ਲੁਧਿਆਣਾ-ਫਿਰੋਜ਼ਪੁਰ ਰੂਟ ’ਤੇ ਚੱਲਣ ਵਾਲੀਆਂ ਦੋ ਪੈਸੰਜਰ ਟ੍ਰੇਨਾਂ ਰੱਦ

Monday, Dec 24, 2018 - 02:53 AM (IST)

ਲੁਧਿਆਣਾ-ਫਿਰੋਜ਼ਪੁਰ ਰੂਟ ’ਤੇ ਚੱਲਣ ਵਾਲੀਆਂ ਦੋ ਪੈਸੰਜਰ ਟ੍ਰੇਨਾਂ ਰੱਦ

ਮੋਗਾ, (ਗੋਪੀ ਰਾਊਕੇ)-ਇਕ ਪਾਸੇ ਜਿੱਥੇ ਭਾਰਤੀ ਰੇਲਵੇ ਵੱਲੋਂ ਆਮ ਲੋਕਾਂ ਦੀ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ ਨਵੀਆਂ ਟ੍ਰੇਨਾਂ ਚਲਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ , ਉਥੇ  ਹੀ ਦੂਜੇ ਪਾਸੇ ਪਹਿਲਾਂ ਚੱਲਦੇ ਟ੍ਰੇਨਾਂ ਦੇ ਰੂਟ ਅਚਾਨਕ ਬੰਦ ਹੋਣ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦੇ ਆਲਮ ’ਚੋਂ ਲੰਘਣਾ ਪੈ ਰਿਹਾ ਹੈ। ਨਵਾਂ ਮਸਲਾ ਲੁਧਿਆਣਾ ਤੋਂ ਵਾਇਆ ਮੋਗਾ ਫਿਰੋਜ਼ਪੁਰ ਤੇ ਫਿਰੋਜ਼ਪੁਰ ਤੋਂ ਲੁਧਿਆਣਾ ਵਾਇਆ ਮੋਗਾ ਰਾਹੀਂ ਫਿਰੋਜ਼ਪੁਰ ਤੇ ਲੁਧਿਆਣਾ ਨੂੰ  ਦੁਪਹਿਰ ਸਮੇਂ ਜਾਂਦੀ ਜੀਂਦ-ਜਾਖਲ ਤੋਂ ਆਉਂਦੀ  ਟ੍ਰੇਨ ਦਾ ਹੈ, ਜਿਸ ਦੇ ਪਿਛਲੇ ਕੁਝ ਦਿਨਾਂ ਤੋਂ ਬੰਦ ਹੋਣ ਮਗਰੋਂ ਰੋਜ਼ਾਨਾ ਟ੍ਰੇਨ ’ਚ ਸਫਰ ਕਰਨ ਵਾਲੇ ਯਾਤਰੀ ਪ੍ਰੇਸ਼ਾਨ  ਹਨ। 
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਮਾਮਲੇ ਸਬੰਧੀ ਕਈ ਮੁਸਾਫਰਾਂ ਨੇ ਬੰਦ ਪਏ ਟ੍ਰੇਨ ਦੇ ਰੂਟ ਨੂੰ ਮੁਡ਼ ਤੋਂ ਚਲਾਉਣ ਲਈ ਰੇਲਵੇ ਦੇ ਉੱਚ ਅਧਿਕਾਰੀਆਂ ਤੋਂ ਵੀ ਮੰਗ ਕੀਤੀ ਹੈ ਪਰ ਹਾਲੇ ਤੱਕ ਰੇਲਵੇ ਵੱਲੋਂ ਮੁਡ਼ ਤੋਂ ਇਹ ਟ੍ਰੇਨ ਚਲਾਉਣ ਸਬੰਧੀ ਕੋਈ ਕਾਰਵਾਈ ਸ਼ੁਰੂ ਹੀ ਨਹੀਂ ਕੀਤੀ ਗਈ। ਇਸ ਕਰਕੇ ਆਮ ਲੋਕ ਪ੍ਰੇਸ਼ਾਨ ਹਨ। 
 ‘ਜਗ ਬਾਣੀ’ ਵੱਲੋਂ ਅੱਜ ਜਦੋਂ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਗਿਆ ਤਾਂ ਮੋਗਾ ਦੇ ਸਟੇਸ਼ਨ ’ਤੇ ਖਡ਼੍ਹੇ ਮੁਸਾਫਰਾਂ ਨੇ ਦੱਸਿਆ ਕਿ ਲੁਧਿਆਣਾ ਨੂੰ ਦੁਪਹਿਰ ਪੌਣੇ ਤਿੰਨ ਵਜੇ ਦੇ ਕਰੀਬ ਜਾਣ ਵਾਲੀ ਜੀਂਦ ਜਾਖਲ ਮੁਸਾਫਰ ਟ੍ਰੇਨ ਦੇ ਬੰਦ ਹੋਣ ਸਬੰਧੀ ਅੱਜ ਸਟੇਸ਼ਨ ’ਤੇ ਆ ਕੇ ਹੀ ਪਤਾ ਲੱਗਾ ਹੈ, ਜਿਸ ਕਾਰਨ ਹੁਣ ਉਨ੍ਹਾਂ ਨੂੰ ਬਦਲਵੇਂ ਪ੍ਰਬੰਧ ਕਰਕੇ ਲੁਧਿਆਣਾ ਅਤੇ ਫਿਰੋਜ਼ਪੁਰ ਜਾਣਾ ਪੈ ਰਿਹਾ ਹੈ। ਯਾਤਰੀ ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਸਵੇਰੇ ਫਿਰੋਜ਼ਪੁਰ ਤੇ ਲੁਧਿਆਣਾ ਦੋਵਾਂ ਪਾਸਿਆਂ ਦੇ ਦੁਪਹਿਰ ਪੌਣੇ 12 ਵਜੇ ਤੇ ਪੌਣੇ ਤਿੰਨ ਵਜੇ ਟ੍ਰੇਨ ਦੇ ਰੂਟ ਬੰਦ ਹੋਣ ਕਾਰਨ ਲੋਕਾਂ ਨੂੰ ਦਿੱਕਤਾਂ ਦੇ ਨਾਲ-ਨਾਲ ਆਰਥਿਕ ਰਗਡ਼ਾ ਵੀ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਰੇਲਵੇ ਦਾ ਕਿਰਾਇਆ ਬੱਸਾਂ ਦੇ ਮੁਕਾਬਲੇ ਬਹੁਤ ਘੱਟ ਹੈ ਪਰ ਹੁਣ ਰੇਲਵੇ ਦੇ ਇਹ ਦੋਵੇਂ ਰੂਟ ਬੰਦ ਹੋਣ ਕਰਕੇ ਲੋਕਾਂ ਕੋਲ ਹੋਰ ਕੋਈ ਚਾਰਾ ਨਹੀਂ ਹੈ। 

