ਮਾਛੀਵਾੜਾ ਨੇੜੇ ਪੰਜਗਰਾਈਆਂ ਬੈਂਕ ’ਚ ਚੋਰਾਂ ਨੇ ਲਗਾਇਆ ਪਾੜ, ਲਾਕਰ ਨੂੰ ਕੱਟਣ ਦੀ ਨਾਕਾਮ ਕੋਸ਼ਿਸ਼

Tuesday, Feb 01, 2022 - 03:54 PM (IST)

ਮਾਛੀਵਾੜਾ ਨੇੜੇ ਪੰਜਗਰਾਈਆਂ ਬੈਂਕ ’ਚ ਚੋਰਾਂ ਨੇ ਲਗਾਇਆ ਪਾੜ, ਲਾਕਰ ਨੂੰ ਕੱਟਣ ਦੀ ਨਾਕਾਮ ਕੋਸ਼ਿਸ਼

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਨੇੜ ਪਿੰਡ ਪੰਜਗਰਾਈਆਂ ਵਿਖੇ ਦੀ ਲੁਧਿਆਣਾ ਸੈਂਟਰਲ ਕੋਆਪਰੇਟਿਵ ਬੈਂਕ ਵਿਖੇ ਬੀਤੀ ਰਾਤ ਚੋਰਾਂ ਵਲੋਂ ਪਾਡ਼੍ਹ ਲਗਾ ਕੇ ਉਸ ਵਿਚ ਪਏ ਨਕਦੀ ਵਾਲੇ ਲਾਕਰ ਨੂੰ ਕਟਰ ਨਾਲ ਕੱਟਣ ਦੀ ਕੋਸ਼ਿਸ਼ ਕੀਤੀ ਗਈ ਜਿਸ ਵਿਚ ਉਹ ਨਾਕਾਮ ਰਹੇ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਗਰਾਈਆਂ ਬੈਂਕ ਦੇ ਮੈਨੇਜਰ ਗੁਰਚਰਨ ਸਿੰਘ ਗਿੱਲ ਜਦੋਂ ਅੱਜ ਸਵੇਰੇ ਬੈਂਕ ਪੁੱਜੇ ਤਾਂ ਉਨ੍ਹਾਂ ਦੇਖਿਆ ਕਿ ਸ਼ਟਰਾਂ ਨੂੰ ਤੋੜਿਆ ਗਿਆ ਸੀ ਅਤੇ ਅੰਦਰ ਵੀ ਕਾਫ਼ੀ ਭੰਨਤੋੜ ਕੀਤੀ ਗਈ ਸੀ। ਬੈਂਕ ਮੈਨੇਜਰ ਵਲੋਂ ਤੁਰੰਤ ਇਸਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਜਿਸ ’ਤੇ ਡੀ.ਐੱਸ.ਪੀ. ਹਰਵਿੰਦਰ ਸਿੰਘ ਖਹਿਰਾ, ਥਾਣਾ ਮੁਖੀ ਪ੍ਰਕਾਸ਼ ਮਸੀਹ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਗਏ। ਪੁਲਸ ਵਲੋਂ ਮੌਕੇ ’ਤੇ ਜਦੋਂ ਜਾਇਜ਼ਾ ਲਿਆ ਗਿਆ ਤਾਂ ਉਸ ਵਿਚ ਦੇਖਿਆ ਗਿਆ ਕਿ ਚੋਰਾਂ ਨੇ ਸਭ ਤੋਂ ਪਹਿਲਾਂ ਸ਼ਟਰ ਤੋੜਿਆ ਅਤੇ ਫਿਰ ਅੰਦਰ ਦਾਖ਼ਲ ਹੋ ਗਏ। ਚੋਰ ਸਿੱਧਾ ਬੈਂਕ ਦੇ ਸਟ੍ਰਾਂਗ ਰੂਮ ਵੱਲ ਗਏ ਜਿੱਥੇ ਨਕਦੀ ਵਾਲਾ ਲਾਕਰ ਹੁੰਦਾ ਹੈ।

ਇਹ ਵੀ ਪੜ੍ਹੋ : ਸਰਹੱਦ ਪਾਰ ਵਿਅਕਤੀ ਨੇ ਗਰਭਵਤੀ ਪਤਨੀ ਨੂੰ ਦਿੱਤੀ ਦਰਦਨਾਕ ਮੌਤ, ਖੁਦ ਵੀ ਕੀਤੀ ਖੁਦਕੁਸ਼ੀ

