ਚੋਰਾਂ ਨੇ ਨਹੀਂ ਬਖ਼ਸ਼ੇ ਝੁੱਗੀਆਂ-ਝੌਪੜੀਆਂ ''ਚ ਰਹਿਣ ਵਾਲੇ ਲੋਕ , ਸੋਨੇ-ਚਾਂਦੀ ਅਤੇ ਨਗਦੀ ਲੈ ਹੋਏ ਫਰਾਰ

06/09/2022 3:05:50 PM

ਭਵਾਨੀਗੜ੍ਹ(ਕਾਂਸਲ) : ਸਥਾਨਕ ਇਲਾਕੇ ’ਚ ਸਰਗਰਮ ਚੋਰ ਗਿਰੋਹ ਵੱਲੋਂ ਝੁੱਗੀ ਝੌਪੜੀ ’ਚ ਰਹਿਣ ਵਾਲੇ ਗਰੀਬ ਪਰਿਵਾਰਾਂ ਨੂੰ ਵੀ ਬਖ਼ਸ਼ਿਆਂ ਨਹੀਂ ਜਾ ਰਿਹਾ। ਚੋਰ ਗਿਰੋਹ ਨੇ ਬੀਤੀ ਰਾਤ ਨੇੜਲੇ ਪਿੰਡ ਰਾਮਪੁਰਾ ਵਿਖੇ ਅਨਾਜ਼ ਮੰਡੀ ’ਚ ਝੁੱਗੀ ਝੌਪੜੀਆਂ ’ਚ ਰਹਿਣ ਵਾਲੇ 3 ਗਰੀਬ ਪਰਿਵਾਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਇਥੇ ਰਹਿ ਰਹੇ ਮੱਝਾਂ ਵਾਲੇ ਗੂੱਜ਼ਰ ਪਰਿਵਾਰ ਦੇ ਝੌਪੜੀ ਨੁਮਾ ਘਰ ’ਚੋਂ ਸੋਨੇ ਤੇ ਚਾਂਦੀ ਦੇ ਗਹਿਣੇ ਸਮੇਤ ਨਕਦੀ ਚੋਰੀ ਕਰ ਲਏ। 

ਇਹ ਵੀ ਪੜ੍ਹੋ- ਸਾਲਾਂ ਤੋਂ ਪਾਣੀ ਨੂੰ ਤਰਸਦੇ ਲੋਕਾਂ ਲਈ ਆਈ ਸਬਮਰਸੀਬਲ ਮੋਟਰ, ਸਰਪੰਚ ਨੇ ਨਹੀਂ ਦਿੱਤੀ ਲੱਗਣ

ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਰਾਮਪੁਰਾ ਦੀ ਅਨਾਜ਼ ਮੰਡੀ ਨੇੜੇ ਝੌਪੜੀ ਨੁਮਾ ਘਰ ’ਚ ਰਹਿੰਦੇ ਗੂੱਜ਼ਰ ਪਰਿਵਾਰ ਦੇ ਮੁੱਖੀ ਯੂਸਫ਼ ਖ਼ਾਨ ਪੁੱਤਰ ਮੂਸਾ ਖ਼ਾਨ ਨੇ ਦੱਸਿਆ ਕਿ ਉਹ ਮੱਝਾਂ ਦਾ ਦੁੱਧ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਹਨ। ਉਨ੍ਹਾਂ ਦੱਸਿਆ ਕਿ 15 ਦਿਨਾਂ ਬਾਅਦ ਉਸ ਦੀ ਲੜਕੀ ਦਾ ਵਿਆਹ ਰੱਖਿਆ ਹੋਣ ਕਾਰਨ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਜਿਸ ਕਰਕੇ ਲੜਕੀ ਲਈ ਕੁਝ ਸੋਨੇ, ਚਾਂਦੀ ਦੇ ਗਹਿਣੇ ਅਤੇ ਕੁਝ ਨਕਦੀ ਘਰ ’ਚ ਰੱਖੀ ਹੋਈ ਸੀ। ਬੀਤੀ ਰਾਤ ਜਦੋਂ ਉਹ ਘਰ ਦੇ ਬਾਹਰ ਸੁੱਤੇ ਪਏ ਸਨ, ਤਾਂ ਚੋਰਾਂ ਨੇ ਉਨ੍ਹਾਂ ਦੇ ਘਰ ਅੰਦਰ ਦਾਖਲ ਹੋ ਕੇ ਪੇਟੀ ਦਾ ਜਿੰਦਰਾ ਤੋੜ ਕੇ ਪੇਟੀ ’ਚ ਪਏ 3 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਅਤੇ ਕੁਝ ਚਾਂਦੀ ਦੇ ਗਹਿਣੇ ਅਤੇ 20 ਹਜ਼ਾਰ ਰੁਪਏ ਦੇ ਕਰੀਬ ਦੀ ਨਕਦੀ ਚੋਰੀ ਕਰ ਲਈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦਾ ਉਨ੍ਹਾਂ ਨੂੰ ਸਵੇਰੇ ਪਤਾ ਲੱਗਿਆ ਅਤੇ ਇਸ ਘਟਨਾ ’ਚ ਉਨ੍ਹਾਂ ਦਾ ਢਾਈ ਲੱਖ ਦੇ ਕਰੀਬ ਦਾ ਨੁਕਸਾਨ ਹੋ ਗਿਆ ਹੈ। 