ਇਹ ਹਨ ਗੱਡੀਆਂ ਕੈਂਸਲ
*    ਜੀਂਦ-ਜਾਖਲ ਪੈਸੰਜਰ ਟ੍ਰੇਨ।
*    ਸ਼ੁੱਕਰਵਾਰ ਅਤੇ ਐਤਵਾਰ ਨੂੰ ਸ਼੍ਰੀ ਅਜ਼ਮੇਰ ਸ਼ਰੀਫ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਜਾਣ ਵਾਲੀ।
ਅੱਧੀ ਤਨਖਾਹ ਬੱਸ ਦੇ ਕਿਰਾਏ ’ਚ ਨਿਕਲ ਜਾਂਦੀ ਹੈ : ਨਛੱਤਰ ਸਿੰਘ
 ਇਸ ਸਬੰਧੀ ਗੱਲਬਾਤ ਕਰਦਿਆਂ ਇਕ ਮੁਸਾਫਰ ਨਛੱਤਰ ਸਿੰਘ ਨੇ ਦੱਸਿਆ ਕਿ ਉਹ ਲੁਧਿਆਣਾ ਨੇਡ਼ੇ ਇਕ ਸਟੋਰ ’ਤੇ ਲੇਬਰ ਦਾ ਕੰਮ ਕਰਦਾ ਹੈ। ਉਸ ਦੀ ਡਿਊਟੀ ਸ਼ਾਮ 5 ਵਜੇ ਤੋਂ ਲੈ ਕੇ ਅਗਲੀ ਸਵੇਰ ਤੱਕ ਹੁੰਦੀ ਹੈ। ਉਸ ਨੇ ਕਿਹਾ ਕਿ ਦੁਪਹਿਰ ਸਮੇਂ ਟ੍ਰੇਨ ਚੱਲਣ ਨਾਲ ਜਿਥੇ ਉਹ ਕੁੱਝ ਕੁ ਕਿਰਾਇਆ ਲਾ ਕੇ ਆਪਣੀ ਮੰਜ਼ਿਲ ’ਤੇ ਦੁਪਹਿਰ ਨੂੰ ਪੁੱਜ ਜਾਂਦਾ ਸੀ, ਉੱਥੇ ਹੀ ਹੁਣ ਟ੍ਰੇਨ ਦੇ ਬੰਦ ਹੋਣ ਕਾਰਨ ਉਸ ’ਤੇ ਵੱਡਾ ਬੋਝ ਪਿਆ ਹੈ। ਉਸ ਨੇ ਕਿਹਾ ਕਿ ਜਿਥੇ ਮੇਰੀ ਤਨਖਾਹ ਸਿਰਫ 6 ਹਜ਼ਾਰ ਰੁਪਏ ਹੈ, ਉਥੇ ਹੀ ਮੈਨੂੰ ਰੋਜ਼ਾਨਾ ਬੱਸ ’ਤੇ 100 ਰੁਪਏ ਦੇ ਕਰੀਬ ਕਿਰਾਇਆ ਲਾ ਕੇ ਜਾਣਾ ਪੈਂਦਾ ਹੈ, ਜਿਸ ਕਾਰਨ ਮੇਰੀ ਅੱਧੀ ਤੋਂ ਵੱਧ ਤਨਖਾਹ ਬੱਸ ਦੇ ਕਿਰਾਏ ਵਿਚ ਹੀ ਨਿਕਲ ਜਾਂਦੀ ਹੈ।

