ਨਗਰ ਕੌਂਸਲ ਦੀ ਪ੍ਰਧਾਨਗੀ ਦਾ ਤਾਜ ਇਸ ਵਾਰ ਸਜੇਗਾ ਕਿਸੇ ਨੌਜਵਾਨ ਦੇ ਸਿਰ

04/09/2021 6:00:44 PM

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ, ਪਵਨ ਤਨੇਜਾ)-ਇਨ੍ਹੀਂ ਦਿਨੀਂ ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੀ ਪ੍ਰਧਾਨਗੀ ਖੂਬ ਚਰਚਾ ’ਚ ਹੈ। ਪ੍ਰਧਾਨਗੀ ਲਈ ਇਸ ਸਮੇਂ ਜੋ ਨਾਂ ਚਰਚਾ ਵਿਚ ਹਨ, ਉਨ੍ਹਾਂ ’ਚ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਨੌਜਵਾਨ ਆਗੂ ਯਾਦਵਿੰਦਰ ਸਿੰਘ ਯਾਦੂ, ਸਾਬਕਾ ਪ੍ਰਧਾਨ ਗੁਰਿੰਦਰ ਸਿੰਘ ਕੋਕੀ ਬਾਵਾ, ਵਾਰਡ ਨੰਬਰ 13  ਤੋਂ ਕੌਂਸਲਰ ਅਨਮੋਲ ਚਹਿਲ, ਸਾਬਕਾ ਨਗਰ ਕੌਂਸਲ ਪ੍ਰਧਾਨ ਕ੍ਰਿਸ਼ਨ ਕੁਮਾਰ ਸੰਮੀ ਤੇਰੀਆੜ ਅਤੇ ਵਾਰਡ ਨੰਬਰ 8 ਤੋਂ ਕੌਂਸਲਰ ਤੇਜਿੰਦਰ ਸਿੰਘ ਜਿੰਮੀ ਹਨ। ਜੇਕਰ ਲੋਕ ਚਰਚਿਆਂ ਦੀ ਗੱਲ ਕਰੀਏ ਤਾਂ ਯਾਦੂ ਦਾ ਨਾਂ ਸਭ ਤੋਂ ਵੱਧ ਚਰਚਾ ’ਚ ਹੈ ਅਤੇ ਇਕ ਚਰਚਾ ਹੋਰ ਵੀ ਹੈ ਕਿ ਪ੍ਰਧਾਨਗੀ ਦੀ ਕੁਰਸੀ ’ਤੇ ਇਸ ਵਾਰ ਕੋਈ ਨੌਜਵਾਨ ਹੀ ਬੈਠੇਗਾ। ਬੀਤੀਆਂ ਨਗਰ ਕੌਂਸਲ ਚੋਣਾਂ ਦੀ ਗੱਲ ਕਰੀਏ ਤਾਂ ਇਸ ਵਾਰ ਨਗਰ ਕੌਂਸਲ ਦੇ ਵਾਰਡ ਨੰਬਰ 4 ਤੋਂ ਕੌਂਸਲਰ ਬਣੇ ਯਾਦਵਿੰਦਰ ਸਿੰਘ ਯਾਦੂ ਬੀਤੀ ਵਾਰ ਵਾਰਡ ਨੰਬਰ 9 ਤੋਂ ਚੁਣੇ ਗਏ ਸਨ। ਉਸ ਸਮੇਂ ਜਦ ਨਗਰ ਕੌਂਸਲ ਵਿਚ ਕਾਂਗਰਸ ਦੇ ਦੋ ਹੀ ਕੌਂਸਲਰ ਸਨ ਤਾਂ ਆਪਣੀ ਲੋਕਪ੍ਰਿਅਤਾ ਅਤੇ ਕੀਤੇ ਕੰਮਾਂ ਸਦਕਾ ਯਾਦਵਿੰਦਰ ਸਿੰਘ ਯਾਦੂ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਬਣੇ। ਇਸ ਅਹੁਦੇ ’ਤੇ ਬੀਤੇ ਕਰੀਬ 15 ਸਾਲ ਤੋਂ ਭਾਜਪਾ ਕਾਬਜ਼ ਰਹੀ। ਯਾਦੂ ਦਾ ਨਾਂ ਅਜਿਹੇ ਕੌਂਸਲਰਾਂ ’ਚ ਆਉਂਦਾ, ਜੋ ਸ਼ਹਿਰ ਦੇ ਹਰ ਵਿਕਾਸ ਕਾਰਜ ’ਚ ਅੱਗੇ ਰਿਹਾ ਹੈ।

