ਰੋਜ਼ਾਨਾ ਹੋ ਰਹੀਆਂ ਨੇ ਬਿਜਲੀ ਦੀਆਂ ਤਾਰਾਂ ਚੋਰੀ, ਵਿਭਾਗ ਬੇਖਬਰ

11/22/2021 11:21:37 PM

ਫ਼ਿਰੋਜ਼ਪੁਰ (ਹਰਚਰਨ ਸਿੰਘ ਸਾਮਾ,ਬਿੱਟੂ)- ਇਲਾਕੇ 'ਚ ਨਸ਼ਿਆਂ ਦਾ ਬੋਲਬਾਲਾ ਹੋਣ ਤੋਂ ਬਾਅਦ ਚੋਰੀ ਦੀਆਂ ਵਾਰਦਾਤਾਂ 'ਚ ਦਿਨ ਬ-ਦਿਨ ਵਾਧਾ ਹੋ ਰਿਹਾ ਹੈ। ਮੋਟਰਾਂ ਦੀਆਂ ਕੇਬਲਾਂ ਚੋਰੀ ਹੋਣ ਦੀਆਂ ਘਟਨਾਵਾਂ ਤੋਂ ਬਾਅਦ ਚੋਰਾਂ ਦੇ ਹੌਸਲੇ ਇੰਨਾ ਜ਼ਿਆਦਾ ਬੁਲੰਦ ਹੋ ਗਏ ਹਨ ਕਿ ਚੋਰ ਪਾਵਰ ਕਾਰਪੋਰੇਸ਼ਨ ਦੇ 66 ਕੇ. ਵੀ. ਲਾਈਨਾਂ ਤੋਂ ਬੇਖੌਫ ਤਾਰਾਂ ਚੋਰੀ ਕਰ ਰਹੇ ਹਨ ਤੇ ਕੁੱਝ ਕੁ ਦਿਨਾਂ 'ਚ ਹਜ਼ਾਰਾਂ ਮੀਟਰ ਤਾਰ ਚੋਰੀ ਕਰ ਲਈ ਗਈ ਹੈ। ਫ਼ਿਰੋਜ਼ਪੁਰ- ਫ਼ਰੀਦਕੋਟ ਸੜਕ ਤੋਂ ਲਹਿੰਦੇ ਵਾਲੇ ਪਾਸੇ ਮੁਕਤਸਰ ਸਾਹਿਬ-ਫਿਰੋਜ਼ਪੁਰ ਸੜਕ ਤੱਕ ਆਉਣ ਵਾਲੇ ਰਕਬੇ ਵਿੱਚੋਂ ਖੰਭਿਆਂ ਤੋਂ ਹਜ਼ਾਰਾਂ ਮੀਟਰ ਤਾਰਾਂ ਚੋਰੀ ਹੋਣ ਦਾ ਪਤਾ ਲੱਗਾ ਹੈ। ਇਸ ਸੰਬੰਧੀ ਜਦੋਂ ਐੱਸ. ਈ. ਫਿਰੋਜ਼ਪੁਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਟਾਵਰ ਲਾਈਨ ਸਾਡੇ ਅਧੀਨ ਨਹੀਂ ਆਉਂਦੀ ਤੇ ਤੁਸੀਂ ਟਾਵਰ ਲਾਈਨ ਵਿਭਾਗ ਨਾਲ ਗੱਲ ਕਰੋ। ਸਬੰਧਿਤ ਐੱਸ. ਡੀ. ਓ. ਰਾਜੀਵ ਚਾਵਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਚੋਰੀ ਸਬੰਧੀ ਮਿਤੀ 17 ਨਵੰਬਰ 2021 ਨੂੰ ਥਾਣਾ ਕੁਲਗੜ੍ਹੀ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ ਪਰ ਰਿਪੋਰਟ ਦਰਜ ਹੋਣ ਤੋਂ ਪਹਿਲਾਂ ਅਤੇ ਬਾਅਦ ਵਿਚ ਚੋਰੀ ਦੀਆਂ ਵਾਰਦਾਤਾਂ ਨਿਰੰਤਰ ਜਾਰੀ ਹਨ।

ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ ਨੂੰ ਲੈ ਕੇ ICC ਨੇ ਕਿਹਾ- 2 ਸਾਲ ਦਾ ਚੱਕਰ ਕ੍ਰਿਕਟ ਲਈ ਵਧੀਆ