ਲੁਧਿਆਣਾ ਤੋਂ ਫਿਰੋਜ਼ਪੁਰ ਜਾਣ ਵਾਲੀਆਂ ਟ੍ਰੇਨਾਂ ਦਾ ਸਮਾਂ
*    ਸਵੇਰੇ 6.25
*    ਸਵੇਰੇ 8.25
*    ਦੁਪਹਿਰ 11.45 (ਜੀਂਦ ਜਾਖਲ ਪੈਸੰਜਰ ਟ੍ਰੇਨ ਰੱਦ ਕੀਤੀ ਗਈ)
*    ਦੁਪਹਿਰ 3.00
*    ਸ਼ਾਮ 7.00
*     ਰਾਤ 8.25 ਚੰਡੀਗਡ਼੍ਹ-ਫਿਰੋਜ਼ਪੁਰ ਐਕਸਪ੍ਰੈੱਸ
*    ਰਾਤ 9.55 ਵਜੇ
 ਇਹ ਹਨ ਫਿਰੋਜ਼ਪੁਰ ਤੋਂ ਲੁਧਿਆਣਾ ਜਾਣ ਵਾਲੀਆਂ ਟ੍ਰੇਨਾਂ ਦਾ ਸਮਾਂ
*    ਸਵੇਰੇ 6.30
*    ਸਵੇਰੇ 7.50 ਫਿਰੋਜ਼ਪੁਰ-ਚੰਡੀਗਡ਼੍ਹ ਐਕਸਪ੍ਰੈੱਸ
*    10 ਵਜੇ
*    ਦੁਪਹਿਰ 12.20
*    ਦੁਪਹਿਰ 3 ਵਜੇ (ਜੀਂਦ ਜਾਖਲ ਪੈਸੰਜਰ ਟ੍ਰੇਨ ਰੱਦ ਕੀਤੀ ਗਈ)
*    ਸ਼ਾਮ 6.30
*    ਸ਼ਾਮ 7.40
 


Related News