PunjabKesari

ਗੱਲ ਕੋਰੋਨਾ ਦੌਰਾਨ ਰਾਸ਼ਨ ਵੰਡਣ ਦੀ ਹੋਵੇ, ਆਪਣੇ ਵਾਰਡ ਦੇ ਨਾਲ-ਨਾਲ ਹੋਰ ਵਾਰਡਾਂ ਦੇ ਵਿਕਾਸ ਦੀ ਹੋਵੇ ਤਾਂ ਯਾਦੂ ਨੇ ਹਰ ਜਗ੍ਹਾ ਪੂਰਾ ਯੋਗਦਾਨ ਪਾਇਆ। ਪ੍ਰਸ਼ਾਸਨ ਵੱਲੋਂ ਸਫਾਈ ਮੁਹਿੰਮ ਚਲਾਈ ਗਈ ਤਾਂ ਯਾਦੂ ਨੇ ਪਹਿਲ ਦੇ ਆਧਾਰ ’ਤੇ ਕਮੇਟੀਆਂ ਦਾ ਗਠਨ ਕੀਤਾ ਤੇ ਝਾੜੂ ਹੱਥ ’ਚ ਫੜ ਕੇ ਆਪ ਸਫਾਈ ਲਈ ਪਹਿਲ ਕੀਤੀ। ਇਸ ਵਾਰ ਭਾਵੇਂ ਯਾਦਵਿੰਦਰ ਸਿੰਘ ਯਾਦੂ ਦਾ ਵਾਰਡ ਬਦਲ ਕੇ ਉਸ ਨੂੰ 4 ਨੰਬਰ ਵਾਰਡ ਤੋਂ ਟਿਕਟ ਦਿੱਤੀ ਗਈ ਪਰ ਉਸ ਦੀ ਲੋਕਪ੍ਰਿਯਤਾ ਦਾ ਸਬੂਤ ਵੇਖੋ ਕਿ ਲੋਕਾਂ ਨੇ ਉਸ ਨੂੰ ਵੱਡੀ ਗਿਣਤੀ ’ਚ ਵੋਟਾਂ ਪਾ ਜਿਤਾਇਆ। ਉਸ ਦੀ ਲੋਕਪ੍ਰਿਯਤਾ ਤੋਂ ਵਿਰੋਧੀ ਧਿਰ ਇੰਨਾ ਘਬਰਾਇਆ ਕਿ ਵੋਟਾਂ ਤੋਂ ਇਕ ਰਾਤ ਪਹਿਲਾਂ ਉਸ ’ਤੇ ਜਾਨਲੇਵਾ ਹਮਲਾ ਕੀਤਾ ਗਿਆ ਪਰ ਹਸਪਤਾਲ ’ਚ ਦਾਖਲ ਯਾਦੂ ਨੂੰ ਲੋਕਾਂ ਆਪ-ਮੁਹਾਰੇ ਵੋਟਾਂ ਪਾ ਜਿਤਾ ਦਿੱਤਾ।  ਦਰਿਆਦਿਲੀ ਦਿਖਾਉਂਦਿਆ ਇਸ ਨੌਜਵਾਨ ਲੀਡਰ ਨੇ ਹਸਪਤਾਲ ਦੇ ਬੈੱਡ ਤੋਂ ਵੀ ਇਹੋ ਸੁਨੇਹਾ ਦਿੱਤਾ ਕਿ ਆਓ ਸਿਆਸੀ ਵਿਰੋਧਤਾ ਛੱਡ ਕੇ ਇਤਿਹਾਸਕ ਸ਼ਹਿਰ ਦੇ ਵਿਕਾਸ ਨੂੰ ਪਹਿਲ ਦੇਈਏ। ਅੱਜ ਹਲਕਾ ਇੰਚਾਰਜ ਕਰਨ ਕੌਰ ਬਰਾੜ ਸਮੇਤ ਵੱਡੀ ਗਿਣਤੀ ’ਚ ਸੀਨੀਅਰ ਕਾਂਗਰਸੀ ਯਾਦਵਿੰਦਰ ਸਿੰਘ ਯਾਦੂ ਦੇ ਹੱਕ ’ਚ ਹਨ।