ਸਟ੍ਰਾਂਗ ਰੂਮ ਅੰਦਰ 2 ਲਾਕਰ ਸਨ ਜਿਨ੍ਹਾਂ ’ਚੋਂ ਇੱਕ ਅੰਦਰ ਜ਼ਰੂਰੀ ਦਸਤਾਵੇਜ਼ ਅਤੇ ਦੂਜੇ ਵਿਚ ਨਕਦੀ ਪਈ ਹੁੰਦੀ ਹੈ। ਚੋਰਾਂ ਵਲੋਂ ਇੱਕ ਲਾਕਰ ਨੂੰ ਕਟਰ ਨਾਲ ਤੋੜਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਜਿਸ ਵਿਚ ਉਹ ਕਾਮਯਾਬ ਵੀ ਹੋ ਗਏ ਅਤੇ ਉਨ੍ਹਾਂ ਬੜੀ ਮੁਸ਼ੱਕਤ ਨਾਲ ਲਾਕਰ ਦੀ ਦੀਵਾਰ ਵੀ ਤੋੜ ਦਿੱਤੀ ਪਰ ਉਸ ਅੰਦਰ ਕੇਵਲ ਦਸਤਾਵੇਜ ਹੀ ਪਏ ਸਨ ਜਿਸ ’ਤੇ ਚੋਰਾਂ ਨੇ ਫਿਰ ਦੂਸਰੇ ਲਾਕਰ ਨੂੰ ਕਟਰ ਨਾਲ ਕੱਟਣਾ ਸ਼ੁਰੂ ਕਰ ਦਿੱਤਾ। ਚੋਰ ਦੂਸਰੇ ਲਾਕਰ ਨੂੰ ਕਟਰ ਨਾਲ ਕੱਟਣ ਦੀ ਕੋਸ਼ਿਸ਼ ਕਰਦੇ ਰਹੇ ਪਰ ਉਹ ਉਸ ਵਿਚ ਨਾਕਾਮ ਸਾਬਿਤ ਹੋ ਗਏ ਜਿਸ ਕਾਰਨ ਮਾਛੀਵਾੜਾ ਇਲਾਕੇ ਦੇ ਬੈਂਕ ’ਚ ਇੱਕ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਚਾਅ ਹੋ ਗਿਆ। ਮੌਕੇ ’ਤੇ ਪੁੱਜੇ ਥਾਣਾ ਮੁਖੀ ਪ੍ਰਕਾਸ਼ ਮਸੀਹ ਨੇ ਦੱਸਿਆ ਕਿ ਚੋਰਾਂ ਦੀ ਕੁਝ ਹਰਕਤ ਸੀਸੀਟੀਵੀ ਕੈਮਰਿਆਂ ’ਚ ਕੈਦ ਹੋਈ ਹੈ ਜਿਨ੍ਹਾਂ ਦੇ ਮੂੰਹ ਢਕੇ ਹੋਏ ਸਨ। ਪੁਲਸ ਵਲੋਂ ਬੈਂਕ ਮੈਨੇਜਰ ਦੀ ਸ਼ਿਕਾਇਤ ਦੇ ਅਧਾਰ ’ਤੇ ਚੋਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਭਾਜਪਾ ਗਠਜੋੜ ਦੇ ਉਮੀਦਵਾਰ ਮਨਜੀਤ ਮੰਨਾ ਨੇ ਬਾਬਾ ਬਕਾਲਾ ਤੋਂ ਭਰੇ ਨਾਮਜ਼ਦਗੀ ਪੱਤਰ

ਚੋਰਾਂ ਨੇ ਸੀਸੀਟੀਵੀ ਕੈਮਰੇ ਨੂੰ ਕੱਪਡ਼ੇ ਨਾਲ ਢਕ ਦਿੱਤਾ
ਪੰਜਗਰਾਈਆਂ ਬੈਂਕ ਵਿਚ ਚੋਰਾਂ ਵਲੋਂ ਚੋਰੀ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਗਈ ਉਸ ਤਹਿਤ ਸੀਸੀਟੀਵੀ ਕੈਮਰੇ ’ਚ 3 ਵਿਅਕਤੀ ਸਾਹਮਣੇ ਆਏ ਹਨ। ਪੁਲਸ ਨੇ ਜਾਂਚ ਦੌਰਾਨ ਦੇਖਿਆ ਕਿ 2 ਵਿਅਕਤੀ ਸ਼ਟਰ ਤੋੜ ਕੇ ਬੈਂਕ ਅੰਦਰ ਦਾਖ਼ਲ ਹੋ ਗਏ ਅਤੇ ਉਨ੍ਹਾਂ ਨੇ ਜੋ ਮੁੱਖ ਕੈਮਰਾ ਸਟ੍ਰਾਂਗ ਰੂਮ ਅੰਦਰ ਲੱਗਿਆ ਸੀ ਉਸ ਨੂੰ ਕੱਪੜੇ ਨਾਲ ਢੱਕ ਦਿੱਤਾ ਜਦਕਿ ਬਿਜਲੀ ਸਪਲਾਈ ਬੰਦ ਕਰਨ ਲਈ ਗਰਿੱਪ ਹੀ ਕੱਢ ਕੇ ਨਾਲ ਲੈ ਗਏ। ਇੱਕ ਵਿਅਕਤੀ ਬੈਂਕ ਦੇ ਬਾਹਰ ਹੀ ਖੜ੍ਹਾ ਰਿਹਾ ਪਰ ਬੀਤੀ ਰਾਤ ਸੰਘਣੀ ਧੁੰਦ ਹੋਣ ਕਾਰਨ ਉਸਦੀ ਕੋਈ ਜ਼ਿਆਦਾ ਪਹਿਚਾਣ ਨਾ ਹੋ ਸਕੀ। ਪੁਲਸ ਵਲੋਂ ਬੈਂਕ ਅੰਦਰ ਜੋ ਵੀ ਚੋਰਾਂ ਦੀ ਹਰਕਤ ਸੀਸੀਟੀਵੀ ਕੈਮਰੇ ’ਚ ਕੈਦ ਹੋਈ ਹੈ ਉਸ ਨੂੰ ਆਪਣੇ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

Anuradha

Content Editor

Related News