਂ ਨੂੰ ਯੂੁ. ਆਈ. ਡੀ. ਨੰਬਰ ਅਤੇ ਡੋਰ ਟੂ ਡੋਰ ਸਰਵੇ ਦੇ ਜ਼ਰੀਏ ਫਡ਼ਨ ਦਾ ਟਾਰਗੈੱਟ ਰੱਖਿਆ ਗਿਆ ਹੈ।
ਇਹ ਹੋਵੇਗੀ ਕਾਰਵਾਈ
* ਮਾਰਚ ਤੱਕ ਮੌਜੂਦਾ ਸਾਲ ਦਾ ਟੈਕਸ ਭਰਨ ’ਤੇ ਲੱਗੇਗਾ 10 ਫੀਸਦੀ ਜੁਰਮਾਨਾ
* ਪੁਰਾਣਾ ਟੈਕਸ ਜਮ੍ਹਾ ਕਰਨ ’ਤੇ ਲੱਗਦੀ ਹੈ 20 ਫੀਸਦੀ ਪੈਨਲਟੀ ਅਤੇ 18 ਫੀਸਦੀ ਵਿਆਜ
* ਗਲਤ ਰਿਟਰਨ ਭਰਨ ’ਤੇ ਲੱਗਦਾ ਹੈ ਡਬਲ ਜੁਰਮਾਨਾ
* ਰਿਕਵਰੀ ਦੇ ਡਿਫਾਲਟਰਾਂ ਨੂੰ ਜਾਰੀ ਕੀਤੇ ਜਾ ਰਹੇ ਹਨ ਨੋਟਿਸ
* ਪ੍ਰਾਪਰਟੀ ਨੂੰ ਕੀਤਾ ਜਾ ਸਕਦਾ ਹੈ ਸੀਲ
* ਜ਼ਬਤ ਕਰ ਕੇ ਨੀਲਾਮੀ ਦਾ ਵੀ ਹੈ ਨਿਯਮ।