ਇਹ ਵੀ ਪੜ੍ਹੋ- ਸੰਗਰੂਰ ਤੋਂ ਲੋਕ ਸਭਾ ਵਿਚ ਪਹੁੰਚਣ ਲਈ ਦੋ ਸਾਬਕਾ ਵਿਧਾਇਕ ਮੈਦਾਨ ਵਿਚ

ਇਸੇ ਤਰ੍ਹਾਂ ਹੀ ਇਥੇ ਅਨਾਜ ਮੰਡੀ ’ਚ ਝੁੱਗੀਆਂ ’ਚ ਰਹਿੰਦੇ ਪਰਿਵਾਰਾਂ ਦੇ ਮੁੱਖੀ ਅਮਨ ਪੁੱਤਰ ਮਜੂਰਾ ਵਾਸੀ ਮਹਾਰਾਸ਼ਟਰ ਹਾਲਅਬਾਦ ਰਾਮਪੁਰਾ ਨੇ ਦੱਸਿਆ ਕਿ ਉਹ ਪਿਛਲੇ ਕਰੀਬ 10 ਸਾਲਾਂ ਤੋਂ ਇਥੇ ਝੁੱਗੀਆਂ ਬਣਾ ਕੇ ਰਹਿ ਰਹੇ ਹਨ ਅਤੇ ਜੜੀਆਂ ਬੂਟੀਆਂ ਨਾਲ ਦਵਾਈਆਂ ਤਿਆਰ ਕਰਕੇ ਆਪਣਾ ਗੁਜਾਰਾ ਚਲਾਉਂਦੇ ਹਨ। ਉਨ੍ਹਾਂ ਦੱਸਿਆ ਕਿ ਦੇਰ ਰਾਤ ਉਨ੍ਹਾਂ ਦੇ ਸੁੱਤੇ ਹੋਣ ਦਾ ਫਾਇਦਾ ਚੁੱਕਦਿਆਂ ਚੋਰਾਂ ਨੇ ਉਨ੍ਹਾਂ ਦੀ ਝੁੱਗੀ ’ਚ ਪਏ ਟਰੰਕ ਪੇਟੀਆਂ ਦੇ ਜਿੰਦੇ ਤੋੜ ਕੇ ਉਸ ਚੋਂ 10 ਹਜ਼ਾਰ ਰੁਪਏ ਦੀ ਨਕਦੀ ਅਤੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ ਅਤੇ ਉਨ੍ਹਾਂ ਦੇ ਨਾਲ ਲੱਗਦੀ ਝੁੱਗੀ ’ਚ ਪਰਿਵਾਰ ਸਮੇਤ ਰਹਿੰਦੀ ਉਸ ਦਾ ਵਿਧਵਾ ਪੁੱਤਰੀ ਸੰਗੀਤਾ ਦੇ ਟਰੰਕ ਦਾ ਜਿੰਦਾ ਤੋੜ ਕੇ ਉਸ ’ਚ ਪਏ 500 ਗ੍ਰਾਮ ਤੋਂ ਵੱਧ ਚਾਂਦੀ ਦੇ ਗਹਿਣੀਆਂ 'ਤੇ ਵੀ ਹੱਥ ਸਾਫ਼ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਚੋਰੀ ਕਾਰਨ ਉਨ੍ਹਾਂ ਦਾ 70 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਹੈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਚੋਰਾਂ ਵੱਲੋਂ ਕੋਈ ਜ਼ਹਿਰੀਲੀ ਚੀਜ਼ ਦੀ ਸਪਰੇ ਛਿੜਕ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਇਸ ਦੀ ਸੂਚਨਾ ਸਥਾਨਕ ਪੁਲਸ ਨੂੰ ਦਿੱਤੀ ਅਤੇ ਪੁਲਸ ਪਾਰਟੀ ਨੇ ਮੌਕੇ ’ਤੇ ਆ ਕੇ ਘਟਨਾ ਦਾ ਜਾਇਜਾ ਲਿਆ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News