ਭੋਲਾ ਡਰੱਗ ਕੇਸ ਨਾਲ ਜੁੜੇ ਈ.ਡੀ. ਵੱਲੋਂ ਬਲਜਿੰਦਰ ਸਿੰਘ ਦੀ ਜ਼ਬਤ ਪ੍ਰਾਪਰਟੀ ਦੇ ਤਾਰ

Saturday, Oct 25, 2025 - 11:50 AM (IST)

ਭੋਲਾ ਡਰੱਗ ਕੇਸ ਨਾਲ ਜੁੜੇ ਈ.ਡੀ. ਵੱਲੋਂ ਬਲਜਿੰਦਰ ਸਿੰਘ ਦੀ ਜ਼ਬਤ ਪ੍ਰਾਪਰਟੀ ਦੇ ਤਾਰ

ਮੋਹਾਲੀ (ਜੱਸੀ): ਮਨੀ ਲਾਂਡਰਿੰਗ ਤੇ ਗ਼ੈਰ-ਕਾਨੂੰਨੀ ਮਾਈਨਿੰਗ ਵਿਰੁੱਧ ਇਕ ਵੱਡੀ ਕਾਰਵਾਈ ਕਰਦਿਆਂ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵੱਲੋਂ ਬਲਜਿੰਦਰ ਸਿੰਘ ਉਰਫ਼ ਅਮਨ ਤੇ ਉਸ ਦੇ ਸਾਥੀਆਂ ਦੀਆਂ ਰੋਪੜ, ਨਵਾਂਸ਼ਹਿਰ, ਮਾਛੀਵਾੜਾ, ਨੰਗਲ, ਨੂਰਪੁਰ ਬੇਦੀ ਅਤੇ ਮੋਹਾਲੀ ਵਿਚ ਸਥਿਤ ਸਾਰੀਆਂ ਅਚੱਲ ਜਾਇਦਾਦਾਂ ਨੂੰ ਜ਼ਬਤ ਕੀਤਾ ਗਿਆ ਹੈ। ਉਸ ਦੇ ਤਾਰ ਬਹੁ-ਕਰੋੜੀ ਡਰੱਗ ਮਾਮਲੇ 'ਚ ਨਾਮਜ਼ਦ ਜਗਦੀਸ਼ ਸਿੰਘ ਉਰਫ਼ ਭੋਲਾ ਨਾਲ ਜੁੜੇ ਹਨ ਕਿਉਂਕਿ ਅਮਨ ਉਸ ਦਾ ਸਾਥੀ ਰਿਹਾ ਹੈ ਤੇ ਵੱਡੇ ਪੱਧਰ 'ਤੇ ਗ਼ੈਰ-ਕਾਨੂੰਨੀ ਮਾਈਨਿੰਗ ਅਤੇ ਵਿੱਤੀ ਬੇਨਿਯਮੀਆਂ ਦੀ ਚੱਲ ਰਹੀ ਜਾਂਚ ਦਾ ਹਿੱਸਾ ਦੱਸਿਆ ਜਾ ਰਿਹਾ ਹੈ। ਈ.ਡੀ ਵੱਲੋਂ ਰੋਪੜ, ਨੰਗਲ, ਨੂਰਪੁਰ ਬੇਦੀ ਤੇ ਮਾਛੀਵਾੜਾ ਦੇ ਡਿਪਟੀ ਕਮਿਸ਼ਨਰਾਂ, ਸਬ-ਡਿਵੀਜ਼ਨਲ ਮੈਜਿਸਟ੍ਰੇਟ, ਸਬ-ਰਜਿਸਟਰਾਰਾਂ ਤੇ ਜ਼ਿਲ੍ਹਾ ਪੁਲਸ ਮੁਖੀਆਂ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਪਛਾਣੀਆਂ ਗਈਆਂ ਜਾਇਦਾਦਾਂ ਨੂੰ ਜ਼ਬਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਅੰਬਿਕਾ ਫਲੋਰੈਂਸ, ਨਿਊ ਚੰਡੀਗੜ੍ਹ ਦਾ ਰਹਿਣ ਵਾਲਾ ਬਲਜਿੰਦਰ ਸਿੰਘ ਅਮਨ ਜਾਅਲੀ ਸੀ.ਆਰ. ਸਲਿੱਪਾਂ ਤੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰ ਕੇ ਗ਼ੈਰ-ਕਾਨੂੰਨੀ ਮਾਈਨਿੰਗ ਕਾਰਜ ਚਲਾ ਰਿਹਾ ਸੀ, ਜਿਸ ਨਾਲ ਰਾਜ ਸਰਕਾਰ ਅਤੇ ਕੇਂਦਰ ਸਰਕਾਰਾਂ ਨੂੰ ਵਿੱਤੀ ਨੁਕਸਾਨ ਨੁਕਸਾਨ ਹੋਇਆ ਹੈ। 

ਇਹ ਖ਼ਬਰ ਵੀ ਪੜ੍ਹੋ - CM ਮਾਨ ਦੀਆਂ Fake Videos ਬਾਰੇ 'ਆਪ' ਦੇ ਵੱਡੇ ਖ਼ੁਲਾਸੇ! ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰਨ ਵਾਲੇ...

