ਟ੍ਰੈਫਿਕ ਨੂੰ ਤਰਤੀਬ ਦੇਣ ਵਾਲੀਆਂ ਲਾਈਟਾਂ ਦੀ ਖੁਦ ਦੀ ਵਿਗਡ਼ੀ ਤਰਤੀਬ
Friday, Nov 23, 2018 - 12:10 AM (IST)
ਬਾਘਾਪੁਰਾਣਾ, (ਚਟਾਨੀ)- ਆਵਾਜਾਈ ਨੂੰ ਤਰਤੀਬਬੱਧ ਕਰਨ ਵਾਲੀਆਂ ਸਥਾਨਕ ਮੁੱਖ ਚੌਕ ’ਚ ਲੱਗੀਆਂ ਬੱਤੀਆਂ ਦੀ ਖੁਦ ਤਰਤੀਬ ਵਿਗਡ਼ੀ ਪਈ ਹੈ। ਇਹ ਬੱਤੀਆਂ ਆਪਣੀ ਸਥਾਪਤੀ ਤੋਂ ਲੈ ਕੇ ਹੁਣ ਤੱਕ ਸਿਰਫ 10-12 ਮਹੀਨੇ ਹੀ ਚੱਲੀਆਂ ਹਨ। ਲਗਭਗ 12 ਸਾਲ ਪਹਿਲਾਂ ਲਗਾਈਆਂ ਗਈਆਂ ਇਨ੍ਹਾਂ ਟ੍ਰੈਫਿਕ ਬੱਤੀਆਂ ਦੀ ਮੁਰੰਮਤ ਨਗਰ ਕੌਂਸਲ ਨੇ ਕਈ ਵਾਰ ਕਰਵਾਈ ਸੀ ਪ੍ਰੰਤੂ ਇਹ ਆਪਣੇ ਮਕਸਦ ’ਚ ਕਦੇ ਵੀ ਸਫਲ ਨਹੀਂ ਹੋ ਸਕੀਆਂ। ਹੁਣ ਇਨ੍ਹਾਂ ਦੀ ਸੰਭਾਲ ਦੀ ਜ਼ਿੰਮੇਵਾਰੀ ਟੋਲ ਪਲਾਜ਼ਾ ਵਾਲੀ. ਪੀ. ਡੀ. ਅਗਰਵਾਲ ਨਾਮੀ ਕੰਪਨੀ ਉਪਰ ਹੈ ਪ੍ਰੰਤੂ ਕੰਪਨੀ ਨੇ ਲੰਮੇ ਸਮੇਂ ਤੋਂ ਹੀ ਲਾਈਟਾਂ ਦੀ ਮੁਰੰਮਤ ਤੋਂ ਪਾਸਾ ਵੱਟਿਆ ਹੋਇਆ ਹੈ। ਚਿੱਟਾ ਹਾਥੀ ਬਣੀਆਂ ਇਨ੍ਹਾਂ ਟ੍ਰੈਫਿਕ ਲਾਈਟਾਂ ਵੱਲ ਵਾਹਨ ਚਾਲਕ ਅਕਸਰ ਹੀ ਤੱਕਦੇ ਰਹਿੰਦੇ ਹਨ, ਜਿਨ੍ਹਾਂ ਤੋਂ ਹੁਣ ਕਿਸੇ ਇਸ਼ਾਰੇ ਦੀ ਆਸ ਮੁਕੰਮਲ ਰੂਪ ’ਚ ਖਤਮ ਹੋ ਗਈ ਹੈ। ਲੋਕਾਂ ਨੇ ਐੱਸ. ਡੀ. ਐੱਮ. ਬਾਘਾਪੁਰਾਣਾ ਤੋਂ ਮੰਗ ਕੀਤੀ ਕਿ ਸੰਬੰਧਤ ਕੰਪਨੀ ਜੋ ਕਿ ਇਸੇ ਸਡ਼ਕ ਤੋਂ ਲੰਘਦੇ ਵਾਹਨ ਚਾਲਕਾਂ ਤੋਂ ਟੋਲ ਟੈਕਸ ਵਸੂੁਲਦੀ ਹੈ, ਨੂੰ ਲਾਈਟਾਂ ਦੀ ਦਰੁਸਤੀ ਵਾਸਤੇ ਪਾਬੰਦ ਕੀਤਾ ਜਾਵੇ। ਓਧਰ ਲੋਕਾਂ ਨੇ ਕਾਰਜਸਾਧਕ ਅਫਸਰ ਨੂੰ ਵੀ ਇਸ ਸਮੱਸਿਆ ਦੇ ਹੱਲ ਲਈ ਨਿੱਗਰ ਭੂਮਿਕਾ ਅਦਾ ਕਰਨ ਲਈ ਆਖਿਆ ਹੈ, ਤਾਂ ਜੋ ਸਰਬ ਸਾਂਝੇ ਹੰਭਲੇ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਤੋਂ ਨਿਜ਼ਾਤ ਮਿਲ ਸਕੇ।