ਜ਼ਿਕਰਯੋਗ ਹੈ ਕਿ ਚੋਰੀ ਹੋਣ ਵਾਲੀਆਂ ਲਾਈਨਾਂ ਵਿਚ ਪਿੰਡ ਝੋਕ ਹਰੀ ਹਰ ਦੇ 66 ਕੇ. ਵੀ. ਤੇ ਪਿੰਡ ਕਾਲਾ ਟਿੱਬਾ ਦੇ 66 ਕੇ. ਵੀ. ਬਿਜਲੀ ਘਰਾਂ ਨੂੰ ਇਹ ਲਾਈਨਾਂ ਬਿਜਲੀ ਸਪਲਾਈ ਕਰਦੀਆਂ ਸਨ। ਵਿਭਾਗ ਵੱਲੋਂ ਇਨ੍ਹਾਂ ਲਾਈਨਾਂ ਦੀ ਜਗ੍ਹਾ ਤੇ ਨਵੀਂ ਟਾਵਰ ਲਾਈਨ ਲਗਾ ਦਿੱਤੀ ਗਈ ਸੀ। ਕਾਫ਼ੀ ਸਮਾਂ ਨਵੀਂ ਟਾਵਰ ਲਾਈਨ ਤੇ ਬਿਜਲੀ ਤੋਂ ਸਪਲਾਈ ਹੋਣ ਕਾਰਨ ਇਹ ਲਾਈਨਾਂ ਖਾਲੀ ਹੋ ਗਈਆਂ ਸਨ। ਜਾਣਕਾਰੀ ਮੁਤਾਬਕ ਰਾਤ ਨੂੰ ਲਾਈਟ ਬੰਦ ਹੋ ਜਾਂਦੀ ਹੈ ਅਤੇ ਤਾਰਾਂ ਚੋਰੀ ਹੋਣ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ । ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਦੀ ਹਾਈ ਵੋਲਟੇਜ਼ ਲਾਈਨ ਵੱਲ ਆਮ ਬੰਦਾ ਦੇਖਦਾ ਤੱਕ ਨਹੀਂ ਪਰ ਚੋਰ ਰਾਤ ਨੂੰ ਤਾਰਾਂ ਕਿਵੇਂ ਚੋਰੀ ਕਰਦੇ ਹਨ।  ਆਮ ਲੋਕਾਂ ਦਾ ਸ਼ੰਕਾ ਹੈ ਕਿ ਇਸ ਘਟਨਾਕ੍ਰਮ ਵਿਚ ਵਿਭਾਗ ਦੇ ਮੁਲਾਜ਼ਮਾਂ ਦੀ ਸ਼ਮੂਲੀਅਤ ਹੋ ਸਕਦੀ ਹੈ। ਇਨ੍ਹਾਂ ਲਾਈਨਾਂ ਉੱਪਰ ਪਿਛਲੇ ਸਮੇਂ ਦੌਰਾਨ ਫਿਰੋਜ਼ਪੁਰ ਦੇ ਸਬੰਧਤ ਵਿਭਾਗ ਵੱਲੋਂ 11 ਕੇ. ਵੀ. ਬਿਜਲੀ ਦੀ ਸਪਲਾਈ ਖੇਤੀ ਸੈਕਟਰ ਵਾਸਤੇ ਦਿੱਤੀ ਜਾ ਰਹੀ ਸੀ। ਤਾਰਾਂ ਚੋਰੀ ਹੋਣ ਤੋਂ ਬਾਅਦ ਕਾਫੀ ਪਿੰਡਾਂ ਦੀ ਖੇਤੀ ਸੈਕਟਰ ਵਾਲੀ ਸਪਲਾਈ ਮੁਕੰਮਲ ਤੌਰ ਤੇ ਠੱਪ ਹੈ। ਦੂਜੇ ਪਾਸੇ ਵਿਭਾਗ ਦੇ ਕਰਮਚਾਰੀ ਹੜਤਾਲ ਤੇ ਹੋਣ ਕਰਕੇ ਇਹ ਬਿਜਲੀ ਦੀ ਸਪਲਾਈ 'ਚ ਵਿਘਨ ਪੈ ਰਿਹਾ ਹੈ। ਲੋਕ ਆਪਣੀਆਂ ਫਸਲਾਂ ਨੂੰ ਪਾਣੀ ਦੇਣ ਵਾਸਤੇ ਜਨਰੇਟਰ ਚਲਾ ਕੇ ਮਹਿੰਗੇ ਮੁੱਲ ਦਾ ਡੀਜ਼ਲ ਖਰਚ ਕਰਕੇ ਆਪਣੀ ਫ਼ਸਲ ਪਾਲਣ ਲਈ ਮਜ਼ਬੂਰ ਹਨ।

ਇਹ ਖ਼ਬਰ ਪੜ੍ਹੋ- BAN v PAK : ਪਾਕਿ ਨੇ ਬੰਗਲਾਦੇਸ਼ ਨੂੰ 3-0 ਨਾਲ ਕੀਤਾ ਕਲੀਨ ਸਵੀਪ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News