PunjabKesari

ਦੂਜਾ ਨਾਂ ਹੈ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਗੁਰਿੰਦਰ ਸਿੰਘ ਕੋਕੀ ਬਾਵਾ ਦਾ। ਉਨ੍ਹਾਂ ਬੀਤੇ ਆਪਣੇ ਪ੍ਰਧਾਨਗੀ ਦੇ ਕਾਰਜਕਾਲ ਦੌਰਾਨ ਨਿਰਪੱਖਤਾ ਨਾਲ ਸ਼ਹਿਰ ਦੇ ਵਿਕਾਸ ਕਾਰਜ ਕਰਵਾਏ। ਇਸ ਕਾਰਨ ਉਨ੍ਹਾਂ ਦਾ ਨਾਂ ਪ੍ਰਧਾਨਗੀ ਲਈ ਕਤਾਰ ਵਿਚ ਹੈ ਪਰ ਬੀਤੇ ਸਮੇਂ ਜਦ ਸੂਬੇ ’ਚ ਅਕਾਲੀ-ਭਾਜਪਾ ਸਰਕਾਰ ਸੀ ਤਾਂ ਉਨ੍ਹਾਂ ਵੱਲੋਂ ਆਪਣੇ ਹੀ ਵਾਰਡ ਤੋਂ ਚੋਣ ਨਾ ਲੜਨ ਕਾਰਨ ਉਨ੍ਹਾਂ ’ਤੇ ਅੰਦਰੋਂ ਸਿਆਸੀ ਵਿਰੋਧੀ ਸਵਾਲ ਚੁੱਕਦੇ ਹਨ। ਵਾਰਡ ਨੰਬਰ 13 ਤੋਂ ਨਗਰ ਕੌਂਸਲਰ ਬਣੇ ਅਨਮੋਲ ਕੌਰ ਚਹਿਲ ਦਾ ਨਾਂ ਵੀ ਚਰਚਾ ’ਚ ਹੈ। ਚਹਿਲ ਪਰਿਵਾਰ ਦੇ ਜਸ਼ਨ ਚਹਿਲ ਨੇ ਕੋਰੋਨਾ ਦੌਰਾਨ ਵੱਡੇ ਪੱਧਰ ’ਤੇ ਸੇਵਾ ਕੀਤੀ। ਕਿਸਾਨੀ ਸੰਘਰਸ਼ ਦੌਰਾਨ ਵੀ ਉਹ ਪੰਜਾਬ ਦੇ ਹੱਕ ’ਚ ਲਗਾਤਾਰ ਆਵਾਜ਼ ਬੁਲੰਦ ਕਰਦਾ ਨਜ਼ਰ ਆਇਆ। ਭਾਈ ਜਸ਼ਨ ਚਹਿਲ ਦੀ ਪਤਨੀ ਅਨਮੋਲ ਚਹਿਲ, ਜੋ ਪਹਿਲਾਂ ਡਿਪਟੀ ਐਡਵੋਕੇਟ ਜਨਰਲ ਰਹੇ, ਹੁਣ ਸ਼ਹਿਰ ਦੀ ਸੇਵਾ ਕਰਨ ਲਈ ਚੋਣ ਲੜੀ ਅਤੇ ਕੌਂਸਲਰ ਚੁਣੇ ਗਏ ਹਨ, ਦੇ ਨਾਂ ਦੇ ਵੀ ਚਰਚੇ ਹਨ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਕ੍ਰਿਸ਼ਨ ਕੁਮਾਰ ਸੰਮੀ ਤੇਰੀਆ ਦਾ ਨਾਂ ਵੀ ਚਰਚਾ ’ਚ ਹੈ। ਵਾਰਡ ਬਦਲੇ ਜਾਣ ਦੇ ਬਾਵਜੂਦ ਤੇਰੀਆ ਵੱਲੋਂ ਪ੍ਰਾਪਤ ਕੀਤੀ ਜਿੱਤ ਅਤੇ ਉਨ੍ਹਾਂ ਵੱਲੋਂ ਬੀਤੇ ਸਮੇਂ ਦੌਰਾਨ ਕੀਤੇ ਗਏ ਸ਼ਹਿਰ ’ਚ ਵੱਡੇ ਸਮਾਜ ਸੇਵਾ ਦੇ ਕੰਮਾਂ ਕਾਰਨ ਉਨ੍ਹਾਂ ਨੂੰ ਵੀ ਪ੍ਰਧਾਨਗੀ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਇਕ ਹੋਰ ਨੌਜਵਾਨ ਕੌਂਸਲਰ ਤੇਜਿੰਦਰ ਸਿੰਘ ਜਿੰਮੀ ਬਰਾੜ ਦਾ ਨਾਂ ਵੀ ਪ੍ਰਧਾਨਗੀ ਲਈ ਚਰਚਾ ’ਚ ਹੈ।