ਬਲਜਿੰਦਰ ਸਿੰਘ ਡਰੱਗ ਮਾਫ਼ੀਆ ਜਗਦੀਸ਼ ਸਿੰਘ ਭੋਲਾ ਦਾ ਸਾਥੀ ਦੱਸਿਆ ਜਾ ਰਿਹਾ ਹੈ ਅਤੇ ਈ.ਡੀ. ਦੇ ਸੂਤਰਾਂ ਅਨੁਸਾਰ ਉਸ ਨੇ ਡਰੱਗ ਕਾਰੋਬਾਰ ਤੋਂ ਜਾਇਦਾਦ ਇਕੱਠੀ ਕੀਤੀ ਹੈ। ਈ.ਡੀ. ਦੇ ਸੂਤਰਾਂ ਨੇ ਦੱਸਿਆ ਕਿ ਬਲਜਿੰਦਰ ਸਿੰਘ ਡਰੱਗ ਨਾਲ ਸਬੰਧਤ ਜ਼ਮੀਨ 'ਚ ਗ਼ੈਰ-ਕਾਨੂੰਨੀ ਮਾਈਨਿੰਗ ਕਰ ਰਿਹਾ ਸੀ, ਜੋ ਪਹਿਲਾਂ ਹੀ ਈ.ਡੀ ਨਾਲ ਜੁੜੀ ਹੋਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਬਲਜਿੰਦਰ ਸਿੰਘ ਵਿਰੁੱਧ ਆਈ.ਪੀ.ਸੀ. ਦੀਆਂ ਧਾਰਾਵਾਂ 420, 465, 467, 468, 471, ਤੇ 120-ਬੀ ਤਹਿਤ ਕਰੀਬ 10 ਐੱਫ.ਆਈ.ਆਰ. ਦਰਜ ਹਨ। ਇਸ ਦੇਨਾਲ ਹੀ ਨੂਰਪੁਰ ਬੇਦੀ, ਰੋਪੜ ਤੇ ਨੰਗਲ ਵਿਚ ਖਾਣਾਂ ਅਤੇ ਖਣਿਜ ਐਕਟ ਦੀਆਂ ਧਾਰਾਵਾਂ 21(1) ਅਤੇ 4(1) ਤਹਿਤ ਵੀ ਮਾਮਲੇ ਦਰਜ ਹਨ। ਨੰਗਲ ਥਾਣੇ ਦੀ ਐੱਫ.ਆਈ.ਆਰ. ’ਚ ਆਈ.ਪੀ.ਸੀ. ਦੀਆਂ ਧਾਰਾਵਾਂ 120-ਬੀ, 188, 379, 411, 414, 418, 420, ਤੇ 447 ਵੀ ਸ਼ਾਮਲ ਕੀਤੀਆਂ ਗਈਆਂ ਹਨ। 2020 ਤੇ 2025 ਦੌਰਾਨ ਬਲਜਿੰਦਰ ਸਿੰਘ ਨੇ 68 ਲੱਖ ਰੁਪਏ ਦੀ ਹੋਈ ਆਮਦਨ ਬਾਰੇ ਦੱਸਿਆ ਸੀ ਜਦਕਿ ਜਾਂਚ ਏਜੰਸੀ ਮੁਤਾਬਕ ਗ਼ੈਰ-ਕਾਨੂੰਨੀ ਮਾਈਨਿੰਗ ਤੇ ਹੋਰ ਗ਼ੈਰ-ਕਾਨੂੰਨੀ ਗਤੀਵਿਧੀਆਂ ਤੋਂ ਪੈਦਾ ਹੋਏ ਕਾਲੇ ਧਨ ਰਾਹੀਂ 7-8 ਕਰੋੜ ਰੁਪਏ ਦੀਆਂ ਜਾਇਦਾਦਾਂ ਹਾਸਲ ਕੀਤੀਆਂ। ਈ.ਡੀ. ਸੂਤਰਾਂ ਅਨੁਸਾਰ ਲਗਭਗ 40 ਗਵਾਹਾਂ ਦੇ ਬਿਆਨਾਂ ਨੇ ਬਲਜਿੰਦਰ ਸਿੰਘ ਦੀ ਗ਼ੈਰ-ਕਾਨੂੰਨੀ ਮਾਈਨਿੰਗ ਤੇ ਮਨੀ ਲਾਂਡਰਿੰਗ ’ਚ ਸ਼ਮੂਲੀਅਤ ਦੀ ਪੁਸ਼ਟੀ ਕੀਤੀ ਹੈ। ਈ.ਡੀ. ਦੇ ਇਕ ਅਧਿਕਾਰੀ ਨੇ ਕਿਹਾ ਕਿ ਬਾਕੀ ਜਾਇਦਾਦਾਂ ਦਾ ਪਤਾ ਲਾਉਣ ਤੇ ਬਲਜਿੰਦਰ ਸਿੰਘ ਦੇ ਗ਼ੈਰ-ਕਾਨੂੰਨੀ ਕਾਰਜਾਂ ’ਚ ਸ਼ਾਮਲ ਹੋਰਨਾਂ ਵਿਅਕਤੀਆਂ ਦੀ ਪਛਾਣ ਕਰਨ ਲਈ ਜਾਂਚ ਜਾਰੀ ਹੈ।


author

Anmol Tagra

Content Editor

Related News