ਪਤਨੀ ਦੇ ਇਲਾਜ ਲਈ ਦਿਨ ’ਚ ਚਲਾਉਂਦਾ ਪੰਕਚਰ ਦੀ ਦੁਕਾਨ ਤੇ ਰਾਤ ਨੂੰ ਸਨੈਚਿੰਗ
Thursday, Nov 29, 2018 - 05:34 AM (IST)

ਲੁਧਿਆਣਾ,(ਰਿਸ਼ੀ)- ਪਤਨੀ ਦੇ ਇਲਾਜ ਲਈ ਪੈਸੇ ਨਾ ਹੋਣ ’ਤੇ ਇਕ ਵਿਅਕਤੀ ਦਿਨ ’ਚ ਤਾਂ ਪੰਕਚਰ ਦੀ ਦੁਕਾਨ ਚਲਾਉਂਦਾ ਤੇ ਹਨੇਰਾ ਹੋਣ ’ਤੇ ਆਪਣੇ ਦੋੋਸਤ ਦੇ ਨਾਲ ਮਿਲ ਕੇ ਸਨੈਚਿੰਗ ਦੀਆਂ ਵਾਰਦਾਤਾਂ ਕਰਨ ਲੱਗ ਪਿਆ, ਜਿਨ੍ਹਾਂ ਨੂੰ ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਦਬੋਚ ਕੇ ਉਨ੍ਹਾਂ ਕੋਲੋਂ ਸਨੈਚਿੰਗ ਕੀਤੇ ਹੋਏ 7 ਮੋਬਾਇਲ, 1 ਦਾਤਰ ਤੇ ਵਾਰਦਾਤ ’ਚ ਪ੍ਰਯੋਗ ਮੋਟਰਸਾਈਕਲ ਬਰਾਮਦ ਕੀਤਾ ਹੈ। ਉਪਰੋਕਤ ਜਾਣਕਾਰੀ ਥਾਣਾ ਇੰਚਾਰਜ ਅਮਨਦੀਪ ਸਿੰਘ ਬਰਾਡ਼ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਫਡ਼ੇ ਗਏ ਦੋਸ਼ੀਆਂ ਦੀ ਪਛਾਣ ਹਰਪ੍ਰੀਤ ਸਿੰਘ ਨਿਵਾਸੀ ਜਮਾਲਪੁਰ ਤੇ ਹਰਮੇਸ਼ ਯਾਦਵ ਨਿਵਾਸੀ ਢੰਡਾਰੀ ਕਲਾਂ ਵਜੋਂ ਹੋਈ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਅਮਰ ਨਾਥ ਨਿਵਾਸੀ ਸਾਹਨੇਵਾਲ ਨੇ ਦੱਸਿਆ ਕਿ ਬੀਤੀ 23 ਨਵੰਬਰ ਸ਼ਾਮ 6.30 ਵਜੇ ਆਪਣੀ ਡਿਊਟੀ ਖਤਮ ਕਰ ਕੇ ਪੈਦਲ ਘਰ ਜਾ ਰਿਹਾ ਸੀ। ਤਦ ਫੇਜ਼ 7 ’ਚ ਮੋਟਰਸਾਈਕਲ ਸਵਾਰ ਤੇਜ਼ਧਾਰ ਹਥਿਆਰ ਦੇ ਬਲ ’ਤੇ ਮੋਬਾਇਲ ਤੇ 2 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਲੈ ਗਏ। ਜਿਸ ਦੇ ਬਾਅਦ ਪੁਲਸ ਨੇ ਪਛਾਣ ਕਰ ਕੇ ਉਕਤ ਦੋਸ਼ੀਆਂ ਨੂੰ ਫੋਕਲ ਪੁਆਇੰਟ ਫੇਜ਼ 6 ਤੋਂ ਗ੍ਰਿਫਤਾਰ ਕਰ ਲਿਆ। ਪੁਲਸ ਦੇ ਅਨੁਸਾਰ ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਹਰਪ੍ਰੀਤ ਦੇ ਖਿਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ ਤੇ ਜੇਲ ਵਿਚ ਸਜ਼ਾ ਵੀ ਕੱਟ ਚੁੱਕਾ ਹੈ। ਪਤਨੀ ਦੇ ਇਲਾਜ ਲਈ ਪੈਸੇ ਨਾ ਹੋਣ ’ਤੇ ਸਨੈਚਿੰਗ ਦੀਆਂ ਵਾਰਦਾਤਾਂ ਕਰਨ ਲੱਗ ਪਿਆ। ਸਾਰੀਆਂ ਵਾਰਦਾਤਾਂ ਦੋਵਾਂ ਵਲੋਂ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਹੀ ਕੀਤੀਆਂ ਗਈਆਂ ਹਨ। ਪੁਲਸ ਦੋਸ਼ੀਆਂ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ’ਤੇ ਲੈ ਕੇ ਗੰਭੀਰਤਾ ਨਾਲ ਪੁੱਛਗਿੱਛ ਕਰੇਗੀ।