ਤੰਬਾਕੂਨੋਸ਼ੀ ਨਾਲ ਸਾਲ ’ਚ 5 ਲੱਖ ਕੈਂਸਰ ਪੀਡ਼ਤਾਂ ਦੀ ਮੌਤ!

Friday, May 31, 2019 - 02:20 AM (IST)

ਤੰਬਾਕੂਨੋਸ਼ੀ ਨਾਲ ਸਾਲ ’ਚ 5 ਲੱਖ ਕੈਂਸਰ ਪੀਡ਼ਤਾਂ ਦੀ ਮੌਤ!

ਚੰਡੀਗਡ਼੍ਹ (ਬਿਊਰੋ)- ਇਕ ਹਸਪਤਾਲ ਦੇ ਆਨਕੋਲੌਜੀ ਵਿਭਾਗ ਵਲੋਂ ਕਰਵਾਏ ਗਏ ਸੈਮੀਨਾਰ ’ਚ ਤੰਬਾਕੂਨੋਸ਼ੀ ਨਾਲ ਪੈਦਾ ਹੋਣ ਵਾਲੇ ਕੈਂਸਰ ਦੇ ਵਿਸ਼ੇ ’ਤੇ ਮਾਹਰ ਡਾਕਟਰਾਂ ਵਲੋਂ ਚਰਚਾ ਕੀਤੀ ਗਈ। ਡਾ. ਬ੍ਰਿਗੇ. ਰਾਜੇਸ਼ਵਰ ਸਿੰਘ ਨੇ ਕਿਹਾ ਕਿ ਸਿਹਤ ਸਬੰਧੀ ਜਾਗਰੂਕਤਾ ਦੀ ਘਾਟ ਅਤੇ ਦੇਰੀ ਨਾਲ ਇਲਾਜ ਕਰਵਾਉਣ ਦੀ ਆਦਤ ਕਾਰਨ ਭਾਰਤ ਵਿਚ ਕੈਂਸਰ ਦੇ ਮਰੀਜ਼ਾਂ ਵਿਚ ਬੇਸ਼ੁਮਾਰ ਵਾਧਾ ਹੋ ਰਿਹਾ ਹੈ।

ਅੱਜ ਇੱਥੇ ਕੈਂਸਰ ਦੇ ਵਧ ਰਹੇ ਪ੍ਰਭਾਵ ਨੂੰ ਰੋਕਣ ਅਤੇ ਵਿਸ਼ਵ ਨੋ ਤੰਬਾਕੂ ਦਿਵਸ ਸਬੰਧੀ ਰੱਖੇ ਇਕ ਸਮਾਗਮ ਤੋਂ ਬਾਅਦ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਮੇਂ ਦੇਸ਼ ਵਿਚ 25 ਲੱਖ ਵਿਅਕਤੀ ਕੈਂਸਰ ਤੋਂ ਪੀਡ਼ਤ ਹਨ, ਜਿਨ੍ਹਾਂ ਵਿਚ 12 ਲੱਖ ਕੇਸ ਨਵੇਂ ਹਨ। ਉਨ੍ਹਾਂ ਕਿਹਾ ਕਿ ਸਥਿਤੀ ਇਸ ਹੱਦ ਤੱਕ ਭਿਅੰਕਰ ਹੋ ਚੁੱਕੀ ਹੈ ਕਿ ਹਰ ਸਾਲ ਕੈਂਸਰ ਦੇ ਕਾਰਨ ਭਾਰਤ ਵਿਚ ਪੰਜ ਲੱਖ ਮੌਤਾਂ ਹੋ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਭਾਰਤੀ ਔਰਤਾਂ ਵਿਚ ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਦੀ ਬਹੁਤਾਤ ਹੈ, ਜਦਕਿ ਜੀਭ ਜਾਂ ਮੂੰਹ ਦੇ ਕੈਂਸਰ ਦੀ ਲਪੇਟ ’ਚ ਮਰਦ ਆ ਰਹੇ ਹਨ।

ਉਨ੍ਹਾਂ ਕਿਹਾ ਕਿ 65 ਤੋਂ 70 ਫੀਸਦੀ ਤੱਕ ਕੈਂਸਰ ਦੇ ਮਰੀਜ਼ 50 ਸਾਲ ਦੀ ਉਮਰ ਤੋਂ ਜ਼ਿਆਦਾ ਵਾਲੇ ਹਨ, ਜਦਕਿ 50 ਸਾਲ ਤੋਂ ਘੱਟ ਵਾਲਿਆਂ ਵਿਚ ਸਿਰਫ਼ 30 ਤੋੋਂ 35 ਫੀਸਦੀ ਮਰੀਜ਼ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਛਾਤੀ ਦੇ ਕੈਂਸਰ ਤੋਂ ਜ਼ਿਆਦਾਤਰ ਨੌਜਵਾਨ ਵਰਗ ਦੀਆਂ ਕੁਡ਼ੀਆਂ ਪ੍ਰਭਾਵਿਤ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕੈਂਸਰ ਤੋਂ ਪ੍ਰਭਾਵਿਤ ਮਰੀਜ਼ਾਂ ਵਿਚ 50 ਫੀਸਦੀ ਤੱਕ 25 ਤੋਂ 50 ਸਾਲ ਦੀ ਉਮਰ ਵਾਲੀਆਂ ਔਰਤਾਂ ਹਨ। ਉਨ੍ਹਾਂ ਸਲਾਹ ਦਿੱਂਤੀ ਕਿ ਇਸ ਸਬੰਧੀ ਸਮੇਂ ਸਿਰ ਸਕਰੀਨਿੰਗ ਟੈਸਟ ਅਤੇ ਮੈਮੋਗ੍ਰਾਫ਼ੀ ਕਰਵਾ ਲਈ ਜਾਣੀ ਜ਼ਰੂਰੀ ਹੈ।

ਇਸ ਮੌਕੇ ਆਪਣੇ ਸੰਬੋਧਨ ਵਿਚ ਕੈਂਸਰ ਰੋਗ ਵਿਭਾਗ ਦੇ ਸੀਨੀਅਰ ਕੰਸਲਟੈਂਟ ਡਾ. ਰਾਜਨ ਸਾਹੂ ਨੇ ਦੱਸਿਆ ਕਿ ਵਿਸ਼ਵ ਵਿਚ ਹਰ ਸਾਲ 182 ਲੱਖ ਮੂੰਹ ਦੇ ਕੈਂਸਰ ਵਾਲੇ ਨਵੇਂ ਕੇਸ ਸਾਹਮਣੇ ਆ ਰਹੇ ਹਨ। ਆਨਕੋਲੌਜੀ ਆਰਥੋ ਵਿੰਗ ਦੇ ਡਾਕਟਰ ਜਗਨਦੀਪ ਸਿੰਘ ਨੇ ਕਿਹਾ ਕਿ ਹੱਡੀਆਂ ਦੇ ਕੈਂਸਰ ਵਾਲੇ 90 ਫੀਸਦੀ ਕੇਸ ਆਪ੍ਰੇਸ਼ਨ ਨਾਲ ਹੱਲ ਹੋ ਸਕਦੇ ਹਨ।


author

Bharat Thapa

Content Editor

Related News