ਟਰੇਡ ਯੂਨੀਅਨਾਂ ਨੇ ਕੇਂਦਰ ਸਰਕਾਰ ਦਾ ਪੁਤਲਾ ਸਾੜ ਕੇ ਕੀਤਾ ਪ੍ਰਦਰਸ਼ਨ

07/03/2020 12:06:56 PM

ਭਵਾਨੀਗੜ੍ਹ (ਵਿਕਾਸ, ਸੰਜੀਵ): ਕੇਂਦਰੀ ਟਰੇਡ ਯੂਨੀਅਨ ਅਤੇ ਜਨਤਕ ਜਥੇਬੰਦੀਆਂ ਦੇ ਸੱਦੇ 'ਤੇ ਅੱਜ ਟੋਲ ਪਲਾਜ਼ਾ ਵਰਕਰ ਯੂਨੀਅਨ (ਸੀਟੂ) ਦੇ ਅਦਾਰਿਆਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਗਿਆ। ਇਸ ਮੌਕੇ ਟੋਲ ਪਲਾਜ਼ਾ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੀ ਆੜ 'ਚ ਮੋਦੀ ਸਰਕਾਰ ਨੇ ਪਿਛਲੇ ਡੇਢ ਸੌ ਸਾਲਾਂ ਤੋਂ ਮਜ਼ਦੂਰਾਂ ਦੇ ਹੱਕ 'ਚ ਬਣੇ ਕਾਨੂੰਨ ਖਤਮ ਕਰ ਦਿੱਤੇ। ਇਸ ਕਰਕੇ ਕਰੋੜਾਂ ਮਜ਼ਦੂਰਾਂ ਨੂੰ ਨੌਕਰੀਆਂ ਤੋਂ ਹੱਥ ਧੋਣੇ ਪਏ। ਪ੍ਰਵਾਸੀ ਮਜ਼ਦੂਰਾਂ ਦੇ ਪ੍ਰਤੀ ਅਣਮਨੁੱਖੀ ਵਰਤਾਰਾ ਦੇਖਣ ਨੂੰ ਮਿਲਿਆ ਹੈ ਉਹ ਆਜ਼ਾਦ ਭਾਰਤ ਦੇ ਮੱਥੇ ਤੇ ਕਲੰਕ ਹੈ।
ਆਗੂ ਨੇ ਕਿਹਾ ਕਿ ਲੋਕਾਂ ਨੂੰ ਕੋਰੋਨਾ ਤੋਂ ਖਤਰਾ ਨਹੀਂ ਜਿੰਨਾ ਉਨ੍ਹਾਂ ਨੂੰ ਭੁੱਖਮਰੀ ਅਤੇ ਬੇਰੁਜ਼ਗਾਰੀ ਦਾ ਡਰ ਸਤਾ ਰਿਹਾ ਹੈ। ਇਸ ਤੋਂ ਇਲਾਵਾ ਕਾਮਰੇਡ ਭੂਪ ਚੰਦ ਚੰਨੋ ਕੌਮੀ ਮੀਤ ਪ੍ਰਧਾਨ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਦੀ ਸਰਕਾਰ ਜਦੋਂ ਤੋਂ ਕੇਂਦਰੀ ਸੱਤਾ 'ਚ ਆਈ ਹੈ ਉਦੋਂ ਤੋਂ ਵੱਡੇ ਕਾਰਪੋਰੇਟ ਘਰਾਣਿਆਂ ਦੇ ਹੱਕ 'ਚ ਭੁਗਤ ਰਹੀ ਹੈ। ਪੈਟਰੋਲ ਤੇ ਡੀਜ਼ਲ ਦੇ ਭਾਅ ਅਸਮਾਨੀ ਚੜ੍ਹ ਰਹੇ ਹਨ ਤੇ ਦੇਸ਼ 'ਚ ਮਹਿੰਗਾਈ ਨੇ ਜਨਤਾ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ।      

ਆਗੂਆਂ ਨੇ ਲੋਕ ਵਿਰੋਧੀ ਜਾਰੀ ਕੀਤੇ ਆਰਡੀਨੈਂਸ ਰੱਦ ਕਰਨ, ਮਨਰੇਗਾ ਦਾ ਬਜਟ ਇਕ ਲੱਖ ਕਰੋੜ ਵਧਾ ਕੇ ਉਜੜਿਆ ਮਜ਼ਦੂਰਾਂ ਨੂੰ ਤੁਰੰਤ ਰੁਜ਼ਗਾਰ ਦੇਣ, ਪਬਲਿਕ ਵੰਡ ਪ੍ਰਣਾਲੀ ਰਾਹੀਂ 16 ਲੋੜੀਂਦੀਆਂ ਵਸਤਾਂ ਸਮੇਤ ਕਣਕ, ਚੌਲ, ਦਾਲਾਂ ਲਗਾਤਾਰ ਮਜ਼ਦੂਰਾਂ ਨੂੰ ਦੇਣ, ਸੂਬਾ ਸਰਕਾਰ ਤੋਂ ਕਰਜ਼ਾ ਮੁਆਫ਼ੀ ਨਸ਼ਾ ਖਤਮ ਕਰਕੇ ਰੁਜ਼ਗਾਰ ਦੇ ਵਾਅਦੇ ਨੂੰ ਪੂਰਾ ਕਰਨ ਦੀ ਮੰਗ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਵਿੰਦਰ ਸਿੰਘ, ਅਸ਼ੀਸ਼ ਕੁਮਾਰ, ਅਮਰਜੀਤ ਸਿੰਘ, ਜੋਗਿੰਦਰ ਸਿੰਘ, ਦੇਵਾ ਸਿੰਘ, ਰਵਿੰਦਰਜੀਤ ਸਿੰਘ ਮਾਝੀ, ਸਤਨਾਮ ਸਿੰਘ, ਜਗਵੰਤ ਸਿੰਘ  ਕਾਮਰੇਡ ਜੋਗਿੰਦਰ ਸਿੰਘ ਆਦਿ ਹਾਜ਼ਰ ਸਨ।


Shyna

Content Editor

Related News