ਉਦਯੋਗਪਤੀ ਤੋਂ ਕਰੋੜਾਂ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ ''ਚ ਸਾਬਕਾ ਮੁਲਾਜ਼ਮ ਸਮੇਤ ਦੋ ਨਾਮਜ਼ਦ

Wednesday, Dec 31, 2025 - 07:54 PM (IST)

ਉਦਯੋਗਪਤੀ ਤੋਂ ਕਰੋੜਾਂ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ ''ਚ ਸਾਬਕਾ ਮੁਲਾਜ਼ਮ ਸਮੇਤ ਦੋ ਨਾਮਜ਼ਦ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ): ਸ੍ਰੀ ਮੁਕਤਸਰ ਸਾਹਿਬ ਦੇ ਉਘੇ ਉਦਯੋਗਪਤੀ ਨੂੰ ਈ.ਡੀ. ਸਮੇਤ ਕੇਂਦਰੀ ਏਜੰਸੀਆਂ ਦੀ ਕਾਰਵਾਈ ਦੇ ਝੂਠੇ ਡਰਾਵੇ ਦੇਣ ਅਤੇ ਫਰਜ਼ੀ ਪੱਤਰ ਜਾਰੀ ਕਰਾਉਣ ਦੇ ਮਾਮਲੇ ਦਾ ਪਰਦਾਫਾਸ਼ ਹੋਣ ਤੋਂ ਬਾਅਦ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਪੁਲਸ ਨੇ  ਇੰਡਸਟਰੀ ਦੇ ਸਾਬਕਾ ਕਰਮਚਾਰੀ ਸਮੇਤ ਦੋ ਵਿਅਕਤੀਆਂ ਵਿਰੁੱਧ ਸਾਜਿਸ਼ ਤਹਿਤ ਝੂਠੇ ਦਸਤਵੇਜ਼ ਤਿਆਰ ਕਰਕੇ ਬਲੈਕਮੇਲ ਕਰਨ ਦੇ ਕਥਿਤ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਵਲੋਂ ਅਗਲੀ ਕਾਰਵਾਈ ਤੇ ਜਾਂਚ ਜਾਰੀ ਹੈ।

ਅਜੈ ਸੇਤੀਆਂ ਮਾਲਕ ਸੇਤੀਆ ਇੰਡਸਟਰੀ ਲਿਮ. ਰੁਪਾਣਾ ਸ੍ਰੀ ਮੁਕਤਸਰ ਸਾਹਿਬ ਨੇ ਪੁਲਸ ਦੇ ਉਚ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਨੇ ਅਤੇ ਉਸਦੇ ਪੁੱਤਰ ਚਿਰਾਗ ਸੇਤੀਆ ਨੇ ਕੰਪਨੀ ਦੇ ਇਕ ਮੁਲਾਜ਼ਮ ਹਰਮਿੰਦਰ ਸਿੰਘ ਪੁੱਤਰ ਬਾਲੀ ਸਿੰਘ ਵਾਸੀ ਤਰਨਤਾਰਨ ਨਗਰ ਸ੍ਰੀ ਮੁਕਤਸਰ ਸਾਹਿਬ ਵਿਰੁੱਧ ਕੰਪਨੀ ਦਾ ਡਾਟਾ ਚੋਰੀ ਕਰ ਕੇ ਬਲੈਕਮੇਲ ਕਰਨ ਅਤੇ ਪੈਸਿਆਂ ਦੀ ਮੰਗ ਕਰਨ ਸਬੰਧੀ ਦਿੱਤੀ ਸ਼ਿਕਾਇਤ ਤੋਂ ਬਾਅਦ 27/5/25 ਨੂੰ ਇਕ ਮੁਕਦਮਾਂ ਦਰਜ ਕਰਾਇਆ ਸੀ। ਇਸ ਮਾਮਲੇ ਵਿਚ ਹਰਮੰਦਰ ਸਿੰਘ ਜ਼ਮਾਨਤ 'ਤੇ ਬਾਹਰ ਸੀ। ਇਸ ਤੋਂ ਬਾਅਦ ਉਕਤ ਵਿਅਕਤੀ ਨੇ ਲੁਧਿਆਣਾ ਦੇ ਕਥਿਤ ਤੌਰ 'ਤੇ ਖੁਦ ਨੂੰ ਕੇਂਦਰੀ ਪਾਰਟੀ ਦਾ ਆਗੂ ਦੱਸਣ ਵਾਲੇ ਵਿਅਕਤੀ ਨਾਲ ਮਿਲ ਕੇ ਕਿਸੇ ਮੁਲਾਜ਼ਮ ਰਾਹੀਂ ਉਨ੍ਹਾਂ ਨੂੰ (ਅਜੇ ਸੇਤੀਆ) ਧਮਕਾਉਣਾ ਸ਼ੁਰੂ ਕਰ ਦਿੱਤਾ ਕਿ ਤੁਹਾਡੀ ਇੰਡਸਟਰੀ ਵਿਰੁੱਧ ਹਰਮਿੰਦਰ ਸਿੰਘ ਵੱਲੋਂ ਈ . ਡੀ ਸਮੇਤ ਵੱਖ- ਵੱਖ ਵਿਭਾਗਾਂ ਕੋਲ ਸ਼ਿਕਾਇਤਾਂ ਹਨ। ਅਗਰ ਇਨ੍ਹਾਂ ਸ਼ਿਕਾਇਤਾਂ ਦਾ ਨਿਪਟਾਰਾ ਕਰਨਾ ਚਾਹੁੰਦੇ ਹੋ ਤਾਂ ਪ੍ਰਤੀ ਵਿਭਾਗ/ਸ਼ਿਕਾਇਤ 50 ਕਰੋੜ ਰੁਪਏ ਦੇਣੇ ਪੈਣਗੇ। ਇਸ ਤੋਂ ਇਲਾਵਾ ਹਰਮਿੰਦਰ ਸਿੰਘ ਨਾਲ ਵੀ ਪੁਰਾਣੇ ਮਾਮਲੇ ਵਿਚ ਨਿਪਟਾਰਾ ਕਰਨਾ ਪਵੇਗਾ।      