PunjabKesari

ਵਾਰਡ ਨੰਬਰ 8 ਤੋਂ ਕੌਂਸਲਰ ਤੇਜਿੰਦਰ ਸਿੰਘ ਜਿੰਮੀ ਬਰਾੜ ਦੇ ਮੁਕਾਬਲੇ ’ਚ ਖੜ੍ਹੇ ਸ਼੍ਰੋਮਣੀ ਅਕਾਲੀ ਦਲ ਅਤੇ ‘ਆਪ’ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੇਪਰ ਰੱਦ ਹੋਣ ਕਾਰਨ ਉਹ ਬਿਨਾਂ ਮੁਕਾਬਲਾ ਚੁਣੇ ਗਏ। ਮਨਪ੍ਰੀਤ ਸਿੰਘ ਬਾਦਲ ਦੇ ਨਜ਼ਦੀਕੀ ਜਿੰਮੀ ਬਰਾੜ ਨੇ ਜਿੱਥੇ ਸ਼ਹਿਰ ਵਿਚ ਬਣ ਰਹੇ ਆਰ. ਓ. ਬੀ. ਲਈ ਪੈਸਾ ਲਿਆਂਦਾ, ਉਥੇ ਹੀ ਸ਼ਹਿਰ ਦੇ ਸਮਾਜ ਸੇਵੀ ਕੰਮਾਂ ’ਚ ਵੀ ਅੱਗੇ ਰਹੇ। ਸਫਾਈ ਮੁਹਿੰਮ ’ਚ ਕਮੇਟੀਆਂ ਬਣਾ ਕੇ ਉਨ੍ਹਾਂ ਨੇ ਸ਼ਹਿਰ ਦੀ ਸਫਾਈ ’ਚ ਵੱਡਾ ਯੋਗਦਾਨ ਪਾਇਆ। ਭਾਵੇਂ ਇਹ ਸਭ ਭਵਿੱਖ ਦੀ ਗਰਭ ’ਚ ਹੈ ਪਰ ਸ਼ਹਿਰ ਵਿਚ ਚੱਲ ਰਹੇ ਚਰਚਿਆਂ ਤੋਂ ਇੰਝ ਜਾਪਦਾ ਕਿ ਨਗਰ ਕੌਂਸਲ ਦੀ ਪ੍ਰਧਾਨਗੀ ਦਾ ਤਾਜ ਇਸ ਵਾਰ ਕਿਸੇ ਨੌਜਵਾਨ ਦੇ ਸਿਰ ਸਜੇਗਾ ਅਤੇ ਸੀਨੀਅਰ ਮੀਤ ਪ੍ਰਧਾਨ ਅਨੁਸੂਚਿਤ ਜਾਤੀ ਜਾਂ ਪੱਛੜੇ ਵਰਗ ਨਾਲ ਸਬੰਧਿਤ ਕੌਂਸਲਰ ਨੂੰ ਬਣਾਇਆ ਜਾ ਸਕਦਾ ਹੈ।


Anuradha

Content Editor

Related News