ਟ੍ਰੈਫਿਕ ਪੁਲਸ ਨੇ ਸਕੂਲ ਵਾਹਨਾਂ ਦੇ ਡਰਾਈਵਰਾਂ ’ਤੇ ਕੱਸਿਆ ਸ਼ਿਕੰਜਾ
Friday, Dec 21, 2018 - 12:52 AM (IST)

ਕੋਟਕਪੂਰਾ, (ਨਰਿੰਦਰ, ਭਾਵਿਤ)- ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦਿਅਾਂ ਟ੍ਰੈਫਿਕ ਪੁਲਸ, ਕੋਟਕਪੂਰਾ ਵੱਲੋਂ ਅੱਜ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਸਕੂਲ ਵਾਹਨਾਂ ਦੇ ਡਰਾਈਵਰਾਂ ਖਿਲਾਫ਼ ਸ਼ਿਕੰਜਾ ਕੱਸਦਿਅਾਂ ਸਖ਼ਤ ਕਾਰਵਾਈ ਕੀਤੀ ਗਈ। ਜ਼ਿਲਾ ਪੁਲਸ ਮੁਖੀ ਰਾਜ ਬਚਨ ਸਿੰਘ ਸੰਧੂ ਦੀਆਂ ਹਦਾਇਤਾਂ ’ਤੇ ਅਤੇ ਸਿਟੀ ਟ੍ਰੈਫਿਕ ਇੰਚਾਰਜ ਏ. ਐੱਸ. ਆਈ. ਹਰਪਾਲ ਸਿੰਘ ਦੀ ਅਗਵਾਈ ਹੇਠ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਪੁਲਸ ਪਾਰਟੀ ਨਾਲ ਬੱਤੀਆਂ ਵਾਲੇ ਚੌਕ ਅਤੇ ਹੋਰ ਥਾਵਾਂ ’ਤੇ ਨਾਕੇਬੰਦੀ ਕਰ ਕੇ ਸਕੂਲ ਬੱਸਾਂ ਦੀ ਚੈਕਿੰਗ ਕੀਤੀ। ਇਸ ਸਬੰਧੀ ਟਰੈਫਿਕ ਇੰਚਾਰਜ ਹਰਪਾਲ ਸਿੰਘ ਨੇ ਦੱਸਿਆ ਕਿ ਅੱਜ ਦੀ ਇਸ ਕਾਰਵਾਈ ਦੌਰਾਨ ਬੱਸ ’ਚ ਹੈਲਪਰ ਨਾ ਹੋਣ, ਬੱਸ ’ਤੇ ਸਕੂਲ ਦਾ ਨਾਂ ਨਾ ਲਿਖਿਆ ਹੋਣ, ਫਸਟ ਏਡ ਬਾਕਸ ਨਾ ਹੋਣ, ਡਰਾਈਵਰ ਵੱਲੋਂ ਵਰਦੀ ਨਾ ਪਾਈ ਹੋਣ ਅਤੇ ਨੰਬਰ ਪਲੇਟ ਨਾ ਲੱਗੀ ਹੋਣ ਕਰ ਕੇ 6 ਸਕੂਲ ਬੱਸਾਂ ਦੇ ਡਰਾਈਵਰਾਂ ਦੇ ਚਲਾਨ ਕੱਟੇ ਗਏ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਲਗਾਤਾਰ ਜਾਰੀ ਰੱਖੀ ਜਾਵੇਗੀ।