ਸ਼ਿਕਾਇਤ ਕਰਤਾ ਅਜੇ ਸੇਤੀਆ ਨੇ ਕਿਹਾ ਕਿ ਉਕਤ ਵਿਅਕਤੀਆਂ ਵਲੋਂ ਵੱਖ-ਵੱਖ ਨੰਬਰਾਂ ਰਾਹੀਂ ਸਥਾਨਕ ਪੁਲਸ ਅਫਸਰ  ਰਾਹੀਂ ਉਨ੍ਹਾਂ ਨੂੰ ਕਾਰਵਾਈ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਰਹੀਆਂ। ਇਸ ਸਬੰਧੀ ਸੇਤੀਆਂ ਇੰਡਸਟਰੀ ਦੇ ਪਤੇ ਤੇ 15 ਅਕਤੂਬਰ 2025 ਨੂੰ ਈ. ਡੀ ਦਫ਼ਤਰ ਦਿੱਲੀ ਤੋਂ ਇਕ ਨੋਟਿਸ ਵੀ ਮਿਲਿਆ ਜਿਸ ਵਿਚ 29 ਅਕਤੂਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ। ਸ਼ਿਕਾਇਤ ਕਰਤਾ ਦਾ ਕਹਿਣਾ ਹੈ ਕਿ ਉਨ੍ਹਾਂ ਆਪਣੀ ਕੰਪਨੀ ਦੇ ਡਾਇਰੈਕਟਰ ਅਤੇ ਵਕੀਲਾਂ ਰਾਹੀਂ ਈ . ਡੀ ਦੀ ਵੈੱਬਸਾਈਟ ਅਤੇ ਦਫ਼ਤਰ ਵਿਚ ਸੰਪਰਕ ਕੀਤਾ। 

ਉਕਤ ਨੋਟਿਸ ਨੂੰ ਕਨਫਰਮ ਕਰਨ 'ਤੇ ਕੋਈ ਪਾਸਕੋਡ ਜਾਂ ਕਿਉ ਆਰ ਕੋਡ ਨਹੀਂ ਸੀ ਜਿਸ ਤੇ ਪਤਾ ਲੱਗਾ ਕਿ ਇਹ ਨੋਟਿਸ ਜਾਅਲੀ ਤੌਰ 'ਤੇ ਉਕਤ ਹਰਮੰਦਰ ਸਿੰਘ ਅਤੇ ਉਸਦੇ ਸਾਥੀਆਂ ਨੇ ਭੇਜਿਆ ਹੈ। ਪਰ ਉਨ੍ਹਾਂ ਨੂੰ ਬਲੈਕਮੇਲ ਕਰਨ ਲਈ ਵਾਰ ਵਾਰ ਡਰਾਇਆ ਜਾ ਰਿਹਾ ਹੈ। ਉਕਤ ਫਰਾਡ ਕਰਨ ਵਾਲਿਆਂ ਵਲੋਂ ਉਦਯੋਦਪਤੀ ਨੂੰ ਡਰਾਉਣ ਲਈ ਗ੍ਰਹਿ ਮੰਤਰੀ ਦੇ ਦਫ਼ਤਰ ਤਕ ਦਾ ਹਵਾਲਾ ਦਿੱਤਾ ਗਿਆ। ਜਿਸ 'ਤੇ ਅਜੈ ਸੇਤੀਆ ਨੇ ਜ਼ਿਲ੍ਹਾ ਪੁਲਸ ਅਧਿਕਾਰੀਆਂ ਨੂੰ ਇਕ ਸ਼ਿਕਾਇਤ ਦਿੱਤੀ। ਜਿਸ ਦੀ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਹਰਮਿੰਦਰ ਸਿੰਘ ਪੁੱਤਰ ਬਾਲੀ ਸਿੰਘ ਅਤੇ ਸਤਵੰਤ ਸ਼ਰਮਾ ਪੁੱਤਰ  ਜਸਵਿੰਦਰ ਕੁਮਾਰ ਵਾਸੀ ਅਮਰ ਇਨਕਲੇਵ ਲੁਧਿਆਣਾ ਵਲੋਂ ਉਦਯੋਗਪਤੀ ਨੂੰ ਬਲੈਕਮੇਲ ਅਤੇ ਡਰਾਉਣ ਲਈ ਇਹ ਜਾਅਲਸਾਜ਼ੀ ਕੀਤੀ ਹੈ। ਇਸ ਮਾਮਲੇ 'ਤੇ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਪੁਲਸ ਵਲੋਂ ਉਕਤ ਦੋਨਾਂ ਵਿਅਕਤੀਆਂ ਵਿਰੁੱਧ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ  ਅਗਲੀ ਜਾਂਚ ਕੀਤੀ  ਜਾ ਰਹੀ ਹੈ ਤਾਂ ਜੋ ਇਸ ਵਿਚ ਕਿਸੇ ਹੋਰ ਦੀ ਭੂਮਿਕਾ ਦਾ ਪਤਾ ਲਾਇਆ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News